Thursday, January 12, 2012

ਲੋਹੜੀ ਦਾ ਗੀਤ

ਲੋਹੜੀ ਦਾ ਗੀਤ
ਗਲੀ ਵਿੱਚ ਬਾਲਾਂ ਦੀਆਂ
ਗਾਉਂਦੀਆਂ ਨੇ ਟੋਲੀਆਂ
ਸੁੰਦਰੀ ਤੇ ਦੁੱਲੇ ਭੱਟੀ
ਗੀਤ ਦੀਆਂ ਬੋਲੀਆਂ
ਜਿਹੜਾ ਆਵੇ ਆਖਦਾ ਹੈ
ਹੈਲੋ ਜੀ ਵਧਾਈ ਹੋਵੇ
ਵਧਾਈ ਹੋਵੇ ਸਾਰਿਆਂ ਨੂੰ
ਲੋਹੜੀ ਦੀ ਵਧਾਈ ਹੋਵੇ
ਲੋਹੜੀ ਦੀ ਵਧਾਈ ਮੇਰੇ
ਪੇਕਿਆਂ ਤੋਂ ਆਈ ਹੋਵੇ।
ਪੇਕਿਆਂ ਤੋ ਆਈ ਹੋਵੇ
ਥਾਲ ‘ਚ ਸਜਾਈ ਹੋਵੇ।
ਡੁਲ੍ਹ ਡੁਲ੍ਹ ਪੈਂਦੀ ਹੋਵੇ
ਖੁਸ਼ੀ ਉਸ ਨਾਰ ਕੋਲੋਂ
ਪੇਕਿਆਂ ਤੋਂ ਲੋਹੜੀ
ਭਰਜਾਈ ਲੈ ਕੇ ਆਈ ਹੋਵੇ।
ਗੱਚਕਾਂ ਰਿਉੜੀਆਂ
ਦਾ ਨੱਕੋ ਨੱਕ ਥਾਲ ਹੋਵੇ
ਟੋਕਰੀ ਮਖਾਣਿਆਂ ਦੀ
ਦਾਣਿਆਂ ਦੀ ਨਾਲ ਹੋਵੇ
ਭਰੇ ਭਰੇ ਵਿਹੜੇ ‘ਚ
ਮਕੀੱ ਦਿਆਂ ਦਾਣਿਆਂ
ਦੇ ਵਾਂਗ ਹੋਵੇ ਖਿੜਿਆਂ
ਗਿਧਿਆਂ ਤੇ ਹਾਸਿਆਂ ਦਾ
ਹੋਵੇ ਜੋਰ ਭਿੜਿਆ
ਵਿਹੜੇ ਵਿੱਚ ਪਾਥੀਆਂ
ਤੇ ਲੱਕੜਾਂ ਦਾ ਢੇਰ ਹੋਵੇ
ਉਤੋਂ ਪੈਂਦੀ ਸ਼ਾਮ ਹੋਵੇ
ਅੱਗ ‘ਚ ਨਾ ਦੇਰ ਹੋਵੇ
ਆਲਾ ਤੇ ਦੁਆਲਾ ਹੋਵੇ
ਰਿਹਾ ਨਾ ਗੁਝਾਲਾ ਹੋਵੇ
ਚਾਰੇ ਪਾਸੇ ਬਚਿਆਂ ਦੀ
ਬੈਠੀ ਲਾਮਡੋਰੀ ਹੋਵੇ
ਲੋਹੜੀ ਦੀ ਕਹਾਣੀ ਕਿਸੇ
ਦਾਦੀ ਬਹਿ ਕੇ ਤੋਰੀ ਹੋਵੇ
ਮਿੱਠੇ ਜਿਹੇ ਗੁੜ ਨਾਲੋਂ
ਡਲੀ ਕੋਈ ਭੋਰੀ ਹੋਵੇ
ਅੱਗ ਦੇ ਭਬੂਕੇ ਵਾਂਗੂ
ਲੋਹੜੀ ਹੋਵੇ ਮੱਚਦੀ
ਮਿੱਠੇ ਮਿੱਠੇ ਗੀਤ ਉੱਤੇ
ਗੋਰੀ ਹੋਵੇ ਨੱਚਦੀ
ਗਿੱਧੇ ਵਿੱਚ ਬੋਲੀਆਂ ਦਾ
ਖੂਹ ਹੋਵੇ ਗਿੜਦਾ
ਬਿਰਹਾ ਤੇ ਜੋਬਨੇ ਦਾ
ਹੋਵੇ ਮੇਲ ਭਿੜਦਾ
ਨਿਆਂਣਿਆਂ ਸਿਆਣਿਆਂ ਨੂੰ
ਨਾਲ ਲੈ ਕੇ ਆਈ ਹੋਵੇ
ਭੈਣ ਤੇ ਨਣਾਣ ਨਾਲੇ
ਵੱਡੀ ਭਰਜਾਈ ਹੋਵੇ
ਸਰਦੀ ਦੀ ਰੁੱਤ ਦੀ
ਵਿਦਾਈ ਵੀ ਵਿਦਾਈ ਹੋਵੇ
ਪੌਣ ਪਾਣੀ ਰੁੱਖ ਤੇ ਜਨੌਰ
ਸਾਰੇ ਆਖਦੇ ਨੇ
ਆਉਂਦੀ ਵਾਰੀ ਜਾਂਦੀ ਵਾਰੀ
ਲੋਹੜੀ ਦੀ ਵਧਾਈ ਹੋਵੇ।

No comments:

Post a Comment