ਮੇਰਾ ਕਮਰਾ
ਜਨਵਰੀ 15, 2012
ਮੇਰਾ ਕਮਰਾ ਮੇਰੇ ਚੋਗਿਰਦੇ ਵਿੱਚ ਸ਼ਾਮ
ਫੈਲ ਰਿਹਾ ਹੈ
ਘੇਰ ਲਿਆ ਹੈ ਉਸ ਨੇ
ਢੇਰ ਪੁਸਤਕਾਂ
ਚਿਣ ਚਿਣ ਰਖੀਆਂ
ਜੋ ਅਲਮਾਰੀ ਅੰਦਰ
ਸ਼ੀਸ਼ੇ ਅੰਦਰ ਡੱਕੀਆਂ
ਕਦੇ ਕਦੇ ਇਹ ਜਾਪਣ
ਮੇਰੇ ਨੇੜੇ ਆ ਕੇ
ਮੈਨੂੰ ਪਰਖਣ ਦੇ ਲਈ
ਇਹ ਮੇਰੇ ਵੱਲ ਝਾਕਣ
ਮੇਰਾ ਕਮਰਾ
ਇਹ ਮੇਰੇ ਬੈਠਣ ਦੀ ਕੁਰਸੀ
ਮੈਨੂੰ ਕੋਲ ਬੁਲਾਵੇ
ਮੈਨੂੰ ਮੇਜ਼ ਤੱਕ ਲੈ ਜਾਵੇ
ਪਰ ਇਹ ਮੈਨੂੰ ਬਹਿਣ ਨਾ ਦਿੰਦੀ
ਮੇਰੇ ਸਾਹਵੇਂ ਲਾ ਦਿੰਦੀ ਹੈ ਢੇਰ
ਸੋਝੀ ਅਤੇ ਸਿਆਣਪ
ਕਦੇ ਕਦੇ ਮਨ ਕਮਲਾ
ਇਸ ਦੀ ਗੱਲ ਨਾ ਮੰਨੇ
ਰੁਸ ਜਾਂਦਾ ਹੈ
ਜਾ ਬਹਿੰਦਾ ਹੈ
ਬਿਸਤਰ ਉਤੇ
ਮੇਰੀਆਂ ਪੁਸਤਕਾਂ
ਮੇਰਾ ਮੂੰਹ ਚਿੜਾਵਣ
ਰੌਲਾ ਪਾਵਣ
ਕੋਲ ਬੁਲਾਵਣ
ਰੋਵਣ ਤੇ ਕੁਰਲਾਵਣ
ਪਰ ਕੰਧ ਘੜੀ ਦੀ ਟਿਕ ਟਿਕ ਸੁਣ ਕੇ
ਆਪੇ ਚੁੱਪ ਕਰ ਜਾਵਣ
ਕਿੰਨਾ ਸਹਿਮ ਜਿਹਾ ਹੈ
ਮੇਰੇ ਕਮਰੇ ਅੰਦਰ
ਮੇਜ਼ ਮੇਰੀ ਤੇ ਜਗਦਾ ਬੁਝਦਾ
ਲੈਂਪ ਆਖਦਾ ਮੈਨੂੰ
ਵੇਖ ਜ਼ਰਾ ਕਿ
ਸੇਕ ਬੜਾ ਹੈ ਕਿਥੇ
ਕਿਥੇ ਚਾਨਣ
ਕਿਥੇ ਨ੍ਹੇਰਾ
ਮੇਰੇ ਤੋਂ ਵੀ ਅਗੇ ਲੰਘ
ਤਾਂ ਦੱਸਾਂ
ਚਰਨੀ ਲੱਗਾਂ
ਕਲਮਾਂ ਵਿੱਚ ਸਿਆਹੀ ਸੁੱਕੀ
ਹਾਲੇ ਡਾਇਰੀ ਖਾਲੀ
ਹੁਣ ਨਾ ਜੁੜਦੇ ਨਾਮ
ਪਤੇ ਸਿਰਨਾਵੇਂ
ਹਰ ਇਕ ਦਾ ਬੱਸ ਈਮੇਲ ਹੈ
ਚੇਤੇ ਹੈ ਤਾਂ ਤੁਹਾਡਾ
ਭੁੱਲ ਗਿਆ ਤਾਂ ਮੁੜ ਨਹੀਂ ਮਿਲਣਾ
ਸੱਜਣ ਵਿਸਰ ਜਾਣੇ
ਮੇਰਾ ਕਮਰਾ
ਦਰਵਾਜ਼ੇ ਤੇ ਪਰਦਾ
ਮੈਨੂੰ ਬਾਹਰ ਜਾਣ ਤੋਂ ਰੋਕੇ
ਖਿੜਕੀ ਥਾਣੀ ਚਾਣਨ
ਅੰਦਰ ਆਉਣ ਨਾ ਦੇਵੇ
ਪਰ ਮੈਂ ਆਪਣੇ ਕਮਰੇ ਕੋਲੋਂ
ਬਾਰ ਬਾਰ ਜੇ ਭੱਜਾਂ
ਕਮਰਾ ਆਖੇ
ਕੋਈ ਨਾ ਮਿਤਰਾ
ਆਖਰ ਏਥੇ ਆਉਣਾ
ਤੈਨੂੰ ਪੈਣਾ
ਏਸੇ ਬਿਸਤਰ ਉਪਰ ਢਾਹੁਣਾ
ਮੇਰੇ ਮਸਲੇ
ਮੇਰੇ ਵਾਅਦੇ
ਮੇਰੀ ਚਿੰਤਾ
ਕੰਮ ਅਧੂਰੇ
ਵਕਤ ਦੀ ਢਲਦੀ ਜਾਂਦੀ ਉਮਰਾ
ਬੜੇ ਬਖੇੜੇ
ਕੌਣ ਨਿਬੇੜੇ
ਮੇਰਾ ਕਮਰਾ ਰੌਲਾ ਪਾਵੇ
ਕੋਲ ਬੁਲਾਵੇ
ਐਪਰ ਚੈਨ ਲੈਣ ਨਾ ਦਿੰਦਾ
ਖਾਲੀ ਕੋਲ ਬਹਿਣ ਨਾ ਦਿੰਦਾ।
No comments:
Post a Comment