Tuesday, January 24, 2012

ਉਦਾਸ ਸ਼ਾਮ

ਉਦਾਸ ਸ਼ਾਮ ਦਾ ਫਿਕਰ ਹੈ ਮੈਨੂੰ
ਆਉਂਦੀ ਹੋਵੇਗੀ
ਉਦਾਸ ਸ਼ਾਮ
ਹਰ ਰੋਜ਼ ਆਉਂਦੀ ਹੈ
ਉਦਾਸ
ਅੰਤਾਂ ਦੀ ਇਕੱਲੀ
ਢਲਦੀ ਦੁਪਹਿਰ ਤੋਂ
ਸੜੀ ਭੁੱਜੀ
ਪੈਰਾਂ ਸਮੇਟਦੀ ਮੇਰੇ ਕੋਲ ਆਣ ਬੈਠੇਗੀ
ਬੜੀ ਦੇਰ ਚੁੱਪ ਬੈਠਣ ਤੋਂ ਬਾਅਦ
ਮੈਨੂੰ ਕਹੇਗੀ
ਚਲ, ਮੈਨੂੰ ਵਿਦਾ ਕਰ
ਮੈਂ ਵੀ ਕਿਸੇ ਦੀਵੇ ਦੀ ਓਟ ਵਿੱਚ
ਸਿਮਟ ਕੇ ਬੈਠ ਜਾਂਵਾਂ
ਆਪਣੀ ਕਾਲੀ ਸ਼ਾਲ ਦੀ ਬੁੱਕਲ ਵਿੱਚ
ਆਪਣੇ ਤਾਰਿਆਂ ਵਰਗੇ ਡਲ੍ਹਕਦੇ ਅੱਥਰੂ ਸਾਂਭਦੀ
ਉਹ ਉੱਠ ਖਲੋਵੇਗੀ
ਮੇਰੇ ਕੋਲੋਂ
ਤੇ ਕਾਹਲੀ ਕਾਹਲੀ
ਅਗਲੇ ਦਿਨ ਫਿਰ ਮਿਲਨ ਦਾ ਵਾਅਦਾ ਕਰਦੀ
ਉਹ ਮੇਰੇ ਕੋਲੋਂ ਵਿਦਾ ਲਵੇਗੀ
ਮੈਂ ਸੋਚਦਾ ਹੀ ਰਹਿ ਜਾਵਾਂਗਾ
ਕਿ ਅੱਜ ਤਾਂ ਇਸ ਨੂੰ ਆਪਣੀ ਗੱਲ ਆਖ ਹੀ ਦੇਵਾਂ  
ਕਿ ਹੁਣ ਤੂੰ ਮੈਨੂੰ ਮਿਲਨ ਨਾ ਆਇਆ ਕਰ
ਤੇਰੀ ਇਕੱਲਤਾ ਤੋਂ ਮੈਨੂੰ ਡਰ ਲਗਦਾ ਹੈ
ਮੈਂ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕਰਦਾ ਹਾਂ
ਤੇ ਉਹ ਇਕ ਪਰਛਾਂਵੇਂ ਵਾਂਹ ਛਾਈਂ ਮਾਈਂ ਹੋ ਜਾਂਦੀ ਹੈ
ਉਸ ਦੇ ਅਗੇ ਪਿਛੇ ਸਿਆਹ ਕਾਲਾ ਧੁੰਦਲਕਾ ਫੈਲ ਜਾਂਦਾ ਹੈ
ਤੇ ਮੈਂ ਉਸ ਹਨੇਰੇ ਵਿੱਚ ਘਿਰ ਜਾਂਦਾ ਹਾਂ
ਜਿਸ ਚੋਂ ਬਾਹਰ ਨਿਕਲਣ ਦਾ ਕੋਈ ਰਸਤਾ
ਦਿਖਾਈ ਨਹੀਂ ਦਿੰਦਾ।
ਮੈਂ ਫਿਰ ਤੋਂ ਉਸ ਦੀ ਉਡੀਕ ਕਰਨ ਲਗਦਾ ਹਾਂ।

No comments:

Post a Comment