ਮੇਰੇ ਜਾਣ ਮਗਰੋਂ
ਫੇਰ ਇਸ ਆਲੇ ਵਿੱਚ ਦੀਵਾ ਨਹੀਂ ਬਲਨਾਨਾ ਲੋਅ ਹੋਣੀ
ਬੰਦ ਦਰਵਾਜ਼ੇ ਚੋਂ ਕੋਈ ਹਵਾ ਅੰਦਰ ਨਾ ਲੰਘੂ
ਬੂਹਿਆਂ ਨੂੰ ਕਿਸੇ ਠਕੋਰਨਾ ਵੀ ਨਹੀਂ
ਨਾ ਹੀ ਇਸ ਦਰਵਾਜ਼ੇ ਚੋਂ ਕਿਸੇ ਬਾਹਰ ਆਉਣਾ
ਨਾ ਸੜਦੀ ਧੁੱਪ ਵਿੱਚ
ਨਾ ਕੜਾਕੇ ਦੀ ਠੰਢ ਵਿੱਚ
ਬਰਸਾਤ ਦੀ ਵਰਖਾ
ਬਹਾਰ ਦੀ ਖੁਸ਼ਬੂ
ਇਸ ਘਰ ਦੇ ਦਰੋ-ਦੀਵਾਰ ਨਾਲ ਸਿਰ ਮਾਰ ਮਾਰ ਕੇ
ਪਰਤਣਗੀਆਂ ਉਦਾਸ
ਸ਼ਾਇਦ ਇਕ ਦੂਜੇ ਵੱਲ ਨਾ ਝਾਕਣ
ਪਰ ਪਰਤਣਗੀਆਂ ਜ਼ਰੂਰ
ਇਕ ਵਾਰ ਫਿਰ
ਮੇਰਾ ਨਾਂ ਲੈ ਕੇ
ਮੈਨੂੰ ਆਵਾਜ਼ ਮਾਰਨਗੀਆਂ
ਮੇਰਾ ਨਾਂ ਜੋ ਇਸ ਬੂਹੇ ਦੀ ਸਰਦਲ ਦੇ ਬਾਹਰ
ਸੱਜੇ ਹੱਥ ਇਕ ਤਖਤੀ ਤੇ ਬੈਠਾ ਹੋਵੇਗਾ
ਇਕੱਲਾ, ਨਿਮੋਝੂਣਾ
ਇਹ ਹਵਾਵਾਂ
ਇਹ ਸ਼ੁਆਵਾਂ
ਇਹ ਫਿਜ਼ਾਵਾਂ
ਇਹ ਦੁਆਵਾਂ
ਇਹ ਬਲਾਵਾਂ
ਉਸ ਦੀ ਖਿੱਚ ਧੂਹ ਕਰਨਗੀਆਂ
ਤੇ ਫਿਰ ਜੇ ਹੋਇਆ
ਤਾਂ ਉਸ ਨੂੰ ਅੱਖਰ ਅੱਖਰ
ਧੂਹ ਕੇ ਲੈਣਗੀਆਂ
ਖਿੰਡਾਂ ਦੇਣਗੀਆਂ
ਦੀਵਾ ਨਾ ਲੋਅ
ਨਾ ਮੇਰੇ ਬੋਲਾਂ ਦੀ ਖੁਸ਼ਬੂ
ਸੋਚਦਾ ਹਾਂ
ਕੀ ਹੋਵੇਗਾ
ਮੇਰੇ ਜਾਣ ਪਿਛੋਂ
ਕੌਣ ਪੂੰਝੇਗਾ ਉਸ ਉਦਾਸ ਸਾਮ ਦੀਆਂ ਅੱਖਾਂ ਚੋਂ ਅੱਥਰੁ
ਜਿਸ ਦਾ ਮੇਰੇ ਸਿਵਾ
ਕੋਈ ਹਮਨਫਸ ਨਹੀਂ ਹੈ।
No comments:
Post a Comment