ਡੰਡੇ ਵਾਲੀ ਭੈਣ ਜੀ
________________________________________
ਜਦੋਂ ਉਸ ਨੇ ਸਕੂਲ ਵਿੱਚ ਪੈਰ ਪਾਇਆ, ਸਾਰਾ ਸਕੂਲ ਉਸ ਦਾ ਦੀਵਾਨਾ ਹੋ ਗਿਆ। ਜਿਵੇਂ ਚੰਦ ਚੜ੍ਹ ਆਇਆ ਹੋਵੇ। ਉਸ ਦੇ ਆਉਣ ਤੋਂ ਪਹਿਲਾਂ ਸਕੂਲ ਵਿੱਚ ਭੈਣ ਜੀਆਂ ਹੁੰਦੀਆਂ ਸਨ। ਵਡੇ ਵੱਡੇ ਝੋਲੇ ਵਾਲੀਆਂ, ਥੈਲੇ ਜਿਹੇ, ਜਿਸ ਵਿਚ ਉਹਨਾਂ ਦਾ ਨਿੱਕ ਸੁਕ ਹੁੰਦਾ ਸੀ। ਬੁਣਤੀ ਵਾਲਿਆਂ ਸਿਲਾਈਆਂ, ਅੱਧ ਬੁਣਿਆ ਸਵੈਟਰ, ਜਾਂ ਕੋਟੀ, ਛੋਟਾ ਜਿਹਾ ਤੌਲੀਆ, ਸਿਰ ਦਾ ਸਕਾਰਫ, ਰੋਟੀ ਵਾਲਾ ਡਿੱਬਾ ਸਿਲਵਰ ਦਾ, ਭਰ ਸਰਦੀ ਵਿੱਚ ਸ਼ਾਲ, ਤੇ ਉਸ ਦੇ ਨਾਲ ਹੀ ਦੂਹਰਾ ਕਰਕੇ ਪਾਇਆ ਹੋਇਆ ਪਰਸ। ਇਕ ਜਾਂ ਦੋ ਰਜਿਸਟਰ ਜਿਹਨਾਂ ਉਪਰ ਕਿਸੇ ਪੰਜਾਬੀ ਜਾਂ ਹਿੰਦੀ ਦੇ ਅਖਬਾਰ ਦੀ ਜਿਲਦ ਚੜ੍ਹੀ ਹੋਣੀ, ਜਿਸ ਉਪਰ ਛਪੀਆਂ ਪੁਠੀਆਂ ਸਿਧੀਆਂ ਰੰਗਦਾਰ ਤਸਵੀਰਾਂ
ਤੋਂ ਹੀ ਰਜਿਸਟਰਾਂ ਦੀ ਪਛਾਣ ਕੀਤੀ ਜਾਂਦੀ।
ਗਰਮੀਆਂ ਵਿੱਚ
ਇਹ ਥੈਲਾ ਹੌਲਾ ਹੋ ਜਾਂਦਾ, ਇਸ ਵਿੱਚ ਪਰਸ ਤਾਂ ਰਹਿੰਦਾ ਪਰ
ਸਵੈਟਰ ਦੀ ਬਜਾਏ ਇਕ ਖਜੁਰੀ ਪੱਖੀ,ਕੁਝ
ਨਿੰਬੂ, ਇਕ ਕਰਦ ਜਾਂ ਚਾਕੂ; ਭੈਣ
ਜੀ ਜਿਥੇ ਜਿੱਥੇ ਜਾਦੇ ਉਹਨਾਂ ਦਾ ਝੋਲਾ ਉਹਨਾਂ ਦੇ ਨਾਲ ਜਾਂਦਾ। ਦੋ ਜੁਆਕਾ ਨੇ ਇਕ ਨੇ ਕੁਰਸੀ ਚੁਕਣੀ
ਤੇ ਦੂਜੇ ਨੇ ਝੋਲਾ ਤੇ ਭੈਣ ਜੀ ਨੇ ਇਕ ਕਲਾਸ ਤੋਂ ਚੋਂ ਦੂਜੀ
ਕਲਾਸ ਵਿੱਚ ਤਬਦੀਲ ਹੋ ਜਾਣਾ। ਝੋਲਾ ਉਹਨਾਂ ਕੁਰਸੀ ਦੀ ਬਾਹੀ ਜਾਂ ਕੁਰਸੀ ਦੀ ਢੋਅ ਨਾਲ
ਟੰਗ ਲੈਣਾ ਤੇ ਮੇਜ਼ ਉਪਰ ਲਤਾਂ ਰੱਖ ਕੇ ਬਚਿਆਂ ਨੂੰ ਪੜ੍ਹਣ ਨੂੰ
ਕਹਿ ਦੇਣਾ। ਇਹ ਸਕੂਲ
ਗਰਮੀਆਂ ਸਰਦੀਆਂ ਇਵੇਂ ਹੀ ਚਲਦੀਆਂ।
ਜਦੋਂ ਬਰਸਾਤ
ਹੋਣੀ ਤਾਂ ਭੈਣ ਜੀਆਂ ਨੇ ਆਪਣੇ ਨਾਲ ਕਾਲੇ ਕੱਪੜੇ ਦੀ ਛਤਰੀ ਲੈ ਕੇ ਆਉਣਾ। ਬੱਚੇ ਸੋਚਦੇ, ਬਿਜਲੀ ਲਿਸ਼ਕਦੀ ਹੈ, ਬੱਦਲ ਗੱਜਦਾ ਹੈ, ਕਹਿੰਦੇ ਕਾਲੇ ਕੱਪੜੇ ਉਪਰ ਬਿਜਲੀ ਡਿਗ ਪੈਂਦੀ ਹੈ ਪਰ
ਭੈਣ ਜੀਆਂ ਨੂੰ ਇਹ ਬਿਜਲੀ ਕੁਝ ਨਹੀਂ ਕਹਿੰਦੀ। ਏਹਨਾਂ ਦੀ ਛੱਤਰੀ ਉਪਰ ਕਿਉਂ ਨਹੀਂ ਡਿਗਦੀ ਬਿਜਲੀ। ਸਾਰਾ ਦਿਨ ਇਸ ਬਾਰੇ ਉਹ ਸੋਚਦੇ ਤੇ ਫੇਰ ਕੋਈ ਕੋਲੋਂ ਆਖਦਾ ਕਿ ਭੈਣ ਜੀ ਦੀ ਛਤਰੀ ਵਿੱਚ ਲੋਹੇ ਦੀਆਂ ਤਾਰਾਂ ਹੁੰਦੀਆਂ ਹਨ ਇਸ ਲਈ ਬਿਜਲੀ ਇਸ ਨੂੰ
ਛੋਹ ਨਹੀਂ ਸਕਦੀ। ਜੇ ਆਵੇ ਵੀ ਤਾਂ ਇਹ ਤਾਰਾਂ ਚੋਂ ਹੋ
ਕੇ ਡੰਡੇ ਵਿੱਚ ਚਲੀ ਜਾਂਦੀ ਹੈ। ਛੱਤਰੀ ਦੇ ਦਸਤੇ ਵਿੱਚ ਰੱਖੀ ਬੈਟਰੀ ਇਸ ਨਾਲ ਚਾਰਜ ਹੋ ਜਾਂਦੀ ਹੈ। ਬੱਚੇ ਕੁਝ ਸੋਚਦੇ ਫੇਰ ਸਾਰਾ ਦਿਨ ਕਾਨਾਫੂਸੀ ਕਰਦੇ ਰਹਿੰਦੇ। ਸਕੂਲ ਵਿੱਚ ਭੈਣ ਜੀ ਭੈਣ ਜੀ ਹੁੰਦੀ ਰਹਿੰਦੀ।
ਪਰ ਅੱਜ ਜਦੋਂ ਉਸ ਦਾ ਸਕੂਲ ਵਿੱਚ ਆਉਣਾ ਹੋਇਆ, ਸਾਰੇ ਸਕੂਲ ਨੂੰ ਚਾਅ ਚੜ੍ਹ ਗਿਆ। ਸਕੂਲ ਦੇ ਮਾਸਟਰ ਜੀ ਨੇ ਉਸ ਨੂੰ ਭੈਣ
ਜੀ ਦੀ ਬਜਾਏ ਮੈਡਮ ਕਿਹਾ। ਦੋ ਬਚਿਆਂ ਨੂੰ ਬੁਲਾਇਆ ਤੇ ਕਿਹਾ ਕਿ
ਜਾਹ ਜਾ ਕੇ ਬੰਸੀ ਦੀ ਦੁਕਾਨ ਤੋਂ ਦੋ ਠੰਢੇ ਲੈ ਕੇ ਆ। ਗਰਮੀ ਬੜੀ ਹੈ।
-
‘ਠੰਢੇ? ਮਾਸਟਰ ਜੀ ਉਹ ਕੀ ਹੁੰਦੇ ਆ?
- ਕੈਂਪੇ?
- ਕੈਂਪੇ, ਤੈਨੂੰ ਕੈਂਪੇ ਦਾ ਨਹੀਂ ਪਤਾ? ਉਲੂ ਕਿਸੇ ਥਾਂ ਦਾ
- ਨਹੀਂ ਮਾਸਟਰ ਜੀ, ਤੁਸੀਂ ਦਸੋ, ਠੀਪੇ ਵਾਲੇ ਜਾਂ ਗੋਲੀ ਵਾਲੇ।
- ਠੀਪੇ ਵਾਲੇ, ...
ਮਾਸਟਰ ਜੀ
ਨੇ ਖਿਸਿਆਨਾ ਜਿਹਾ ਹੱਸਦੇ ਹੋਏ ਮੈਡਮ ਵੱਲ ਵੇਖਦੇ ਹੋਏ ਅੱਖ ਦਾ ਇਸ਼ਾਰਾ ਕਰਦੇ ਹੋਏ ਕਿਹਾ। ‘ਕੁਝ ਨਹੀਂ
ਕਰਦੇ ਇਹ ਜੁਆਕ, ਕੰਮ ਤਾਂ ਆਉਂਦਾ ਹੀ ਨਹੀਂ ਸਾਰਾ ਦਿਨ ਦੁੜੰਗੇ, ਕਦੇ ਗੋਲੀਆਂ ਤੇ ਕਦੇ ਗੁੱਲੀ ਡੰਡਾ, ਪੜ੍ਹਨ ਲਿਖਣ ਤਾਂ ਪਤਾ ਲੱਗੇ। ਕੰਮ ਨੂੰ ਕਹੋ ਤਾਂ ਮੌਤ ਪੈ ਜਾਂਦੀ ਹੈ।”
ਮਾਸਟਰ ਜੀ ਹੇਜ ਦਿਖਾ ਰਹੇ ਸਨ। ਮੈਡਮ ਉਪਰ ਉਹ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ
ਸਨ। ਥੋਹੜੀ ਦੇਰ
ਬਾਅਦ ਮੁੰਡਾ ਦੋ ਲਾਲ ਬੋਤਲਾਂ ਲੈ ਆਇਆ। ਉਸ ਦੀਆਂ ਠੀਪੀਆਂ ਖੁਲ੍ਹੀਆਂ ਹੋਈਆਂ
ਸਨ, ਜਿਹੜੀਆਂ ਉਸ ਨੇ ਭੁੰਞੇ ਡਿਗਦਿਆਂ
ਹੀ ਚੁਕ ਕੇ ਅਗਲੀ ਜੇਬ ਵਿੱਚ ਪਾ ਲਈਆਂ।
ਮਾਸਟਰ ਜੀ
ਨੇ ਦੇਖਿਆ ਕਿ ਬੋਤਲਾਂ ਆਮ ਸੋਡੇ ਦੀਆਂ ਬੋਤਲਾਂ ਸਨ, ਦੇਸੀ, ਮੁੰਡਾ ਵਿਚਾਰਾ ਨਾ ਸਮਝ ਸੀ, ਗੁਸਾ ਤਾਂ ਬਹੁਤ ਆਇਆ, ਉਸ ਉਪਰ, ਇਕ ਮੋਟੀ ਜਿਹੀ ਗਾਹਲ ਉਹਨਾਂ ਨੇ ਮਨ ਵਿੱਚ ਕਢੀ ਤੇ
ਬੋਤਲ ਮੈਡਮ ਵੱਲ ਵਧਾ ਦਿਤੀ।
ਸਾਰੇ ਸਕੂਲ
ਵਿੱਚ ਗੱਲ ਧੁੰਮ ਗਈ ਕਿ ਮੈਡਮ ਆਏ ਹਨ, ਨਵੇਂ, ਪਟਿਆਂ ਵਾਲੇ ਮੈਡਮ। ਹਾਲੇ ਬਚਿਆਂ ਨੂੰ ਇਹ ਨਹੀਂ ਸੀ ਪਤਾ ਪਰ ਭੈਣ ਜੀ ਆਪੋ
ਵਿੱਚ ਘੁਸਰ ਮੁਸਰ ਕਰ ਰਹੇ ਸਨ ਤੇ ਬੱਚਿਆਂ ਤੋਂ ਕੋਈ ਗੱਲ ਗੁੱਝੀ
ਨਹੀਂ ਸੀ ਰਹਿ ਸਕਦੀ। ਜਲਦੀ ਇਹ ਇਹ ਗੱਲ ਸਾਰੇ ਸਕੂਲ ਵਿੱਚ ਮੁੰਡਿਆਂ ਕੁੜੀਆਂ
ਨੇ ਆਪੋ ਵਿੱਚ ਵੰਡ ਲਈ, ਕਿ ਸਕੂਲ ਵਿੱਚ ਇਕ ਨਵੀਂ ਅਧਿਆਪਕਾ ਆਈ
ਹੈ। ਉਸ ਦਾ ਨਾਂ ਤਨੂ ਮੈਡਮ ਹੈ, ਉਸ ਦੇ ਪਰਸ ਦਾ ਰੰਗ ਨੀਲਾ ਹੈ। ਉਸ ਨੇ ਸੈਂਡਲ ਵੀ ਨੀਲੇ ਰੰਗ ਦੇ ਪਾਏ ਹੋਏ ਹਨ। ਉਹ ਡਾਕਟਰ ਗੁਪਤਾ ਦੀ ਨੂੰਹ ਹੈ ਤੇ ਉਸ ਦਾ ਤਾਜ਼ਾ ਵਿਆਹ ਹੋਇਆ ਹੈ। ਕੁਝ ਗੱਲਾਂ ਭੈਣ ਜੀਆਂ ਤੋਂ ਪਤਾ ਲਗੀਆਂ ਤੇ ਕੁਝ ਬਚਿਆਂ ਨੇ ਆਪਣੇ ਅੰਦਾਜ਼ੇ ਘੜ ਲਏ।
ਲਾਲ ਰੰਗ ਦਾ
ਚੂੜਾ ਤੇ ਨੀਲੇ ਰੰਗ ਦੀ ਸਾੜੀ ਤੋਂ ਵੀ ਬਚਿਆਂ ਨੂੰ ਪਤਾ ਲਗ ਗਿਆ ਕਿ ਤਨੂ ਦਾ ਨਵਾਂ ਨਵਾਂ ਵਿਆਹ ਹੋਇਆ ਹੈ। ਉਹ ਸਕੂਲ ਵਿੱਚ ਅਧਿਆਪਕਾ ਬਣ ਕੇ ਆਈ ਸੀ ਇਸ ਦਾ ਅੰਦਾਜ਼ਾ ਵੀ ਲਗ ਗਿਆ ਜਦੋਂ ਮਾਸਟਰ ਜੀ ਨੇ ਤਨੂੰ ਮੈਡਮ ਦੀ ਜਾਣ ਪਛਾਣ ਬਾਕੀ ਭੈਣ ਜੀਆਂ ਨਾਲ ਕਰਾਈ।
ਸਕੂਲ ਦਾ
ਨਿਰੀਖਣ ਕਰਦੀ ਜਦੋਂ ਮੈਡਮ ਸਕੂਲ ਦੇ ਗਿੱਲੇ ਕੱਚੇ ਮੈਦਾਨ ਵਿਚ ਚਲ ਰਹੀ ਸੀ ਤਾਂ ਉਸ ਦੇ ਸੈਂਡਲਾਂ ਦੀ ਅੱਡੀ ਗਿੱਲੀ ਮਿਟੀ ਵਿੱਚ ਅਧੀ ਤੋਂ ਵੱਧ ਧਸ ਜਾਂਦੀ ਤੇ ਉਸ ਦੇ ਬਾਅਦ
ਇਹ ਪਤਾ ਲਗ ਜਾਂਦਾ ਕਿ ਇਸ ਰਸਤੇ ਤੋਂ ਤਨੂ ਮੈਡਮ ਲੰਘ ਕੇ ਗਈ ਹੈ। ਦੂਸਰੇ ਬੰਦੇ ਨੂੰ ਤਾਂ ਇਹ ਭੁਲੇਖਾ ਲਗਦਾ ਸੀ ਕਿ ਜਿਵੇਂ ਕੋਈ ਕਾਂ ਲੰਘ ਕੇ ਗਿਆ ਹੋਵੇ।
- ਮੈਡਮ ਇਹ ਨੇ ਬਲਵਿੰਦਰ ਭੈਣ ਜੀ, ਇਸ ਸਕੂਲ ਦੇ ਸਾਰਾ
ਕੁੱਝ, ਸੱਭ ਤੋਂ ਪੁਰਾਣੇ ਹਨ। ਤੇ ਭੈਣ ਜੀ ਇਹ ਹਨ ਤਨੂ ਮੈਡਮ, ਅੱਜ ਹੀ ਜੁਆਇਨ ਕੀਤਾ ਹੈ।
- ਜੀ ਆਇਆਂ ਨੂੰ, ਬਹੁਤ ਚੰਗਾ ਕੀਤਾ, ਸਾਡੇ ਸਕੂਲ ਵਿੱਚ ਤਾਂ ਜਲਦੀ ਕੋਈ ਆਉਂਦਾ ਨਹੀ। ਪਿੰਡ ਦੇ ਛਪੜ ਦੇ ਪਾਰ ਹੈ ਨਾ ਇਸੇ ਲਈ
- ਨਹੀਂ ਐਸੀ ਕੋਈ ਬਾਤ ਨਹੀਂ, ਸੋਚਾ ਕਿ ਗਰ ਪਰ ਬੈਠੀ
ਬੈਠੀ ਬੋਰ ਹਾ ਜਾਊਂਗੀ ਸੋ, ਇਸੀ ਲਿਏ ਮੈਨੇ ਅੰਕਲ ਕੋ ਬੋਲ ਕਰ
ਜਾਬ ਜੁਆਇਨ ਕਰ ਲੀ।
ਬੱਚੇ ਇਸ
ਨਵੀਂ ਭਾਸ਼ਾ ਤੋਂ ਜਾਣੂ ਨਹੀਂ ਸਨ ਉਹ ਘੁਸਰ-ਫੁਸਰ ਕਰਨ ਲਗ ਪਏ। ਪਰ ਉਹ ਇਸ ਗੱਲ ਤੋਂ ਖੁਸ਼ ਸਨ ਕਿ ਉਹਨਾਂ ਨੂੰ ਨਵੀਂ ਮੈਡਮ ਨੂੰ ਏਨੀ ਨੇੜਿਓ ਦੇਖਣ ਦਾ ਮੌਕਾ ਮਿਲਿਆ। ਕੁੜੀਆਂ ਉਸ ਦੇ ਵਾਲ, ਉਸ ਦੀਆਂ ਚੂੜੀਆਂ, ਉਸ ਦੇ ਝੁਮਕੇ, ਕਾਂਟੇ, ਉਸਦੇ ਸੈਂਡਲ ਦੇਖ ਰਹੀਆਂ ਸਨ। ਇਹ ਸਭ ਕੁਝ ਉਹਨਾਂ ਪਹਿਲਾਂ ਕਿਸੇ ਫੋਟੋ ਵਿੱਚ ਹੀ ਦੇਖਿਆ ਸੀ, ਪਰ ਅੱਜ ਸਾਖਸ਼ਾਤ ਦੇਖ ਰਹੀਆਂ ਸਨ।
ਸ਼ਹਿਰ ਪਿੰਡ ਤੋਂ ਦਸ ਬਾਰਾਂ ਕਿਲੋਮੀਟਰ ਦੂਰ ਸੀ, ਪਿੰਡ ਵਿੱਚ ਕਦੇ ਕਦੇ ਕੋਈ ਵਿਆਹ ਹੁੰਦਾ ਤਾਂ
ਉਹ ਏਹ ਸਭ ਕੁਝ ਦੂਰੋਂ ਦੂਰੋਂ ਹੀ ਦੇਖ ਸਕਦੀਆਂ ਸਨ। ਨਾਲੇ ਵਿਆਹਾਂ ਉਪਰ ਵੀ ਪਿੰਡਾਂ ਵਿਚ
ਇਸ ਤਰ੍ਹਾਂ ਨਹੀਂ ਸੀ ਸਜਦਾ।
- ਤੁਸੀਂ ਡਾਕਟਰ ਗੁਪਤਾ ਦੇ ਘਰੋਂ ਹੋ ਨਾ?
- ਜੀ ਹਾਂ ਡਾ: ਆਰ ਐਲ ਗੁਪਤਾ ਮੇਰੇ ਫਾਦਰ ਇਨ ਲਾਅ ਨੇ ਤੇ ਡਾ: ਅਨਿਲ ਗੁਪਤਾ ਮੇਰੇ
ਹਸਬੈਂਡ।
- ਅੱਛਾ ਤੁਸੀਂ ਅਨਿਲ ਦੀ ਵਾਈਫ ਹੋ। ਉਹ ਤਾਂ ਮੇਰੇ ਕੋਲ ਪੜ੍ਹਿਆ ਸੀ। ਪੰਜਵੀਂ ਵਿੱਚ; ਮੈਂ ਉਦੋਂ ਸ਼ਹਿਰ ਦੇ ਪ੍ਰਾਇਮਰੀ ਸਕੂਲ
ਵਿੱਚ ਸੀ।
- ਪਰ ਉਹ ਤਾਂ ਕਹਿੰਦੇ ਸਨ ਕਿ ਉਹ ਸੇਕਰਡ ਹਾਰਟ ਵਿੱਚ ਪੜ੍ਹੇ ਹਨ।
- ਸੇਕਰਡ ਹਾਰਟ ਵਿਚ ਤਾਂ ਸੀ ਪਰ ਉਦੋਂ ਉਸ ਨੇ ਪੰਜਵੀਂ ਪਾਸ ਦੇ ਸਰਟੀ ਫਿਕੇਟ ਦੀ ਲੋੜ ਸੀ। ਰੂਰਲ ਸਰਟੀਫਿਕੇਟ ਵਾਸਤੇ, ਪੰਜਵੀਂ –ਅੱਠਵੀ-ਦਸਵੀਂ ਪਿੰਡ ਦੇ ਸਕੂਲ ਦੀ ਹੋਣੀ
ਚਾਹੀਦੀ ਹੈ। ਸੋ ਉਸ ਨੂੰ ਇਸੇ ਸਕੂਲ ਦਾ ਸਟੂਡੈਂਟ
ਦਿਖਾ ਕੇ ਪੰਜਵੀ ਪਾਸ ਕਰਵਾਈ ਸੀ। ਉਦੋਂ ਉਹ ਮੇਰੇ ਕੋਲ ਤਿੰਨ ਚਾਰ ਮਹੀਨੇ ਲਈ ਆਇਆ ਸੀ।
- ਓ ਕੇ. ਇਹ ਨਹੀਂ ਸੀ ਦਸਿਆ ਉਹਨਾਂ ਨੇ।
- ਤੁਸੀਂ ਕਿਹੜੇ ਸ਼ਹਿਰ ਤੋਂ ਹੋ?
- ਮੈਂ ਪਠਾਨਕੋਟ ਤੋਂ ਹਾਂ।
- ਤੁਸੀਂ ਡਾਕਟਰੀ ਨਹੀਂ ਕੀਤੀ?
- ਨਹੀਂ ਮੈਨੂੰ ਪੜ੍ਹਾਉਣ ਦਾ ਸ਼ੌਕ ਸੀ। ਮੇਰੇ ਪਾਪਾ ਹੈਡਮਾਸਟਰ ਸਨ? ਸੋ ਮੈਂ ਤਾਂ ਬੀ ਐਡ ਹੀ ਕੀਤੀ ਸੱਭ ਕੁਝ ਛੱਡ ਛਡਾ ਕੇ।
- ਬੜੀ ਚੰਗੀ ਗੱਲ ਹੈ, ਕੀ ਨਾਂ ਹੈ ਪਾਪਾ ਦਾ? ਕਿਹੜੇ ਸਕੂਲ ਵਿੱਚ ਹਨ?
- ਜੇ ਐਲ ਸ਼ੁਕਲਾ, ਉਹ ਤਾਂ ਡਿਪਟੀ ਡੀ. ਪੀ ਆਈ. ਤੋਂ
ਰੀਟਾਇਰ ਹੋਏ ਹਨ।
- ਅੱਛਾ ਤੁਸੀਂ ਸ਼ੁਕਲਾ ਸਾਹਿਬ ਦੀ ਬੇਟੀ ਹੋ, ਸਾਡੇ ਸਕੂਲ
ਨੂੰ ਅੱਪਗਰੇਡ ਕਰਨ ਵਿੱਚ ਉਹਨਾਂ ਬਹੁਤ ਕੰਮ ਕੀਤਾ। ਸਾਰਾ ਕੰਮ ਰਾਤੋ ਰਾਤ ਹੱਥੋਂ ਹਥੀਂ
ਕੀਤਾ।
- ਪਾਪਾ ਨੂੰ ਤਾਂ ਸ਼ੌਕ ਹੁੰਦਾ ਸੀ ਕੰਮ ਦਾ। ਉਹ ਤਾਂ ਘਰੇ ਵੀ ਫਾਈਲਾਂ ਖੋਹਲ ਕੇ
ਬੈਠ ਰਹਿੰਦੇ ਸਨ।
- ਫੇਰ ਤਾਂ ਤੁਹਾਡੇ ਨਾਲ ਘਰ ਵਾਲੀ ਗੱਲ ਹੈ। ਅਨਿਲ ਆਪਣਾ ਹੀ ਬੱਚਾ ਹੈ। ਤੁਸੀਂ ਦੱਸਣਾ ਉਸ ਨੂੰ ਕਿ ਬਲਵਿੰਦਰ
ਮੈਡਮ ਮਿਲੇ ਸਨ।
- ਓ ਕੇ.
ਤਨੂੰ ਮੈਡਮ
ਨੇ ਝੁਕ ਕੇ ਬਲਵਿੰਦਰ ਮੈਡਮ ਦੇ ਪੈਰਾਂ ਨੂੰ ਹੱਥ ਲਗਾਇਆ। ਉਹ ਉਸ ਦੇ ਪਤੀ ਦੇ ਗੁਰੂ ਰਹਿ ਚੁਕੇ ਸਨ, ਬਚਿਆਂ ਨੂੰ ਮੈਡਮ ਦੇ ਵਾਲਾਂ ਉਪਰ
ਬੰਨ੍ਹੀ ਡੋਰੀ ਵੀ ਦਿਸ ਗਈ। ਉਹ ਵੀ ਨੀਲੇ ਰੰਗ ਦੀ ਸੀ। ਬਚਿਆਂ ਨੂੰ ਪਾਸੇ ਬਿਠਾ ਕੇ ਤਨੂੰ
ਮੈਡਮ ਨਾਲ ਹੀ ਬਲਵਿੰਦਰ ਭੈਣ ਜੀ ਬਾਹਰ ਆ ਗਏ।
ਸਕੂਲ ਵਿੱਚ
ਤਨੂੰ ਮੈਡਮ ਦੇ ਆਉਣ ਨਾਲ ਤਬਦੀਲੀ ਦਾ ਦੌਰ ਸ਼ੁਰੂ ਹੋ ਗਿਆ। ਸਕੂਲ ਦੇ ਫੰਡ ਚੋਂ ਕਮਰਿਆਂ ਨੂੰ ਸਫੇਦੀ ਕਰਵਾ ਦਿਤੀ ਗਈ। ਬੋਰਡਾਂ ਦਾ ਚਿਟਾ ਹੋ ਰਿਹਾ ਰੰਗ ਨੂੰ
ਗੂ੍ੜ੍ਹਾ ਕਾਲਾ ਕਰਵਾ ਦਿਤਾ ਗਿਆ। ਇਹ ਤਬਦੀਲੀ ਰਾਤੋ ਰਾਤ ਵਾਪਰੀ। ਦਫਤਰ ਤੇ ਜਮਾਤਾਂ ਲਈ ਪਲਾਸਟਿਕ ਦਿਆਂ ਕੁਰਸੀਆਂ ਆ ਗਈਆਂ ਤੇ ਉਹਨਾਂ ਲੱਕੜ ਦੀ ਹੁਲਾਰੇ ਖਾਂਦੀਆਂ ਕੁਰਸੀਆਂ ਦੀ ਥਾਂ ਲੈ
ਲਈ ਜਿਹਨਾਂ ਦੀ ਬੈਂਤ ਟੁੱਟ ਚੁਕੀ ਸੀ, ਕੁਝ ਇਕ ਉਪਰ ਤਾਂ ਬਚਿਆਂ ਦੀਆਂ ਫਟੀਆਂ ਰੱਖ ਕੇ ਹੀ ਗੁਜ਼ਾਰਾ
ਚਲਾਇਆ ਜਾਂਦਾ ਸੀ। ਸਕੂਲ ਦਾ ਕਾਇਆ ਕਲਪ ਐਤਵਾਰ ਦੇ ਨਾਲ ਲਗਦੀ ਛੁਟੀ ਦੇ ਦੋ ਦਿਨਾਂ ਵਿੱਚ ਕਰ ਦਿਤਾ ਗਿਆ।
ਤਨੂੰ ਮੈਡਮ
ਨੇ ਸੋਮਵਾਰ ਜੁਆਇਨ ਕਰਨਾ ਸੀ। ਸਤੰਬਰ ਦੇ ਆਖਰੀ ਦਿਨ ਸਨ। ਮੀਂਹ ਪੈ ਕੇ ਹਟਿਆ ਸੀ। ਬੱਦਲ ਵਾਈ ਸੀ, ਤਨੂੰ ਮੈਡਮ ਆਪਣੀ ਨਵੀਂ ਮੋਪੇਡ ਲੈ ਕੇ
ਸਕੂਲ ਦੇ ਗੇਟ ਰਾਹੀਂ ਅੰਦਰ ਆਈ। ਚਮਕੀਲੇ ਪੀਲੇ ਰੰਗ ਛਤਰੀ ਨਾਲ ਉਸ ਨੇ ਆਪਣੇ ਆਪ ਨੂੰ ਹੋ ਰਹੀ ਕਿਣ ਮਿਣ ਤੋਂ ਬਚਾਉਂਦੀ ਉਹ ਦਫਤਰ ਵਿੱਚ ਆਈ। ਹਾਲਾ ਕਿ ਗੇਟ ਤੋਂ ਦਫਤਰ ਤੱਕ ਦਾ ਰਸਤਾ ਬਹੁਤਾ ਨਹੀਂ ਸੀ ਫਿਰ ਵੀ ਉਸ ਦੇ ਪੈਰ ਤਕਰੀਬਨ ਤਕਰੀਬਨ ਚਿਕੜ ਨਾਲ ਭਰ ਗਏ ਸਨ। ਸਕੂਲ ਵਿੱਚ ਪੁਆਈ ਤਾਜ਼ੀ ਮਿੱਟੀ ਉਸ ਦੇ ਪੈਰਾਂ ਨਾਲ ਇੰਜ ਚਿੰਬੜ ਗਈ ਸੀ ਜਿਵੇਂ ਉਸ ਨੂੰ ਵੀ
ਤਨੂੰ ਮੈਡਮ ਬਹੁਤ ਪਸੰਦ ਆ ਗਈ ਹੋਵੇ। ਨਵੇਂ ਸੈਂਡਲ ਲਿੱਬੜ ਗਏ ਸਨ। ਛੱਤਰੀ ਉਸ ਨੇ ਬਾਹਰ ਰੱਖ ਦਿਤੀ। ਉਸ ਚੋਂ ਪਾਣੀ ਚੋਅ ਰਿਹਾ ਸੀ। ਦੋ ਘੰਟੇ ਦਫਤਰ ਵਿੱਚ ਬਿਤਾ ਕੇ, ਜਦੋਂ ਅੱਧੀ ਛੁੱਟੀ
ਹੋਣ ਵਾਲੀ ਸੀ ਤਾਂ ਉਹ ਦਫਤਰ ਦੇ ਕਮਰੇ ਚੋਂ ਬਾਹਰ ਆਈ। ਮਾਸਟਰ ਜੀ ਮੈਡਮ ਨੂੰ ਅੱਗੇ ਹੋ ਹੋ ਕੇ
ਸਕੂਲ ਵਿੱਚ ਕੀਤੇ ਕਾਇਆ ਕਲਪ ਦੀ ਤਸਵੀਰ ਦਿ਼ਖਾ ਰਹੇ ਸਨ।
“ਸਾਰੇ ਸਕੂਲ ਨੂੰ ਸਫੇਦੀ ਕਰਵਾ ਦਿਤੀ ਹੈ। ਬੋਰਡਾਂ ਦਾ ਰੰਗ ਵੀ ਖਰਾਬ ਹੋ ਗਿਆ ਸੀ। ਪਾਣੀ ਦਾ ਨਲਕਾ ਵੀ ਠੀਕ ਕਰਾ ਦਿਤਾ ਹੈ।”
- ਪਾਣੀ ਦਾ ਨਲਕਾ? ਕੀ ਇਸ ਸਕੂਲ ਵਿੱਚ ਪਾਣੀ ਨਹੀਂ ਮਿਲਦਾ?
- ਪਾਣੀ ਮਿਲਦਾ ਹੈ। ਦੇਖੋ ਨਾ ਕਿੰਨੇ ਬੱਚੇ ਹਨ, ਹਮੇਸ਼ਾ ਪਿਆਸੇ ਕਾਂ, ਜਦੋਂ ਦੇਖੋ ਛੁੱਟੀ ਮੰਗਣ ਦੀ ਕਾਹਲ ਪਈ ਰਹਿੰਦੀ ਹੈ।
- ਫਿਲਟਰ ਤਾਂ ਨਹੀਂ ਹੋਣੈਂ ਸਕੂਲ ਵਿੱਚ?
- ਫਿਲਟਰ? ਨਹੀਂ ਜੀ ਉਹ ਤਾਂ ਨਹੀਂ ਹੈ ਸਕੂਲ ਵਿੱਚ ਐਤਕੀਂ
ਫੰਡ ਆਏ ਉਹ ਵੀ ਲਵਾ ਦੇਵਾਂਗੇ। ਵੈਸੇ ਸਰਪੰਚਾਂ ਦੇ ਘਰ ਵਿੱਚ ਫਿਲਟਰ ਲਗਿਆ ਹੋਇਆਂ, ਆਪਾਂ
ਉਹਨਾਂ ਦੇ ਘਰੋਂ ਵੀ ਪਾਣੀ ਮੰਗਵਾ ਸਕਦੇ ਹਾਂ। ਸਕੂਲ ਵਿੱਚ ਇਕ ਰਹਿਬਰ ਖਰੀਦ ਕੇ ਉਸ
ਵਿੱਚ ਸਟਾਫ ਵਾਸਤੇ ਤਾਂ ਪਾਣੀ ਰੱਖ ਹੀ ਸਕਦੇ ਹਾਂ।
- ਨਹੀਂ ਛੱਡੋ, ਮੈਂ ਆਪਣੇ ਲਈ ਘਰੋਂ ਦੋ ਬੋਤਲਾਂ ਲੈ ਆਇਆ
ਕਰਾਂਗੀ। ਵੈਸੇ ਸਕੂਲ ਦਾ
ਟਾਈਮ ਕੀ ਹੈ?
- ਸਵੇਰੇ ਸਾਢੇ ਸੱਤ ਵਜੇ ਗਰਮੀਆਂ ਵਿੱਚ ਤੇ ਨੌਂ ਵਜੇ ਸਰਦੀਆਂ ਵਿੱਚ।
- ਐਨੀ ਸੁਵਖਤੇ? ਮੈਨੂੰ ਤਾਂ ਆਦਤ ਨਹੀਂ ਸਵੇਰੇ ਜਲਦੀ
ਜਲਦੀ ਉੱਠਣ ਦੀ, ਮੈਂ ਤਾਂ ਬਹੁਤ ਦੇਰ ਤੱਕ ਨੀਂਦ ਲੈਂਦੀ ਹਾਂ।
- ਕੋਈ ਗੱਲ ਨਹੀਂ ਤੁਸੀਂ ਨੌਂ ਵਜੇ ਤੱਕ ਆ ਜਾਇਆ ਕਰਨਾ। ਬੱਸ ਸ਼ਹਿਰ ਦੇ ਅੱਡੇ ਤੋਂ ਚਲ ਕੇ ਨੌਂ ਵਜੇ ਤੱਕ ਪਹੁੰਚਦੀ ਹੈ, ਕੋਈ ਪੁਛੇ ਤਾਂ ਕਹਿ ਦਿਆਂ
ਕਰਾਂਗੇ ਕਿ ਬੱਸ ਲੇਟ ਹੈ, ਮੈਡਮ ਬੱਸ ‘ਤੇ ਆਉਂਦੇ ਹਨ।
- ਨਹੀਂ ਇਹ ਚੰਗੀ ਗੱਲ ਨਹੀਂ। ਮੇਰੇ ਕੋਲ ਆਪਣੀ ਮੋਪੇਡ ਹੈਮ ਡਾ: ਸਾਹਿਬ ਤਾਂ ਆਖਦੇ ਸੀ ਕਿ ਗੱਡੀ ਲੈ ਜਾਇਆ ਕਰਾਂ ਪਰ ਮੈਨੂੰ ਹਾਲੇ ਝਾਕਾ ਹੈ ਸੋ ਮੋਪੇਡ ਹੀ ਠੀਕ ਹੈ।
ਦੋਵੇਂ ਗੱਲਾਂ
ਕਰਦੇ ਕਰਦੇ ਸਕੂਲ ਦਾ ਮੁਆਇਨਾ ਕਰੀ ਜਾ ਰਹੇ ਸਨ। ਬੱਚੇ ਜਮਾਤਾਂ ਚੋਂ ਨਿਕਲ ਨਿਕਲ ਕੇ ਮੈਡਮ ਨੂੰ ਦੇਖ ਕੇ ਖੁਸ਼ ਹੋ ਰਹੇ ਸਨ। ਪਿੰਡ ਵਿੱਚ ਇਹ ਗੱਲ ਧੁੰਮ ਗਈ ਸੀ ਕਿ
ਸਕੂਲ ਵਿੱਚ ਨਵੀਂ ਮੈਡਮ ਆਈ ਹੈ। ਬਚਿਆਂ ਨੇ ਮੈਡਮ ਦੀ ਸਿਫ਼ਤ ਦੇ ਪੁਲ
ਬੰਨ੍ਹ ਦਿਤੇ ਸਨ। ਮਾਂਪਿਆਂ ਨੂੰ
ਖੁਸ਼ੀ ਸੀ ਕਿ ਹੁਣ ਉਹਨਾਂ ਦੇ ਬੱਚੇ ਵੀ ਵਧੀਆ ਪੜ੍ਹਾਈ ਤੇ ਰਹਿਣ ਸਹਿਣ ਵਿੱਚ ਨਵੀਆਂ ਆਦਤਾਂ ਸਿਖਣਗੇ। ਆਖਰ ਅਧਿਆਪਕ ਹੀ ਹੁੰਦਾ ਹੈ ਜੋ ਸਕੂਲ ਵਿੱਚ ਬਚਿਆਂ ਉਤੇ ਚੰਗਾ ਪ੍ਰਭਾਵ ਪਾਉਂਦਾ ਹੈ। ਮੈਡਮ ਦੇ ਰੂਪ ਤੇ ਉਸ ਦੇ ਠਾਠ ਬਾਠ ਦੇ ਪਿੰਡ ਦੇ ਲੋਕ ਵੀ ਦੀਵਾਨੇ ਹੋ ਗਏ ਜਾਪਦੇ ਸਨ।
ਮੈਡਮ ਨੂੰ ਚੌਥੀ ਜਮਾਤ ਦਿਤੀ ਗਈ। ਅੰਗਰੇਜ਼ੀ ਤੇ ਹਿਸਾਬ ਪੜ੍ਹਾਉਣ ਲਈ। ਸਕੂਲ ਵਿੱਚ ਸਿਰਫ਼ ਮੈਡਮ ਹੀ ਸਨ
ਜਿਹਨਾਂ ਐਮ ਏ ਕੀਤੀ ਹੋਈ ਸੀ। ਪੁਰਾਣੀਆਂ ਭੈਣ ਜੀਆਂ ਤਾਂ ਸਿਰਫ਼ ਜੇ
ਬੀ ਟੀ ਹੀ ਸਨ। ਨਵੀਂ ਨੀਤੀ ਅਨੁਸਾਰ ਸਕੂਲ ਵਿੱਚ ਇਕ ਅੰਗਰੇਜ਼ੀ ਟੀਚਰ ਦੀ ਲੋੜ ਸੀ, ਤੇ
ਹੁਣ ਤੱਕ ਜਿਵੇਂ ਕਿਵੇਂ ਸਰਦਾ ਆ ਰਿਹਾ ਸੀ। ਪਰ ਹੁਣ ਮੈਡਮ ਦੇ ਆਉਣ ਨਾਲ ਇਹ ਘਾਟ
ਵੀ ਪੂਰੀ ਕਰ ਹੋ ਗਈ ਜਾਪਦੀ ਸੀ।
ਮੈਡਮ ਬੜਾ ਸੋਹਣਾ ਸੋਹਣਾ ਬੋਲਦੇ ਹਨ।
ਪਹਿਲੇ ਪੀਰੀਅਡ
ਤੋਂ ਬਾਅਦ ਸਾਰੇ ਸਕੂਲ ਵਿੱਚ ਇਹ ਗੱਲ ਪਹੁੰਚ ਗਈ। ਦੂਜੀਆਂ ਜਮਾਤਾਂ ਦੇ ਬੱਚੇ ਜਾਣ ਬੁਝ ਕੇ ਮੈਡਮ ਦੀ ਜਮਤ ਦੇ ਕੋਲੋਂ ਲੰਘਦੇ ਸਨ। ਇਹ ਦੇਖਣ ਲਈ ਕਿ ਮੈਡਮ ਕਿਵੇਂ ਬੋਲਦੇ ਹਨ।
ਮੈਡਮ ਮਾਰਦੇ ਨਹੀਂ। ਬੜਾ ਪਿਆਰ ਕਰਦੇ ਹਨ।
ਸਾਰੀ ਜਮਾਤ
ਨੇ ਸਾਰੇ ਸਕੂਲ ਵਿੱਚ ਧੁੰਮਾ ਦਿਤਾ। ਉਹਨਾਂ ਕੋਲੋਂ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ। ਬੱਚੇ ਬਾਰ ਬਾਰ ਮੈਡਮ ਕੋਲ ਆ ਕੇ
ਸੁੰਘਣ ਦੀ ਕੋਸ਼ਿਸ਼ ਕਰਦੇ ਕਿ ਇਹ ਖੁਸ਼ਬੂ ਕਿਸ ਚੀਜ਼ ਦੀ ਹੋ ਸਕਦੀ ਹੈ। ਸਾਰਾ ਕਮਰਾ ਨਵੇਂ ਸੈਂਟ ਦੀ ਮਹਿਕ ਨਾਲ
ਭਰ ਜਾਂਦਾ। ਮਾਸਟਰ ਜੀ ਵੀ
ਬਾਰ ਬਾਰ ਕਿਸੇ ਨਾ ਕਿਸੇ ਬਹਾਨੇ ਮੈਡਮ ਕੋਲ ਆ ਜਾਂਦੇ। ਸਕੂਲ ਦੇ ਕਾਇਆ ਕਲਪ ਵਿੱਚ ਉਹਨਾਂ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਸੀ।
- ਸਕੂਲ ਵਿੱਚ ਮੈਡਮ ਦੇ ਆਉਣ ਨਾਲ ਤਬਦੀਲੀ ਨਜ਼ਰ ਆਉਣੀ ਸ਼ੁਰੂ ਹੋ ਗਈ। ਜਮਾਤ ਦੇ ਸਾਰੇ ਬੱਚੇ ਵੇਲੇ ਸਿਰ ਸਕੂਲ ਆਉਣ ਲੱਗ ਪਏ, ਹਾਜ਼ਰੀ ਵੀ ਵੱਧ ਗਈ। ਵਾਹ ਲਗਦੇ ਉਹ ਕੰਮ ਵੀ ਪੂਰਾ ਕਰਨ ਲੱਗ ਪਏ। ਕੁੜੀਆਂ ਤੇ ਮੁੰਡਿਆਂ ਨੇ ਸਜ ਕੇ ਆਉਣਾ ਸ਼ੁਰੂ ਕਰ ਦਿਤਾ। ਮੈਡਮ ਲਈ ਨਵੀਂ ਪਲਾਸਟਿਕ ਦੀ ਕੁਰਸੀ ਜਮਾਤ ਵਿੱਚ ਸਜ ਗਈ ਸੀ। ਕੋਈ ਉਸ ਨੂੰ ਹੱਥ ਨਹੀਂ ਸੀ ਲਾ ਸਕਦਾ। ‘ਇਹ ਮੈਡਮ
ਦੀ ਕੁਰਸੀ ਹੈ।’ ਏਨਾ ਕਹਿਣਾ
ਕਾਫੀ ਸੀ। ਕੁਰਸੀ ਆਪਣੀ
ਥਾਂ ਪਈ ਰਹਿੰਦੀ ਸੀ। ਸਕੂਲ ਵਿੱਚ ਸਾਰੇ ਮੈਡਮ ਦੀ ਜਮਾਤ, ਮੈਡਮ ਦਾ ਪਰਸ, ਮੈਡਮ ਦੀ ਕੁਰਸੀ, ਮੈਡਮ ਦਾ ਕਮਰਾ, ਮੈਡਮ ਦੀ
ਪਾਣੀ ਵਾਲੀ ਬੋਤਲ, ਮੈਡਮ ਦੀ ਛੱਤਰੀ, ਮੈਡਮ ਦੀ ਸਾੜੀ, ਮੈਡਮ ਦੀਆਂ ਚੂੜੀਆਂ, ਮੈਡਮ ਦਾ ਪੈਨ, ਮੈਡਮ
ਦਾ ਰਜਿਸਟਰ; ਮੈਡਮ ਇਕ ਬਰਾਂਡ ਦਾ ਨਾਂ ਬਣ ਗਿਆ ਸੀ। ਜਿੱਥੇ ਮੈਡਮ ਸ਼ਬਦ ਲੱਗ ਗਿਆ ਉਥੇ ਬਾਕੀ ਗੱਲਾਂ ਮੁਕ ਜਾਂਦੀਆਂ ਸਨ।
ਬੱਚੇ ਖੁਸ਼ ਸਨ, ਇਹ
ਮੈਡਮ ਮਾਰਦੀ ਨਹੀਂ ਸੀ। ਜਮਾਤ ਵਿੱਚ ਡੰਡਾ ਨਹੀਂ ਸੀ। ਸਕੂਲ ਵਿਚ ਜਮਾਤ ਦੀ ਹਾਜ਼ਰੀ ਵੱਧ ਗਈ ਸੀ। ਦੋ ਮਹੀਨੇ ਵਿੱਚ ਸਕੂਲ ਨੂੰ ਮੈਡਮ ਦਾ
ਨਸ਼ਾ ਹੋ ਗਿਆ ਸੀ। ਸਕੂਲ ਦੀ ਹਰ ਗੱਲ ਉਪਰ ਮੈਡਮ ਦਾ ਪ੍ਰਭਾਵ ਪੈ ਗਿਆ ਸੀ। ਇਕ ਦਿਨ ਕਿਸੇ ਗੱਲ ਤੋਂ ਮੈਡਮ ਨੂੰ
ਗੁਸਾ ਆ ਗਿਆ। ਉਹਨਾਂ ਕੋਈ ਗੱਲ ਪੁੱਛੀ ਜਵਾਬ ਜੋ
ਮਿਲਿਆ ਮਰਜ਼ੀ ਦਾ ਨਹੀਂ ਸੀ। ਜਮਾਤ ਦਾ ਮਾਨੀਟਰ ਹੀ ਨਾਲਾਇਕ ਹੈ। ਕੋਈ ਕੁਝ ਵੀ ਨਹੀਂ ਸਮਝ ਰਿਹਾ। ਕੁੜੀਆਂ ਹੈਰਾਨ ਸਨ। ਜਦੋਂ ਉਹਨਾਂ ਇਕ ਕੁੜੀ ਨੂੰ ਛੋਟੀ ਜਿਹੀ ਗੱਲ ਤੇ ਚਪੇੜ ਮਾਰ ਦਿਤੀ।
- ਕਿਉਂ ਦੰਦੀਆਂ ਕੱਢੀ ਜਾਨੀਂ ਹੈਂ? ਹਿੜ ਹਿੜ ਲਾਈ ਹੋਈ
ਹੈ?
ਮੈਡਮ ਦੀ ਗੱਲ ਸੁਣ ਕੇ ਕੁੜੀ ਹੈਰਾਨ ਰਹਿ ਗਈ। ਮੈਡਮ ਤਾਂ ਇਸ ਤਰ੍ਹਾਂ ਨਹੀਂ ਬੋਲਦੀ। ਉਸ ਨੇ ਦੁਬਾਰਾ ਮੈਡਮ ਵੱਲ ਦੇਖਿਆ।
- ਇਹ ਕੀ ਲਿਖਿਆ, ਤੈਨੂੰ ਚਾਰ ਸਪੈਲਿੰਗ ਨਹੀਂ ਲਿਖਣੇ
ਆਉਂਦੇ, ਅਣਪੜ੍ਹ, ਗੰਵਾਰ ਕਿਸੇ
ਥਾਂ ਦੀ।
ਮੈਡਮ ਨੇ ਕੁੜੀ ਦੀ ਕਾਪੀ ਵਗਾਹ ਮਾਰੀ।
ਮੁੰਡਿਆਂ ਨੂੰ ਵੀ ਜਿਵੇਂ ਸੱਪ ਸੁੰਘ ਗਿਆ ਹੋਵੇ। ਉਹ ਵੀ
ਨੀਵੀਂ ਪਾਈ ਆਪੋ ਆਪਣੀਆਂ ਕਾਪੀਆਂ ਵਿੱਚ ਧਸੀ ਜਾ ਰਹੇ ਸਨ। ਕੁੜੀ ਜਿਸ ਨੂੰ ਚਪੇੜ ਵੱਜੀ ਸੀ ਉਹ ਰੋ ਰਹੀ ਸੀ। ਅੰਗਰੇਜ਼ੀ ਦੇ ਟੈਸਟ ਚੋਂ ਸਾਰੇ ਬੱਚੇ ਫੇਲ੍ਹ ਹੋ ਗਏ ਸਨ। ਕੱਪ ਦੇ
ਸ਼ਬਦ ਜੋੜ ਉਹ ਕੇ ਨਾਲ ਲਿਖ ਰਹੇ ਸਨ। ਸ਼ਟ ਦੇ ਸ਼ਬਦਜੋੜ ਉਹ ਸਟ ਲਿਖ ਰਹੇ ਸਨ।
- ਪੈਨਸਿਲ ਲਿਆ, ਮੈਂ ਸਹੀ ਕਰਕੇ ਲਿਖ ਦੇਂਦੀ ਹਾਂ।
ਕੁੜੀ ਨੇ ਝੋਲੇ
ਨੂੰ ਫੋਲ ਕੇ ਇਕ ਛੋਟੀ ਜਿਹੀ ਪੈਨਸਿਲ ਕੱਢੀ। ਮਸਾਂ ਦੋ ਕੁ ਇੰਚ ਦੀ ਪੈਨਸਿਲ ਉਹ ਵੀ ਚਿਥੀ ਹੋਈ ਦਾਤਣ ਵਰਗੀ। ਕੁੜੀ ਨੇ ਝਿਜਕਦੀ ਹੋਈ ਨੇ ਉਹ ਪੈਨਸਿਲ ਮੈਡਮ ਦੇ ਅੱਗੇ ਕਰ
ਦਿਤੀ। ਏਨੇ ਸੋਹਣੇ
ਹੱਥਾਂ ਲਈ ਇਹੋ ਜਿਹੀ ਪੈਨਸਿਲ! ਮੈਡਮ ਨੇ ਆਵ ਨਾ ਦੇਖਿਆ ਤਾਅ ਨਾ ਦੇਖਿਆ, ਕਾੜ ਕਰਦੀ ਇਕ ਹੋਰ ਚਪੇੜ ਉਸ ਕੁੜੀ ਨੂੰ ਕੱਢ ਮਾਰੀ। ਕੁੜੀ ਚਪੇੜ ਦੇ ਜ਼ੋਰ ਨਾਲ ਹੇਠਾਂ ਡਿਗ ਪਈ।
ਮੈਡਮ ਨੇ ਜੋਰ ਕੁਝ ਜ਼ਿਆਦਾ ਹੀ ਲਾ ਦਿਤਾ ਸੀ। ਕੁੜੀ ਡਿਗ
ਪਈ ਪਰ ਨਾਲ ਹੀ ਮੈਡਮ ਦੀਆਂ ਚਾਰ ਛੇ ਚੂੜਿਆਂ ਟੋਟੇ ਟੋਟੇ ਹੋ ਕੇ ਖਿੰਡ ਗਈਆਂ। ਕੱਚ ਦੇ
ਟੋਟੇ ਉਸ ਦੀ ਬਾਂਹ ਵਿੱਚ ਹੀ ਖੁਭ ਗਏ। ਦਰਵਾਜ਼ੇ ਕੋਲੋਂ ਲੰਘਦੀ ਗੁਲਸ਼ਨ ਭੈਣ ਜੀ ਅੰਦਰ ਆ ਗਈ। ਉਹ ਸਕੂਲ ਵਿੱਚ
ਪੰਜਾਬੀ ਪੜ੍ਹਾਉਂਦੀ ਸੀ। ਉਸ ਨੇ ਮੈਡਮ ਦੀ ਬਾਂਹ ਹੱਥ ਵਿੱਚ ਫੜ ਕੇ ਨੀਝ ਨਾਲ
ਦੇਖਿਆ ਤੇ ਚੁੰਨੀ ਨਾਲ ਵਗਦੇ ਖੂਨ ਨੂੰ ਪੂੰਝਿਆ।
- ਇਹ ਏਦਾਂ ਨਹੀਂ ਸੁਧਰਨੇ। ਇਹ ਪਿਆਰ ਦੀ ਭਾਸ਼ਾ ਤਾਂ ਸਮਝਦੇ ਹੀ ਨਹੀਂ। ਮੈਂ ਡੰਡਾ ਭੇਜਦੀ ਹਾਂ। ਕੋਈ ਡਰ ਨਹੀਂ। ਤੁਸੀਂ ਇਸ ਨੂੰ ਮੇਜ਼ ਦੇ ਹੇਠਾਂ ਰੱਖ
ਦੇਣਾ। ਕੋਈ ਸਮਝੇਗਾ ਕਿ
ਮੇਜ਼ ਤੋਂ ਹੀ ਟੁਟ ਕੇ ਡਿਗਿਆ ਹੈ। ਐਵੇਂ ਕਿਉਂ ਆਪਣੇ ਹੱਥਾਂ ਨੂੰ ਤਕਲੀਫ
ਦੇਈ ਜਾਂਦੇ ਹੋ।
ਉਸ ਦਿਨ ਸਕੂਲ
ਤੋਂ ਛੁਟੀ ਹੋਈ ਤੋਂ ਦੋ ਤਿੰਨ ਬੱਚੇ ਗਲੀ ਵਿੱਚ ਗੱਲਾਂ ਕਰਦੇ ਸੁਣੇ।
- ਐਵੇਂ ਕਹਿੰਦੇ ਸੀ ਮੈਡਮ ਆਈ ਹੈ, ਮੈਡਮ ਆਈ ਹੈ। ਦੇਖੋ ਲਉ।
ਇਕ ਬੱਚਾ ਕਹਿ ਰਿਹਾ ਸੀ।
- ਇਹ ਵੀ ਡੰਡੇ ਵਾਲੀ ਭੈਣ ਜੀ ਹੀ ਨਿਕਲੀ।
ਫੋਨ - 9878961218,
9646699338
No comments:
Post a Comment