Thursday, August 18, 2011

ਕਿੱਥੇ ਹਨ ਉਹ ਲੋਕ

ਕਿੱਥੇ ਹਨ ਉਹ ਲੋਕ

ਜੋ ਆਖਦੇ ਰਹੇ ਸਾਰੀ ਉਮਰ
ਲੋਕਾਂ ਲਈ ਤੁਰਾਂਗੇ
ਲੋਕਾਂ ਨਾਲ ਤੁਰਾਂਗੇ
ਗਿਲਾ ਰਿਹਾ ਜਿਹਨਾਂ ਨੂੰ
ਕਿ ਲੋਕ ਤੁਰਦੇ ਨਹੀਂ
ਲੋਕਾਂ ਨੂੰ ਤੁਰਨਾ ਨਹੀਂ ਆਉਂਦਾ
ਲੋਕ ਤਾਂ ਲੋਕ ਹਨ
ਸੌ ਕੰਮਾਂ ਰੁਝੇਵਿਆਂ ਵਿੱਚ ਫਸੇ
ਇਹ ਤਾਂ ਤੁਰਦੇ ਹੀ ਨਹੀਂ
ਕਿੱਥੇ ਹਨ ਉਹ ਲੋਕ
ਜੋ ਆਖਦੇ ਸਨ
ਲੋਕਾਂ ਲਈ ਲਈ ਤੁਰਾਂਗੇ
ਹਮਕਦਮ ਹੋ ਕੇ
ਲੋਕਾਂ ਲਈ ਤੁਰਾਂਗੇ
ਜਦੋਂ ਲੋਕ ਤੁਰੇ
ਜਦੋਂ ਲੋਕਾਂ ਨੇ ਪਗਡੰਡੀਆਂ ਨੂੰ ਰਾਹ ਬਣਾਇਆ
ਤਾਂ ਸ਼ਾਹ ਰਾਹ ਵੀ ਆਪਣਾ ਰਾਹ ਭੁੱਲ ਗਏ
ਨਾ ਦਿਸ਼ਾ ਦੇਖੀ
ਨਾ ਦਸ਼ਾ ਦੇਖੀ
ਨਾ ਖ਼ਤਾ ਦੇਖੀ
ਨਾ ਸਜ਼ਾ ਦੇਖੀ
ਪੀੜ ਸੱਭ ਦੀ ਸੀ
ਪੀੜ ਸੱਭ ਨੂੰ ਸੀ
ਭੀੜ ਸੀ ਲੋਕਾਂ ਦੀ
ਮਸਲਿਆਂ ਦੀ ਨਹੀਂ
ਮੁਦਿਆ ਦੀ ਨਹੀਂ
ਮਤਿਆਂ ਦੀ ਨਹੀਂ

ਤੁਸੀਂ ਆਪਣੀ ਪੁਸਤਕਾਂ ਫੋਲੀਆਂ
ਆਪਣੇ ਗਿਆਨ ਖੰਘਾਲੇ
ਆਪਣੀਆ ਪ੍ਰੀਭਾਂਸ਼ਾ ਵਾਲੀਆਂ ਕਾਪੀਆਂ ਦੇਖੀਆਂ
ਪਰ ਲੋਕ ਤੇ ਲੋਕ ਸਨ
ਤੁਰਨਾ ਜਾਣਦੇ ਹਨ
ਦਰਿਆਵਾਂ ਦਾ ਕੋਈ ਰਾਹ ਨਹੀਂ ਬਣਾਉਂਦਾ
ਦਰਿਆ ਵਗਦੇ ਨੇ ਤਾਂ ਨਕਸ਼ ਬਣਦੇ ਹਨ
ਧਰਤੀ ਦੇ
ਤਕਦੀਰ ਦੇ
ਤਸਵੀਰ ਦੇ
ਨਕਸ਼ਿਆਂ ਦੇ ਨਕਸ਼
ਨਕਸ਼ ਇਤਿਹਾਸ ਦੇ।
ਲੋਕ ਤੁਰੇ
ਕਾਫਲੇ ਬਣ ਕੇ
ਲੋਕ ਤੁਰੇ ਕਾਫ਼ਲੇ ਬੰਨ੍ਹ ਕੇ
ਵਹੀਰਾਂ ਘੱਤ ਕੇ
ਲੋਕ ਤੁਰੇ ਤਾਂ ਸੜਕਾਂ ਗਵਾਚ ਗਈਆਂ
ਸੜਕਾਂ ਕੀ ਸਰਕਾਰਾਂ ਗਵਾਚ ਗਈਆਂ
ਸਰਕਾਰਾਂ ਕੀ ਇਤਿਹਾਸ ਗਵਾਚ ਗਿਆ
ਪੈਰਾਂ ਹੇਠ
ਪੈੜਾਂ ਹੇਠ
ਸਮੇਂ ਨੂੰ ਮੁੜ ਲਿਖਣਾ ਪਿਆ
ਇਤਿਹਾਸ
ਸਮੇਂ ਦਾ।
ਇਤਿਹਾਸ ਲੋਕਾਂ ਦਾ।

No comments:

Post a Comment