Wednesday, August 10, 2011

ਸੁਪਨਾ



ਗੁਰਦੀਪ ਸਿੰਘ
 
ਤਿਲਕ ਗਿਆ ਸਾਂ
ਤੇਰੇ ਹੱਥੋਂ
ਜਾਂ ਡਿਗਿਆ ਤਾਂ ਟੁੱਟ ਗਿਆ ਸਾਂ
ਚੀਨਾ ਚੀਨਾ ਬਿਖਰ ਗਿਆ ਸਾਂ
ਸੁਪਨਾ ਹੈ ਕਿ ਸ਼ੀਸ਼ਾ ਹੈ
ਕਿਰਚਾਂ ਕਿਰਚਾਂ ਵੇਖ ਰਿਹਾ ਸੀ
ਤੈਨੂੰ ਵੀ ਤੇ ਮੈਨੂੰ ਵੀ।
ਆਪਾਂ ਦੋਵੇਂ
ਟੁਟਿਆ ਸੁਪਨਾ ਵੇਖ ਰਹੇ ਸਾਂ
ਸਾਰੀ ਉਮਰ ਲੰਘਾਈ ਆਪਾਂ
ਇਸ ਦੇ ਟੋਟੇ ਚੁਗਦੇ ਚੁਗਦੇ
ਝੋਲੀ ਵਿੱਚ ਭਰ ਲਈਆਂ ਯਾਦਾਂ
ਟੁੱਟਿਆ ਸੁਪਨਾ ਜੋੜ ਰਹੇ ਹਾਂ
ਕੁਝ ਹਿਸੇ ਹਨ ਮੇਰੀ ਝੋਲੀ
ਕੁਝ ਹਿਸੇ ਹਨ ਤੇਰੀ ਝੋਲੀ
ਕਦੋਂ ਮਿਲਾਂਗੇ
ਜਦੋਂ ਮਿਲਾਂਗੇ
ਮਿਲ ਕੇ ਸੁਪਨਾ ਜੋੜ ਲਵਾਂਗੇ
ਦਿਲ ਨੂੰ ਇਹ ਸਮਝਾਇਆ ਤੂੰ ਵੀ
ਦਿਲ ਨੂੰ ਇਹ ਸਮਝਾਇਆ ਮੈਂ ਵੀ
ਪਰ ਕੋਈ ਰਸਤਾ ਨਜ਼ਰ ਨਾ ਆਵੇ
ਜੋ ਤੇਰੇ ਤੱਕ ਲੈ ਕੇ ਜਾਵੇ
ਜਾਂ ਤੈਨੂੰ ਏਧਰ ਲੈ ਆਵੇ
ਕਦੇ ਕਦੇ ਇਕ ਖ਼ਤ ਲਿਖਦਾ ਹਾਂ
ਏਸ ਸੋਚ ਨਾਲ
ਕਿ ਤੇਰੇ ਕੋਲ ਸੰਭਾਲੇ ਹੋਏ
ਸੁਪਨੇ ਦੇ ਟੁਕੜੇ ਮੰਗਵਾਵਾਂ
ਜੋੜ ਜੋੜ ਕੇ ਸੁਪਨਾ ਆਪਣਾ
ਤੇਰੇ ਤੱਕ ਪੁਜਦਾ ਕਰ ਆਵਾਂ
ਪਰ ਖੌਰੇ ਕਿਉਂ ਬਦਲ ਗਿਆ ਹੈ
ਹਾਣ ਦੀਏ ਤੇਰਾ ਸਿਰਨਾਵਾਂ
ਸਾਂਭ ਸਾਂਭ ਕੇ ਰੱਖੇ ਟੋਟੇ
ਰੂਹ ਮੇਰੀ ਵਿੱਚ ਪੁੜਦੇ ਜਾਵਣ
ਮੇਰੇ ਸੰਗ ਉਹ ਜੁੜਦੇ ਜਾਵਣ
ਹਰਫਾਂ ਵਿੱਚ ਉਹ ਹੋ ਇੱਕਠੇ
ਉਹ ਮੇਰੀ ਕਵਿਤਾ ਬਣ ਜਾਂਦੇ
ਮੇਰੇ ਬੁਲ੍ਹਾਂ ਤੇ ਆ ਜਾਂਦੇ
ਮੇਰੇ ਗੀਤਾਂ ਦੀ ਸੁਰ ਬਣਦੇ
ਦਿਨੇ ਰਾਤ ਮੈਨੂੰ ਭਰਮਾਂਦੇ
ਕਦੇ ਕਦੇ ਮੇਰਾ ਜੀ ਕਰਦਾ ਹੈ
ਸੱਭ ਕੁਝ ਤੈਨੂੰ ਖੋਲ੍ਹ ਵਿਖਾਵਾਂ
ਜੋ ਲੁਕਿਆ ਹੈ ਤੇਰੇ ਕੋਲੋਂ
ਉਹ ਤੇਰੇ ਸਾਹਵੇਂ ਧਰ ਆਵਾਂ
ਪਰ ਸੁਪਨੇ ਤੋਂ ਡਰ ਲਗਦਾ ਹੈ
ਜਾਂ
ਮੈਂ ਸੁਪਨੇ ਦੇ ਸਾਰੇ ਟੁਕੜੇ
ਤਾਰ ਦਿਆਂ ਮੈਂ ਪਾਣੀ ਉਪਰ
ਇਕ ਇਕ ਕਰਕੇ ਦੀਵੇ ਧਰਕੇ
ਝਿਲਮਿਲ ਝਿਲਮਿਲ ਪਾਣੀ ਅੰਦਰ
ਉਹ ਸਾਰੇ ਤਾਰੇ ਬਣ ਜਾਂਦੇ
ਫਿਰ ਉਹ ਤਾਰੇ ਹੌਲੀ ਹੌਲੀ
ਜਾ ਸਾਰਾ ਅੰਬਰ ਮੱਲ ਲੈਂਦੇ
ਟਿਮ ਟਿਮ ਕਰਕੇ ਰੋਜ਼ ਬੁਲਾਂਦੇ
ਸੌਣ ਨਾ ਦੇਂਦੇ
ਬਾਤਾਂ ਪਾਂਦੇ
ਤੇਰਾ ਸੁਪਨਾ
ਮੇਰਾ ਸੁਪਨਾ
ਤੇਰੇ ਲਈ ਬੁਝਾਰਤ ਬਣਿਆ
ਮੇਰੇ ਲਈ ਬੁਝਾਰਤ ਬਣਿਆ।

No comments:

Post a Comment