Saturday, July 30, 2011

ਹਾਇ ਕੂ


ਹਾਇ ਕੂ ਨੂੰ ਸਮਰਪਤ

(ਇਹ ਗੀਤ ਹਾਇਕੂ ਪ੍ਰੇਮੀਆਂ ਲਈ ਨਹੀਂ ਹੈ। ਗੁਸਤਾਖੀ ਲਈ ਹਰ ਮੁਆਫੀ ਸਹਿਤ)


ਬਾਰਹੀਂ ਬਰਸੀ ਖੱਟਣ ਗਿਆ
ਖੱਟ ਲਿਆਇਆ ਕੀ
ਨੀ ਮਾਏ ਮੇਰੀਏ
ਕਰੜਾ ਕਰ ਲੈ ਜੀ 
ਨਾ ਢੋਲੇ ਨਾ ਮਾਹੀਏ ਬੋਲੀਆ  
ਨਾ ਟਪਿਆ ਦਾ ਪੂਰ    
ਦੇਖ ਨੀ ਮਾਏ ਪੁਤ ਤੇਰੇ ਨੂੰ 
ਲੂੰ ਲੂੰ ਆਇਆ ਬੂਰ 
ਕਰ ਲੈ ਝੋਲੀ ਪੁਤ ਤੇਰਾ ਨੀ
ਕਰ ਕੇ ਆਇਆ ਕਮਾਈ 
ਬਾਹਰ ਵਲੈਤਾਂ ਚੋਂ
ਹਾਇਕੂ ਦੀ ਝੜੀ ਲਗਾਈ
ਬਾਹਰ ਵਲੈਤਾਂ ਚੋਂ 
ਹਾਇਕੂ ਦੀ ਝੜੀ ਲਗਾਈ

ਸੁਣ ਵੇ ਪੁਤਾ ਕੰਨ ਖੋਹਲ ਕੇ 
ਗੱਲ ਸੁਣਾਵਾਂ ਤੈਨੂੰ
ਲੋਕ ਗੀਤ ਮੇਰੇ ਸਾਹੀਂ ਵਸਦੇ
ਮੈਂ ਸਮਝਾਵਾਂ ਤੈਨੂੰ 
ਜਦ ਮੈਂ ਪਾਵਾਂ ਢੇਰ ਬੋਲੀਆਂ
ਭਰ ਦੇਣੀ ਹਾਂ ਖੂਹ
ਅਖਰ ਅੱਖਰ ਵਿੱਚ ਵਸਦੀ ਹੋਵੇ
 
ਮੈਂ ਤੇ ਮੇਰੀ ਰੂਹ 
ਦੁਖ ਆਪਣਾ ਮੈਂ ਦਸਣਾ ਚਾਹਵਾਂ
ਵਿਹੜੇ ਚਰਖਾ ਡਾਹਵਾਂ
ਨਾਲੇ ਕੱਤਾਂ ਰੂੰ
ਤੇ ਨਾਲੇ ਤੰਦ ਗਮਾਂ ਦੀ ਪਾਵਾਂ
ਮਾਂ ਬੋਲੀ ਦੇ ਵਿਹੜੇ ਅੰਦਰ
ਇਕੋ ਰੁਖ ਬਥੇਰਾ
 ਇਹੋ ਆਪਣੇ ਦੁਖ ਦਾ ਹਾਣੀ
ਕੀ ਤੇਰਾ ਕੀ ਮੇਰਾ 
ਇਹਨਾਂ ਬਿਨ ਕੀ ਲੱਗ ਜਾਊਗਾ 
ਕੀਕਰ ਆਪਣਾ ਜੀਅ
ਰੂਹਾਂ ਨੇ ਦੁਖ ਦੱਸਣਾ ਹੋਇਆ 
ਤਾਂ ਹਾਇਕੂ ਕਰੇਗਾ ਕੀ
ਪੁਤਰਾ ਮਾਂਵਾਂ ਬਿਨ 
ਨਾ ਪੁਤਰ ਨਾ ਧੀ

No comments:

Post a Comment