Thursday, July 14, 2011

ਬਾਬਾ ਨਜ਼ਮੀ




ਲੋਕ ਸ਼ਾਇਰ ਬਾਬਾ ਨਜ਼ਮੀ ਦਰਿਆਉਂ ਪਾਰ ਦਾ ਸ਼ਾਇਰ ਹੈ। ਬੇਬਾਕੀ ਉਸ ਜਿੰਨੀ ਮੁਸ਼ਕਲ ਲੱਭਦੀ ਹੈ। ਉਸ ਨੂੰ ਸੁਣਿਆ ਤਾਂ ਮਨ ਉਸ ਦਾ ਮੁਰੀਦ ਹੋ ਗਿਆ। ਉਸ ਦੀ ਅਜ਼ੀਮ ਸ਼ਖਸੀਅਤ ਉਸ ਦੀ ਸ਼ਾਇਰੀ ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ। ਲੋਕਾਂ ਵਾਸਤੇ ਇਸ ਤਰਹਾਂ ਵੀ ਲਿਖਿਆ ਜਾ ਸਕਦਾ ਹੈ, ਮੈਂ ਕਦੇ ਸੋਚਿਆ ਨਹੀਂ ਸੀ। ਪਰ ਉਸ ਨੂੰ ਸੁਣ ਕੇ ਇਹ ਸੋਚ ਬਣੀ ਹੈ ਕਿ ਸ਼ਾਇਰੀ ਇਸੇ ਤਰ੍ਹਾਂ ਹੀ ਹੁੰਦੀ ਹੈ ਤੇ ਇਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ।  ਉਹ ਕਹਿੰਦਾ ਹੈ ਕਿ ਉਸ ਦੀ ਸ਼ਾਇਰੀ ਨਾ ਸਿਰਫ਼ ਲੋਕਾਂ ਦੀ ਪੀੜ ਦੀ ਗੱਲ ਕਰਦੀ ਹੈ ਸਗੌਂ ਉਸ ਦੀ ਦਵਾ ਵੀ ਬਣਦੀ ਹੈ। ਉਹ ਲੋਕਾਂ ਨੂੰ ਇਕ ਜੁੱਟ ਹੋਣਾ ਸੱਦਾ ਦਿੰਦਾ ਹੈ। ਦਰਿਆਉਂ ਇਸ ਪਾਰ ਦੇ ਅਸੀਂ ਸਾਇਰ ਉਸ ਲਈ ਕੁਝ ਵੀ ਨਾ ਕਹੀਏ ਇਹ ਕਿਵੇਂ ਹੋ ਸਕਦਾ ਹੈ। ਮਾਂ ਵੀ ਇਕੋ ਹੈ, ਤੇ ਦਰਦ ਵੀ ਇਕੋ, ਅਹਿਸਾਸ ਵੀ ਇਕੋ। ਇਸ ਸੱਭ ਕੁਝ ਚੋਂ ਇਕ ਨਜ਼ਮ ਜੰਮਦੀ ਹੈ ਜੋ ਮੈਂ ਬਾਬਾ ਨਜ਼ਮੀ ਦੇ ਨਾਂ ਆਰਸੀ ਦੇ ਹਵਾਲੇ ਕਰ ਰਿਹਾ ਹਾਂ। ਮਾਂ ਬੋਲੀ ਦਾ ਇਹ ਸਾਇਰ ਸਦਾ ਸਲਾਮਤ ਰਹੇ।  ਇਸ ਨੂੰ ਮੇਰੇ ਬਲਾਗ ਸੰਵਾਦ ਉਪਰ ਵੀ ਪੜ੍ਹਿਆ ਜਾ ਸਕਦਾ ਹੈ।

  • ਉਹ ਸ਼ਾਇਰ ਹੈ ਲੋਕਾਂ ਦਾ
    ਜੇ ਲੋਕ ਪਛਾਣਨ ਜੀ ਸਦਕੇ
    ਉਹ ਦਿਲ ਦੀਆਂ ਗਲਾਂ ਲਿਖਦਾ ਹੈ
    ਤੇ ਦਿਲ ਦੀਆਂ ਆਖ ਸੁਣਾਉਂਦਾ ਹੈ।

  • ਕੁਝ ਲੋਕ ਕਹਿਣ ਕਿ ਖਤਰਾ ਹੈ
    ਦੁਨੀਆ ਨੂੰ ਐਸੇ ਲਫਜ਼ਾਂ ਤੋਂ
    ਉਹ ਰੱਖ ਕੇ ਉਹਨਾਂ ਲਫਜ਼ਾਂ ਵਿੱਚ
    ਆਪੇ ਨੂੰ ਆਪੇ ਗਾਉਂਦਾ ਹੈ।

  • ਉਹ ਕਦੇ ਇਜ਼ਾਜ਼ਤ ਮੰਗਦਾ ਨਹੀਂ
    ਕੀ ਲਿਖਣਾ ਹੈ ਕੀ ਗਾਉਣਾ ਹੈ
    ਉਹ ਮਾਲਕ ਆਪਣੀ ਮਰਜ਼ੀ ਦਾ
    ਕਿਰਤੀ ਸ਼ਾਇਰ ਅਖਵਾਉਂਦਾ ਹੈ।

  • ਨਾ ਰੱਖੇ ਤਲਬ ਇਨਾਮਾਂ ਦੀ
    ਨਾ ਡਰ ਉਸ ਨੂੰ ਸਨਮਾਨਾਂ ਦਾ
    ਉਹ ਬੇਪਰਵਾਹ ਧਨਵਾਨਾਂ ਤੋਂ
    ਹੱਕ ਸੱਚ ਦਾ ਨਾਅਰਾ ਲਾਉਂਦਾ ਹੈ।

  • ਉਹ ਚੋਧਰੀਆਂ ਦਾ ਬੰਦਾ ਨਹੀਂ
    ਨਾ ਬੰਦਾ ਵਡਿਆਂ ਸ਼ਾਹਾਂ ਦਾ
    ਉਹ ਸ਼ਮਲੇ ਉੱਚੇ ਟੰਗਦਾ ਨਹੀਂ
    ਫਿਰ ਵੀ ਨਜ਼ਮੀ ਸਦਵਾਉਂਦਾ ਹੈ।

No comments:

Post a Comment