Sunday, June 26, 2011

ਹੁਣ ਤਾਂ ਸੌਂ ਜਾਓ


ਹੁਣ ਤਾਂ ਸੌਂ ਜਾਓ


ਗੁਰਦੀਪ ਸਿੰਘ ਭਮਰਾ

ਮੈਂ ਕਿਹਾ ਤਾਰਿਆਂ ਨੂੰ ਹੁਣ ਤਾਂ ਸੌਂ ਜਾਓ
ਹਨੇਰੀ ਰਾਤ ਨੂੰ ਵੀ ਨੀਂਦ ਆਈ ਹੈ ਸੌਂ ਜਾਓ
ਮੈਂ ਕਿਹਾ ਸਾਰਿਆਂ ਨੂੰ ਹੁਣ ਤਾਂ ਸੌਂ ਜਾਓ
ਹਵਾ ਪਾਉਂਦੀ ਰਹੀ ਬਾਤਾਂ ਅਸੀਂ ਸੁਣਦੇ ਰਹੇ ਸਾਰੇ
ਕਦੀ ਕੋਈ ਗੀਤ ਗਾਇਆ ਉਸ ਨੇ ਲੋਰੀ ਕਦੇ ਗਾਈ
ਸੁਣਾਈ ਬਾਤ ਉਸ ਮੇਰੀ ਹੁੰਗਾਰੇ ਵੀ ਭਰੇ ਸਭ ਨੇ
ਕਿਹਾ ਹੁੰਗਾਰਿਆਂ ਨੂੰ ਹੁਣ ਤਾਂ ਸੌਂ ਜਾਓ
ਹਨੇਰੀ ਰਾਤ ਨੇ ਪ੍ਰਭਾਤ ਦੀ ਗੋਦੀ ਚ
ਬਹਿਣਾ
ਤੇ ਫਿਰ ਸੂਰਜ ਦੀ ਅੱਖ ਦਾ ਸੇਕ ਇਸ ਤੋਂ
ਜਰ ਨਹੀਂ ਹੋਣਾ
ਇਹ ਲੰਮੀ ਰਾਤ ਵੀ ਮੁਕਣ ਤੇ ਆਈ ਹੈ
ਕਿ ਸੌਂ ਜਾਓ
ਮੈਂ ਕਿਹਾ ਤਾਰਿਆਂ ਨੂੰ ਹੁਣ ਤਾਂ ਸੌਂ ਜਾਓ
ਅਜੇ ਪੈਂਡਾ ਸਮੇਂ ਦਾ ਢੇਰ ਬਾਕੀ ਹੈ
ਅਜੇ ਮੰਜ਼ਲ ਨਹੀਂ ਦੇਖੀ ਅਜੇ ਰਾਹਵਾਂ ਚ
ਹਾਂ ਸਾਰੇ
ਅਜੇ ਝੱਖੜ ਤੂਫਾਨਾਂ ਦੀ ਵੀ ਸੁਣਨੀ ਬਾਤ ਹੈ ਬਾਕੀ
ਅਜੇ ਲੰਮਾ ਬੜਾ ਪੈਂਡਾ
ਅਜੇ ਕੁਝ ਰਾਤ ਹੈ ਬਾਕੀ
ਮੈਂ ਕਿਹਾ ਛਾਲਿਆਂ ਨੂੰ ਹੁਣ ਤੇ ਸੌਂ ਜਾਓ
ਹਨੇਰੀ ਰਾਤ ਨੂੰ ਵੀ ਨੀਂਦ ਆਈ ਹੈ ਕਿ ਸੌਂ ਜਾਓ
ਮੈਂ ਕਿਹਾ ਸਾਰਿਆਂ ਨੂੰ ਹੁਣ ਤਾਂ ਸੌਂ ਜਾਓ
ਇਹ ਰੀਝਾਂ ਥੱਕ ਕੇ ਆਕੀ ਨਾ ਹੋ ਜਾਵਣ
ਇਹ ਸਧਰਾਂ ਲੂੰਹਦੀਆਂ ਬਾਗ਼ੀ ਨਾ ਹੋ ਜਾਵਣ
ਵਰਾਈਆਂ ਨੇ ਅਜੇ ਇਹ ਰੋਂਦੀਆਂ ਸੀ ਇਕ ਮੁਦਤ ਤੋਂ
ਅਜੇ ਰੌਲਾ ਨਾ ਪਾਓ ਹੁਣ ਤਾਂ ਸੌਂ ਜਾਓ
ਮੈਂ ਕਿਹਾ ਸਾਰਿਆਂ ਨੂੰ ਹੁਣ ਤਾਂ ਸੌਂ ਜਾਓ
ਮੈਂ ਕਿਹਾ ਤਾਰਿਆਂ ਨੂੰ ਹੁਣ ਤਾਂ ਸੌਂ ਜਾਓ।

No comments:

Post a Comment