Sunday, June 26, 2011

ਤੂੰ ਤੇ ਮੈਂ


ਕਿਹਾ ਸੀ ਮੈਂ ਉਸ ਨੂੰ
ਤੂੰ ‘ਕਲਿਆਂ ਆਵੀਂ
ਆਪਾਂ ਹਵਾ ਦੇ ਨਾਲ ਬਹਿ ਕੇ ਗੱਲਾਂ ਕਰਾਂਗੇ
ਤਾਰਿਆਂ ਨਾਲ ਸਾਂਝ ਪਾਵਾਂਗੇ
ਤੇ ਟੁਟਦੇ ਤਾਰੇ ਫੜਾਂਗੇ
ਆਪਣੇ ਪੋਟਿਆਂ ਵਿੱਚ ਤੇ
ਟਿਕਾ ਕੇ ਆਪਣੀਆਂ ਤਲੀਆਂ ਤੇ
ਉਹਨਾਂ ਨੂੰ ਅਲਵਿਦਾ ਕਹਾਗੇ
ਹਵਾਲੇ ਕਰਾਂਗੇ ਆਪਣੀਆਂ ਰੀਝਾਂ
ਕਿਹਾ ਸੀ ਉਸ ਨੂੰ
ਕਿ ਤੂੰ
ਕਲਿਆਂ ਆਵੀ
ਆਪਾਂ ਦਰਿਆ ਦੇ ਵਗਦੇ ਪਾਣੀਆਂ ਨੂੰ
ਆਪਣੇ ਪੈਰਾਂ ਦੀਆਂ ਤਲੀਆਂ ਉਤੇ
ਕੁਤਕੁਕਤਾਰੀਆਂ ਵਾਂਗ ਮਹਿਸੂਸ ਕਰਾਂਗੇ
ਕੁਝ ਸੁਣਾਗੇਂ
ਕੁਝ ਸੁਣਾਵਾਂਗੇ
ਘਾਹ ਦੀਆਂ ਤਿੜਾਂ ਫਰੋਲਾਂਗੇ
ਦੰਦਾ ਨਾਲ ਚਿੱਥਾਂਗੇ
ਇਕ ਦੂਜੇ ਦੇ ਹੱਥਾਂ ਚੋਂ ਆਪਣੀ ਕਿਸਮਤ ਟੋਲਾਂਗੇ
ਕਦੇ ਅਸਮਾਨ ਵਿੱਚ ਤੈਰਦੇ ਬੱਦਲ ਦੇਖਾਂਗੇ
ਕਦੇ ਛਿਪਦੇ ਸੂਰਜ ਦੀ ਲੋਅ
ਇਕ ਦੂਜੇ ਦੀਆਂ ਅੱਖਾਂ ਵਿਚ ਵੇਖਾਂਗੇ
ਕਦੇ ਰੇਤ ਉਪਰ
ਘੁਗੂ ਘਾਗੜੇ ਵਾਹਾਗੇਂ
ਤੇ ਉਹਨਾਂ ਉਪਰ
ਤੇਰੇ ਪੈਰਾਂ ਦੀਆਂ ਉਂਗਲਾਂ ਵਿੱਚ ਫਸੀ ਰੇਤ
ਝਾਂੜਾਗੇਂ
ਇਕ ਦੂਜੇ ਦੀਆਂ ਅੱਖਾਂ ਵਿੱਚ ਝਾਂਕਾਗੇ
ਤੇ ਲੰਮੀਆਂ ਬਾਤਾਂ ਦਾ ਤਾਣਾ ਬਾਣਾ ਬੁਣਾਂਗੇ
ਮੈਂ ਕਿਹਾ ਸੀ ਉਸ ਨੂੰ
ਤੂੰ ‘ਕਲਿਆਂ ਆਵੀਂ
ਪਰ
ਤੂੰ ਆਪਣੇ ਨਾਲ
ਕਿੰਨਾ ਕੁਝ ਲੈ ਆਈ ਏ
ਅੱਖਾਂ ਵਿਚ ਉਦਾਸੀ
ਪੈਰਾਂ ਨੂੰ ਹਾਦਸਿਆਂ ਦੇ ਛਾਲੇ
ਮੋਢਿਆਂ ਉਪਰ ਕਈ ਧਿਰਾਂ ਦਾ ਬੋਝ
ਕੋਈ ਵੀ ਹੱਥ ਤਾਂ ਖਾਲੀ ਨਹੀਂ ਤੇਰਾ
ਤੇਰੀ ਚੁੰਨੀ ਦੀ ਕੰਨੀ ਨਾਲ ਬੰਨ੍ਹੀਆਂ ਕਈ ਗੰਢਾਂ
ਤੇਰਾ ਸੱਭ ਕੁਝ ਸਾਂਭੀ ਬੈਠੀਆਂ ਸਨ।
ਤਨਹਾਈ ਨੂੰ ਉਂਗਲ ਲਾ ਕੇ ਤੂੰ ਚੁੱਪ
ਬੈਠੀ ਵੀ ਇਕਲੀ ਨਹੀਂ ਸੀ
ਕਿੰਨੇ ਰੌਲੇ ਵਿੱਚ ਘਿਰੀ ਸੈਂ
ਕਿੰਨੀਆਂ ਅਵਾਜ਼ਾਂ ਸਨ
ਕੁਝ ਬਾਹਰ ਤੇ ਕੁਝ ਅੰਦਰ
ਤੇ ਇਸ ਰੌਲੇ ਵਿੱਚ
ਮੇਰੀ ਅਵਾਜ਼ ਤੇਰੇ ਤੱਕ ਨਾ ਪਹੁੰਚੀ
ਮੈਂ ਬਹੁਤ ਚੀਕਿਆ
ਤੇਰਾ ਹੱਥ ਫੜ ਕੇ
ਪਰ ਤੂੰ ਤਾਂ ਤੂੰ ਸੈਂ
ਆਪਣੇ ਆਪ ਵਿੱਚ ਗਵਾਚੀ
ਤੇਰੇ ਪੈਰਾਂ ਨੂੰ ਕਈ ਰਾਹਵਾਂ ਨੇ ਜਕੜਿਆ ਹੋਇਆ ਸੀ
ਤੂੰ ਮੇਰੇ ਕੋਲ ਹੋ ਕੇ ਵੀ ਕੋਲ ਨਹੀਂ ਸੈ
ਮੈਂ ਤੈਨੂੰ ਦੇਖਦਾ ਰਿਹਾ
ਆਉਂਦਿਆਂ ਤੇ ਜਾਂਦਿਆਂ
ਨਾ ਪਹਿਲਾਂ ਰੇਤ ਉਪਰ ਕੋਈ ਪੈੜ ਦਿਸੀ
ਨਾ ਬਾਅਦ ਵਿੱਚ
ਸਿਰਫ਼ ਹਵਾ ਵਿੱਚ ਤੇਰੇ ਹੋਣ ਦੀ ਮਹਿਕ ਸੀ
ਮੈਂ ਹੁਣ ਤੱਕ ਉਸ ਨੂੰ
ਆਪਣੀਆਂ ਯਾਦਾਂ ਵਿੱਚ ਦਬਾ ਕੇ ਸਾਂਭ ਰੱਖਿਆ ਹੈ।
ਸਮੇਂ ਦੇ ਪੈਰਾਂ ਚੋਂ ਡਿੱਗੇ ਬੇਅਵਾਜ਼ ਘੁੰਗਰੂ ਵਾਂਗ।

No comments:

Post a Comment