Sunday, February 20, 2011

ਬਚਪਨ / ਗੁਰਦੀਪ ਸਿੰਘ ਭਮਰਾ

ਬਚਪਨ / ਗੁਰਦੀਪ ਸਿੰਘ ਭਮਰਾ
ਬਚਪਨ ਦੀਆਂ ਗੱਲਾਂ ਸਨ
ਸਮਿਆਂ ਦੀਆਂ ਛੱਲਾਂ ਸਨ
ਕਿਤੇ ਜਿੱਤਾਂ ਤੇ ਹਾਰਾਂ ਸਨ
ਕਿਤੇ ਮਾਰੀਆਂ ਮੱਲਾਂ ਸਨ
ਯਾਦਾਂ ਦੇ ਬਗੀਚੇ ਵਿੱਚ
ਫੁੱਲ ਖਿੜੇ ਬਹਾਰਾਂ ਦੇ
ਖੁਸ਼ਬੂਆਂ ਵਰਗੇ ਸਨ
ਸੱਭ ਮੌਸਮ ਯਾਰਾਂ ਦੇ।
ਕਦੇ ਰੁੱਸ ਕੇ ਬਹਿੰਦੇ ਸਾਂ
ਰੁੱਸੇ ਹੀ ਰਹਿੰਦੇ ਸਾਂ
ਜਦ ਕੋਈ ਮਨਾਉਂਦਾ ਨਾ
ਆਪੇ ਮੰਨ ਜਾਂਦੇ ਸਾਂ
ਉਹ ਰਲ ਕੇ ਖੇਡਣ ਦੇ
ਜੋ ਚਾਰ ਦਿਹਾੜੇ ਸਨ
ਨਾ ਤਿੱਖੜ ਦੁਪਹਿਰਾਂ ਸਨ
ਨਾ ਧੁੰਦਾਂ ਪਾਲੇ ਸੀ
ਬਚਪਨ ਦੀ ਮਸਤੀ ਸੀ
ਮਸਤੀ ਹੀ ਹਸਤੀ ਸੀ।

ਹੁਣ ਜੇ ਰੁੱਸਣਾ ਚਾਹੁੰਦੇ ਹਾਂ
ਤਾਂ ਰੁੱਸ ਨਹੀਂ ਸਕਦੇ
ਜੇ ਮੰਨਣਾ ਚਾਹੁੰਦੇ ਹਾਂ
ਤਾਂ ਮੰਨ ਨਹੀਂ ਸਕਦੇ
ਨਾ ਕੋਈ ਮਨਾਂਦਾ ਹੈ
ਨਾ ਕੋਈ ਵਰਾਂਦਾ ਹੈ।
ਕੁਝ ਕਹਿਣਾ ਚਾਹੁੰਦੇ ਹਾਂ
ਤਾਂ ਕਹਿ ਨਹੀਂ ਸਕਦੇ।
ਚੁੱਪ ਰਹਿਣਾ ਚਾਹੁੰਦੇ ਹਾਂ
ਤਾਂ ਰਹਿ ਨਹੀਂ ਸਕਦੇ
ਜੇ ਰੋਣਾ ਚਾਹੁੰਦੇ ਹਾਂ
ਤਾਂ ਰੋ ਨਹੀਂ ਸਕਦੇ।
ਜੋ ਫੜਣਾ ਚਾਹੁੰਦੇ ਹਾਂ ਤਾਂ
ਛੋਹ ਨਹੀਂ ਸਕਦੇ।
ਬਚਪਨ ਦੀਆਂ ਗੱਲਾਂ ਵੀ
ਬਚਪਨ ਦੀਆਂ ਗੱਲਾਂ ਸਨ
ਉਮਰਾਂ ਦੇ ਸਾਗਰ ਵਿੱਚ
ਯਾਦਾਂ ਦੀਆਂ ਛੱਲਾਂ ਸਨ।

No comments:

Post a Comment