ਅਸੀਂ ਵੇਖਾਂਗੇ
ਗੁਰਦੀਪ ਸਿੰਘ
ਵੇਖਾਂਗੇ ਆਪਣੀ ਧਰਤੀ ਨੂੰ
ਵੇਖਾਂਗੇ ਆਪਣੀ ਬਸਤੀ ਨੂੰ
ਵੇਖਾਂਗੇ ਆਪਣੇ ਅੰਬਰ ਨੂੰ
ਵੇਖਾਂਗੇ ਆਪਣੀ ਹਸਤੀ ਨੂੰ
ਆਪਣੀ ਧਰਤੀ ਆਪਣਾ ਅੰਬਰ
ਆਪਣਾ ਸੂਰਜ ਆਪਣੇ ਤਾਰੇ
ਜਦ ਕਿਸਮਤ ਬਣ ਕੇ ਉਗਣਗੇ
ਖੇਤਾਂ ਚੋ ਘਰਾਂ ਤੱਕ ਪੁਜਣਗੇ
ਆਪਣੇ ਵੀ ਸੁਪਨੇ ਰੀਝਾਂ ਦੇ
ਜਦ ਵੀ ਚਾਹਿਆ ਤਦ ਬੀਜਾਂਗੇ
ਜਦ ਤਲੀਆਂ ਉਪਰ ਸੀਸ ਟਿਕਾ
ਕੁਝ ਕਰਮ ਟਿਕਾ ਕੁਝ ਸੋਚ ਟਿਕਾ
ਫਿਰ ਬੂਰ ਪਵੇਗਾ ਰੀਝਾਂ ਨੂੰ
ਹਰ ਚਾਹਤ ਨੂੰ ਹਰ ਸੁਪਨੇ ਨੂੰ
ਇਹ ਸਾਰਾ ੳਬਰ ਆਪਣਾ ਹੈ
ਆਪਣੇ ਵੀ ਚੰਨ ਸਿਤਾਰੇ ਵੀ
ਖੇਤਾਂ ਵਿੱਚ ਮੌਸਮ ਬਦਲੇਗਾ
ਬਦਲੇਗੀ ਕਿਸਮਤ ਵਿਹੜੇ ਦੀ
ਬਦਲੇਗੀ ਸਾਰੀ ਦੁਨੀਆ
ਹਰ ਡੇਰੇ ਦੀ ਹਰ ਗੇੜੇ ਦੀ
ਆਪਣਾ ਸੂਰਜ ਆਪਣੇ ਪਰਬਤ
ਆਪਣੇ ਤਾਰੇ ਆਪਣਾ ਅੰਬਰ
ਸੂਰਜ ਨੂੰ ਉਂਗਲੀ ਲਾਵਾਂਗੇ
ਅਤੇ ਖੇਤਾਂ ਵਿੱਚ ਖਿਲਾਰਾਂਗੇ
ਸਾਵੀ ਧਰਤੀ ਕਿਣਕਾ ਕਿਣਕਾ
ਤੁਪਕਾ ਤੁਪਕਾ ਜ਼ੱਰਾ ਜ਼ੱਰਾ
ਜਦ ਸੋਨੇ ਵਿੱਚ ਮੜ੍ਹਾਵਾਂਗੇ
ਸ਼ੁਰਜ ਆਪਣਾ ਧੁੱਪ ਵੀ ਆਪਣੀ
ਰੌਲਾ ਆਪਣਾ ਚੁੱਪ ਵੀ ਆਪਣੀ
ਹਰ ਬੰਦਾ ਦਾਅਵੇਦਾਰ ਜਿਹਾ
ਹਰ ਬੰਦਾ ਰਿਸ਼ਤੇਦਾਰ ਜਿਹਾ
ਕਿਣਕਾ ਕਿਣਕਾ ਕਤਰਾ ਕਤਰਾ
ਹਰ ਬੰਦਾ ਹਿੱਸੇ ਦਾਰ ਜਿਹਾ
ਸਾਰੀ ਧਰਤੀ ਸਾਰਾ ਅੰਬਰ
ਜਾਪੇ ਆਪਣਾ ਪਰਵਾਰ ਜਿਹਾ
ਵੇਖਾਂਗੇ ਪੌਣਾ ਮਹਿਕਦੀਆਂ
ਵੇਖਾਂਗੇ ਫ਼ਸਲਾ ਲਹਿਕਦੀਆਂ
ਵੇਖਾਂਗੇ ਰੀਝਾਂ ਟਹਿਕਦੀਆਂ
ਕਤਰੇ ਕਤਰੇ ਨੂੰ ਸਹਿਕਦੀਆਂ
ਕਿਰਤੀ ਕਾਮੇ ਦੀ ਕਿਸਮਤ ਵੀ
ਮੌਸਮ ਦੇ ਵਾਂਗਰ ਬਦਲੇਗੀ
ਉਹ ਦਿਨ ਵੀ ਆਵਣ ਵਾਲੇ ਨੇ
ਨਾ ਰਾਜ ਰਹੇਗਾ ਤਾਜਾਂ ਦਾ
ਨਾ ਤਖਤਾਂ ਦਾ ਨਾ ਬਾਜਾਂ
ਨਾ ਤੋਪਾਂ ਤਲਵਾਰਾਂ ਦਾ
ਲਾਹ ਦੇਣਾ ਜੂਲਾ ਜੋਕਾਂ ਦਾ
ਲੋਕਾਂ ਨੇ ਹੀ ਲੈ ਆੳਣਾ ਹੈ
ਲੋਕ ਰਾਜ ਜੋ ਲੋਕਾਂ ਦਾ
ਜੋ ਦਿਸਦਾ ਹੈ ਲੋਕਾਂ ਦਾ
ਖੇਤਾਂ ਦਾ ਸੋਨਾ ਲੋਕਾਂ ਦਾ
ਪਾਣੀ ਦਾ ਆਉਣਾ ਲੋਕਾਂ ਦਾ
ਅੰਬਰ ਦਾ ਸੁਰਜ ਲੋਕਾਂ ਦਾ
ਚਾਨਣ ਤੇ ਹਨੇਰਾ ਲੋਕਾਂ ਦਾ
ਵੇਖਾਂਗੇ ਧਰਤੀ ਬਦਲੇਗੀ
ਅਸੀਂ ਵੇਖਾਂਗੇ ਹਾਂ ਵੇਖਾਂਗੇ।
No comments:
Post a Comment