Monday, January 24, 2011

ਕਿਰਤ ਦਾ ਗੀਤ

ਕਿਰਤ ਦਾ ਗੀਤ

Gurdip Singh Bhamra
9878961218

ਕਿਰਤ ਕਰਤਾਰ ਦੀ
ਤੇ ਕਰਤਾ ਕਿਰਤ ਦਾ
ਦੋਵੇਂ ਕਰਤਾਰ ਦੇ
ਕਰਤਾਰ ਕਿਰਤ ਵਿੱਚ ਵੱਸਦਾ
ਕਿਰਤ ਵਿੱਚ ਹਸਦਾ
ਕਿਰਤ ਕਰਨ ਦੀ ਜਾਚ ਵੀ ਦੱਸਦਾ
ਪਰ ਵਿਰਲਾ ਹੀ ਕੋਈ
ਕਰਤਾਰ ਦੇ ਨੇੜੇ ਵਸਦਾ
ਕਰਤਾਰ ਆਪਣੀ ਹੀ ਰੋਂ ਵਿੱਚ ਚਲੱਦਾ
ਕਦੇ ਤੇਜ਼ ਵਗਦਾ
ਨਦੀ ਦੇ ਵਹਿਣ ਵਾਂਗ
ਕਦੇ ਖਹਿੰਦਾ ਪਹਾੜਾਂ ਦੇ ਨਾਲ
ਤੇ ਪਹਾੜਾਂ ਨੂੰ ਖੋਰ ਖੋਰ ਸਮਤਲ ਕਰਦਾ
ਕਰਤਾਰ ਕਿਸੇ ਦੀ ਨਾ ਸੁਣਦਾ
ਪਰ ਕਿਰਤ ਸਾਹਵੇਂ
ਕਰਤਾਰ ਮੂਕ ਬੈਠ ਜਾਂਦਾ
ਕਿਰਤ ਕਰਤਾਰ ਦੀ ਘਾੜਤ ਕਰਦੀ
ਕਰਤਾਰ ਨੂੰ ਸੰਵਾਰਦੀ
ਸਜਾਉਂਦੀ
ਨਿਖਾਰਦੀ
ਉਘਾੜਦੀ
ਕਰਤਾਰ ਦੇ ਨਵੇਂ ਨਕਸ਼ ਘੜਦੀ
ਕਰਤਾਰ ਉਫ਼ ਨਾ ਕਰਦਾ
ਮੁਸਕਰਾਉਂਦਾ
ਕਦੇ ਕਦੇ ਮੁਸਕੜੀਆਂ ਹੱਸਦਾ
ਕਿਰਤ ਦੇ ਹੱਥਾਂ ਨੂੰ ਚੁੰਮਦਾ
ਕਿਰਤ ਦੀਆਂ ਛੋਹਾਂ ਮਾਣਦਾ
ਕਿਰਤ ਅੱਗੇ ਸਿਰ ਝੁਕਾਉਂਦਾ
ਤੇ ਕਰਤਾ ਦੇ ਆਖੇ ਲੱਗਦਾ
ਕਰਤਾਰ ਕਿਰਤ ਵਿੱਚ ਵੱਸਦਾ
ਕਿਰਤ ਕਰਤਾਰ ਦੀ ਕਰਤਾ ਕਿਰਤ ਦਾ
ਤੇ ਕਰਤਾਰ ਕਰਤਾ ਦਾ
ਕਰਤਾਰ ਕਿਰਤ ਨੂੰ ਕਦੇ ਨਾਂਹ ਨਾ ਕਰਦਾ।
ਕਰਤਾਰ ਕਿਰਤੀ ਹੱਥਾਂ ਵਿੱਚ ਵੱਸਦਾ
ਕਿਰਤੀ ਦੀ ਬਿਰਤੀ ਵਿੱਚ ਵੱਸਦਾ
ਕਿਰਤ ਨੂੰ ਜੀਵਨ ਜਾਚ ਦੱਸਦਾ
ਕਰਤਾਰ ਕਿਰਤ ਨੂੰ ਕਿਰਤ ਦੀ ਜਾਚ ਦੱਸਦਾ
ਤੇ ਕਿਰਤ ਦੀਆਂ ਛੋਹਾਂ ਮਾਣਦਾ
ਲਿਸ਼ ਲਿਸ਼ ਕਰਦਾ
ਜਿਵੇਂ ਕਿਰਤ ਵਾਹੁੰਦੀ, ਵਹਿੰਦਾ
ਜਿੱਥੇ ਕਿਰਤ ਚਾਹੁੰਦੀ ਬਹਿੰਦਾ
ਜਿੱਥੇ ਕਿਰਤ ਰੱਖਦੀ ਰਹਿੰਦਾ
ਕਰਤਾਰ ਕਿਰਤ ਦਾ ਤੇ ਕਿਰਤ ਕਰਤਾਰ ਦੀ
ਦੋਵੇਂ ਇੱਕ ਦੂਜੇ ਲਈ ਜੀਂਦੇ
ਇੱਕ ਦੂਜੇ ਲਈ ਥੀਂਦੇ।

No comments:

Post a Comment