Wednesday, January 26, 2011

ਮੈਂ ਤੇ ਨਦੀ

ਮੈਂ ਤੇ ਨਦੀ

ਮੈਂ ਤੇ ਨਦੀ

ਗੁਰਦੀਪ ਸਿੰਘ ਭਮਰਾ / 9878961218

ਇਹ ਜੇ ਕੂਲ੍ਹ ਵਗਦੀ ਹੈ
ਨਿੱਕੀ ਜਿਹੀ
ਭਰ ਭਰ ਉਛਲਦੀ ਹੈ
ਮਚਲਦੀ ਹੈ
ਮੇਰੇ ਪੈਰਾਂ ਨਾਲ ਖਹਿੰਦੀ ਹੈ
ਤੇ ਮੈਨੂੰ ਕਹਿੰਦੀ ਹੈ
ਆ ਚੱਲੀਏ!
ਮੈਂ ਪੁਛਿਆ
ਕਿੱਥੇ
ਤਾਂ ਉਹ ਮੁਸਕਰਾਈ
ਅਰਸ਼ ਵੱਲ ਤੱਕ ਕੇ ਬੋਲੀ
ਉਹਨਾਂ ਬੱਦਲਾਂ ਦੇ ਪਾਰ
ਹਵਾ ਦੇ ਖੰਭਾਂ ਤੇ
ਚੱਲ ਉਡ ਚੱਲੀਏ
ਮੈਂ ਕਿਹਾ
ਝੱਲੀਏ
ਹਵਾ ਦੇ ਖੰਭਾਂ ਉਪਰ ਸਵਾਰ ਹੋਣ ਲਈ
ਕਿੰਨਾ ਕੁਝ ਜੋ ਚੁੱਕੀ ਫਿਰਦੇ ਹਾਂ
ਸਮੇਂ ਦਾ
ਭਾਰ -
ਹੌਲਾ ਕਰਨਾ ਪਵੇਗਾ
ਤੇ ਇਸ ਵਿੱਚ ਬਹੁਤ ਮਸਾਂ ਲੱਗ ਜਾਏਗਾ।
ਉਹ ਬੋਲੀ
ਠੀਕ ਹੈ ਮੈਂ ਤੇਰਾ ਇੰਤਜ਼ਾਰ ਕਰਾਂਗੀ
ਤੂੰ ਮੇਰੇ ਕੋਲ ਆਵੀਂ ਜਦੋਂ ਵਿਹਲ ਮਿਲੇ
ਆਪਾਂ ਦੋਵੇਂ ਹਵਾ ਨਾਲ ਹਵਾ ਹੋ ਜਾਂਵਾਗੇ
ਮੈ ਉਸ ਦੇ ਪਾਣੀ ਨਾਲ ਆਪਣਾ ਮੂੰਹ ਧੋਤਾ
ਆਪਣੀ ਪਿਆਸ ਦੇ ਬੁੱਲ੍ਹ ਗਿਲੇ ਕੀਤੇ
ਤੇ ਨਦੀ ਨੂੰ ਅਲਵਿਦਾ ਕਿਹਾ
ਉਹ ਵਗਦੀ ਰਹੀ
ਤੇ ਉਸ ਦਾ ਪਾਣੀ ਲਗਾਤਾਰ ਚੱਲਦਾ ਰਿਹਾ
ਪਹਾੜਾਂ ਚੋਂ ਵਗਿਆ
ਤੇਜ਼ੀ ਨਾਲ
ਕਾਹਲੀ ਨਾਲ
ਫਿਰ ਇੱਕ ਦਿਨ ਅਸੀਂ ਇੱਕ ਵਾਰ ਫੇਰ ਮਿਲੇ
ਮੈਂ ਨਦੀ ਕੋਲ ਆਇਆ
ਤਾਂ
ਉਹ ਮੇਰੇ ਪੈਰਾਂ ਵੱਲ ਉਮਲ੍ਹ ਕੇ ਬੋਲੀ
ਜੀ ਆਇਆਂ ਨੂੰ
ਆ ਚੱਲੀਏ
ਮੈਂ ਤੈਨੂੰ ਕਦੋਂ ਦੀ ਉਡੀਕ ਰਹੀ ਰਹੀ ਹਾਂ
ਰੋਜ਼ ਇਸ ਕਿਨਾਰੇ ਉਪਰ ਆਉਂਦੀ ਹਾਂ
ਤੇ ਚੁੱਪਚਾਪ ਇਸ ਕਿਨਾਰੇ
ਰੁਕ ਕੇ ਤੇਰਾ ਇੰਤਜ਼ਾਰ ਕਰਦੀ ਹਾਂ
ਮੈਂ ਉਸ ਨੂੰ ਕਿਹਾ
ਪਰ ਮੇਰਾ ਹੀ ਕਿਉਂ
ਉਹ ਮੁਸਕਰਾ ਕੇ ਬੋਲੀ
ਕਿਉਂ ਕਿ ਤੈਨੂੰ ਹੀ ਮੇਰੇ ਪਾਣੀ ਨਾਲ ਖੇਡਣਾ ਆਉਂਦਾ ਹੈ
ਤੈਨੂੰ ਹੀ ਤੈਰਨਾ ਆਉਂਦਾ ਹੈ
ਤੂੰ ਹੀ ਮੇਰੇ ਪਾਣੀ ਨੂੰ ਆਪਣੇ ਪਿੰਡੇ ਨਾਲ ਛੋਹਣ ਦੇਂਦਾ ਹੈਂ।
ਬਾਕੀ ਲੋਕ ਤਾਂ ਬੱਸ ਆਉਂਦੇ ਹਨ
ਡਰਦੇ ਡਰਦੇ,
ਝੱਕਦੇ ਝੱਕਦੇ ਪਾਣੀ ਦੀਆਂ ਦੋ ਚੂਲੀਆਂ ਇਧਰ
ਦੋ ਚੂਲੀਆਂ ਉਧਰ ਸੁੱਟਦੇ ਹਨ
ਤੇ ਪਰਤ ਜਾਂਦੇ ਹਨ।
ਮੈਂ ਕਿਹਾ
ਹਾਲੇ ਨਹੀਂ
ਹਾਲੇ ਤਾਂ ਮੈਂ ਬਹੁਤ ਦੂਰ ਜਾਣਾ ਹੈ
ਪੈਰਾਂ ਦਾ ਸਫ਼ਰ ਬਾਕੀ ਹੈ
ਮੇਰੇ ਹਿੱਸੇ ਦਾ
ਤੇ ਪੰਧ ਬਹੁਤ ਲੰਮਾ ਹੈ
ਨਦੀ ਨੇ ਹਉਕਾ ਭਰ ਕੇ ਕਿਹਾ
ਅਜੇ ਵੀ ਨਹੀਂ?
ਤਾਂ ਠੀਕ ਹੈ
ਮੈਂ ਵੀ ਤੇਰੇ ਨਾਲ ਨਾਲ ਚਲਾਂਗੀ
ਮੈਂ ਤੈਨੂੰ ਤੁਰਦਿਆਂ ਦੇਖਾਂਗੀ
ਨਦੀ ਮੇਰੇ ਨਾਲ ਨਾਲ
ਕਦੇ ਸੱਜੇ
ਕਦੇ ਖੱਬੇ
ਅਸੀਂ ਦਿਨ ਰਾਤ ਤੁਰਦੇ ਰਹੇ
ਪੁਲਾਂ ਦੇ ਉਪਰੋਂ
ਪੁਲਾਂ ਦੇ ਥੱਲਿਓਂ
ਤੇ ਫਿਰ ਇੱਕ ਦਿਨ
ਮੈਂ ਨਦੀ ਕੋਲ ਆਇਆ
ਨਦੀ ਨੇ ਪੁੱਛਿਆ
ਕਿੱਥੇ ਹੈਂ?
ਮੈਂ ਕਿਹਾ
ਮੈਂ ਤਾਂ ਹੁਣ ਹਵਾ ਵਿੱਚ ਹਾਂ
ਮੇਰਾ ਵਜੂਦ ਹਵਾ ਹੋ ਰਿਹਾ ਹੈ
ਨਦੀ ਨੇ ਮੈਨੂੰ ਕਲਾਵੇ ਵਿੱਚ ਭਰਿਆ
ਤੇ ਮੈਂ ਪੂਰੇ ਦਾ ਪੂਰਾ ਨਦੀ ਵਿੱਚ ਸਿਮਟ ਗਿਆ
ਨਦੀ ਮੇਰੇ ਵਿੱਚ ਸਮੋ ਗਈ
ਤੇ ਅਸੀਂ ਦੋਵੇਂ ਹਵਾ ਹੋ ਗਏ
ਬੱਦਲਾਂ ਦੇ ਪਾਰ ਜਾਣ ਲਈ
ਕਤਰਾ ਕਤਰਾ ਹੋ ਕੇ ਬਿਖਰ ਜਾਣ ਲਈ
ਕਿੰਨੀਆਂ ਹੋਰ ਰੇਤਲੀਆਂ
ਨਦੀਆਂ ਦੀ ਪਿਆਸ ਬੁਝਾਉਣ ਲਈ।

2 comments:

  1. ਨਦੀ ਨੇ ਮੈਨੂੰ ਕਲਾਵੇ ਵਿੱਚ ਭਰਿਆ
    ਤੇ ਮੈਂ ਪੂਰੇ ਦਾ ਪੂਰਾ ਨਦੀ ਵਿੱਚ ਸਿਮਟ ਗਿਆ
    ਨਦੀ ਮੇਰੇ ਵਿੱਚ ਸਮੋ ਗਈ
    ਤੇ ਅਸੀਂ ਦੋਵੇਂ ਹਵਾ ਹੋ ਗਏ
    ਬੱਦਲਾਂ ਦੇ ਪਾਰ ਜਾਣ ਲਈ
    ਕਤਰਾ ਕਤਰਾ ਹੋ ਕੇ ਬਿਖਰ ਜਾਣ ਲਈ
    ਕਿੰਨੀਆਂ ਹੋਰ ਰੇਤਲੀਆਂ
    ਨਦੀਆਂ ਦੀ ਪਿਆਸ ਬੁਝਾਉਣ ਲਈ।


    ਬਹੁਤ ਭਾਵੁਕ ਕਰ ਦਿੱਤਾ ਤੁਸੀਂ ! ਜਿਓੰਦੇ ਰਹੋ

    ReplyDelete
  2. ਭਾਵੁਕਤ ਹੋਣੀ ਕੁਦਰਤੀ ਹੈ, ਮਿਤਰ, ਸ਼ੁਕਰੀਆ।

    ReplyDelete