Monday, January 10, 2011

ਕਰਤਾਰਪੁਰੇ ਦੀਆਂ ਮੌਜਾਂ

ਗੁਰਦੀਪ ਸਿੰਘ

ਕਰਤਾਰਪੁਰੇ ਦੀਆਂ ਮੌਜਾਂ

ਕਰਤਾਰਪੁਰ ਕਰਤਾ ਦਾ ਘਰ
ਹਰ ਗਲੀ ਹਰ ਬੀਹੀ
ਹਰ ਰੁੱਤ ਹਰ ਮਾਹ
ਕਰਤਾਰ ਦੀਆਂ ਗੱਲਾਂ
ਕਤਰਤਾਰ ਨਾਲ ਕਰਤਾਰ ਦੀਆਂ ਗੱਲਾਂ
ਨਾ ਚਿਤ ਨਾ ਚੇਤੇ
ਕਰਤਾਰ ਤੋਂ ਬਿਨਾਂ ਕੁਝ ਹੋਰ
ਨਾ ਮੰਦਰ ਨਾ ਮਸਜਿਦ
ਨਾ ਸਿਮਰਨ ਨਾ ਅਜ਼ਾਨ
ਨਾ ਬਾਂਗ ਨਾ ਮੁਸੱਲਾ
ਨਾ ਚੰਦਨ ਆਰਤੀ ਨਾ ਧੂਪ ਨਾ ਦੀਪ
ਕਰਤਾਰ ਨੂੰ ਲੋੜ ਨਾ ਕਾਸੇ ਦੀ
ਕਰਤਾਰ ਨਾ ਮੰਗਦਾ ਨਾ
ਨਾ ਲੋੜਦਾ
ਨਾ ਘਾਟ ਉਸ ਨੂੰ
ਨਾ ਪਰਵਾਹ ਉਸ ਨੂੰ
ਉਹ ਚਾਪਲੂਸੀ ਨਾ ਮੰਨਦਾ
ਆਖੇ ਨਾ ਲੱਗਦਾ
ਆਪੇ ਆਪਣੀ ਚਾਲ ਵਿੱਚ ਮਸਤ
ਵਜਦ ਵਿੱਚ ਰਹਿੰਦਾ
ਅਨਹਦ ਦਾ ਅਨਾਦਿ ਗੀਤ ਗਾਉਂਦਾ
ਜਦੋਂ ਉਹ ਗਾਉਂਦਾ
ਤਾਂ ਕੁਦਰਤ ਦੇ ਕਣ ਕਣ ਵਿਚੋਂ ਉਸ ਦਾ ਸੁਰ ਝਲਕਦਾ
ਉਸ ਦੀ ਬਿਹਬਲਤਾ ਉਹੀ ਜਾਣਦਾ
ਕਰਤਾਰ ਆਪ ਸਮਾਲਦਾ
ਸੱਭ ਨੂੰ
ਕਤਰਾਰ ਦੀ ਕਾਰ ਕਰਦਿਆਂ ਨੂੰ
ਨਾ ਪਾਪ ਨਾ ਪੁੰਨ
ਨਾ ਵਰ ਨਾ ਸਰਾਪ
ਨਾ ਪੁੰਨ ਨਾ ਦਾਨ
ਕਰਤਾਰ ਨੂੰ ਵਿਚਰਦਿਆਂ ਦੇਖਣਾ
ਕਰਤਾਰ ਨੂੰ ਆਪਣੇ ਅੰਗ ਸੰਗ ਰੱਖਣਾ
ਕਰਤਾਰ ਦੇ ਅੰਗ ਸੰਗ ਰਹਿਣਾ
ਕਰਤਾਰ ਦਾ ਬੀਜਣਾ
ਕਰਤਾਰ ਦਾ ਵੱਢਣਾ
ਕਰਤਾਰ ਦਾ ਬੁਣਨਾ
ਕਰਤਾਰ ਦਾ ਤਾਣਾ ਬਾਣਾ
ਕਰਤਾਰ ਹੀ ਸਮਲਦਾ
ਪਸਾਰਦਾ
ਸਮੇਟਦਾ
ਖਿਲਾਰਦਾ
ਕਰਤਾਰ ਆਪੇ ਚੁਗਦਾ
ਅਸੀਂ ਕਰਤਾਰ ਦੇ ਕਰਤਾਰ ਸਾਡਾ
ਹਵਾ ਜਿੰਨਾ ਵੀ ਅੰਤਰ ਨਾ
ਅਸੀਂ ਕਰਤਾਰ ਦਾ ਹੁਕਮ ਮੰਨਦੇ
ਕਰਤਾਰ ਸਾਡਾ ਕਹਿਣਾ ਨਾ ਮੋੜਦਾ
ਕਰਤਾਰ ਆਖਦਾ
ਅਸੀਂ ਸਰਬਤ ਦਾ ਭਲਾ ਮੰਗਦੇ
ਅਸੀਂ ਕਰਤਾਰ ਦੀ ਕਿਰਤ ਕਰਦੇ
ਕਰਤਾਰਪੁਰ ਵਿੱਚ ਮੌਜਾਂ ਕਰਦੇ
ਪਰਵਾਹ ਨਾ ਮੰਨਦੇ
ਕਰਤਾਰ ਸਾਡਾ ਸਾਂਈਂ
ਕਰਤਾਰ ਸਾਡਾ ਖਸਮ
ਕਰਤਾਰਪੁਰ ਸਾਡਾ ਗਿਰਾਂ
ਕਰਤਾਰ ਸਾਡਾ
ਤੇ ਅਸੀਂ ਕਰਤਾਰ ਦੇ।

No comments:

Post a Comment