Sunday, January 9, 2011

ਜੈਸਾ ਦੇਸ਼ ਵੈਸਾ ਭੇਸ

ਜੈਸਾ ਦੇਸ਼ ਵੈਸਾ ਭੇਸ

ਗੁਰਦੀਪ ਸਿੰਘ ਭਮਰਾ / 9878961218

ਵਿਦੇਸ਼ ਵਿਚ ਵਸਦਿਓ ਪੰਜਾਬੀ ਕਾਮਿਓ! ਅੱਜ ਮੈਂ ਤੁਹਾਡੇ ਨਾਲ ਜ਼ਿੰਦਗੀ ਦਾ ਸੱਭ ਤੋਂ ਗੁਪਤ ਰਾਜ਼, ਸਫ਼ਲਤਾ ਦਾ ਰਾਜ਼ ਸਾਂਝਾ ਕਰਨਾ ਹੈ। ਇਹ ਇੱਕ ਸੱਚ ਹੈ ਤੇ ਸੱਚ ਕੌੜਾ ਹੁੰਦਾ ਹੈ। ਬਹੁਤ ਸਾਰੇ ਲੋਕ ਤਕਰੀਬਨ ਸਾਰੇ ਹੀ ਮੇਰੇ ਨਾਲ ਨਾਰਜ਼ ਹੋ ਜਾਣਗੇ ਕਿ ਮੈਂ ਕਿਸ ਤਰ੍ਹਾਂ ਦੀ ਗੱਲ ਕਰਨ ਲੱਗਾ ਹਾਂ ਪਰ ਇਕ ਕੌੜਾ ਸੱਚ ਹੈ ਜਿਸ ਨੂੰ ਜਰਨਾ ਵੀ ਪਵੇਗਾ ਤੇ ਨਿਗਲਣਾ ਵੀ ਪਵੇਗਾ। ਸ਼ਫਲਤਾ ਤੋਂ ਵਡੀ ਕੋਈ ਸਫ਼ਲਤਾ ਨਹੀਂ ਹੁੰਦੀ ਤੇ ਜਦੋਂ ਕੋਈ ਬੰਦਾ ਸਫ਼ਲ ਹੋ ਜਾਂਦਾ ਹੈ ਤਾਂ ਉਸਦੀਆਂ ਸਾਰੀਆਂ ਉਕਾਈਆਂ ਮਾਫ਼ ਹੋ ਜਾਦੀਆਂ ਹਨ।

ਕਹਿੰਦੇ ਨੇ ਜਦੋਂ ਸਿਕੰਦਰ ਨੇ ਭਾਰਤ ਦਾ ਰੁੱਖ ਕੀਤਾ ਤਾਂ ਉਸ ਨੇ ਦਰਿਆ ਪਾਰ ਕਰਦਿਆਂ ਹੀ ਆਪਣੀਆਂ ਕਿਸ਼ਤੀਆਂ ਸਾੜ ਸੁਟੀਆਂ, ਜਦੋਂ ਉਸ ਨੂੰ ਇਸ ਅਜੀਬੋ-ਗਰੀਬ ਹਰਕਤ ਬਾਰੇ ਪੁਛਿਆ ਗਿਆ ਤਾਂ ਉਸ ਨੇ ਕਿਹਾ ਇਹ ਇਸ ਲਈ ਤਾਂ ਕਿ ਤੁਸੀਂ ਕਦੇ ਪਿਛੇ ਪਰਤਣ ਦੀ ਝਾਕ ਨਾ ਰੱਖੋ। ਬਹੁਤੀ ਵਾਰੀ ਪਿਛੇ ਪਰਤ ਸਕਣ ਦਾ ਵਿਕਲਪ ਵੀ ਸਫ਼ਲਤਾ ਦੇ ਰਾਹ ਵਿੱਚ ਰੋੜੇ ਅਟਕਾਂਦਾ ਰਹਿੰਦਾ ਹੈ। ਇੱਕ ਹੋਰ ਕਹਾਵਤ ਹੈ ਕਿ ਸਿਰਫ਼ ਉਹੋ ਕੁੜੀਆਂ ਹੀ ਆਪਣੇ ਸਹੁਰੇ ਘਰ ਵਸਦੀਆਂ ਹਨ ਜੋ ਉਸ ਨੂੰ ਆਪਣਾ ਬਣਾ ਲੈਣ ਤੇ ਪੇਕਿਆਂ ਦਾ ਮੋਹ ਕਰਨਾ ਛੱਡ ਦੇਣ। ਪੇਕਿਆਂ ਦਾ ਮੋਹ ਵੀ ਬਹੁਤੀ ਵਾਰੀ ਕੁੜੀਆਂ ਨੂੰ ਆਪਣੇ ਸਹੁਰੇ ਘਰ ਵਿਚ ਵੱਸਣ ਵਿੱਚ ਤੰਗ ਕਰਦਾ ਹੈ।

ਜੈਸਾ ਦੇਸ ਵੈਸਾ ਭੇਸ ਵੀ ਸੁਣਦੇ ਆਏ ਹਾਂ ਤੇ ਇਹ ਜ਼ਰੁਰੀ ਹੈ ਕਿ ਜਿਸ ਦੇਸ਼ ਵਿੱਚ ਰਹੀਏ ਉਸੇ ਦੇਸ਼ ਦਾ ਪਹਿਰਾਵਾ ਆਪਣੇ ਤਨ ਉਪਰ ਰੱਖੀਏ। ਪਰ ਪਹਿਰਾਵਾ ਸਭਿਆਚਾਰ ਦਾ ਅੰਗ ਹੈ ਤੇ ਸਭਿਆਚਾਰ ਉਸੇ ਦੇਸ਼ ਦਾ ਚੰਗਾ ਜਿਸ ਵਿੱਚ ਰੋਟੀ ਰੋਜ਼ੀ ਦੇ ਮਸਲੇ ਤੇ ਵਸੀਲੇ ਹੱਲ ਹੋਣ। ਪਹਿਰਾਵਾ ਤਨ ਤੇ ਮਨ ਦਾ, ਉਸੇ ਦੇਸ਼ ਦਾ ਹੋਣਾ ਚਾਹੀਦਾ ਹੈ ਜਿਸ ਦੇਸ਼ ਵਿੱਚ ਰਹੀਏ। ਵੈਸੇ ਵੀ ਬਹੁਤਾ ਓਪਰਾਪਨ ਉਦਰੇਵੇਂ ਨੂੰ ਜਨਮ ਦਿੰਦਾ ਹੈ ਤੇ ਉਦਰੇਵਾਂ ਜੜ੍ਹ ਨਹੀਂ ਲੱਗਣ ਦਿੰਦਾ। ਜੇ ਵਿਦੇਸ਼ਾਂ ਵਿੱਚ ਰਹਿਣਾ ਹੈ ਤਾਂ ਇਸ ਉਦਰੇਵੇਂ ਨੂੰ ਜੜ੍ਹੋਂ ਖਤਮ ਕਰਨਾ ਪਵੇਗਾ। ਇਸ ਨੂੰ ਖਤਮ ਕਰਨ ਲਈ ਇਹ ਲਾਜ਼ਮੀ ਹੈ ਕਿ ਓਪਰਾਪਨ ਖਤਮ ਕੀਤਾ ਜਾਵਾ ਤੇ ਸਥਾਨਕ ਲੋਕਾਂ ਤੇ ਵਸੀਲਿਆਂ ਨਾਲ ਕਾਰੋਬਾਰੀ, ਵਿਹਾਰੀ ਸਾਂਝ ਪਾਈ ਜਾਵੇ। ਵਿਹਾਰੀ ਸਾਂਝ ਸਥਾਨਕ ਲੋਕਾਂ ਦੀ ਬੋਲੀ ਵਿੱਚ ਹੀ ਪੈ ਸਕਦੀ ਹੈ ਤੇ ਇਸ ਬੋਲੀ ਨੂੰ ਤਨੋ-ਮਨੋਂ ਅਪਣਾ ਲੈਣਾ ਬਹੁਤ ਜ਼ਰੁਰੀ ਬਣ ਜਾਂਦਾ ਹੈ।

ਇਸ ਲਈ ਕਿੰਨਾ ਚੰਗਾ ਹੋਵੇ ਕਿ ਤੁਸੀਂ ਵਿਦੇਸ਼ ਵਿੱਚ ਰਹਿ ਕੇ ਪਿਛੇ ਪਰਤ ਕੇ ਨਾ ਦੇਖੋ ਤੇ ਪੰਜਾਬੀ ਸਭਿਅਚਾਰ, ਪੰਜਾਬੀ ਜ਼ਬਾਨ, ਪੰਜਾਬੀ ਤੇ ਪੰਜਾਬ ਦੀ ਧਰਤੀ ਨਾਲ ਮੋਹ ਤਿਆਗ ਕੇ ਤੁਸੀਂ ਉਸ ਧਰਤੀ, ਦੇਸ਼ ਨੂੰ ਦਿਲੋਂ, ਅੰਦਰੋਂ ਅਪਣਾ ਲਓ ਜਿਸ ਦੀ ਮਿੱਟੀ ਉਪਰ ਰਹਿ ਕੇ ਤੁਸੀਂ ਆਪਣਾ ਰੁਜ਼ਗਾਰ ਲੱਭਣ ਤੁਰੇ ਹੋ। ਉਸ ਦੇਸ਼ ਦੀ ਆਬੋ ਹਵਾ, ਸਭਿਆਚਾਰ, ਉਸ ਦੇਸ਼ ਦੇ ਰੰਗ ਰੂਪ ਤੇ ਆਪਣੇ ਜਿਹੇ ਅਨੇਕਾਂ ਸਾਥੀ ਕਾਮਿਆਂ ਦੀ ਜ਼ਿੰਦਗੀ ਵਿੱਚ ਗੁਵਾਚ ਜਾਵੋ। ਤੁਹਾਡੇ ਲਈ ਇਹ ਬਹੁਤ ਜ਼ਰੁਰੀ ਹੈ, ਕਿਉਂ ਕਿ ਤੁਸੀਂ ਆਪਣਾ ਦੇਸ਼ ਛੱਡ ਕੇ ਬਗਾਨੇ ਦੇਸ਼ ਵਿੱਚ ਆਪਣੀਆਂ ਜੜ੍ਹਾਂ ਲਈ ਮਿੱਟੀ ਲੱਭਣ ਤੁਰੇ ਹੋ। ਇਹ ਗੱਲ ਪੱਕੀ ਹੈ ਜੋ ਬਦੇਸ਼ਾ ਵਿੱਚ ਗਏ ਹਨ, ਉਹਨਾਂ ਚੋਂ ਅੱਪਣੇ ਘਰ ਕਿਸੇ ਨੇ ਵੀ ਪਰਤਣਾ। ਇਸ ਲਈ ਇਹ ਜ਼ਰੁਰੀ ਹੈ ਕਿ ਤੁਸੀਂ ਆਪੋ ਆਪਣੇ ਨਵੇਂ ਦੇਸ਼ ਦੀ ਸਮਾਜਕ, ਆਰਥਕ ਤੇ ਰਾਜਨੀਤਕ ਹਾਲਾਤ ਵਿੱਚ ਪੁਰੀ ਤਰ੍ਹਾਂ ਸ਼ਿਰਕਤ ਕਰੋ ਤੇ ਪਿਛੇ ਮੁੜ ਕੇ ਨਾ ਦੇਖੋ।

ਨਾ ਕਨੇਡਾ ਨੇ ਕਦੇ ਪੰਜਾਬ ਬਣਨਾ ਹੈ ਤੇ ਨਾ ਪੰਜਾਬ ਨੇ ਕਨੇਡਾ ਬਣਨਾ ਹੈ। ਦੋਵੇਂ ਆਪੋ ਆਪਣੀ ਥਾਂਵੇਂ ਠੀਕ ਹਨ ਤੇ ਆਪੋ ਆਪਣੇ ਢੰਗ ਤਰੀਕੇ ਨਾ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਤੁਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਦਿਓ, ਉਹਨਾਂ ਉਪਰ ਪੰਜਾਬੀ ਦਾ ਬੋਝ ਨਾ ਲੱਦੋ, ਉਹਨਾਂ ਅੰਦਰ ਓਪਰਾਪਨ ਨਾ ਆਉਣ ਦਿਓ ਤੇ ਉਹਨਾਂ ਨੂੰ ਇਹਨਾਂ ਦੇਸ਼ਾਂ ਦੀ ਆਬੋ ਹਵਾ ਤੇ ਕਾਨੂੰਨ ਅਨੁਸਾਰ ਪ੍ਰਫੁਲਤ ਹੋਣ ਦਿਓ। ਤੁਹਾਡੇ ਲਈ ਇਹ ਬਹੁਤ ਜ਼ਰੁਰੀ ਹੈ ਕਿਉਂ ਕਿ ਤੁਸੀਂ ਸੱਭ ਇਹਨਾਂ ਦੇਸ਼ਾਂ ਵਿੱਚ ਉਜੜਣ ਲਈ ਨਹੀਂ ਆਏ ਤੇ ਨਾ ਹੀ ਇਹਨਾਂ ਦੇਸ਼ਾਂ ਵਿੱਚ ਖਵਾਰ ਹੋਣ ਆਏ ਹੋ। ਤੁਹਾਡਾ ਆਪਣੇ ਘਰਾਂ ਸ਼ਹਿਰਾਂ ਦਾ ਮੋਹ ਕਦੇ ਵੀ ਹੋਰਨਾਂ ਬਸ਼ਿੰਦਿਆਂ ਵਾਂਗ ਜੀਣ ਨਹੀਂ ਦੇਵੇਗਾ।

ਭਾਸ਼ਾ ਹਰ ਦੇਸ਼ ਦੀ ਆਪੋ ਆਪਣੀ ਹੁੰਦੀ ਹੈ ਤੇ ਉਸ ਦੇਸ਼ ਵਿੱਚ ਰਹਿ ਕੇ ਉਥੋਂ ਦੀ ਭਾਸ਼ਾ ਹੀ ਸਿੱਖ ਲੈਣੀ ਚਾਹਿਦੀ ਹੈ। ਉੱਥੋਂ ਦੇ ਵਸਨੀਕਾਂ ਨਾਲ ਹੀ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ। ਤੁਸੀਂ ਅੰਗਰੇਜ਼ੀ ਬੋਲੋ, ਫਰਨ ਫਰਨ, ਫਰੈਂਚ ਬੋਲੋ, ਜਰਮਨ ਬੋਲੋ, ਸਪੇਨਿਸ਼ ਬੋਲੋ, ਕੋਈ ਫਿਕਰ ਨਹੀਂ, ਸਗੌਂ ਆਪ ਖੁਦ ਤੇ ਆਪਣੇ ਬਿੱਚਆਂ ਨੂੰ ਵੀ ਇਹਨਾਂ ਦੇਸ਼ਾਂ ਦੀਆਂ ਭਾਸ਼ਾਵਾਂ ਵਿੱਚ ਬੋਲਣ ਤੇ ਸੋਚਣ ਦਾ ਮੌਕਾ ਦਿਓ। ਬੱਚੇ ਪੰਜਾਬੀ ਨਹੀਂ ਬੋਲਣਗੇ ਕੋਈ ਫਰਕ ਨਹੀਂ ਪੈਣਾ, ਸਾਡੇ ਵਾਸਤੇ ਇਹ ਫਖ਼ਰ ਵਾਲੀ ਗੱਲ ਨਹੀਂ ਤੁਸੀਂ ਆਪਣੇ ਬਚਿਆਂ ਨੂੰ ਪੰਜਾਬੀ ਸਿਖਾ ਰਹੇ ਹੋ, ਪਰ ਸਾਡੇ ਵਾਸਤੇ ਇਹ ਸ਼ਰਮ ਵਾਲੀ ਗੱਲ ਹੋਵੇਗੀ ਜਦੋਂ ਤੁਸੀਂ ਇਹਨਾਂ ਦੇਸ਼ਾਂ ਦੀ ਆਪਣੀ ਜ਼ਬਾਨ ਵਿੱਚ ਗੱਲ ਨਾ ਕਰ ਸਕਣ ਕਰਕੇ ਇਹਨਾਂ ਦੇਸ਼ਾਂ ਦੇ ਵਸਨੀਕਾਂ ਨਾਲ ਉਹ ਸਾਂਝ ਨਾ ਪਾ ਸਕੋਗੇ ਜਿਸ ਨਾਲ ਤੁਹਾਡੀ ਨਿਜੀ ਤੇ ਪਰਵਾਰਕ ਤਰਕੀ ਦਾ ਰਾਹ ਮੌਕਲਾ ਹੋਣਾ ਹੈ।

ਅੰਗਰੇਜ਼ੀ ਜਾਂ ਦੂਜੀਆਂ ਭਾਸਾਵਾਂ ਬੋਲ ਸਕਣਾ ਸਿਰਫ਼ ਗੱਲ ਬਾਤ ਲਈ ਤੇ ਉਹ ਵੀ ਬਹੁਤ ਹੇਠਲੇ ਪੱਧਰ ਉਪਰ, ਕਦੇ ਵੀ ਕਾਫੀ ਨਹੀਂ ਹੋਣਾ, ਤੁਹਾਨੂੰ ਲੋੜ ਪਵੇਗੀ ਕਿ ਤੁਸੀਂ ਆਪਣੇ ਹਾਵ ਭਾਵ ਆਪਣੇ ਜਜ਼ਬਾਤ ਆਪਣਾ ਗੁੱਸਾ ਆਪਣੀ ਤਲਖੀ, ਆਪਣਾ ਪਿਆਰ, ਆਪਣਾ ਮੋਹ, ਇਹਨਾਂ ਲੋਕਾਂ ਨਾਲ ਸਾਂਝਾ ਕਰ ਸਕੋ ਤੇ ਇਸ ਵਾਸਤੇ ਤੁਸੀਂ ਤੇ ਤੁਹਾਡੇ ਬੱਚੇ ਸਥਾਨਕ ਭਾਸਾ ਵਿੱਚ ਪ੍ਰਬੀਨਤਾ ਹਾਸਲ ਕਰ ਲੈਣ, ਇੱਥੋਂ ਦੇ ਸ਼ਭਿਆਚਾਰ ( ਚਾਹੇ ਚੰਗਾ ਹੈ ਜਾਂ ਮੰਦਾ) ਵਿੱਚ ਰਚਮਿਚ ਜਾਣ। ਜੀਣ ਦੇ ਸਘੰਰਸ਼ ਵਿੱਚ ਜੇਤੂ ਰਹਿਣ ਲਈ ਇਹ ਜ਼ਰੁਰੀ ਹੈ। ਇਸ ਲਈ ਮੈਂ ਤੁਹਾਨੂੰ ਸੱਭ ਨੂੰ ਜੀਣ ਦੇ ਸੰਘਰਸ਼ ਵਿੱਚ ਜੇਤੂ ਰਹਿਣ ਦੀ ਦੁਆ ਦਿੰਦਾ ਹਾਂ।

- ਡਰ ਕੇ ਨਾ ਜਿਵੋ, ਡਟ ਕੇ ਜੀਵੋ। ਜੇ ਤੁਹਾਨੂੰ ਆਪਣੇ ਤੇ ਆਪਣੇ ਬੱਚਿਆਂ ਦੇ ਗਵਾਚ ਜਾਣ ਦਾ ਡਰ ਹੈ ਤਾਂ ਉਹ ਨਿਹੱਕਾ ਹੈ, ਜੇ ਇਹੋ ਡਰ ਸੀ ਤਾਂ ਪਹਿਲਾਂ ਹੀ ਆਪਣਾ ਘਰ ਛੱਡ ਕੇ ਨਹੀਂ ਸੀ ਆਉਣਾ, ਜੇ ਆ ਗਏ ਹੋ ਤਾਂ ਉਹੋ ਕਰੋ, ਜੋ ਰੋਮ ਵਿੱਚ ਹੋਰ ਲੋਕ ਕਰਦੇ ਹਨ।

- ਜੈਸਾ ਦੇਸ ਵੇਸਾ ਭੇਸ, ਭੇਸ ਇੱਥੇ ਸਿਰਫ਼ ਪਹਿਰਾਵੇ ਦਾ ਪ੍ਰਤੀਕ ਤਾਂ ਹੈ ਪਰ ਇਹ ਪਹਿਰਾਵਾ ਤਨ ਦਾ ਵੀ ਹੈ ਤੇ ਮਨ ਦਾ ਵੀ।

- ਕਦੇ ਵੀ ਇਹ ਨਾ ਸੋਚੋ ਕਿ ਇੱਕ ਡਾਲਰ ਦੇ ਇੰਨੇ ਰੁਪਏ ਹੁੰਦੇ ਹਨ। ਜਿਹਨਾਂ ਦੇਸਾਂ ਵਿੱਚ ਤੁਸੀਂ ਕੰਮ ਕਰਦੇ ਹੋ ਉੱਥੇ ਬਚਤ ਕਰਨ ਵਾਸਤੇ ਕੋਈ ਪੈਸੇ ਨਹੀਂ ਮਿਲਦੇ।

- ਨੌਕਰੀ ਲੱਭਣੀ ਤਕਰੀਬਨ ਹਰ ਦਿਨ ਦਾ ਕੰਮ ਹੈ। ਆਪਣੇ ਵਾਸਤੇ ਪੱਕੇ ਰੁਜ਼ਗਾਰ ਦੇ ਵਸੀਲੇ ਤਿਆਰ ਕਰੋ ਤੇ ਇਹ ਤਦੋਂ ਹੀ ਹੋਵੇਗਾ ਜਦੋਂ ਤੁਸੀਂ ਇਹਨਾਂ ਦੇਸ਼ਾਂ ਦੀ ਸਾਥਾਨਕ ਭਾਸ਼ਾ ਵਿੱਚ ਸਥਾਨਕ ਵਸਨੀਕਾਂ ਨਾਲ ਵਿਹਾਰ ਸਿਰਜੋਗੇ।

- ਆਪਣੇ ਆਲੇ ਦੁਆਲੇ ਨਾਲ ਨਿੱਜੀ ਸਾਂਝ ਸਥਾਪਤ ਕਰੋ। ਉਹਨਾਂ ਨਾਲ ਆਪਣਾ ਦੁਖ ਦਰਦ ਸਾਂਝਾ ਕਰੋ।ਉਹਨਾਂ ਨਾਲ ਸਾਂਝਾਂ ਬਣਾਉਗੇ।

- ਇਹਨਾਂ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਗਹੁ ਨਾਲ ਪੜ੍ਹੋ, ਜਾਣੋ ਤੇ ਉਸ ਅਨੁਸਾਰ ਕੰਮ ਲੱਭੋ।

- ਇਹਨਾਂ ਦਾ ਕਾਨੂੰਨ ਕੀ ਕਹਿੰਦਾ ਹੈ ਇਸ ਦਾ ਗਿਆਨ ਭਲੀਭਾਂਤ ਹਾਸਲ ਕਰੋ। ਰੁਜ਼ਗਾਰ ਉਪਰ, ਸਿਹਤ ਸੇਵਾਵਾਂ ਉਪਰ, ਟ੍ਰੈਫਿਕ ਦੇ ਨਿਯਮਾਂ ਉਪਰ ਕੀ ਤੇ ਕਿਹੜੇ ਕਾਨੂੰਨ ਲਾਗੂ ਹੁੰਦੇ ਹਨ, ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰੋ।

- ਉਥੋਂ ਦੇ ਸਭਿਆਚਾਰ, ਬੋਲੀ, ਸੰਗੀਤ ਆਦ ਦਾ ਵਿਰੋਧ ਜਾਂ ਨਿਰਾਦਰ ਨਾ ਕਰੋ। ਆਪੋ ਵਿੱਚ ਵਾਹ ਲੱਗਦੀ ਉਥੌਂ ਦੇ ਲੋਕਾਂ ਦੀ ਸਥਾਨਕ ਭਾਸ਼ਾ ਵਿੱਚ ਹੀ ਗੱਲ ਕਰੋ, ਪੰਜਾਬੀ ਵਿੱਚ ਨਹੀਂ।

- ਇਹ ਜ਼ਰੁਰੀ ਹੈ ਕਿ ਜਦੋਂ ਤੁਸੀਂ ਕਿਸੇ ਸਾਹਮਣੇ ਆਪਣੇ ਪੰਜਾਬੀ ਨਾਲ ਕੋਈ ਗੱਲ ਕਰੋ ਤਾਂ ਉਹ ਦੂਜਿਆਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ। ਇਸ ਲਈ ਸਾਂਝ ਪੈਦਾ ਕਰੋ, ਵਿਰੋਧ ਜਾਂ ਸ਼ੱਕ ਨਹੀਂ।

- ਬਹੁਤਾ ਓਪਰਾਪਨ ਤੁਹਾਡੇ ਲਈ ਤੁਹਾਡੀ ਹੋਂਦ ਲਈ ਵੀ ਖਤਰਾ ਬਣ ਸਕਦਾ ਹੈ।

ਦੋ ਹੋਰ ਉਦਾਹਰਨਾ ਸਬੂਤ ਦੇ ਤੌਰ ਤੇ ਪੈਸ਼ ਕਰ ਰਿਹਾ ਹਾਂ, ਇਹਨਾਂ ਨੁੰ ਸਮਝੋ ਤੇ ਵਿਚਾਰੋ। ਪਹਿਲਾ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਉਹਨਾਂ ਨੇ ਸਾਡੇ ਲੋਕਾਂ ਨਾਲ ਸਾਢੀ ਜ਼ਬਾਨ ਵਿੱਚ ਗੱਲ ਕੀਤੀ। ਉਹ ਬਹੁਤ ਥ੍ਹੋੜੀ ਗਿਣਤੀ ਵਿੱਚ ਸਨ। ਉਹਨਾਂ ਨੇ ਸਾਡੇ ਲੋਕਾਂ ਵਾਂਗ ਰਹਿਣ ਸਹਿਣ ਅਪਣਾਇਆ ਤੇ ਹੌਲੀ ਹੌਲੀ ਉਹ ਸਾਡੇ ਦੇਸ਼ ਦੀ ਹਾਕਮ ਜਮਾਤ ਬਣ ਬੈਠੇ। ਹਿੰਦੁਸਤਾਨੀ ਜ਼ਬਾਨ ਉਹਨਾਂ ਦੀ ਹੀ ਦੇਣ ਹੈ ਜੋ ਉਹਨਾਂ ਨੇ ਲਈ ਤਾਂ ਮੁਗ਼ਲ ਦਰਬਾਰ ਦੇ ਹਾਕਮਾਂ ਤੋਂ ਪਰ ਇਸ ਦਾ ਫੈਲਾਅ ਉਹਨਾਂ ਨੇ ਇਕ ਸਥਾਨਕ ਭਾਸਾ ਵਜੋਂ ਕੀਤਾ। ਇਸੇ ਤਰ੍ਹਾਂ ਜੋ ਅਫਸਰ ਯੂਰੋਪ ਤੋਂ ਆ ਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਆਏ ਉਹ ਬਿਲਕੁਲ ਸਿੱਖਾਂ ਦੇ ਭੇਸ. ਭਾਸ਼ਾ ਵਿੱਚ ਰਹੇ। ਅਲਗ਼ਜ਼ੈਡਰ ਗਾਰਡਨਰ ਗਰਦਾਨਾ ਸਾਹਿਬ ਬਣਿਆ। ਉਸ ਦੀ ਨਿੰਹਗ ਸਿੰਘ ਵਾਲੀ ਤਸਵੀਰ ਆਮ ਦੇਖੀ ਜਾ ਸਕਦੀ ਹੈ।

ਦੁਸਰੀ ਉਦਾਹਰਨ ਪੰਜਾਬ ਵਿੱਚ ਕੰਮ ਕਰਨ ਆਉਂਦੇ ਪੂਰਬੀਆਂ ਦੀ ਹੈ ਜੋ ਪੰਜਾਬ ਵਿੱਚ ਆ ਕੇ ਇੱਥੋਂ ਦੇ ਲੋਕਾਂ ਦੀ ਭਾਸ਼ਾ, ਭੂਸ਼ਾ ਤੇ ਸਭਿਆਚਾਰ ਅਪਣਾ ਕੇ ਇੱਥੋਂ ਦੇ ਹੀ ਹੋ ਗਏ। ਜੋ ਇਥੋਂ ਦੇ ਹੋ ਗਏ ਉਹਨਾਂ ਕੋਲ ਪੱਕੇ ਰੁਜ਼ਗਾਰ ਦੇ ਸਾਧਨ ਹਨ ਪਰ ਜੋ ਹਾਲੇ ਵੀ ਬਿਹਾਰੀ ਜਾਂ ਅਵਧੀ ਬੋਲਦੇ ਹਨ ਉਹ ਸਿਰਫ਼ ਦਿਹਾੜੀਦਾਰ ਮਜ਼ਦੂਰ ਹਨ ਤੇ ਕਦੇ ਕਿਤੇ ਕਦੇ ਕਿਤੇ ਕੰਮ ਦੀ ਭਾਲ ਵਿੱਚ ਲੱਗੇ ਰਹਿੰਦੇ ਹਨ। ਇਸ ਲਈ ਇਹ ਜ਼ਰੁਰੀ ਹੈ ਕਿ ਜਿਸ ਦੇਸ਼ ਵਿੱਚ ਰਹੀਏ ਉਸੇ ਦੇਸ਼ ਦੇ ਹੋ ਕੇ ਰਹੀਏ। ਇਹਨਾਂ ਪੂਰਬੀਆਂ ਦੇ ਬੱਚੇ ਪੰਜਾਬੀ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਪੰਜਾਬੀ ਵਿਚ ਆਪਣੀ ਪੜ੍ਹਾਈ ਕਰਦੇ ਹਨ। ਇਹਨਾਂ ਨੂੰ ਕਦੇ ਅੰਗਰੇਜ਼ੀ ਸਕੂਲਾਂ ਦੀ ਲੋੜ ਨਹੀਂ ਪੈਂਦੀ।

31/ ਸ.ਅ.ਸ. ਨਗਰ, ਜਲੰਧਰ

1 comment:

  1. i dont think one has to forget or discontinue with their own culture and language to prosper in other countries... learning other languages can be your necessity but why stop speaking your own? yes when in public , one should speak the language everybody understands but while in your own community , one should speak the language convenient or longed for. People move to different countries for better opportunities. We will discuss that some other time , USA is a country of foreigners only .... everybody has the freedom to celebrate , enjoy and observe the cultural celebrations.... Living ib foreign country does not mean to give up your own country but embrace the other country's language , custome , rules and culture while keeping your own culture alive..
    just my opinions...

    ReplyDelete