Thursday, January 6, 2011

ਮੇਰਾ ਤਾਂ ਕਰਤਾਰਪੁਰ ਚੰਗਾ-

ਮੇਰਾ  ਤਾਂ ਕਰਤਾਰਪੁਰ ਚੰਗਾ-

ਬਾਬਾ ਕਹੇ
ਕਰਤਾਰਪੁਰ ਚੰਗਾ
ਕੀ ਲੈਣਾ ਮੈਂ ਨਾਨਕਸਰ ਤੋਂ।
ਕਰਤਾਰਪੁਰ ਮੇਰੇ ਖੇਤ
ਮੇਰੀਆਂ ਫ਼ਸਲਾਂ
ਮੈਨੂੰ ਉਡੀਕਦੀਆਂ
ਪੈਲੀਆਂ ਬੰਨਿਆਂ ਦਾ ਘਾਹ
ਮੈਨੂੰ ਵਾਜਾ ਮਾਰਦਾ
ਗਾਂਈਆਂ-ਮੱਝਾਂ
ਬੂਥੀਆਂ ਚੁੱਕ ਚੁੱਕ ਨਿਹਾਰਦੀਆਂ
ਮੈਨੂੰ ਬੁਲਾਉਂਦੀਆਂ
ਖੂਹਾਂ ਦੀਆਂ ਟਿੰਡਾਂ ਪਾਣੀ ਚੁੱਕ ਲਿਆਉਣ ਲਈ ਕਾਹਲੀਆਂ
ਮੈਂ ਕਰਤਾਰਪੁਰੇ ਦੀ ਕਾਰ ਵਿੱਚ ਲੱਗਾ
ਕਰਤਾਰ ਦੀ ਰਜ਼ਾ ਵਿੱਚ
ਰੋਜ਼ ਸਵੇਰੇ ਸ਼ਾਮੀਂ
ਕਰਤਾਰ ਨੂੰ ਫਸਲਾਂ ਵਿੱਚ ਲਹਿਲਹਾਉਂਦੇ ਦੇਖਦਾ
ਦੁਧ ਦੀਆਂ ਬੂੰਦਾਂ ਵਿੱਚ ਮਿਠਾਸ ਭਰਦਿਆਂ ਤੱਕਦਾ
ਤੇ ਮੈਂ ਕਰਤਾਰ ਦੇ ਹੁਕਮ ਨੂੰ ਮੰਨਦਾ
ਉਸ ਦੇ ਆਨੰਦ ਵਿੱਚ ਗੜੂੰਦ
ਉਸ ਦੀ ਸੁਰ ਨਾਲ ਸੁਰ ਮਿਲਾ ਕੇ ਗਾਉਂਦਾ
ਨਾ ਮੈਨੂੰ ਖੜਤਾਲਾਂ ਦੀ ਲੋੜ ਪੈਂਦੀ
ਨਾ ਛੈਣਿਆਂ ਦੀ
ਕਦੇ ਉਹ ਗਾਉਂਦਾ ਤਾਂ ਮੈਂ ਸੁਣਦਾ
ਤੇ ਕਦੇ ਮੈਂ ਗਾਉਂਦਾ ਤਾਂ ਉਹ ਸੁਣਦਾ
ਕਦੇ ਅਸੀਂ ਦੋਵੇਂ ਗਾਉਂਦੇ
ਤੇ ਕਾਇਨਾਤ ਸੁਣਦੀ
ਕਦੇ ਕੁਦਰਤ ਦੀ ਸਾਰੀ ਕਾਇਨਾਤ ਗਾਉਂਦੀ
ਤੇ ਅਸੀਂ ਦੋਵੇਂ ਸੁਣਦੇ
ਸਾਨੂੰ ਵਿਹਲ ਨਾ
ਨਾਨਕਸਰ ਦੀ
ਨਾ ਮਸਿਆਂ ਦੀ
ਨਾ ਸੰਗਰਾਂਦਾਂ ਦੀ
ਨਾ ਚਿਟੇ ਚੋਲਿਆਂ ਦੀ
ਮੈਨੂੰ ਮੇਰਾ  ਕਰਤਾਰਪੁਰ ਹੀ ਚੰਗਾ।
ਕਰਤਾਰਪੁਰ ਕਰਤੇ ਦਾ ਵਾਸਾ
ਕਰਤਾ ਸਾਡੀ ਕਿਰਤ
ਸਾਡੀ ਕਿਰਤ ਸਾਡੀ ਕਵਿਤਾ।

2 comments:

  1. I love your explanation of Baba Nanak's decision to stay at Kartarpur..
    nice.

    ReplyDelete