Thursday, July 28, 2011

ਤੂੰ ਮੈਨੂੰ ਦਾਇਰਿਆ ਵਿੱਚ ਕੈਦ ਕਰ ਦਿਤਾ


ਤੂੰ ਮੈਨੂੰ ਦਾਇਰਿਆ ਵਿੱਚ ਕੈਦ ਕਰ ਦਿਤਾ

ਕਿਹਾ ਮੈਨੂੰ ਕਿ ਹੁਣ ਮੈਂ
ਮਹਿਕ ਵੰਡਾਂ ਦਾਇਰਿਆਂ ਅੰਦਰ
ਰਹਾਂ ਦਾਇਰੇ ਚ ਤੇ ਕਇਦੇ ਚ
ਇਹ ਐਲਾਨ ਕਰ ਦਿਤਾ
ਤੂੰ ਮੈਨੂੰ ਦਾਇਰਿਆਂ ਵਿੱਚ ਕੈਦ ਦਿਤਾ।

ਤੂੰ ਮੈਨੂੰ ਕਮਰਿਆਂ ਵਿੱਚ ਕੈਦ ਕਰ ਦਿਤਾ
ਕਿਹਾ ਮੈਨੂੰ ਕਿ ਮੈਂ ਜਗਦਾ ਰਵ੍ਹਾਂ
ਚਾਨਣ ਖਿੰਡਾਵਾਂ
ਕਮਰਿਆਂ ਅੰਦਰ
ਕਿਤੇ ਨ੍ਹੇਰੇ ਨੂੰ ਅੰਦਰ ਆਉਣ ਨਾ ਦੇਵਾ

ਤੂੰ ਮੈਨੂੰ ਕੈਦ ਕਰ ਦਿਤਾ ਪਵਾ ਕੇ ਬੇੜੀਆਂ ਮੈਨੂੰ
ਮੇਰੇ ਸਾਰੇ ਖਿਆਲਾਂ ਨੂੰ
ਤੁੰ ਜਿੰਦਰੇ ਆਣ ਮਾਰੇ ਨੇ
ਮੇਰੇ ਬੋਲਾਂ ਦੇ ਉਪਰ ਵੀ
ਲਗਾ ਦਿਤੇ ਗਏ ਟਾਂਕੇ
ਮੇਰੀ ਰੂਹ ਤੜਪਦੀ ਹੈ
ਦੂਰ ਦਿਸਹੱਦੇ ਨੂੰ ਅੰਬਰ ਨੂੰ
ਮੇਰੇ ਖੰਭਾਂ
ਚ ਹਾਲੇ ਤਾਣ ਹੈ
ਤੇ ਜਾਨ ਹੈ ਮੇਰੀ
ਤੂੰ ਮੇਰੇ ਜਿਸਮ ਨੂੰ ਤਾਂ ਕੈਦ ਕਰ ਸਕਦਾ ਹੈਂ
ਹਜ਼ਾਰਾਂ ਵਾਰ
ਮੇਰੇ ਪੈਰਾਂ ਨੂੰ ਸੰਗਲ ਮਾਰ ਸਕਦੈਂ ਕੈਦ ਖਾਨੇ ਦੇ
ਤੂੰ ਮੇਰੀ ਰੂਹ ਨੂੰ ਐਪਰ ਕੈਦ ਕਰ ਸਕਦਾ ਨਹੀਂ
ਮੇਰੇ ਸੁਪਨੇ
ਚ ਆ ਕੇ ਜੋ ਜਗਾਉਂਦੇ ਹੀ ਰਹੇ ਮੈਨੂੰ
ਮੇਰੇ ਗੀਤਾਂ ਨੂੰ ਕੌਈ ਕੈਦ ਕਰ ਸਕਿਆ ਨਹੀ
ਮੇਰੇ ਬੋਲਾਂ ਚ ਜੋ ਸਰਘੀ ਹਨੇਰੇ ਦੀ ਨਹੀਂ ਆਦੀ
ਤੇ ਕੋਈ ਵੀ ਨਹੀਂ ਦਾਇਰਾ
ਨਾ ਕਮਰਾ ਕੈਦ ਖਾਨੇ ਦਾ
ਕੋਈ ਦਾਇਰਾ,
ਕੋਈ ਕਮਰਾ
ਕੋਈ ਰਖਣਾ
ਕੋਈ ਵੀ ਪੁਸਤਕਾਲਾ
ਮੇਰੀਆਂ ਸੋਚਾਂ ਦਾ ਹਾਣੀ ਨਹੀਂ
ਮੇਰੀ ਆਵਾਜ਼ ਦਾ ਆਦੀ ਨਹੀਂ
ਮੈਂ ਜਦ ਵੀ ਬੋਲਦਾ ਹਾਂ
ਕਿਤੇ ਲਬ ਖੋਲ੍ਹਦਾ ਹਾਂ
ਮੇਰੇ ਪਿੰਡੇ ਲਈ ਛਮਕਾਂ
ਮੇਰੇ ਪੈਰਾਂ ਲਈ ਜਿੰਦਰੇ
ਮੇਰੇ ਹੱਥਾਂ ਲਈ ਸੰਗਲ
ਮੈਂ ਜਦ ਬੋਲਦਾ ਹਾਂ
ਕੈਦ ਕਰ ਦਿਤਾ ਗਿਆ
ਮੈਂ ਦੀਵੇ ਹੇਠਲੇ ਹਨੇਰੇ ਚ
ਰੱਖ ਦਿਤਾ ਗਿਆ
ਮੈਂ ਹੁਣ ਵੀ ਤਾਂਘਦਾਂ
ਤਜ਼ੀ ਹਵਾ ਨੂੰ
ਕਿਤੇ ਖੁਲ੍ਹੀ ਫਿਜ਼ਾ ਨੂੰ
ਕਿਤੇ ਚਾਨਣ ਲਈ
ਕਿਤੇ ਸਰਘੀ ਲਈ
ਕਿਤੇ ਸੂਰਜ ਲਈ
ਮੈਂ ਕਾਲੀ ਰਾਤ ਦੇ ਚਿਹਰੇ ਤੇ
ਰੱਖੇ ਚੰਨ ਤੇ ਤਾਰੇ

ਉਹਨੂੰ ਦਸਣ ਲਈ ਚਾਨਣ ਦੇ
ਕਈ ਛਿਟੇ ਜਹੇ ਮਾਰੇ
ਹਨੇਰਾ ਇਹ ਨਾ ਸਮਝੇ
ਹੈ ਕਿ ਉਹ ਮਾਲਕ ਜ਼ਮਾਨੇ ਦਾ ਮੈਂ ਚਾਨਣ ਬੀਜ ਹਾਂ ਆਇਆ
ਇਸੇ ਦੇ ਵਾਸਤੇ ਮੈਂ ਗਾਇਆ।

No comments:

Post a Comment