ਜਮ੍ਹਾ ਪੂੰਜੀ
ਗੁਰਦੀਪ ਸਿੰਘ ਭਮਰਾ
ਸਾਲ ਬੀਤਣ 'ਤੇ ਹੈ
ਛਿਣ ਛਿਣ ਕਰਕੇ ਕਿੰਨਾ ਕੁਝ ਬੀਤ ਗਿਆ ਹੈ
ਇਹ ਸਾਲ ਵੀ
ਹਰ ਉਹਨਾਂ ਸਾਲਾਂ ਦੇ ਵਾਂਗ
ਜੋ ਮੈਂ ਤੇਰੀ ਯਾਦ ਵਿੱਚ ਗੁਜ਼ਾਰੇ
ਕਦੀ ਤੇ ਆਵੇਗਾ
ਮੈਂ ਸੋਚਦਾ
ਕਦੀ ਤੇ ਮੇਰੇ ਹਿੱਸੇ ਦਾ ਵੀ ਕੋਈ ਇੱਕ ਪਲ ਦੇਵੇਂਗਾ
ਆਪਣੀ ਦੋਸਤੀ ਦੇ ਨਾਂ
ਦੋ ਅੱਖਰ ਲਿਖੇਗਾਂ
ਸਮੇਂ ਦੇ ਸਫੇ ਉਪਰ
ਪਰ ਅਜਿਹਾ ਕਦੀ ਨਹੀਂ ਹੋਇਆ
ਨਾ ਇਸ ਸਾਲ
ਨਾ ਪਿਛਲੇ ਸਾਲ
ਨਾ ਉਸ ਤੋਂ ਪਿਛਲੇ ਸਾਲ
ਇਸ ਸਾਲ ਵੀ ਬਾਕੀ ਸਾਲਾਂ ਵਾਂਗ
ਡਾੲਰੀ ਦੇ ਪੰਨੇ
ਕੁਝ ਸਿਰਨਾਵੇਂ
ਕੁਝ ਨਵੇਂ ਕੁਝ ਪੁਰਾਣੇ
ਕੁਝ ਫੋਨ ਨੰਬਰ
ਜਿਹਨਾਂ ਦਾ ਦਸ ਅੰਕਾਂ ਵਿੱਚ ਹੋਣਾ ਜ਼ਰੁਰੀ ਹੈ
ਕੁਝ ਹਿਸਾਬ ਕਿਤਾਬ ਸਾਹਾਂ ਦਾ
ਕੁਝ ਖਾਧੀ ਖੁਰਾਕ ਦਾ
ਕੁਝ ਡਾਕਟਰ ਦੀ ਤਾਰੀਕ ਦਾ
ਕੁਝ ਜਮ੍ਹਾ ਕੁਝ ਮਨਫੀ,
ਕੁਝ ਵੰਡ ਵੰਡਈਆ
ਕੁਝ ਲੀਕਾਂ ਕੁਝ ਤਰੀਕਾਂ
ਸੱਭ ਕੁਝ ਉਵੇਂ ਹੀ ਰਿਹਾ
ਇਸ ਵਿੱਚ ਤੇਰਾ ਕੁਝ ਵੀ ਨਹੀਂ ਸੀ।
ਕੁਝ ਸਿਰਨਾਵੇਂ ਛੋਟੇ ਹੋ ਗਏ,
ਕੁਝ ਲਪੇਟੇ ਗਏ,
ਕੁਝ ਸਮੇਟੇ ਗਏ
ਕੁਝ ਥਾਂਵਾਂ ਬਦਲ ਗਏ
ਕੁਝ ਅਧੂਰੇ
ਕੁਝ ਪੁਰੇ
ਕੁਝ ਦੇਸ਼
ਕੁਝ ਵਿਦੇਸ਼
ਕੁਝ ਘਾਟੇ
ਕੁਝ ਵਾਧੇ
ਪਰ ਇਸ ਵਿੱਚ ਤੇਰਾ ਕੁਝ ਵੀ ਨਹੀਂ ਸੀ।
ਮੇਰੇ ਦੋਸਤ ਕਹਿੰਦੇ ਨੇ
ਕਿ ਹੁਣ ਯੁਗ ਬਦਲ ਗਿਆ ਹੈ
ਕੈਲੰਡਰ ਵੀ ਬਦਲ ਜਾਣਾ ਚਾਹੀਦਾ ਹੈ
ਵਕਤ ਤੇਜ਼ੀ ਨਾਲ ਬਦਲਦਾ ਹੈ
ਤੇ ਕੈਲੰਡਰ ਵੀ
ਇਸ ਦੀ ਇਬਾਰਤ ਧੁੰਦਲੀ ਹੋ ਗਈ ਹੈ
ਹੁਣ ਮੈ ਵੀ ਕਮਜ਼ੋਰ ਪੈ ਗਿਆ ਹਾਂ।
ਪਰ ਇਹ ਕੈਲੰਡਰ ਨਹੀਂ
ਦਿਲੋ-ਦਿਮਾਗ਼ ਦੀ ਦੀਵਾਰ ਉਪਰ ਉਕਰੀ ਤਸਵੀਰ ਹੈ
ਜੋ ਸ਼ਾਇਦ ਕਦੇ ਨਹੀਂ ਬਦਲੇਗਾ
ਤੇ ਨਾ ਇਸ ਉਪਰ ਤੇਰੇ ਆਉਣ ਦੀ ਤਾਰੀਕ.
ਗੱਲ ਤਾਂ ਸਿਰਫ਼ ਇੰਤਜ਼ਾਰ ਦੀ ਹੈ।
No comments:
Post a Comment