ਲਾਹਨਤ
ਬਲਾਤਕਾਰ ਕਿਸੇ ਵੀ ਦੇਸ਼ ਲਈ ਇਕ
ਲਾਹਨਤ ਹੈ। ਇਹ ਪੁਰਸ਼ ਦੇ ਅੰਦਰ ਪਨਪ ਰਹੇ ਗ਼ਲਤ
ਮਾਨਸਕ ਰੁਜਾਣ ਦਰਸਾਉਂਦਾ ਹੈ। ਅਜਿਹੇ ਵਿਅਕਤੀ ਦੀ ਥਾਂ ਜਾਂ ਤਾਂ ਮਾਨਸਕ ਰੋਗਾਂ ਦੇ ਹਸਪਤਾਲ ਵਿੱਚ
ਹੋਣੀ ਚਾਹੀਦੀ ਹੈ ਜਾਂ ਜੇਲ੍ਹ ਵਿੱਚ। ਇਹ ਲੋਕ ਦੰਰਿੰਦੇ ਹਨ ਜੋ ਜਾਨਵਰਾਂ ਨਾਲੋਂ ਵੀ ਭੈੜੀ
ਪ੍ਰਵਿਰਤੀ ਰੱਖਦੇ ਹਨ। ਸਾਧਾਰਨ ਤੌਰ ਤੇ ਅਜਿਹੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੋਣੀ ਚਾਹੀਦੀ।
ਇਸ ਸੱਭ ਵਿੱਚ ਜਿਸ ਨੇ ਸੱਭ ਤੋਂ
ਵੱਧ ਨਕਾਰਾਤਮਕ ਰੋਲ ਨਿਭਾਇਆ ਹੈ ਉਹ ਮੀਡੀਆ, ਚਾਹੇ ਪਿੰਟ ਮੀਡੀਆ ਤੇ ਚਾਹੇ ਇਲੈਕਟਰੋਨਿਕ ਮੀਡੀਆ, ਇਸ
ਨੇ ਉਸ ਸੱਭ ਕਾਸੇ ਲਈ ਇਕ ਸਲਾਟ ਮੁਹੱਈਆ ਕੀਤਾ ਹੈ ਜਿਸ ਦਾ ਕੰਮ ਔਰਤ ਨੂੰ ਇਕ ਵਸਤੂ (ਭੋਗ ਵਿਲਾਸ
ਦੀ ਵਸਤੂ) ਬਣਾ ਕੇ ਪੇਸ਼ ਕਰਨ ਵਿੱਚ ਕੋਈ ਕਸਰ ਨਹੀਂ ਰੱਖੀ। ਆਪਣੀਆਂ ਚੀਜ਼ਾਂ ਵੇਚਣ ਲਈ ਇਹ ਦਰਸਾਇਆ
ਕਿ ਉਹ ਸਾਬਣ ਕਿਵੇਂ ਚੰਗਾ ਹੈ, ਉਹ ਕਿਵੇਂ ਮੈਲ ਲਾਉਣ ਦੇ ਸਮਰਥ ਹੈ ਪਰ ਦਿਖਾਇਆ ਹੈ ਕਿ ਉਸ ਸਾਬਣ
ਵਾਸਤੇ ਕਿਵੇਂ ਕੋਈ ਕੁੜੀ ਬਾਥਰੂਮ ਦੇ ਬਾਹਰ ਹੀ ਨਿਰਵਸਤਰ ਹੋ ਕੇ ਫੁਹਾਰੇ ਹੇਠਾਂ ਜਾ ਰਹੀ ਹੈ।
ਸ਼ੈਪੂ ਦੇ ਇਸ਼ਤਿਹਾਰ ਵਿੱਚ ਵਾਲਾਂ ਨਾਲੌਂ ਵੱਧ ਧਿਆਨ ਉਸ ਦੇ ਸਰੀਰ ਉਪਰ ਬੱਚੇ ਇਕੋ ਇਕ ਤੌਲੀਏ ਦੀ
ਗੰਢ ਉਪਰ ਹੁੰਦਾ ਹੈ। ਇਹੋ ਹਾਲ ਕਾਰਾਂ ਵੇਚਣ ਵਾਲੀ ਕੰਪਨੀਆਂ ਦਾ ਹੈ। ਗੱਲ ਕੀ ਹਰ ਚੀਜ਼ ਵਾਸਤੇ
ਜਿਸ ਕੁੜੀ ਨੂੰ ਮਾਡਲ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਉਸ ਨੂੰ ਉਸ ਵਸਤੂ ਨਾਲੋਂ ਵੱਧ ਆਕਰਸ਼ਕ ਬਣਾ
ਕੇ ਦਿਖਾਇਆ ਜਾਂਦਾ ਹੈ।
ਸੰਗੀਤ ਦੇ ਨਾਂ ਉਪਰ ਸਨਾਮਾਨ ਹਾਸਲ
ਕਰਨ ਵਾਲੇ ਵੱਡੇ ਵੱਡੇ ਨਾਮੀ ਗਾਇਕਾਂ ਦਾ ਰਿਕਾਰਡ ਫੋਲ ਕੇ ਦੇਖ ਲਵੋ ਉਹਨਾਂ ਨੇ ਸੱਭ ਤੋਂ ਮਾੜਾ
ਗਾਇਆ ਹੁੰਦਾ ਹੈ। ਉਹਨਾਂ ਦੇ ਦੋਅਰਥੀਂ ਗਾਣੇ ਤੁਹਾਨੂੰ ਹਰ ਥਾਂ ਲੱਭ ਜਾਣਗੇ। ਅਸਲ ਵਿੱਚ ਸੈਕਸ ਹੀ
ਵਿਕਦਾ ਹੈ ਇਸ ਤੱਥ ਨੇ ਲੋਕਾਂ ਦੀ ਬੁੱਧੀ ਭ੍ਰਿਸ਼ਟ ਦਿਤੀ ਹੈ। ਉਹ ਸਭਿਆਚਾਰ ਚੋਂ ਉਹੋ ਕੁਝ ਲੱਭ ਕੇ
ਲਿਆਉਣਗੇ ਜਿਹਨਾਂ ਨਾਲ ਸੁਣਨ ਵਾਲੇ ਨੂੰ ਇਕ ਹੁਲਾਰਾ ਆਵੇ। ਇਹ ਨਸ਼ਾ ਹੈ ਤੇ ਇਸ ਦੀ ਲੱਤ ਹਰ ਵਿਅਕਤੀ
ਨੂੰ ਲਾਈ ਜਾਂਦੀ ਹੈ। ਸ਼ਾਇਰੀ ਸੰਗੀਤ ਨੂੰ ਅਲਵਿਦਾ ਕਹਿ ਚੁਕੀ ਹੈ। ਸ਼ਾਇਰ ਦਾ ਨਾ ਸਨਮਾਨ ਤੇ ਨਾ
ਕਦਰ ਬੱਸ ਲਚਰ ਲਿਖੋ ਤੇ ਲੱਚਰ ਵੇਚੋ, ਚਾਰ ਪੈਸੇ ਕਮਾਓ, ਗਲ ਵਿੱਚ ਸੋਨੇ ਦੇ ਕੈਂਠੇ ਪਾਓ ਤੇ ਫਿਰ
ਸੱਭ ਤੋਂ ਉੱਚਾ ਸਨਮਾਨ ਲੈ ਲਉ। ਜਲੰਧਰ ਦੇ ਇਕ ਬਹੁਤ ਹੀ ਜਾਣੇ ਜਾਂਦੇ ਅਖਬਾਰ ਜੋ ਧਾਰਮਕ ਹੋਣ ਦਾ
ਦਾਅਵਾ ਕਰਦਾ ਹੈ ਉਸ ਦੇ ਵਿੱਚ ਹਰ ਰੋਜ਼ ਤੁਹਾਨੂੰ ਇਕ ਅਜਿਹਾ ਪੰਨਾ ਦੇਖਣ ਨੂੰ ਮਿਲਦਾ ਹੈ ਜਿਸ
ਵਿੱਚ ਉਸ ਨੇ ਨੰਗੀਆਂ ਤਸਵੀਰਾਂ ਸਜਾ ਕੇ ਪੇਸ਼ ਕੀਤੀਆਂ ਹੁੰਦੀਆਂ ਹਨ। ਇਹਨਾਂ ਦਾ ਘਟਨਾ ਕ੍ਰਮ ਨਾਲ
ਕੋਈ ਸਬੰਧ ਨਹੀਂ ਹੁੰਦਾ। ਸਿਰਫ਼ ਤਨ ਗਰਮਾਉਣ ਵਾਸਤੇ ਇਹ ਸੱਭ ਕੁਝ ਕੀਤਾ ਜਾਂਦਾ ਹੈ। ਅੱਜ ਕਲ੍ਹ
ਦੇਖਾ ਦੇਖੀ ਅੰਗਰੇਜ਼ੀ ਦੇ ਅਖਬਾਰ ਵੀ ਇਹੋ ਕੁਝ ਕਰਨ ਲੱਗ ਪਏ ਹਨ। ਸਦਕੇ ਜਾਇਏ ਰੰਗੀਨ ਛਪਾਈ ਦੇ
ਹੁਣ ਤਸਵੀਰਾਂ ਹੂ ਬਹੂ ਰੰਗਾਂ ਵਿੱਚ ਅੱਖਾਂ ਤੱਕ ਪਹੁੰਚ ਜਾਂਦੀਆਂ ਹਨ।
ਸਰਮਾਏਦਾਰੀ ਪੈਸਾ ਕਮਾਉਣਾ ਆਪਣਾ
ਫਰਜ਼ ਸਮਝਦੀ ਹੈ ਤੇ ਇਹ ਕਿਵੇਂ ਵੀ ਕਮਾਇਆ ਜਾਵੇ ਇਸ ਨਾਲ ਉਸ ਨੂੰ ਕੋਈ ਸਰੋਕਾਰ ਨਹੀਂ। ਇਸ ਵਾਸਤੇ ਉਹ
ਹਰ ਹਰਬਾ ਹੀਲੇ ਵਸੀਲੇ ਦੇ ਤੌਰ ਤੇ ਵਰਤਣਾ
ਚਾਹੁੰਦੀ ਹੈ। ਆਇਟਮ ਸਾਂਗ ਕੀ ਹੈ? ਫਿਲਮਾ ਵਿੱਚ ਇਹੋ ਕੁਝ ਦੇਖਣ ਨੂੰ ਮਿਲਦਾ ਹੈ ਤੇ ਲੋਕ ਸਮਝਦੇ
ਹਨ ਕਿ ਹਰ ਕੁੜੀ ਜੋ ਛੋਟੇ ਕੱਪੜੇ ਪਾਉਂਦੀ ਹੈ ਜਾਂ ਚੁਸਤ ਕਪੜੇ ਪਾਉਂਦੀ ਹੈ ਉਹ ਆਈਟਮ ਕੁੜੀ ਹੈ
ਤੇ ਉਹ ਉਸ ਨਾਲ ਹਰ ਤਰ੍ਹਾਂ ਦੀ ਜਬਰਦਸਤੀ ਕਰਨ ਉਪਰ ਉਤਾਰੂ ਹੋ ਜਾਂਦੇ ਹਨ। ਅੱਜ ਬਾਲੀਵੂਡ ਨੂੰ ਬਹੁਤ ਅਫਸੋਸ ਹੋ ਰਿਹਾ ਹੈ ਪਰ ਉਦੋਂ ਕਿਉਂ ਨਾ ਹੋਇਆ
ਜਦੋਂ ਉਹਨਾਂ ਨੇ ਇਸ ਸੱਭ ਨੂੰ ਹਰ ਫਿਲਮ ਦਾ ਹਿਸਾ ਬਣਾ ਕੇ ਪੇਸ਼ ਕੀਤਾ। ਉਹ ਇਸ ਕਾਂਡ ਦੇ ਭਾਗੀਦਾਰ
ਹਨ ਜਿਹਨਾਂ ਨੇ ਲੋਕਾਂ ਦੀ ਸੋਚ ਨੂੰ ਗਿਰਾਵਟ ਵਾਲੇ ਪਾਸੇ ਲੈ ਕੇ ਆਂਦਾ ਤੇ ਉਹਨਾਂ ਦੇ ਮਨ ਚੋਂ ਡਰ
ਖੌਫ ਮਿਟਾ ਦਿਤਾ।
ਪਰ ਇਸ ਤੋਂ ਵੀ ਵੱਧ ਅਫਸੋਸ ਉਦੋਂ
ਹੁੰਦਾ ਹੈ ਜਦੋਂ ਅਜਿਹੀਆਂ ਘਟਨਾਵਾਂ ਉਦੋਂ ਵਾਪਰਦੀਆਂ ਹਨ ਜਦੋਂ ਦੇਸ਼ ਦੇ ਉੱਚ ਸਥਾਨਾਂ ਉਪਰ ਔਰਤਾਂ
ਬਿਰਾਜਮਾਨ ਹੋਣ। ਜੇ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਤੋਂ ਅਸਮਰਥ ਹੁੰਦੀਆਂ ਹਨ ਤਾਂ ਨਿਸ਼ਚੇ
ਹੀ ਉਹਨਾਂ ਨੂੰ ਬਦਲ ਦਿਤੇ ਜਾਣ ਦੀ ਲੋੜ ਹੁੰਦੀ ਹੈ ਕਿਉਂ ਕਿ ਉਹ ਸਥਿਤੀ ਨੂੰ ਭਾਂਪਣ ਤੇ ਮਾਪਣ
ਤੋਂ ਅਸਮਰਥ ਹੁੰਦੀਆਂ ਹਨ। ਜਦੋਂ ਤੋਂ ਇਹ ਘਟਨਾ ਵਾਪਰੀ ਹੈ ਸੱਭ ਤੋਂ ਵੱਧ ਰੋਜ਼ ਪੁਰਸ਼ ਸਮਾਜ ਵਿੱਚ
ਹੈ ਤੇ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਇਸ ਸੱਭ ਦੇ ਲਈ ਨਾਕਾਫੀ ਕਿਉਂ ਹਾਂ। ਸਾਨੂੰ
ਆਪਣੀ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਹੈ। ਉਸ ਲੜਕੀ ਨਾਲ ਹਮਦਰਦੀ ਹੁੰਦੀ ਹੈ ਕਿਉਂ ਅਸੀਂ ਸਾਰੇ
ਮਿਲ ਕੇ ਅਜਿਹਾ ਸਮਾਜ ਨਹੀਂ ਸਿਰਜ ਸਕੇ ਜਿਸ ਵਿੱਚ ਉਹ ਕੁੜੀ ਇਸ ਸ਼ਰਮਨਾਕ ਹਾਦਸੇ ਦਾ ਸ਼ਿਕਾਰ ਹੋ
ਗਈ।
ਦੇਸ਼ ਦੀ ਪੂਰਵ ਰਾਸ਼ਟਰਪਤੀ ਸ਼੍ਰੀ ਮਤੀ
ਪ੍ਰਤਿਭਾ ਪਾਟਿਲ ਨੇ ਆਪਣੀ ਟਰਮ ਪੂਰੇ ਹੋਣ ਉਪਰ ਤਕਰੀਬ 22 ਅਜਿਹੇ ਕੈਦੀਆਂ ਦੀ ਸਜ਼ਾ ਮਾਫ ਕੀਤੀ
ਜਿਹਨਾਂ ਉਪਰ ਬਲਾਤਕਾਰ ਵਰਗੇ ਜੁਰਮ ਸਾਬਤ ਹੋ ਚੁਕੇ ਸਨ ਤੇ ਉਹ ਸਜ਼ਾ ਭੁਗਤ ਰਹੇ ਸਨ। ਜਿਸ ਦੇਸ਼ ਦੇ
ਰਾਸ਼ਟਰਪਤੀ ਦਾ ਅਜਿਹਾ ਵਤੀਰਾ ਹੋ ਸਕਦਾ ਹੈ ਅਜਿਹੇ ਘਿਣਾਉਣੇ ਜੁਰਮ ਪ੍ਰਤੀ ਤੇ ਮੁਜਰਮਾਂ ਪ੍ਰਤੀ ਜੋ
ਕਿ ਬੇਹੱਦ ਨਿੰਦਣਯੋਗ ਹੋਣਾ ਚਾਹੀਦਾ ਹੈ, ਉਸ ਦੇਸ਼ ਦੀਆਂ ਕੁੜੀਆਂ ਧੀਆਂ ਭੈਣਾਂ ਦਾ ਤਾਂ ਰੱਬ ਹੀ
ਰਾਖਾ ਹੋਵੇਗਾ। ਕੋਈ ਕਿਸੇ ਦਾ ਕੀ ਵਿਗਾੜ ਲਵੇਗਾ ਜਿਥੇ ਦੇਸ਼ ਦੀ ਸਰਵਉਚ ਹਸਤੀ ਅਜਿਹੇ ਕੁਕਰਮੀ
ਲੋਕਾਂ ਪ੍ਰਤੀ ਹਮਦਰਦੀ ਦਾ ਰਵੱਈਆ ਰੱਖਦੀ ਹੋਵੇ। ਕੀ ਕੋਈ ਇਸ ਦਾ ਹਿਸਾਬ ਮੰਗੇਗਾ ਜਾਂ ਖੁਲ੍ਹੀ
ਛੂਟ ਦੇ ਕੇ ਬਖਸ਼ ਦਿਤਾ ਜਾਵੇਗਾ।
ਚਾਹੀਦਾ ਤਾਂ ਇਹ ਹੈ ਅਜਿਹੇ ਲੋਕਾਂ
ਨੂੰ ਐਸੀ ਸਜ਼ਾ ਦਿਤੀ ਜਾਵੇ ਜੋ ਸਾਰੇ ਮਰਦਾਂ ਲਈ ਇਕ ਉਦਾਰਹਨ ਹੋਵੇ। ਹਰ ਬਲਾਤਕਾਰੀ ਨੂੰ ਸਰੀਰਕ
ਤੋਰ ਤੇ ਸਦਾ ਵਾਸਤੇ ਨਿਪੁੰਸਕ ਬਣਾ ਦਿਤਾ ਜਾਵੇ। ਤਾਂ ਕਿ ਉਹ ਹਮੇਸ਼ਾ ਵਾਸਤੇ ਇਸ ਹੱਕ ਤੋਂ ਮਹਿਰੂਮ
ਹੋ ਜਾਵੇ ਕਿ ਉਹ ਕਿਸੇ ਕੁੜੀ ਨਾਲ ਕਿਸੇ ਤਰ੍ਹਾਂ ਦਾ ਸਬੰਧ ਬਣਾ ਸਕਦਾ ਹੈ ਤੇ ਹਰ ਦੂਜਾ ਵਿਅਕਤੀ
ਇਸ ਬਾਰੇ ਸੋਚਣ ਤੋਂ ਪਹਿਲਾਂ ਸੌ ਵਾਰ ਸੋਚੇ। ਜੇ ਕੁੜੀਆਂ ਦੀ ਜ਼ਿੰਦਗੀ ਜੀਣ ਜੋਗੀ ਬਣਾਉਣਾ
ਚਾਹੁੰਦੇ ਹੋ ਤਾਂ ਦੇਸ਼ ਦੇ ਕਨੂੰਨ ਨੂੰ ਅਜਿਹਾ ਸੱਭ ਕੁਝ ਸੋਚਣਾ ਪਵੇਗਾ। ਨਹੀਂ ਤਾਂ ਨਿਸ਼ਚੇ ਹੀ
ਕੁੜੀਆਂ ਨੂੰ ਪੈਦਾ ਕਰਕੇ ਉਹਨਾਂ ਵਾਸਤੇ ਤਰਸਯੋਗ ਹਾਲਤ ਵਾਲੀ ਜ਼ਿੰਦਗੀ ਲਈ ਛੱਡ ਦੇਣ ਦੀ ਬਜਾਏ
ਉਹਨਾਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਣ ਵਿੱਚ ਭਲਾਈ ਹੈ। ਅਜਿਹੇ ਸਮਾਜ ਨੂੰ ਕੁੜੀਆਂ ਦੀ
ਬਿਲਕੁਲ ਲੋੜ ਨਹੀਂ ਹੈ ਜਿਥੇ ਕੁੜੀਆਂ ਸਨਮਾਨਯੋਗ ਜ਼ਿੰਦਗੀ ਜੀਣ ਦਾ ਅਧਿਕਾਰ ਨਹੀ ਮਿਲਦਾ।
No comments:
Post a Comment