Monday, July 25, 2011

ਦਾਦੇ ਦੀ ਕਮੀਜ਼

ਦਾਦੇ ਦੀ ਕਮੀਜ਼


ਗੁਰਦੀਪ ਸਿੰਘ

ਪਿਤਾ ਦੇ ਬਾਅਦ ਮਾਂ ਨੇ ਪਿਤਾ ਦੀ ਅਲਮਾਰੀ ਚੋਂ ਕਮੀਜ਼ ਕੱਢੀ, ਧੋਤੀ ਸੰਵਾਰੀ ਹੋਈ, ਪੁਤਰ ਨੂੰ ਦੇ ਕੇ ਕਿਹਾ-
-          ਲੈ ਪੁਤਰ ਇਹ ਤੇਰੇ ਜਨਮ ਦਿਨ ਦਾ ਤੋਹਫਾ ਤੇਰੇ ਪਾਪਾ ਵੱਲੋਂ, ਉਹ ਆਪ ਹੁੰਦੇ ਤਾਂ ਪਤਾ ਨਹੀਂ ਕੀ ਕੁਝ ਦਿੰਦੇ।
-          ਹੂੰ, ਇਹ ਸ਼ਰਟ? ਮੈਂ ਨਹੀਂ ਪਾਉਣੀ।
-          ਪਰ ਕਿਉਂ?
-          ਇਹ ਕੋਈ ਪਾਉਣ ਵਾਲੀ ਹੈ? ਦੇਖੋ ਕਿਵੇਂ ਦਾ ਰੰਗ ਹੈ, ਘਸਮੈਲਾ ਜਿਹਾ
ਤੇ ਕਪੜਾ ਵੀ ਕੋਈ ਚੱਜ ਦਾ ਨਹੀਂ, ਮੈਂ ਇਹ ਨਹੀਂ ਪਾਉਣੀ, ਤੁਸੀਂ ਕਹਿੰਦੇ ਹੋ ਮੈਂ ਰੱਖ ਲੈਂਦਾ ਹਾਂ, ਪਰ ਪਾਉਣੀ ਨਹੀਂ।
-          ਰੰਗ ਨੂੰ ਕੀ ਹੋਇਆ, ਤੇਰੇ ਪਾਪਾ ਦਾ ਸੱਭ ਤੋਂ ਪਿਆਰਾ ਰੰਗ ਸੀ, ਬਿਸਕੁਟੀ, ਇਹ ਰੰਗ ਉਹਨਾਂ ਤੇ ਕਿੰਨਾ ਖਿੜਦਾ ਸੀ।
-          ਪਾਪਾ ਨੂੰ ਪਸੰਦ ਹੋਵੇਗਾ ਪਰ ਮੈਨੂੰ ਨਹੀਂ। ਉਹਨਾਂ ਉਪਰ ਚੰਗਾ ਲੱਗਦਾ ਹੋਵੇਗਾ ਪਰ ਮੈਨੂੰ ਨਹੀਂ ਚੰਗਾ ਲਗਦਾ।
-          ਇਹ ਕਮੀਜ਼ ਉਹਨਾਂ ਦੀ ਸੱਭ ਤੋਂ ਵਧੀਆ ਕਮੀਜ਼ ਸੀ। ਜਿਸ ਕੰਮ ਲਈ ਉਹ ਇਸ ਨੂੰ ਪਾ ਕੇ ਗਏ, ਉਹ ਕੰਮ ਹੋ ਗਿਆ, ਕਦੇ ਰੁਕਿਆ ਨਹੀਂ। ਮੈਂ ਕਿਹਾ ਕਰਦੀ ਸੀ ਕਿ ਇਹ ਤੁਹਾਡੀ ਸੱਭ ਤੋਂ ਲੱਕੀ ਕਮੀਜ਼ ਹੈ।
-          ਹੋਵੇਗੀ, ਉਹਨਾਂ ਵਾਸਤੇ, ਪਰ ਮੇਰੇ ਵਾਸਤੇ ਨਹੀਂ।
-          ਪਰ ਇਹ ਤੇਰੇ ਪਾਪਾ ਨੂੰ ਸੱਭ ਤੋਂ ਪਸੰਦ ਸੀ।
-          ਹੋਵੇਗੀ, ਪਰ ਮੇਰੀ ਨਹੀਂ। ਮੇਰੀ ਵੀ ਆਪਣੀ ਪਸੰਦ ਹੈ, ਆਪਣੀ ਇੱਛਾ ਹੈ। ਮੈਂ ਕਿਸੇ ਵਾਸਤੇ ਆਪਣੀ ਪਸੰਦ ਨਹੀਂ ਬਦਲ ਸਕਦਾ।
-          ਅੱਛਾ!
ਮਾਂ ਨੇ ਕਮੀਜ਼ ਵਾਪਸ ਰੱਖ ਦਿਤੀ। ਅਲਮਾਰੀ ਵਿੱਚ, ਆਪਣੀ ਮਾਂ ਦਾ ਉਤਰਿਆ ਮੂੰਹ ਦੇਖ ਕੇ ਉਸ ਨੇ ਉਹ ਕਮੀਜ਼ ਮਾਂ ਦੇ ਹੱਥੋਂ ਫੜ ਲਈ ਤੇ ਲਿਆ ਕੇ ਆਪਣੇ ਕਮਰੇ ਵਿੱਚ ਰੱਖ ਦਿਤੀ।

ਮਾਂ ਨੇ ਉਹ ਕਮੀਜ਼ ਮੁੜ ਕੇ ਨਾ ਕਦੇ ਦੇਖੀ ਤੇ ਨਾ ਕਦੇ ਉਸ ਦਾ ਜ਼ਿਕਰ ਕੀਤਾ। ਵਰ੍ਹੇ ਲੰਘ ਗਏ। ਪੁਤਰ ਰੁਜ਼ਗਾਰ ਤੇ ਹੋ ਗਿਆ। ਮਾਂ ਨੇ ਚਾਂਈ ਚਾਂਈ ਨੂੰਹ ਲਿਆਂਦੀ। ਤੇ ਨੂੰਹ ਨੇ ਮਾਂ ਨੂੰ ਦਾਦੀ ਬਣਾ ਦਿਤਾ। ਬੱਚਾ ਚਾਰ ਸਾਲ ਦਾ ਹੋਇਆ। ਆਪਣੀ ਮਾਂ ਨੂੰ ਕਪੜਿਆਂ ਦੀ ਅਲਮਾਰੀ ਸੰਭਾਲਦੇ ਦੇਖ ਕੇ ਉਹ ਵੀ ਮਦਦ ਕਰਨ ਲੱਗ ਪਿਆ।
-          ਆਹ ਮੈਂਟ ਮੇਰੇ ਪਾਪਾ ਦੀ।
-          ਹਾਂ ਪਾਪਾ ਦੀ ਪੈਂਟ ਨਹੀਂ ਜੀਨਜ਼.
-          ਮੇਰੇ ਪਾਪਾ ਦੀ ਗਾਗਲਜ਼
-          ਹਾਂ ਇਹ ਪਾਪਾ ਦੀ ਗਾਗਲਜ਼, ਮੈਂ ਲਾ ਕੇ ਦੇਖਾਂ।
-          ਨਹੀਂ ਟੁੱਟ ਜਾਏਗੀ, ਰੱਖ ਦੇਹ।
-          ਇਹ ਮੇਰੇ ਪਾਪਾ ਦੀ ਸ਼ਰਟ।
-          ਹਾਂ ਪਾਪਾ ਦੀ ਸ਼ਰਟ।
-          ਇਹ ਮੇਰੇ ਪਾਪਾ ਦੀ ਸ਼ਰਟ
-          ਨਹੀਂ ਪਾਪਾ ਦੀ ਨਹੀਂ ਦਾਦੂ ਦੀ ਕਮੀਜ਼
-          ਆਹਾ ਜੀ ਦਾਦੂ ਦੀ ਕਮੀਜ਼.
-          ਦੇਖੋ ਦਾਦੂ ਤੁਹਾਡੀ ਕਮੀਜ਼...  
ਤੇ ਬੱਚਾ ਉਹ ਕਪੜਾ ਮਾਂ ਕੋਲੋ ਖੋਹ ਕੇ ਦੂਜੇ ਕਮਰੇ ਵਿੱਚ ਲੈ ਗਿਆ। ਦਾਦੇ ਦੀ ਤਸਵੀਰ ਸਾਹਮਣੇ।
-          ਦੇਖੋ ਦਾਦੂ ਤੁਹਾਡੀ ਕਮੀਜ਼, ਮੈਂ ਪਾ ਕੇ ਦੇਖਾਂ..
ਉਸ ਨੇ ਉਹ ਕਮੀਜ਼ ਵਿੱਚ ਆਪਣਾ ਸਿਰ ਫਸਾ ਕੇ ਉਸ ਨੂੰ ਪਹਿਨ ਲਿਆ।
-          ਆਹਾ ਜੀ ਮੈਂ ਦਾਦੂ ਬਣ ਗਿਆ। ਮੈਂ ਦਾਦੂ ਬਣ ਗਿਆ।
ਆਪਣੇ ਚਾਅ ਵਿੱਚ ਉਹ ਦੌੜਿਆ। ਅਗੋਂ ਉਸ ਨੇ ਆਪਣੇ ਪਾਪਾ ਨੂੰ ਆਉਂਦਿਆਂ ਦੇਖਿਆ। ਉਹ ਪਾਪਾ ਵੱਲ ਹੋਇਆ। ਪਿਛੇ ਆਉਂਦੀ ਮਾਂ ਨੇ ਉਸ ਨੂੰ ਚੁਕ ਲਿਆ ਤੇ ਉਹ ਕਮੀਜ਼ ਲੁਹਾ ਕੇ ਇਹ ਕਹਿੰਦਿਆਂ ਪਰੇ ਸੁੱਟ ਦਿਤੀ।
-          ਮਰਿਆਂ ਦੇ ਕਪੜੇ ਨਹੀਂ ਪਾਈਦੇ। ਇਹ ਗੰਦੀ ਹੈ। ਤੈਨੂੰ ਹੋਰ ਲੈ ਕੇ ਦਿਆਂਗੇ।
ਬੱਚਾ ਮੇਰੇ ਦਾਦੇ ਦੀ ਕਮੀਜ਼, ਮੇਰੇ ਦਾਦੇ ਦੀ ਕਮੀਜ਼ ਕਹਿੰਦਿਆਂ ਜ਼ਾਰੋ ਜ਼ਾਰ ਰੋਣ ਲੱਗ ਪਿਆ। ਉਸ ਦਾ ਪਿਓ ਕਦੇ ਆਪਣੇ ਰੋਂਦੇ ਪੁਤਰ ਵੱਲ ਦੇਖ ਰਿਹਾ ਸੀ ਤੇ ਕਦੇ ਫਰਸ਼ ਉਪਰ ਸੁਟੀ ਹੋਈ ਕਮੀਜ਼ ਵੱਲ।

No comments:

Post a Comment