Saturday, July 16, 2011

ਗਾਥਾ ਖੂਬਸੂਰਤ ਪੈਰਾਂ ਦੀ



ਗੁਰਦੀਪ ਸਿੰਘ

ਆਪਣੇ ਖੂਬਸੂਰਤ ਪੈਰਾਂ ਦੀ ਤਾਰੀਫ
ਸੁਣ ਕੇ
ਉਹ ਝਿਜਕੀ
ਤੇ ਕਿਹਾ
-ਇਹਨਾਂ ਵਿਚਾਰਿਆਂ ਨੇ
ਬਹੁਤ ਪੈਂਡਾ ਝਾਗਿਆ ਹੈ
ਤੇ
ਹਾਲੇ ਬਹੁਤ ਦੂਰ ਜਾਣਾ ਹੈ
ਜਦੋਂ ਤੋਂ ਇਹ ਧਰਤੀ ਨੂੰ ਛੋਹੇ
ਧਰਤੀ ਦੇ ਹੀ ਹੋਏ
ਧਰਤੀ ਨੇ ਚੁੰਮੇ ਤੇ
ਇਹ ਆਪਣੇ ਪੈਰਾਂ ਸਿਰ ਹੋਏ
ਫਿਰ ਨਾ ਖਲੋਤੇ
ਨਾ ਰੁਕੇ
ਤੁਰਦੇ ਰਹੇ
ਕਦੇ ਮਾਂ ਲਈ ਤੁਰੇ
ਕਦੇ ਬਾਪ ਲਈ ਤੁਰੇ
ਕਦੇ ਭੈਣ ਲਈ ਤੁਰੇ
ਕਦੇ ਭਰਾ ਲਈ ਤੁਰੇ
ਕਦੇ ਘਰ ਲਈ ਤੁਰੇ
ਕਦੇ ਦੇਸ
ਕਦੇ ਪ੍ਰਦੇਸ
ਕਦੇ ਓਪਰੀਆਂ ਰਾਹਵਾਂ
ਕਦੇ ਧੁੱਪਾਂ
ਕਦੇ ਸਰਦ ਛਾਂਵਾਂ
ਪੈਰਾਂ ਨੇ ਟੁਰਨਾ ਕਾਹਦਾ ਸਿਖਿਆ
ਦੁਨੀਆ ਨੇ ਰਾਹੇ ਪਈ ਰਖਿਆ
ਕਦੇ ਰਾਹ ਫੜੇ
ਕਦੇ ਰਾਹ ਤੋਂ ਭਟਕੇ
ਕਦੇ ਪੂਰੇ ਮਾਰੁਥਲ ਵਿੱਚ
ਇਕੱਲੇ ਹੀ ਟੁਰੇ
ਪੈਰਾਂ ਟੁਰਨਾ ਸਿਖਿਆ
ਤਾਂ ਰਸਤਿਆਂ ਨੇ ਰਾਹ ਦਿਤਾ
ਰਾਹ ਹੀ ਦਿਤਾ ਤੇ
ਪਾ ਦਿਤਾ ਜ਼ਿੰਦਗੀ ਨੇ ਲੰਮੇ ਚਾਲੇ
ਕਦੇ ਕਿਸੇ ਨੇ ਇਸ ਵੀ ਝਾਂਜਰ ਪਵਾਈ
ਤੇ ਅਸੀਂ ਛਣਕਾਈ
ਕਦੇ ਉਸ ਨੇ ਸੁਣੀ
ਕਦੇ ਉਸ ਨੂੰ ਝਾਂਜਰ ਦਾ ਸ਼ੋਰ
ਪਸੰਦ ਨਾ ਆਇਆ
ਉਸ ਨੇ ਝਾਂਜਰ ਦੀ ਥਾਂਵੇਂ
ਬੇੜੀ ਪਵਾਈ
ਤੇ ਜੰਜ਼ੀਰਾਂ ਵਿੱਚ ਜਕੜੇ ਪੈਰ
ਸਹਿਕਦੇ ਰਹੇ
ਰਾਹਾਂ ਨੂੰ
ਸਾਹਾਂ ਨੂੰ
ਧੁੱਪਾਂ ਨੂੰ
ਬਰਫਾ ਨੂੰ
ਛਾਲਿਆਂ ਤੇ ਅੱਟਣਾ ਨੇ ਦਿਤਾ
ਸਦਾ ਸਾਥ ਪੈਰਾਂ ਦਾ
ਹਮਸਫ਼ਰ ਬਣ ਕੇ
ਪੈਰਾਂ ਨੇ ਸਿਰਾਂ ਨੂੰ ਟੁਰਨ ਦੀ ਜਾਚ ਦੱਸੀ
ਤੇ ਸਿਰਾਂ ਨੇ ਰਾਹ ਦਸਿਆ ਪੈਰਾਂ ਨੂੰ
ਸਿਰ ਤੇ ਪੈਰਾਂ ਦੇ ਤਾਲਮੇਲ ਵਿੱਚ
ਜ਼ਿੰਦਗੀ ਦੀ ਲੈਅ ਖੜੋ ਗਈ
ਪੈਰ ਤਾਂ ਸਦਾ ਖੂਬਸੂਰਤ ਸਨ
ਤੇ ਉਸ ਤੋਂ ਵੀ ਖੂਬਸੂਰਤ ਸੀ
ਛਾਲਿਆਂ ਦੀ ਪੀੜ ਜੋ
ਮੈਨੂੰ ਰਾਹਾਂ ਨੇ ਦਿਤੀ
ਜਿਸ ਦੀ ਚੀਸ ਮੈਂ ਦੜ ਵੱਟ ਕੇ ਕੱਟੀ
ਹੁਣ ਇਹਨਾਂ ਪੈਰਾਂ ਨੂੰ ਮੈਂ ਆਜ਼ਾਦ ਕਰ ਦਿਤਾ ਹੈ
ਆਪਣੇ ਆਪ ਟੁਰਨ ਲਈ
ਆਪਣੇ ਲਈ ਨਵਾਂ ਰਾਹ ਬਣਾਉਣ ਲਈ
ਨਵੀਆਂ ਪੈੜਾ ਪਾਉਣ ਲਈ
ਪੈਰਾਂ ਨੂੰ ਆਖ ਦਿਤਾ ਹੈ
ਹੁਣ ਜਦੋਂ ਵੀ ਤੁਰਨਾ
ਆਪਣੇ ਆਪ ਲਈ ਤੁਰਨਾ
ਆਪਣੇ ਆਪ ਲਈ ਆਪਣੇ ਨਕਸ਼ ਸਿਰਜਣਾ
ਪੈਰ ਵੀ ਬਹੁਤ ਖੁਸ਼ ਹਨ
ਮੈਂ ਵੀ ਬਹੁਤ ਖੁਸ਼
ਪੈਰਾਂ ਤਾਰੀਫ ਲਈ ਸ਼ੁਕਰੀਆ।
ਚਲਦੇ ਰਹੇ

No comments:

Post a Comment