Friday, July 15, 2011

ਅੰਬੀ ਦਾ ਰੁਖ

ਕਲ੍ਹ ਤੱਕ ਜਿਸ ਨੇ ਦਿਤੀ ਛਾਂ
ਇਸ ਵਿਹੜੇ ਨੂੰ ਆਪਣਾ ਨਾਂ
ਮੀਂਹਾਂ ਝੱਖੜਾਂ ਵਿੱਚ ਖਲੋ ਕੇ
ਆਪਾ ਭੁੱਲ ਕੇ ਧੁੱਪੇ ਹੋ ਕੇ
ਠੰਢੀਆਂ ਠਾਰ ਹਵਾਵਾਂ ਦਿਤੀਆਂ
ਹਰ ਇਕ ਲਈ ਦੁਆਵਾਂ ਦਿਤੀਆਂ
ਰੁਤ ਫਿਰੀ ਤਾਂ ਮੇਵੇ ਦਿਤੇ
ਜਿੰਨੇ ਖਾਧੇ ਓਨੇ ਮਿੱਠੇ
ਬੂਰ ਆਵੇ ਤੇ ਮਹਿਕ ਖਿੰਡਾਵੇ
ਕੋਇਲ  ਗੀਤ ਸੁਣਾ ਕੇ ਜਾਵੇ
ਪੰਛੀਆਂ ਦੇ ਲਈ ਠਾਹਰ ਬਣਾ ਕੇ
ਚਲੱਦੀ ਹਵਾ ਚ
ਹੱਥ ਹਿਲਾ ਕੇ
ਹਰ ਇਕ ਨੂੰ ਜੀ ਆਇਆਂ ਕਹਿ ਕੇ
ਭੁੱਖਾ ਆਪ ਪਿਆਸਾ ਰਹਿ ਕੇ
ਦੁਨੀਆਂ ਤੋਂ ਕੋਈ ਚੀਜ਼ ਨਾ ਮੰਗੀ
ਉਵੇਂ ਗੁਜ਼ਾਰੀ ਜਿਦਾਂ ਲੰਘੀ
ਬੂਟੇ ਤੋਂ ਸੀ ਰੁੱਖ ਬਣਾਇਆ
ਪਿਉ ਦਾਦੇ ਨੇ ਹੱਥੀ ਲਾਇਆ
ਰੁਖ ਨੇ ਵੀ ਸੀ ਵਫਾ ਪੁਗਾਈ
ਹਰ ਇਕ ਰੁਤ ਵਿਚ ਸਾਥ ਨਿਭਾਇਆ
ਖੇਡੇ ਸਾਰੇ ਬਾਲ ਅੰਞਾਣੇ
ਨਿਕੇ ਵਡੇ ਸੱਭ ਨਿਆਣੇ
ਦਾਦੀ ਕੋਲੋਂ ਸੁਣ ਕੇ ਬਾਤਾਂ
ਅੰਬੀ ਹੇਠ ਲੰਘਾਈਆਂ ਰਾਤਾਂ
ਆਲ੍ਹਣਿਆਂ ਵਿੱਚ ਪੰਛੀ ਬੋਲੇ
ਰੁਤ ਫਿਰੀ ਤੇ ਰੁਖ ਵੀ ਮੋਲੇ
ਸਾਰੇ ਘਰ ਦੀ ਸ਼ਾਨ ਜਿਹਾ ਸੀ
ਘਰ ਦੀ ਇਹ ਪਹਿਚਾਣ ਜਿਹਾ ਸੀ
ਹਰ ਇਕ ਨੂੰ ਇਹ ਮਾਣ ਰਿਹਾ ਸੀ
ਹਰ ਕੋਈ ਇਸ ਨੂੰ ਜਾਣ ਰਿਹਾ ਸੀ
ਇਹ ਵਿਹੜੇ ਦਾ ਮਾਣ ਜਿਹਾ ਸੀ
ਪੂਰੇ ਘਰ ਦੀ ਜਾਨ ਜਿਹਾ ਸੀ
ਚਿਹਰਾ ਇਸ ਦਾ ਦਾਦੇ ਵਰਗਾ
ਦਾਦੀ ਵਰਗੀਆਂ ਇਸ ਦੀਆਂ ਬਾਤਾਂ
ਸੁਣ ਕੇ ਬਹੁਤ ਲੰਘਾਈਆਂ ਰਾਤਾਂ
ਗਰਮੀ ਦੀ ਰੁਤ ਬਹੁਤ ਸੁਹਾਈ
ਪੀਂਘ ਜਦੋਂ ਇਸ ਉੱਪਰ ਪਾਈ
ਫੇਰਾਂ ਦੇ ਨਾਲ ਇਸ ਨੂੰ ਛੋਹਿਆ
ਇਹ ਰੁਖ ਸਾਰਾ ਮੇਰਾ ਹੋਇਆ
ਪਰ ਕੱਲ੍ਹ ਇਸ ਨੂੰ ਕੱਟਣ ਬਹਿ ਗਏ
ਸਾਰੇ ਤੱਕਦੇ ਤੱਕਦੇ ਰਹਿ ਗਏ
ਆਪਣਾ ਘਰ ਹੁਣ ਹੋ ਗਿਆ ਪੁਰਾਣਾ
ਇਸ ਦੀ ਥਾਂਵੇਂ ਨਵਾਂ ਬਣਾਨਾ
ਨਕਸ਼ੇ ਵਿੱਚ ਕੋਈ ਥਾਂ ਨਹੀਂ ਇਸ ਦੀ
ਏਸੇ ਲਈ ਇਸ ਨੂੰ ਕਟਵਾਣਾ
ਮੈਂ ਰੋਈ ਰੁਖ ਵੀ ਰੋਇਆ
ਰਿਸ਼ਤਾ ਬੀਤੇ ਯੁਗ ਦਾ ਹੋਇਆ
ਜਾਂਦੀ ਵਾਰੀ ਰੁਖ ਕਹਿ ਗਿਆ
ਮੇਰਾ ਕੀ ਸੀ ਦੁਖ ਰਹਿ  ਗਿਆ
ਰੁਖਾਂ ਦੇ ਸੰਗ ਯਾਰੀ ਪਾ ਲਉ
ਰੁਖਾਂ ਨੂੰ ਵੀ ਯਾਰ ਬਣਾ ਲਉ
ਠੰਢੀ ਠਾਰ ਹਵਾ ਕਰਨਗੇ
ਮਰਦੇ ਮਰਦੇ ਦੁਆ ਕਰਨਗੇ
ਕੁਦਰਤ ਦਾ ਅਣਮੁਲਾ ਤੋਹਫਾ
ਸਾਫ ਹਵਾ ਦਾ ਬੁਲ੍ਹਾ ਤੋਹਫਾ
ਅੰਬਰ ਤੋਂ ਜਦ ਮੀਂਹ ਵਸਦਾ ਹੈ
ਹਰ ਰੁਖ ਖਿੜ ਖਿੜ ਕੇ ਹਸਦਾ ਹੈ
ਸਾਰੇ ਮਿਲ ਕੇ ਮਤਾ ਪਕਾਓ
ਆਪਣੇ ਨੇੜੇ ਰੁਖ ਲਗਾਓ

No comments:

Post a Comment