Friday, July 8, 2011

ਨਜ਼ਮ - ਬਿਨਾਂ ਉਨਵਾਨ ਤੋਂ


ਮੈਂ ਤੇਰੇ ਕੋਲ ਫਿਰ ਆਵਾਂਗਾ
ਕਦੇ ਬਾਲ ਦੇ ਵਾਂਗ
ਕਦੇ ਸਵਾਲ ਦੇ ਵਾਂਗ
ਜ਼ਿੰਦਗੀ ਦੀ ਸਲੇਟ ਉਪਰ
ਜੇ ਤੂੰ ਹੱਲ ਕਰ ਸਕੇਂ
ਤਾਂ ਦੱਸੀਂ,
ਮਰਨ ਨਾਲੋਂ ਜੀਣ ਵਿੱਚ ਕਿੰਨਾ ਸਵਾਦ ਆਉਂਦਾ ਹੈ
ਮਰਤ ਦੇ ਇੰਤਜ਼ਾਰ ਵਿੱਚ
ਮਰਨ ਤੱਕ
ਬਿਤਾਏ ਉਹ ਸਾਰੇ ਪਲ
ਸਦੀਆਂ ਵਾਂਗ ਗੁਜ਼ਰੇ
ਇਸੇ ਲਈ ਨਾ ਜੀ ਹੀ ਸਕੇ
ਚੱਜ ਨਾਲ
ਤੇ ਜਿਸ ਜ਼ਿੰਦਗੀ ਨੂੰ ਰੇੜ੍ਹ ਕੇ
ਜਿਉਂਇਆ
ਉਸ ਨੇ ਆਖਰ ਤੱਕ ਮਰਨ ਵੀ ਨਹੀਂ ਦੇਣਾ
ਤੇ ਮਰਨ ਤਕ ਜੀਣ ਵੀ ਨਹੀਂ ਦੇਣਾ
ਮੈਂ ਹੁਣ ਵੀ ਸੋਚਦਾ ਹਾਂ
ਕਿ ਮੈਂ ਜਿਸ ਦੁਨੀਆਂ ਵਿੱਚ ਰਹਿੰਦਾ ਹਾਂ
ਉੱਥੇ ਹੁੰਦਾ ਨਹੀਂ
ਤੇ ਜਿਥੇ ਹੁੰਦਾ ਹਾਂ
ਉੱਥੇ ਹੋਣ ਦੀ ਇਜ਼ਾਜ਼ਤ ਨਹੀ
ਮੈਨੂੰ ਮੇਰੇ ਆਪ ਨੂੰ ਵੀ
ਖਿਲਾਅ ਵਿੱਚ ਲਟਕਿਆਂ
ਕਈ ਦਹਾਕੇ ਗੁਜ਼ਰ ਗਏ ਹਨ
ਕਈ ਵਾਰੀ
ਪਿਆਸ ਦੇ ਸਾਗਰਾਂ ਦੇ ਪਾਰ ਜਾਣ ਦੀ ਕੋਸ਼ਿਸ਼
ਮੈਨੂੰ ਮਾਰੂਥਲਾਂ ਵਿੱਚ ਉਲੱਦ ਗਈ
ਕਈ ਵਾਰੀ ਮੈਂ ਭਟਕਿਆ, ਪਰਤਿਆ
ਤੇ ਰਾਹਾਂ ਦਾ ਹਿੱਸਾ ਬਣਿਆ
ਮੈਨ ਜੋ ਵੀ ਪਾਣੀ ਪੀਤਾ
ਉਸ ਦੀ ਹਰ ਬੂੰਦ ਪਿਆਸੀ ਸੀ
ਉਹ ਮੇਰੇ ਕੋਲ ਨਾ ਰਹੀ
ਤੇ ਮੇਰੀਆਂ ਅੱਖਾਂ ਸਾਹਵੇਂ
ਇਕ ਸੱਤਰੰਗੀ ਪੀਂਘ ਬਣ ਕੇ ਫੈਲ ਗਈ
ਮੈਂ ਦੌੜਿਆ ਉਸ ਦੇ ਪਿਛੇ
ਉਸ ਦੇ ਰੰਗ ਹੋਰ ਵੱਡੇ ਹੋ ਗਏ
ਹੋਰ ਵਿਸ਼ਾਲ
ਮੈਂ ਰੰਗਾਂ ਵਿੱਚ ਉਲਝਿਆ
ਮੈਂ ਰਾਹਾਂ ਵਿੱਚ ਉਲਝਿਆ
ਕਦੇ ਹਵਾ ਵਿੱਚ ਕਦੇ ਅੱਧ ਵਿਚਕਾਰ
ਮੈਂ ਕਦੇ ਆਰ
ਕਦੇ ਆਰ ਨਾ ਪਾਰ
ਹੁਣ ਮੈਂ ਸੋਚਦਾ ਹਾਂ
ਕਿ ਮੈਂ ਤੈਨੂੰ ਕਹਾਂਗਾ
ਕਿ ਜਦੋਂ ਤੇਰੀ ਤਲੀ ਉਪਰ
ਜ਼ਿੰਦਗੀ ਦੀ ਕੋਈ ਤਿਤਲੀ
ਸਵਾਲ ਬਣ ਕੇ ਆਵੇ
ਪਹਿਲੀ ਹੀ ਵਾਰੀ ਵਿੱਚ
ਉਸ ਨੂੰ ਹੱਲ ਕਰ ਦੇਵੀਂ
ਜ਼ਿੰਦਗੀ ਦੀ ਸਲੇਟ ਉਪਰ
ਨਾ ਉਸ ਤਿਤਲੀ ਨੂੰ ਕਿਤਾਬ ਵਿੱਚ ਦਫਨ ਕਰੀਂ
ਨਾ ਹਵਾ ਵਿੱਚ।
ਕਿਤਾਬ ਚੋਂ ਇਹ
ਕਦੇ ਕਵਿਤਾ
ਕਦੇ ਕੋਈ ਪ੍ਰਸ਼ਨ ਚਿੰਨ੍ਹ
ਬਣ ਕੇ ਪਰੇਸ਼ਾਨ ਕਰਦੀ ਰਹੇਗੀ
ਹਵਾ ਵਿੱਚ ਗਵਾਚੀ ਤਿਤਲੀ ਪਿਛੇ
ਮਨ ਸਦਾ ਦੌੜਦਾ ਰਹਿੰਦਾ ਹੈ
ਭਟਕਣ ਤੇ ਪਿਆਸ ਬਹੁਤ ਤੰਗ ਕਰਦੀਆਂ ਹਨ
ਨਾ ਜੀਂਦੀਆਂ ਹਨ
ਨਾ ਮਰਦੀਆਂ ਹਨ।


No comments:

Post a Comment