ਜਾਗੋ
ਕਦੇ ਅੱਲੜ ਹਾਸੇ ਨੇ
ਕਦੇ ਲੰਮੀਆਂ ਹੇਕਾਂ ਨੇ
ਚਰਖੀ ਦੀ ਘੂਕਰ ਨੇ
ਚਾਟੀ ਤੇ ਮਧਾਣੀ ਨੇ
ਝਨਾਂ ਦੀਆਂ ਲਹਿਰਾਂ ਨੇ
ਕਿਉਂ ਸੌਣ ਨਹੀਂ ਦਿਤਾ
ਕਦੇ ਤੇਰੇ ਖਾਬਾਂ ਨੇ
ਉਸ ਢੇਰ ਕਿਤਾਬਾਂ ਨੇ
ਗਿੱਧਿਆਂ ਦੀ ਢਾਣੀ ਨੇ
ਅੱਲ੍ਹੜ ਮੁਟਿਆਰਾਂ ਨੇ
ਨਾਸਮਝ ਬਹਾਰਾਂ ਨੇ
ਕੂੰਜਾਂ ਦੀਆਂ ਡਾਰਾਂ ਨੇ
ਕੁੜਤੀ ਦਿਆਂ ਮੋਰਾਂ ਨੇ
ਮੁਰਗਾਬੀ ਤੋਰਾਂ ਨੇ
ਝਾਂਜਰ ਦੀ ਛਣ ਛਣ ਨੇ
ਵੰਗਾਂ ਦੀ ਖਣ ਖਣ ਨੇ
ਪਿਤਲ ਦੀ ਗਾਗਰ ਨੇ
ਚਰਖੀ ਦੀ ਘੂਕਰ ਨੇ
ਸਤਰੰਗ ਕਬੂਤਰ ਨੇ
ਗਿੱਧੇ ਦੇ ਨਖਰੇ ਨੇ
ਤੇਰੇ ਕੋਕੇ ਵੱਖਰੇ ਨੇ
ਅੱਲੜਾਂ ਦੇ ਹਾਸੇ ਨੇ
ਉਸ ਖਾਲੀ ਕਾਸੇ ਨੇ
ਕੁਝ ਤੇਰੇ ਸੁਪਨਿਆਂ ਨੇ
ਕੁਝ ਮੇਰੇ ਖਿਆਲਾਂ ਨੇ
ਜਜ਼ਬਾਤੀ ਘੜੀਆਂ ਨੇ
ਭੂ ਗਰਭ ਭੂਚਾਲਾਂ ਨੇ
ਕੁਝ ਤੇਰੇ ਉਤਰਾਂ ਨੇ
ਤੇ ਮੇਰੇ ਸਵਾਲਾਂ ਨੇ
ਮੇਰੀ ਖਾਲੀ ਗਾਗਰ ਨੇ
ਤੇਰੇ ਉਮੜੇ ਸਾਗਰ ਨੇ
ਇਕ ਜਾਗੋ ਤੇਰੀ ਨੇ
ਕਾਗਜ਼ ਦੀ ਬੇੜੀ ਨੇ
ਸੌਣ ਨਹੀਂ ਦਿਤਾ
ਉਸ ਜਾਗਣ ਲਾ ਦਿਤਾ
ਦੁਖ ਝਾਗਣ ਲਾ ਦਿਤਾ
ਮੇਰੀ ਕਲਮ ਜਗਾ ਦਿਤੀ
ਇਕ ਢੇਰ ਖਾਮੋਸ਼ੀ
ਤੁਸੀਂ ਬੋਲਣ ਲਾ ਦਿਤੀ
No comments:
Post a Comment