Saturday, February 12, 2011

ਸਿੱਖਿਆ ਸੰਸਥਾਵਾਂ ਦਾ ਜੱਥੇਬੰਦਕ ਢਾਂਚਾ

ਸਿੱਖਿਆ ਸੰਸਥਾਵਾਂ ਦਾ ਜੱਥੇਬੰਦਕ ਢਾਂਚਾ

ਗੁਰਦੀਪ ਸਿੰਘ ਭਮਰਾ / 9878961218

 

ਛੋਟੇ ਹੁੰਦਿਆਂ ਦੁਨੀਆ ਦੀ ਬਹੁਤੀ ਸਮਝ ਨਹੀਂ ਸੀ ਹੁੰਦੇ, ਜਿਵੇਂ ਕੋਈ ਆਖਦਾ ਸੀ ਮੰਨ ਜਾਂਦੇ ਸਾਂ ਪਰ ਥੋੜ੍ਹੀ ਹੋਸ਼ ਆਈ ਤਾਂ ਸੋਚਿਆਂ ਕਿ ਆਪਣੇ ਲਈ ਦੁਨੀਆਂ ਆਪ ਸਿਰਜੀ ਜਾ ਸਕਦੀ ਹੈ ਸੋ ਇਸ ਲਈ ਬੜੇ ਹੌਂਸਲੇ ਨਾਲ ਯਤਨ ਸ਼ੁਰੂ ਕੀਤੇ, ਕਾਲਜ ਦੀ ਪੜ੍ਹਾਈ ਨੇ ਬਹੁਤ ਅਹਿਮ ਯੋਗਦਾਨ ਪਾਇਆ। ਜੋ ਕੁਝ ਅਸੀਂ ਘਰਾਂ ਤੋਂ ਨਹੀਂ ਸਾਂ ਲੈ ਸਕੇ ਉਹ ਸਾਡੇ ਕਾਲਜਾਂ ਨੇ ਸਾਨੂੰ ਦਿੱਤਾ। ਸਿੱਟੇ ਵੱਜੋਂ ਗਿਆਨ ਵਿੱਚ ਵਾਧਾ ਹੋਇਆ। ਥੌਹੜੀ ਥੋਹੜੀ ਦੁਨੀਆਂ ਦੀ ਚਾਲਾਕੀ ਵੀ ਸਮਝ ਆਉਣੀ ਸ਼ੁਰੂ ਹੋ ਗਈ। ਸਿਸਟਮ ਦੀ ਮੋਜੂਦਗੀ ਤੁਹਾਡੀ ਦਲੇਰੀ ਵਿੱਚ ਵਾਧਾ ਕਰਦੀ ਹੈ ਤੇ ਤੁਸੀਂ ਸਮਝਦੇ ਹੋ ਕਿ ਸਿਸਟਮ ਦੀ ਮੋਜੁਦਗੀ ਵਿੱਚ ਤੁਸੀਂ ਸੁਰਖਿਅਤ ਹੋ, ਸਿਸਟਮ ਤੁਹਾਨੂੰ ਹਰ ਹਾਲ ਵਿੱਚ ਬਚਾ ਲਏਗਾ ਤੇ ਸਿਸਟਮ ਤੁਹਾਡੀ ਹਿਫਾਜ਼ਤ ਲਈ ਹੈ ਪਰ ਬਾਅਦ ਵਿੱਚ ਪਤਾ ਲਗਿਆ ਕਿ ਇਹ ਸੱਭ ਕੁਝ ਸਾਡਾ ਭੁਲੇਖਾ ਸੀ। ਸਿਸਟਮ ਤਾਂ ਉਹ ਡਰਨਾ ਹੁੰਦਾ ਹੈ ਜਿਸ ਤੋਂ ਸੱਭ ਤੋਂ ਡਰਦੇ ਹਨ ਸਾਰੇ ਪੰਛੀ ਸਹਿਮ ਮੰਨਦੇ ਹਨ ਪਰ ਇਹ ਡਰਨਾ ਜਿਹਨਾਂ ਨੇ ਬਣਾਇਆ ਹੁੰਦਾ ਹੈ ਉਹ ਨਹੀਂ ਡਰਦੇ। ਕਦੇ ਇਸ ਨੂੰ ਕਿਤੇ ਤੇ ਕਦੇ ਕਿਤੇ ਗੱਡ ਦਿੰਦੇ ਹਨ।

 

ਕਾਲਜ ਸਮਾਜ ਦੀ ਸਿਰਜਣਾ ਲਈ ਹੁੰਦੇ ਹਨ ਤੇ ਕਾਲਜਾਂ ਦਾ ਕੰਮ ਅਕਾਦਮਿਕ ਪੜ੍ਹਾਈ ਨੂੰ ਸੰਭਾਲ ਕੇ ਰੱਖਣਾ ਹੈ, ਇਹ ਭੁਲੇਖਾ ਵੀ ਪਿਛਲੇ ਦਿਨੀ ਦੂਰ ਹੋ ਗਿਆ ਜਦੋਂ ਮੈਂ ਕਾਲਜਾਂ ਦਾ ਹਾਲ ਬਹੁਤ ਨੇੜਿਓ ਵੇਖਿਆ। ਹੱਥਲੇ ਲੇਖ ਦਾ ਮਕਸਦ ਕਿਸੇ ਨੂੰ ਜਾਣ ਬੁਝ ਕੇ ਨੀਵਾਂ ਦਿਖਾਉਣਾ ਨਹੀਂ ਸਗੋਂ ਉਹਨਾਂ ਲੱਖਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਹੈ ਜੋ ਕਾਲਜ ਜਾਂਦੇ ਬਚਿਆਂ ਦੇ ਮਾਂਪੇ ਹਨ ਜੋ ਆਪਣਾ ਪੇਟ ਕੱਟ ਕੇ ਬੱਚਿਆਂ ਦੀਆਂ ਪੜ੍ਹਾਈਆਂ ਲਈ ਰੁਪਏ ਪੈਸੇ ਖਰਚ ਕਰਦੇ ਹਨ ਤੇ ਫਿਰ ਉਹਨਾਂ ਉਪਰ ਆਪਣੀ ਜ਼ਿੰਦਗੀ ਦੀਆਂ ਉਮੀਦਾਂ ਦੇ ਸੁਪਨੇ ਵੀ ਟਿਕਾਉਂਦੇ ਹਨ। ਸੱਚਾਈ ਉਪਰ ਪਰਦਾ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਸੱਭ ਕੁਝ ਜੱਗ ਜ਼ਾਹਰ ਹੋ ਜਾਵੇ।

ਪਿਛਲੇ ਹਿੱਸੇ ਵਿੱਚ ਮੈਂ ਆਪਣੇ ਸ਼ਹਿਰ ਦੇ ਪੇਂਡੂ ਕਾਲਜ ਬਾਰੇ ਲਿਖਿਆ ਸੀ। ਇਹ ਕਾਲਜ ਸਨ, ਜੋ ਸਰਕਾਰੀ ਸਨ ਤੇ ਜਿਹਨਾਂ ਵਿੱਚ ਫੀਸਾਂ ਨਾਂ ਮਾਤਰ ਸਨ। ਲਾਇਬਰੇਰੀਆਂ ਭਰੀਆਂ ਪਈਆਂ ਸਨ। ਅਧਿਆਪਕ ਸਨ ਜੋ ਸਾਡੇ ਵਿੱਚ ਰੂਹ ਫੂਕਦੇ ਸਨ। ਪਰ ਅਜਿਹਾ ਨਹੀਂ ਸੀ ਕਿ ਕਾਲਜ ਵਿੱਚ ਮਾੜੇ ਅਧਿਆਪਕਾਂ ਦੀ ਕਮੀ ਸੀ, ਨਹੀਂ ਅਜਿਹੇ ਅਧਿਆਪਕ ਉਦੋਂ ਵੀ ਹੁੰਦੇ ਸਨ ਜੋ ਵਿਦਿਆਰਥੀਆਂ ਲਈ ਵਧਿਆ ਅਧਿਆਪਕ ਨਹੀਂ ਸਾਬਤ ਹੁੰਦੇ ਸਨ। ਜਿਹਨਾਂ ਨੂੰ ਪੜ੍ਹਾਉਣ ਦੀ ਜਾਚ ਨਹੀਂ ਸੀ। ਪਰ ਅਜਿਹੇ ਅਧਿਆਪਕ ਆਪਣੇ ਵਿਦਿਆਰਥੀਆਂ ਉਪਰ ਕੋਈ ਪ੍ਰਭਾਵ ਨਹੀਂ ਛੱਡ ਸਕੇ। ਸਰਕਾਰੀ ਕਾਲਜ ਵਿੱਚ ਪੜ੍ਹਦਿਆਂ ਜਿਸ ਦੂਜੇ ਅਧਿਆਪਕ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਉਹ ਸਨ ਸ. ਅਵਤਾਰ ਸਿੰਘ, ਰਾਜਨੀਤੀ ਸ਼ਾਸ਼ਤਰ ਦੇ ਪ੍ਰਾਅਧਿਆਪਕ, ਪਤਲਾ ਸਰੀਰ, ਲੰਮਾ ਕੱਦ ਤੇ ਥੋੜ੍ਹੀ ਥੋੜ੍ਹੀ ਕਤਰਵੀਂ ਦਾਹੜੀ, ਮੈਂ ਉਹਨਾਂ ਦਾ ਸਿਰਫ਼ ਇੱਕ ਹੀ ਪੀਰੀਅਡ ਲਾਇਆ, ਕੋਈ ਕਿਤਾਬ ਨਹੀਂ, ਕੋਈ ਹਾਜ਼ਰੀ ਨਹੀਂ ਆਏ ਤੇ ਬਲੈਕਬੋਰਡ ਉਪਰ ਲਿਖਿਆ, ਡੈਮੋਕਰੇਸੀ, ਇਸ ਵਿਸ਼ੇ ਬਾਰੇ ਉਹਨਾਂ ਇੱਕ ਅਸਾ ਲੈਕਚਰ ਦਿੱਤਾ ਜਿਸ ਦਾ ਹਰਫ਼ ਹਰਫ਼ ਅੱਜ ਵੀ ਯਾਦ ਹੈ। ਉਹਨਾਂ ਨੇ ਗੱਲਾਂ ਗੱਲਾਂ ਵਿੱਚ ਉਸ ਦੀ ਪ੍ਰੀਭਾਸਾ ਸ਼ਪਸ਼ਟ ਕਰ ਦਿੱਤੀ, ਯਾਦ ਕਰਵਾ ਦਿੱਤੀ, ਤੇ ਸਮਝਾ ਵੀ ਦਿੱਤੀ। ਕਾਸ਼ ਅਜਿਹੇ ਅਧਿਆਪਕ ਸਦਾ ਕਾਲਜਾਂ ਦਾ ਹਿੱਸਾ ਬਣ ਕੇ ਰਹਿੰਦੇ। ਸ. ਅਵਤਾਰ ਸਿੰਘ ਜੀ ਯੂ ਜੀ ਸੀ ਦੀ 55% ਵਾਲੀ ਨੀਤੀ ਦਾ ਸ਼ਿਕਾਰ ਹੋ ਗਏ। ਉਹ ਦੁਬਾਰਾ ਕਾਲਜ ਵਿੱਚ ਬਤੋਰ ਅਧਿਆਪਕ ਵਿਚਰ ਨਹੀਂ ਸਕੇ। ਹੁਣ ਸਮਝ ਆਈ ਹੈ ਕਿ ਪੜ੍ਹਾਉਣ ਲਈ ਡਿਗਰੀ ਤੇ ਨੰਬਰਾਂ ਦੀ ਨਹੀਂ ਸੂਝ ਦੀ ਜ਼ਰੁਰਤ ਹੁੰਦੀ ਹੈ। ਯੂ ਜੀ ਸੀ ਦੇਸ਼ ਦੀ ਇੱਕ ਵਾਹਦ ਸਸੰਥਾ ਹੈ ਜਿਸ ਦੇ ਫੈਸਲੇ ਹਮੇਸ਼ਾ ਹੀ ਗ਼ਲਤ ਰਹੇ। ਹੁਣ ਤੱਕ ਇਸ ਦੇ ਫੈਸਲੇ ਢੰਗ ਸਿਰ ਦੇ ਨਹੀਂ ਆ ਰਹੇ। ਇਸ ਦਾ ਫੈਸਲਾ ਇੱਕ ਵੱਖਰੇ ਲੇਖ ਵਿੱਚ ਕਰਾਂਗੇ।

 

ਇਸੇ ਕਾਲਜ ਦੀਆਂ ਜਮਾਤਾਂ ਵਿੱਚ ਬੈਠ ਕੇ ਅਸੀਂ ਪ੍ਰੋ, ਸ.ਸ.ਪਰਦੇਸੀ, ਪ੍ਰੋ. ਨਿਰਮਲ ਸਿੰਘ ਜੋਸ਼, ਪ੍ਰੋ ਵਾਈ ਪੀ ਵਾਲੀਆ, ਪ੍ਰੋ. ਬ੍ਰਹਮ ਜਗਦੀਸ਼, ਪ੍ਰੋ. ਹਰਬੰਸ ਸਿੰਘ ਗਿੱਲ ਆਦਿ ਦੀ ਸੰਗਤ ਮਾਣੀ। ਪੜ੍ਹਾਉਣਾ ਇੱਕ ਕਲਾ ਹੈ, ਹੁਨਰ ਹੈ, ਸਿਰਫ਼ ਐਮ ਏ ਕਰ ਲੈਣ ਨਾਲ 55% ਨੰਬਰ ਲੈ ਲੈਣ ਨਾਲ ਕੋਈ ਵੀ ਇਸ ਕਲਾ ਵਿੱਚ ਨਿਪੁੰਨ ਨਹੀਂ ਹੋ ਜਾਂਦਾ। ਪੀ ਐਚ ਡੀ ਵੀ ਕਿਸੇ ਨੂੰ ਵਿਦਵਾਨ ਨਹੀਂ ਬਣਾਉਂਦੀ। ਅਫ਼ਸੋਸ ਨਾ ਯੂ ਜੀ ਸੀ ਕੋਲ ਤੇ ਕਾਲਜਾਂ ਕੋਲ ਅਧਿਆਪਕਾਂ ਨੂੰ ਪੜ੍ਹਾਉਣ ਦੀ ਕਲਾ ਤੋਂ ਜਾਣੂ ਕਰਵਾਉਣ ਦਾ ਕੋਈ ਠੋਸ ਪ੍ਰਬੰਧ ਹੈ। ਬਹੁਤ ਅਧਿਆਪਕ ਅੱਜ ਵੀ ਚਾਕ ਟਾਕ ਨਾਲ ਹੀ ਕੰਮ ਚਲਾ ਰਹੇ ਹਨ। ਕੁਝ ਅਜਿਹੇ ਸਿਰਫਿਰੇ ਵੀ ਹਨ ਜੋ ਸਮਝਦੇ ਹਨ ਕਿ ਸਿਲੇਬਸ ਪੂਰਾ ਕਰਵਾ ਦੇਣਾ ਤੇ ਨੋਟਸ ਲਿਖਾ ਦੇਣਾ ਹੀ ਉਹਨਾਂ ਦਾ ਫਰਜ਼ ਹੈ ਜਦੋਂ ਕਿ ਵਿਦਿਆਰਥੀਆਂ ਅੰਦਰ ਗਿਆਨ ਵਾਸਤੇ ਸਪਿਰਟ ਜਗਾਉਣਾ ਜ਼ਰੁਰੀ ਹੈ। ਮੈਂ ਪਛਲੇ ਦਿਨੀ ਲਿਖੀ ਇਕ ਕਵਿਤਾ ਵਿੱਚ ਅਜਿਹੇ ਅਧਿਆਪਕਾਂ ਲਈ ‘ਬੁਝੇ ਦੀਵੇ’ ਸ਼ਬਦ ਵਰਤੇ ਹਨ, ਇਹ ਬੁਝੇ ਦੀਵੇ ਕੀ ਚਾਨਣ ਦੇਣਗੇ ਜੋ ਖੁਦ ਆਪ ਹਨੇਰੇ ਵਿੱਚ ਹਨ ਤੇ ਖੁਦ ਆਪਣੇ ਆਪ ਲਈ ਹੀ ਰੋਸ਼ਨੀ ਨਹੀਂ ਪੈਦਾ ਕਰ ਸਕੇ। ਅਸੀਂ ਜਗਦੇ ਦੀਵਿਆਂ ਦੀ ਰੋਸ਼ਨੀ ਵਿੱਚ ਪੜ੍ਹੇ ਹਾਂ, ਜੋ ਨਾ ਸਿਰਫ਼ ਜਗਦੇ ਸਨ ਸਗੌਂ ਸੇਕ ਮਾਰਦੇ ਸਨ ਤੇ ਚਾਨਣ ਵੰਡਣ ਲਈ ਤਤਪਰ ਰਹਿੰਦੇ ਸਨ।

 

ਅੱਜ ਟੈਕਨੀਕ ਦਾ ਜ਼ਮਾਨਾ ਹੈ, ਸੂਚਨਾ ਯੁਗ ਨੇ ਮਨੁੱਖ ਨੂੰ ਕਿਤੇ ਦਾ ਕਿਤੇ ਪੁਚਾ ਦਿੱਤਾ ਹੈ। ਪਰ ਕਾਲਜਾਂ ਵਿੱਚ ਹਾਲੇ ਸੂਚਨਾ ਯੁਗ ਨੇ ਦਸਤਕ ਦੇਣੀ ਹੈ। ਕੰਪਊਟਰ ਪ੍ਰਣਾਲੀ ਸਿਖਾਈ ਜਾ ਰਹੀ ਹੈ ਪਰ ਜਿਸ ਵਾਸਤੇ ਕੰਪਊਟਰ ਬਣਿਆ ਹੈ ਉਸ ਤੋਂ ਕੋਈ ਵਿਦਿਆਰਥੀ ਜਾਣਕਾਰ ਨਹੀਂ ਹੈ। ਮੈਂ ਜਦੋਂ ਪੜ੍ਹਦਾ ਸਾਂ, ਮੇਰੇ ਅਧਿਆਪਕ ਲਾਇਬਰੇਰੀ ਚੋਂ ਕਿਤਾਬਾਂ ਲਿਆ ਕੇ ਸਾਨੂੰ ਦਿਖਾਉਂਦੇ ਸਨ। ਸ਼ੈਕਸਪੀਅਰ ਦੀ ‘ਕੰਪਲੀਟ ਵਰਕਸ’ ਲਿਆ ਕੇ ਸਾਨੂੰ ਦਿਖਾਇਆ ਤੇ ਦੁਨੀਆ ਦੇ ਮਹਾਨ ਨਾਟਕਕਾਰ ਨਾਲ ਸਾਂਝ ਪੁਆਈ। ਦੀ ਲੇਡੀ ਆਫ਼ ਸ਼ੈਲਟ ਪੜ੍ਹਾਉਣ ਲਈ ਅਸਲੀ ਕਿਤਾਬ, ਜਿਸ ਵਿੱਚ ਉਸ ਕਵਿਤਾ ਦੀ ਤਸਵੀਰ ਵੀ ਸੀ ਦਿਖਾ ਕੇ ਕਵਿਤਾ ਸਮਝਾਈ ਗਈ। ਉਦੋਂ ਸੂਚਨਾ ਟੈਕਨੀਕ ਦਾ ਕੋਈ ਨਾਂ ਵੀ ਨਹੀਂ ਸੀ ਜਾਣਦਾ। ਉਹ ਜਗਦੇ ਦੀਵੇ ਸਨ। ਸਾਡੇ ਅੰਦਰ ਇੰਨੀ ਰੂਹ ਫੂਕ ਗਏ ਕਿ ਅੱਜ ਤੱਕ ਲਟ ਲਟ ਬਲ ਰਹੇ ਹਾਂ।

ਕਾਲਜਾਂ ਦੇ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਕਿ ਕੰਪਊਟਰ ਤੇ ਨੈਟ ਦੀ ਵਰਤੋਂ ਲਿਖਣ ਪੜ੍ਹਣ ਵਾਸਤੇ ਕੀਤੀ ਜਾ ਸਕਦੀ ਹੈ। ਇਸ ਉਪਰ ਦੁਨੀਆਂ ਦੀਆਂ ਸਾਰੀਆਂ ਡਿਕਸ਼ਨਰੀਆਂ ਉਪਲਭਦ ਹਨ, ਐਨਸਾਇਕੋਪਿਡੀਆ ਮੋਜੂਦ ਹਨ, ਈ ਬੁਕਸ ਦੀ ਸਹੂਲਤ ਹੈ ਤੇ ਇਸ ਤੋਂ ਵੱਧ ਹਰ ਵਿਸ਼ੇ ਬਾਰੇ ਯੂ ਟਿਊਬ ਉਪਰ ਵੀਡੀਉ ਰੂਪ ਵਿੱਚ ਜਾਣਕਾਰੀ ਹਾਸਲ ਹੈ। ਤੁਸੀਂ ਲਇਬਰੇਰੀ ਨਾ ਜਾ ਕੇ ਆਪਣੇ ਕੰਪਊਟਰ ਤੋਂ ਹੀ ਸਾਰੀ ਜਾਣਕਾਰੀ ਲੈ ਸਕਦੇ ਹਨ। ਪਰ ਵਿਦਿਆਰਥੀਆਂ ਨੂੰ ਇਹ ਨਹੀਂ ਦੱਸਿਆ ਜਾ ਰਿਹਾ। ਨੇਟ ਦੀ ਵਰਤੋਂ ਜਮਾਤਾਂ ਵਿੱਚ ਪੜ੍ਹਣ ਲਈ ਨਹੀਂ ਹੁੰਦੀ। ਵਿਦਿਆਰਥੀ ਇਸ ਦੀ ਵਰਤੋਂ ਸਿਰਫ਼ ਤੇ ਸਿਰਫ਼ ਸ਼ੋਸਲ ਨੈਟਵਰਕਿੰਗ ਜਿਵੇਂ ਅਰਕੁਟ ਤੇ ਚੈਟ ਕਰਨ ਵਿੱਚ ਹੀ ਕਰਦੇ ਹਨ। ਪਰ ਕਾਲਜਾਂ ਵਾਲੇ ਸੋਚਦੇ ਹਨ ਕਿ ਸਾਨੂੰ ਕਿਸੇ ਨਾਲ ਕੀ।

 

ਅਧਿਆਪਕ ਕਹਾਉਣਾ ਬੜਾ ਸੌਖਾ ਹੈ ਪਰ ਹੋਣਾ ਬੜਾ ਮੁਸ਼ਕਲ ਹੈ। ਮੇਰੀ ਜਾਚੇ ਚੰਗੇ ਅਧਿਆਪਕ ਦੀ ਸਾਰੀ ਉਮਰ ਵਿੱਚ ਆਪਣੇ ਵਿਦਿਆਰਥੀਆਂ ਦਾ ਕੱਦ ਵੱਡਾ ਕਰਨ ਵਿੱਚ ਹੀ ਲੰਘ ਜਾਣੀ ਚਾਹੀਦੀ ਹੈ ਉਹ ਐਮ ਏ ਕਰਕੇ ਦਾਖਲ ਹੁੰਦਾ ਹੈ ਤੇ ਕਾਲਜ ਚੋਂ ਨੌਕਰੀ ਖ਼ਤਮ ਕਰਕੇ ਜਦੋਂ ਉਹ ਬਾਹਰ ਆਉਂਦਾ ਹੈ ਤਾਂ ਉਹ ਐਮ ਏ ਹੀ ਰਹਿੰਦਾ ਹੈ। ਉਹ ਖੁਦ ਫੈਲਦਾ ਹੈ ਵਿਦਿਆਰਥੀਆਂ ਦੇ ਰੂਪ ਵਿੱਚ, ਪੜ੍ਹਦਾ ਹੈ ਪੜ੍ਹਾਉਣ ਲਈ ਤੇ ਪੜ੍ਹਣ ਪੜ੍ਹਾਉਣ ਨਾਲ ਉਸ ਨੂੰ ਆਪਣੇ ਜੰਨੂਨ ਜਿੰਨੀ ਮੁਹੱਬਤ ਹੁੰਦੀ ਹੈ, ਪਰ ਅਜ ਕੱਲ ਅਜਿਹਾ ਨਹੀਂ ਹੈ, ਅਧਿਆਪਕ ਆਪਣਾ ਬਹੁਤਾ ਸਮਾਂ ਆਪਣੇ ਆਪ ਨੂੰ ਵਧਾਉਣ ਜਾਂ ਬੈਂਕ ਬੈਲੇਂਸ ਨੂੰ ਵਧਾਉਣ ਵਿੱਚ ਲੱਗੇ ਰਹਿੰਦੇ ਹਨ। ਉਹ ਐਮ ਤੋਂ ਬਾਦ ਉਚੇਰੀ ਪੜ੍ਹਾਈ ਵਿੱਚ ਰੁਝ ਜਾਂਦੇ ਹਨ ਜਾਂ ਆਪਣਾ ਬਹੁਤਾ ਸਮਾਂ ਆਪਣੇ ਵਿਸ਼ੇ ਤੋਂ ਬਾਹਰ ਜਾ ਕੋਈ ਹੋਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਕੋਈ ਨਵਾਂ ਵਾਪਾਰ ਸ਼ੁਰੂ ਕਰ ਦਿੰਦਾ ਹੈ, ਕੋਈ ਟਿਊਸ਼ਨ ਪੜ੍ਹਾਉਂਦਾ ਹੈ, ਕੋਈ ਕੋਚਿੰਗ ਕਰਦਾ ਹੈ, ਕੋਈ ਸਾਹਿਤ ਰਚਨਾ ਵੱਲ ਤੁਰ ਪੈਂਦਾ ਹੈ ਤੇ ਕੋਈ ਪਬਲਿਸ਼ਰਾਂ ਵਾਸਤੇ ਕਿਤਾਬਾਂ ਲਿਖਣ ਲੱਗ ਪੈਂਦਾ ਹੈ। ਉਹ ਸੋਚਦਾ ਹੈ ਕਿ ਸ਼ਾਇਦ ਇਹ ਉਸ ਦੇ ਵਾਧੂ ਸਮੇਂ ਦਾ ਸਦਉਪਯੋਗ ਹੈ। ਪਰ ਨਹੀਂ, ਅਜਿਹਾ ਨਹੀਂ ਹੁੰਦਾ। ਉਸ ਦੀ ਕਿਸੇ ਵੀ ਪੜ੍ਹਾਈ ਦਾ, ਲਿਖੀ ਕਿਤਾਬ ਦਾ, ਪੀ ਐਚ ਡੀ ਦਾ ਉਸ ਦੇ ਵਿਦਿਆਰਥੀਆਂ ਨੂੰ ਕੋਈ ਲਾਭ ਨਹੀਂ ਹੁੰਦਾ। ਅਸਲ ਵਿੱਚ ਉਸ ਨੇ ਆਪਣੇ ਸਮੇਂ ਦੇ ਸਦਉਪਯੋਗ ਨੂੰ ਸਮਝਿਆ ਹੀ ਨਹੀਂ ਹੁੰਦਾ। ਉਹ ਤਾਂ ਬਸ ਖੂਹ ਦੇ ਡੱਡੂ ਵਾਂਗ ਗੜੈਂ ਗੜੈਂ ਵਿੱਚ ਹੀ ਵਿਚਰ ਕੇ ਆ ਜਾਂਦਾ ਹੈ। ਕਦੇ ਕਿਸੇ ਅਧਿਆਪਕ ਨੇ ਸੋਚਿਆ ਹੈ ਕਿ ਉਹ ਆਪਣੇ ਪੜ੍ਹਾਉਣ ਦਾ ਤਰੀਕੇ ਵਿੱਚ ਕੋਈ ਤਬਦੀਲੀ ਕਿਵੇਂ ਲਿਆ ਸਕਦਾ ਹੈ। ਉਸ ਨੂੰ ਪੈਡਾਗੋਜੀ ਸਿਖਣੀ ਚਾਹੀਦੀ ਹੈ। ਪੱਕੀ ਉਮਰ ਦੇ ਵਿਦਿਆਰਥੀਆਂ ਨੂੰ ਕਿਵੇਂ ਪੜ੍ਹਾਇਆ ਜਾਵੇ, ਇਸ ਬਾਰੇ ਉਸ ਨੂੰ ਖੋਜ ਕਰਨੀ ਚਾਹੀਦੀ ਹੈ। ਬਹੁਤੇ ਅਧਿਆਪਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦੇ ਵਿਸ਼ੇ ਦਾ ਕੀ ਲਾਭ ਹੈ। ਮੈਂ ਇੱਕ ਪ੍ਰੋਫੈਸਰ ਨੂੰ ਮਿਲਿਆ ਉਹ ਐਮ ਏ ਰਾਜਨੀਤੀ ਸ਼ਾਸ਼ਤਰ, ਐਲ ਐਲ ਬੀ, ਐਮ ਏ ਦਰਸ਼ਨ ਸ਼ਾਸਤਰ ਤੇ ਫਿਰ ਪੀ ਐਚ ਡੀ ਤੇ ਹੁਣ ਇਸੇ ਵਿਸ਼ੇ ਵਿੱਚ ਹੀ ਐਡਹਾਕ ਲੈਕਰਚਰਰ ਲੱਗਾ ਹੋਇਆ ਹੈ। ਮੈਂ ਉਸ ਦੀ ਵਿਦਿਆ ਸੁਣ ਕੇ ਉਹਨਾਂ ਵਿੱਚ ਕੋਈ ਲਿੰਕ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।

 

ਬੜੀ ਹੈਰਾਨੀ ਹੁੰਦੀ ਹੈ ਜਦੋਂ ਕੋਈ ਕਿਸੇ ਓਝੜ ਰਾਹ ਨੂੰ ਤੁਰ ਪੈਂਦਾ ਹੈ। ਹੁਣ ਉਹੀ ਲੈਕਚਰਚ ਐਮ ਬੀ ਏ ਕਰਨ ਬਾਰੇ ਸਲਾਹ ਪੁੱਛ ਰਿਹਾ ਸੀ। ਬਹੁਤੇ ਲੋਕ ਆਪਣੇ ਕਿੱਤੇ ਨਾਲ ਰੋਟੀ ਰੋਜ਼ੀ ਲਈ ਜੁੜੇ ਹੁੰਦੇ ਹਨ। ਉਹ ਰੋਟੀ ਰੋਜ਼ੀ ਲਈ ਹੀ ਪੜ੍ਹਾਈ ਕਰਦੇ ਹਨ। ਉਹਨਾਂ ਆਪਣੀ ਜ਼ਿੰਦਗੀ ਵਿੱਚ ਕੱਟੀਆਂ ਤੰਗੀਆਂ ਤੁਰਸ਼ੀਆਂ ਚੋਂ ਲੰਘੇ ਹੁੰਦੇ ਹਨ ਤੇ ਇਸ ਲਈ ਉਹ ਪੜ੍ਹ ਕੇ ਕੋਈ ਚੰਗੀ ਨੌਕਰੀ ਦੀ ਭਾਲ ਕਰਦੇ ਹਨ ਜਾਂ ਚੰਗੀ ਨੌਕਰੀ ਦੀ ਭਾਲ ਲਈ ਹੀ ਪੜ੍ਹਦੇ ਹਨ। ਚੰਗੀ ਨੌਕਰੀ ਤੋਂ ਭਾਵ ਇਹ ਨਹੀਂ ਹੁੰਦਾ ਕਿ ਉਹਨਾਂ ਦੀ ਸ਼ਖਸੀਅਤ ਵਿੱਚ ਕੲ ਨਿਖਾਰ ਆਵੇ, ਸਗੋਂ ਇਸ ਦਾ ਮਾਪਡੰਡ ਬਹੁਤਾ ਪੈਸਾ ਹੁੰਦਾ ਹੈ। ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਪਛਾਣਿਆ ਨਹੀਂ ਹੁੰਦਾ।

 

ਸਵੈ ਦੀ ਪਛਾਣ ਬਹੁਤ ਜ਼ਰੂਰੀ ਹੈ ਜੋ ਤਕਰੀਬਨ ਸਕੂਲ ਚੋਂ ਬਾਹਰ ਨਿਕਲਦੇ ਨਿਕਲਦੇ ਆ ਜਾਣੀ ਚਾਹੀਦੀ ਹੈ। ਮਨੁੱਖ ਇਸ ਗੱਲ ਦਾ ਫੈਸਲਾ ਤਾਂ ਕਰ ਸਕਦਾ ਹੈ ਕਿ ਉਹ ਆਪਣੀ ਜ਼ਿੰਦਗੀ ਤੋਂ ਕੀ ਚਾਹੁੰਦਾ ਹੈ; ਤੇ ਇਸ ਦੀ ਪ੍ਰਾਪਤੀ ਉਹ ਕਿਵੇਂ ਕਰ ਸਕਦਾ ਹੈ। ਜੇ ਕਰ ਉਹ ਇਸ ਵਿੱਚ ਅਸਮਰਥ ਰਹਿੰਦਾ ਹੈ ਤਾਂ ਉਸ ਨੂੰ ਮੁੜ ਸੋਚ ਵਿਚਾਰ ਕਰਨੀ ਚਾਹੀਦੀ ਹੈ, ਸਿਆਣੇ ਵਿਅਕਤੀ ਦੀ ਰਾਏ ਲੈਣੀ ਚਾਹੀਦੀ ਹੈ ਤੇ ਉਸੇ ਕੰਮ ਨੂੰ ਹੀ ਅਪਣਾਉਣਾ ਚਾਹੀਦਾ ਹੈ ਜਿਸ ਵਿੱਚ ਉਸ ਦੇ ਮਨ ਦਾ ਰੁਝਾਨ ਹੈ ਤੇ ਜਿਸ ਨੂੰ ਕਰਨ ਵਿੱਚ ਉਸ ਨੂੰ ਅਨੰਦ ਮਿਲਦਾ ਹੈ।

 

ਕੰਮ ਕੋਈ ਵੀ ਹੋ ਸਕਦਾ ਹੈ। ਕੰਮ ਕੋਈ ਵੀ ਮਾੜਾ ਨਹੀਂ। ਦੁਕਾਨਦਾਰੀ ਵੀ ਮਾੜੀ ਨਹੀਂ। ਪਰ ਹਰ ਕੰਮ ਦਾ ਆਪਣਾ ਇੱਕ ਮਾਹੌਲ ਹੁੰਦਾ ਹੈ। ਦੁਕਾਨਦਾਰ ਨੂੰ ਰੋਜ਼ ਦੀ ਆਮਦਨ ਹੁੰਦੀ ਹੈ। ਨੌਕਰੀ ਵਿੱਚ ਹਰ ਮਹੀਨੇ ਤਨਖਾਹ ਹੁੰਦੀ ਹੈ ਤੇ ਕਿਸਾਨ ਦੀ ਫਸਲ ਹਰ ਛੇ ਮਹੀਨੇ ਬਾਅਦ ਪੱਕਦੀ ਹੈ। ਰਿਸਕ ਸੱਭ ਵਿੱਚ ਹੈ ਪਰ ਆਪੋ ਆਪਣੀ ਤਰ੍ਹਾਂ ਦਾ। ਕਿਤੇ ਆਜ਼ਾਦੀ ਹੈ, ਖੁਦ ਮੁਖਤਿਆਰੀ ਹੈ ਤੇ ਕਿਸੇ ਹੁਕਮ ਬਜਾਉਣ ਦੀ ਪਾਬੰਦੀ ਹੈ। ਕਿਤੇ ਵਾਧਾ ਹੈ, ਕਿਤੇ ਸਿਆਣਪ ਹੈ ਤੇ ਕਿਤੇ ਸੰਤੁਸ਼ਟੀ। ਕੰਮ ਕੋਈ ਵੀ ਮਾੜਾ ਨਹੀਂ, ਬੱਸ ਵਿਅਕਤੀ ਨੂੰ ਆਪਣੇ ਆਪ ਨੂੰ ਨਵੇਂ ਮਾਹੌਲ ਵਿੱਚ ਸਿਧਾਉਣਾ ਪੈਂਦਾ ਹੈ। ਜੋ ਵੀ ਕਰੇ ਉਹ ਵਧੀਆ ਕਰੇ ਤੇ ਇਹ ਸੋਚ ਕੇ ਕਰੇ ਕਿ ਕੁਦਰਤ ਨੇ ਇਹ ਕੰਮ ਉਸ ਦੇ ਹਿੱਸੇ ਲਾਇਆ ਹੈ ਸੋ ਪੂਰੀ ਈਮਾਨਦਾਰੀ ਨਾਲ ਇਸ ਨੂੰ ਕਰਨਾ ਹੈ। ਕੋਈ ਘਾਟ ਨਹੀਂ ਰਹਿੰਦੀ। ਸਫ਼ਲਤਾ ਜ਼ਰੁਰ ਮਿਲਦੀ ਹੈ, ਦੇਰ ਸਵੇਰ। ਦੁਨੀਆ ਦੀ ਦੇਖਾ ਦੇਖੀ ਕਿਸੇ ਵੀ ਕੰਮ ਨੂੰ ਨਾ ਅਪਣਾਓ; ਪਰ ਜੋ ਆਪਣਾਓ ਉਸ ਨਾਲ ਨਿਆਂ ਕਰੋ, ਉਸ ਨਾਲ ਜੁੜੇ ਹਰ ਵਿਅਕਤੀ ਨਾਲ ਨਿਆਂ ਕਰੋ। ਆਪਣੇ ਆਪ ਲਈ, ਆਪਣੇ ਕਸਬ ਲਈ ਈਮਾਨਦਾਰ ਰਹੋ। ਜ਼ਿਂਦਗੀ ਦੀ ਦੌੜ ਵਿੱਚ ਸ਼ਾਮਲ ਜ਼ਰੂਰ ਹੋਵੋ ਪਰ ਉਸ ਨੂੰ ਆਪਣੇ ਅਸੂਲਾਂ ਨਾਲ ਦੌੜੋ। ਆਪਣੇ ਕੰਮ ਵਿੱਚ ਸਤੁੰਸ਼ਟ ਰਹੋ ਤੇ ਰੱਜੇ ਹੋਏ ਨਜ਼ਰ ਆਵੋ। ਇਹ ਬਹੁਤ ਜ਼ਰੂਰੀ ਹੈ, ਸਿਹਤਮੰਦ ਸਮਾਜ ਸਿਰਜਣ ਲਈ। ਭੁੱਖੇ ਕੁੱਤੇ ਰੋਟੀ ਦਾ ਕੀ ਹਾਲ ਕਰਦੇ ਇਸ ਦਾ ਅੰਦਾਜ਼ਾ ਲਾ ਲਵੋ।

 

ਮੈਂ ਬਹੁਤ ਲੋਕ ਦੇਖੇ ਹਨ ਜੋ ਰਿਟਾਇਰਮੈਂਟ ਤੋਂ ਬਾਅਦ ਦੁਨੀਆ ਬਾਰੇ ਬੜੇ ਗ਼ਿਲੇ ਰੱਖਦੇ ਹਨ, ਉਹ ਹਰ ਕੰਮ ਵਿੱਚ ਗ਼ਲਤੀ ਕੱਢਦੇ ਹਨ ਤੇ ਇਸ ਦਾ ਦੋਸ਼ ਕਦੇ ਸਰਕਾਰ ਤੇ ਕਦੇ ਕਿਸੇ ਹੋਰ ਉਪਰ ਧਰਦੇ ਨਜ਼ਰ ਆਉਂਦੇ ਹਨ। ਉਹ ਕੁਰੱਪਸ਼ਨ ਤੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਨ, ਘੱਟ ਰਹੇ ਸ਼ਿਸ਼ਟਾਚਾਰ ਦੀ ਗੱਲ ਕਰਦੇ ਹਨ, ਬੱਚਿਆਂ ਦੇ ਬੇਹੂਦਾ ਜੀਣ ਢੰਗ ਬਾਰੇ ਗੱਲ ਕਰਦੇ ਹਨ, ਜੋ ਮੇਰੀ ਜਾਚੇ ਗ਼ਲਤ ਹੈ। ਅਸਲ ਵਿੱਚ ਇਹ ਉਹ ਲੋਕ ਹਨ ਜਿਹਨਾਂ ਉਦੋਂ ਕੁਝ ਨਹੀਂ ਕੀਤਾ ਹੁੰਦਾ ਜਦੋਂ ਇਹ ਆਪਣੇ ਅਹੁਦਿਆਂ ਉਪਰ ਸ਼ੁਸ਼ੋਭਿਤ ਸਨ, ਤੇ ਸਮਾਜ ਦੀ ਮਸ਼ੀਨਰੀ ਦਾ ਹਿੱਸਾ ਸਨ। ਉਦੋਂ ਹਰ ਕੰਮ ਤੋਂ ਅੱਖਾਂ ਮੀਟ ਕੇ ਰੱਖੀਆਂ। ਇਹਨਾਂ ਦੇ ਮੇਜ਼ਾਂ ਹੇਠਾਂ ਹੀ ਭ੍ਰਿਸ਼ਟਾਚਾਰ ਪਨਪਦਾ ਰਿਹਾ ਪਰ ਇਹਨਾਂ ਕੁਝ ਨਾ ਕੀਤਾ। ਸਾਡੇ ਦੇਸ਼ ਵਿੱਚ ਸਿਖਿਆ ਪ੍ਰਣਾਲੀ ਤੇ ਰੁਜ਼ਗਾਰ ਪ੍ਰਣਾਲੀ ਦਾ ਬੇੜਾ ਗਰਕ ਹੋ ਗਿਆ ਪਰ ਕਿਸੇ ਨੇ ਕੁਝ ਨਾ ਕੀਤਾ। ਕਿਸੇ ਨੇ ਆਪਣੇ ਦਫ਼ਤਰੋਂ ਕੋਈ ਚਿੱਠੀ ਜਾਰੀ ਨਹੀਂ ਕੀਤੀ ਤੇ ਜਨ ਹਿੱਤ ਦਾ ਕਦੇ ਕੁਝ ਨਹੀਂ ਸੋਚਿਆ। ਜੇ ਕੋਈ ਮੁੱਖ ਅਧਿਆਪਕ ਨਕਲ ਦੇ ਵੱਧ ਰਹੇ ਰੁਝਾਣ ਬਾਰੇ ਗੱਲ ਕਰਦਾ ਹੈ ਤਾਂ ਕੀ ਉਹ ਸੁਣੀ ਜਾ ਸਕਦੀ ਹੈ? ਸ਼ਾਇਦ ਨਹੀਂ, ਮੁੱਖ ਅਧਿਆਪਕ ਜ਼ਿੰਮੇਵਾਰ ਹੈ ਸਿੱਧੇ ਤੌਰ ਤੇ ਸਿਖਿਆ ਪ੍ਰਣਾਲੀ ਨੂੰ ਸੇਧ ਦੇਣ ਵਿੱਚ ਪਰ ਉਸ ਨੇ ਆਪਣੀ ਭੂਮਿਕਾ ਸਾਰਥਕ ਤੌਰ ਤੇ ਨਹੀਂ ਨਿਭਾਈ ਹੁੰਦੀ। ਉਹ ਸੱਭ ਕੁਝ ਕਰ ਸਕਦਾ ਹੈ, ਜਿਥੋਂ ਤੱਕ ਉਸ ਦਾ ਵੱਸ ਚੱਲਦਾ ਹੈ। ਪਰ ਨਹੀਂ ਉਹ ਸਮਾਜ ਦੀ ਸਾਰਥਕਤਾ ਵਾਸਤੇ ਕੰਮ ਨਹੀਂ ਕਰਦਾ। ਉਸ ਦੇ ਕੰਮ ਦੇ ਘੰਟੇ ਮਿੱਥੇ ਹੁੰਦੇ ਹਨ ਤੇ ਉਸਦਾ ਮਹੀਨਾ ਤੀਹ ਦਿਨਾਂ ਦਾ ਹੁੰਦਾ ਹੈ ਤੇ ਹਰ ਸਾਲ ਬਾਅਦ ਉਹ ਆਪਣੀ ਤਰੱਕੀ ਤੇ ਇਨਕਰੀਮੈਂਟ ਬਾਰੇ ਚਰਚਾ ਕਰਦਾ ਹੈ। ਉਸ ਨੇ ਆਪਣੇ ਸਕੂਲ ਵਿੱਚ ਆਪਣੇ ਸਾਥੀ ਅਧਿਆਪਕਾਂ ਅੰਦਰ ਆਪਣੇ ਬਾਰੇ ਕੋਈ ਥਾਂ ਨਹੀਂ ਬਣਾਈ ਹੁੰਦੀ। ਸਕੂਲ ਦੇ ਪਾਠ ਕ੍ਰਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੁੰਦੀ ਤੇ ਨਾ ਹੀ ਉਸ ਨੇ ਕਦੇ ਸਕੂਲ ਵਿੱਚ ਕੋਈ ਖਾਸ ਪ੍ਰੋਗਰਾਮ ਕਰਵਾਏ ਹੁੰਦੇ ਹਨ। ਅਸਲ ਵਿਚ ਉਹ ਸਕੂਲ ਦੇ ਪ੍ਰਬੰਧ ਦਾ ਉਹ ਨਿਪੁੰਸਕ ਪੁਰਜ਼ਾ ਹੁੰਦਾ ਹੈ ਜੋ ਇਹ ਸਮਝਦਾ ਹੈ ਕਿ ਉਸ ਦੀ ਜ਼ਿੰਮੇਵਾਰੀ ਸਿਰਫ਼ ਦਸਤਖਤਾਂ ਨਾਲ ਹੀ ਮੁੱਕ ਜਾਂਦੀ ਹੈ। ਮੈਂ ਹੈਰਾਨ ਰਹਿ ਜਾਂਦਾ ਹਾਂ ਇਹ ਦੇਖ ਕੇ ਕਿ ਬਹੁਤੀ ਵੱਡੀ ਗ਼ਿਣਤੀ ਦੇ ਮੁੱਖ ਅਧਿਆਪਕਾਂ ਦੀ ਰੁਚੀ ਸਿਖਿਆ ਨਹੀਂ ਹੁੰਦੀ। ਉਹ ਇਸ ਨੂੰ ਨੌਕਰੀ ਦਾ ਹਿਸਾ ਸਮਝ ਕੇ ਪੂਰਾ ਕਰਦੇ ਹਨ। ਉਹਨਾਂ ਨੇ ਆਪਣੇ ਖੁਦ ਦੇ ਸਕੂਲ ਪ੍ਰਬੰਧ ਬਾਰੇ ਕੁਝ ਨਹੀਂ ਜਾਣਿਆ ਹੁੰਦਾ। ਇਹ ਗੱਲ ਜ਼ਿਕਰਯੋਗ ਹੈ ਕਿ ਸਕੂਲ ਪ੍ਰਬੰਧਨ ਦੀ ਸੱਭ ਤੋਂ ਵਧੀਆ ਪੁਸਤਕ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਖਰੜ ਵਿੱਚ ਰਹਿ ਕੇ ਕ੍ਰਿਸਚਿਅਨ ਹਾਈ ਸਕੂਲ ਦੇ ਹੈਡਮਾਸਟਰ ਦੇ ਪਦ ਉਪਰ ਕੰਮ ਕਰਦੇ ਵਿਅਕਤੀ ਨੇ ਲਿਖੀ। ਇਹ ਕਿਤਾਬ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਲੰਡਨ ਨੇ ਛਾਪਿਆ ਤੇ ਇਹ ਪੁਸਤਕ ਅੱਜ ਵੀ ਮੀਲ ਪੱਥਰ ਹੈ। ਇਸ ਵਿੱਚ ਸੱਭ ਕੁਝ ਮਿਲਦਾ ਹੈ, ਸੱਭ ਕੁਝ ਤੋਂ ਭਾੜ ਸੱਭ ਕੁਝ, ਇਸ ਦਾ ਪੰਜਾਬੀ ਅਨੁਵਾਦ ਵੀ ਉਪਲਭਦ ਹੈ ਪਰ ਕਿੰਨੇ ਸਕੂਲਾਂ ਵਿੱਚ ਇਹ ਕਿਤਾਬ ਉਪਲਭਦ ਹੈ, ਸਕੂਲ ਦੀ ਅਮੀਰੀ ਦਾ ਅੰਦਾਜ਼ਾ ਲੱਗ ਜਾਵੇਗਾ। ਇਸ ਪੁਸਤਕ ਵਿੱਚ ਹਰ ਵਿਸ਼ੇ ਨਾਲ ਜੁੜੇ ਸਵਾਲਾਂ ਲਈ ਮਾਪਡੰਡ ਨਿਰਧਾਰਤ ਕੀਤੇ ਹੋਏ ਮਿਲ ਜਾਂਦੇ ਹਨ, ਗਰਾਉਂਡ ਕਿਵੇਂ ਦਾ ਹੋਵੇ, ਸਕੂਲ ਵਿੱਚ ਖੇਡਾਂ ਤੇ ਉਹਨਾਂ ਦੇ ਨਿਯਮ, ਕਮਰਿਆਂ ਦੀ ਲੰਬਾਈ ਚੌੜਾਈ, ਫਰਨੀਚਰ ਦੀ ਬਣਤਰ, ਧੁਪ ਛਾਂ ਦਾ ਹਿਸਾਬ, ਰਜਿਸਟਰਾਂ ਦਾ ਲੇਖਾ ਜੋਖਾ, ਗੱਲ ਕੀ ਹਰ ਗੱਲ ਦਾ ਜਵਾਬ ਹੈ ਤੇ ਉਸ ਦੇ ਵਿਦਿਅਕ ਮਾਪਡੰਡ ਵੀ ਮਿਲਦੇ ਹਨ, ਕਿ ਇਹ ਸੱਭ ਕਿਉਂ ਕਰਨਾ ਪੈਂਦਾ ਹੈ। ਸਕੂਲਾਂ ਵਿੱਚ ਸਜ਼ਾ ਬਾਰੇ ਕੀ ਪ੍ਰਾਵਾਧਾਨ ਹੈ ਇਸ ਬਾਰੇ ਜ਼ਿਕਰ ਵੀ ਮਿਲਦਾ ਹੈ। ਮੈਂ ਕਿਸੇ ਵੀ ਸਕੂਲ ਵਿੱਚ ਸਜ਼ਾ ਦਾ ਰਜਿਸਟਰ ਨਹੀਂ ਦੇਖਿਆ, ਪਾਠਕ ਆਪ ਅੰਦਾਜ਼ਾ ਲਾ ਲੈਣ ਕਿ ਅਸੀਂ ਕਿੱਥੇ ਖੜੇ ਹਾਂ। ਇਸ ਪੁਸਤਕ ਵਿੱਚ ਹਰ ਫੈਸਲਾ ਪੰਜਾਬ ਦੇ ਮੌਸਮ, ਪੰਜਾਬ ਦੀ ਆਬੋ ਹਵਾ ਨੂੰ ਸਾਹਮਣੇ ਰੱਖ ਕੇ ਕੀਤਾ ਮਿਲਦਾ ਹੈ।

 

ਜਿਸ ਦੁਸਰੀ ਕਿਤਾਬ ਦਾ ਜ਼ਿਕਰ ਕਰਨਾ ਬਣਦਾ ਹੈ ਉਹ ਹੈ ਸਿਖਿਆ ਕੋਡ। ਸਾਡੇ ਦੇਸ਼ ਵਿੱਚ ਹਾਲੇ ਤੱਕ ਸਿਖਿਆ ਦਾ ਕਾਨੂੰਨ ਨਹੀਂ ਹੈ। ਸਾਡੇ ਕੋਲ ਸਿਖਿਆ ਦਾ ਕੋਡ ਹੈ ਤੇ ਉਸੇ ਨੂੰ ਹੀ ਸਿਖਿਆ ਦੇ ਕਾਨੂੰਨ ਦਾ ਨਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕੋਡ ਤੇ ਕਾਨੂੰਨ ਵਿੱਚ ਕੁਝ ਅੰਤਰ ਹੁੰਦਾ ਹੈ। ਹਰ ਸਕੂਲ ਵਿੱਚ ਇਹ ਕਿਤਾਬ ਹੋਣੀ ਚਾਹੀਦੀ ਹੈ। ਪਰ ਅਜਿਹਾ ਨਹੀ ਹੈ। ਸਿਖਿਆ ਬਾਰੇ ਫੈਸਲੇ ਕਰਨ ਵਾਲਿਆਂ ਨੂੰ ਸਿਖਿਆ ਦੇ ਤੇ ਇਸ ਨਾਲ ਜੁੜੇ ਫੈਸਲਿਆਂ ਦੇ ਮਾਪ ਡੰਡਾਂ ਦਾ ਕੋਈ ਪਤਾ ਨਹੀਂ ਹੁੰਦਾ।

 

ਗੱਲ ਕਾਲਜਾਂ ਦੀ ਹੋ ਰਹੀ ਹੈ। ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਕਿਵੇਂ ਪੜ੍ਹਾਇਆ ਜਾਵੇ, ਕਿਸ ਵਿਧੀ ਨਾਲ ਤੇ ਉਹਨਾਂ ਨੂੰ ਕਿਵੇਂ ਆਪਣੇ ਵਿਸ਼ੇ ਜਾਲ ਜੋੜੀ ਰੱਖਿਆ ਜਾਵੇ, ਇਸ ਬਾਰੇ ਕੋਈ ਸਪਸ਼ਟ ਨੀਤੀ ਨਹੀਂ ਮਿਲਦੀ। ਕਾਲਜ ਵਿਦਿਆਰਥੀਆਂ ਤੋਂ ਮਨਚਾਹੀਆਂ ਫੀਸਾਂ ਵਸੂਲਦੇ ਹਨ ਪਰ ਜਿਸ ਮਕਸਦ ਵਾਸਤੇ ਵਿਦਿਆਰਥੀ ਆਪਣਾ ਸਮਾਂ ਤੇ ਧਨ ਖਰਚ ਕਰਦੇ ਹਨ ਉਸ ਵਾਸਤੇ ਕਾਲਜ ਕੀ ਕਰਦੇ ਹਨ, ਇਸ ਬਾਰੇ ਕਿਸੇ ਵੀ ਕਾਲਜ ਕੋਲ ਕੋਈ ਜਵਾਬ ਨਹੀਂ। ਇਮਾਰਤ ਸਜਾ ਕੇ ਰੱਖੀ ਜਾਂਦੀ ਹੈ ਪਰ ਓਨਾ ਹਿਸਾ ਜੋ ਮਾਂਪਿਆਂ ਦੇ ਸੰਪਰਕ ਵਿੱਚ ਰਹਿੰਦਾ ਹੈ ਪਰ ਜੋ ਹਿੱਸਾ ਬਚਿਆਂ ਨੇ ਵਰਤਣਾ ਹੁੰਦਾ ਹੈ ਉਸਦੀ ਕਿਸੇ ਨੇ ਸਾਰ ਹੀ ਨਹੀਂ ਲਈ ਹੁੰਦੀ। ਜਿਵੇਂ ਹਰ ਸਜੀ ਸਵੰਰੀ ਔਰਤ ਦੇ ਮੂੰਹ ਉਪਰ ਲਿਪਸਿਟਕ ਤਾਂ ਹੁੰਦੀ ਹੈ ਪਰ ਉਸ ਦੇ ਮੂੰਹ ਵਿੱਚ ਸਾਇਸ਼ਤਾ ਜ਼ਬਾਨ ਨਹੀਂ ਹੁੰਦੀ। ਜ਼ਰੁਰੀ ਨਹੀਂ ਹਰ ਮਹਿਕਦੇ ਫੁਲ ਦਾ ਅੰਦਰ ਵੀ ਓਨਾ ਹੀ ਮਹਿਕਦਾ ਹੋਵੇ ਜਿੰਨਾ ਕਿ ਬਾਹਰੋਂ, ਭਾਵ ਹਰ ਖੂਬਸੂਰਤ ਚੀਜ਼ ਖੂਬਸੂਰਤ ਨਹੀਂ ਕਹੀ ਜਾ ਸਕਦੀ। ਜੇ ਤੁਸੀਂ ਕਾਲਜ ਦੀ ਅਸਲੀ ਤਸਵੀਰ ਦੇਖਣੀ ਚਾਹੁੰਦੇ ਹੋਂ ਤਾਂ ਪ੍ਰਿੰਸੀਪਲ ਦੇ ਦਫ਼ਤਰ ਚੋਂ ਬਾਹਰ ਆ ਕੇ ਜਮਾਤਾਂ ਦਾ ਰੁਖ ਕਰੋ। ਤੁਹਾਨੂੰ ਕਾਲਜ ਦਾ ਸਟਾਫ਼ ਰੋਕਣਾ ਚਾਹੇਗਾ, ਪਰ ਤੁਸੀਂ ਰੁਕਣਾ ਨਹੀਂ। ਜਮਾਤਾਂ ਦੇ ਕਮਰਿਆਂ ਵਿੱਚ ਜਾਓ। ਅੱਖਾਂ ਖੋਹਲ ਕੇ ਰੱਖਣਾ, ਬਲੈਕ ਬੋਡਾਂ ਦੀ ਦਸ਼ਾ ਤੇ ਦਿਸ਼ਾ ਵੱਲ ਧਿਆਨ ਦੇਣਾ। ਉਸ ਉਪਰ ਲਿਖੇ ਹਰ ਦਿਖਾਈ ਦੇ ਰਹੇ ਤੇ ਅਧ ਮਿਟੇ ਅੱਖਰ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨਾ। ਕਾਲਜ ਦੇ ਬੈਂਚਾਂ ਉਪਰ ਝਰੀਟੇ ਹਰਫ਼ ਵਾਕ ਨੂੰ ਪੜ੍ਹਣਾ, ਉਹਨਾਂ ਦੀ ਭਾਸ਼ਾ ਨੂੰ ਪਛਾਣਨਾ, ਇਸ ਤੋਂ ਬਾਅਦ ਕਾਲਜ ਦੇ ਬਾਥਰੂਮਾਂ ਦਾ ਰੁੱਖ ਕਰਨਾ, ਇਹ ਦੇਖਣ ਲਈ ਨਹੀਂ ਕਿ ਉਹ ਥਾਂ ਸਾਫ ਹੈ ਕਿ ਨਹੀਂ, ਇਸ ਸਫਾਈ ਦਾ ਜ਼ਿੰਮਵਾਰ ਤਾਂ ਕਾਲਜ ਦਾ ਸਫਾਈ ਕਰਮਚਾਰੀ ਹੋ ਸਕਦਾ ਹੈ ਪਰ ਜੋ ਇਸ ਦਿਆਂ ਕੰਧਾਂ ਉਪਰ ਲਿਖਿਆ ਹੋਇਆ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ?

 

ਜ਼ਿਕਰ ਯੋਗ ਹੈ ਜੇ ਘਰ ਵਿੱਚ ਸਿਹਤ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰ ਘਰ ਦੀ ਸੁਆਣੀ ਸਮਝੀ ਜਾਂਦੀ ਹੈ ਤਾਂ ਕਾਲਜ ਦੇ ਵਿਦਿਆਰਥੀਆਂ ਮਾਨਸਕ ਬਣਤਰ ਤੇ ਸੋਚ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਾਲਜ ਦੇ ਪ੍ਰਿੰਸੀਪਲ ਨੂੰ ਜ਼ਰੂਰ ਹੋਣਾ ਚਾਹੀਦਾ ਹੈ। ਇਹ ਕੁਰਸੀ ਉਸ ਨੂੰ ਇਸ ਕਰਕੇ ਨਹੀਂ ਦੇ ਦੇਣੀ ਚਾਹੀਦੀ ਕਿਉਂ ਕਿ ਉਸ ਨੇ ਕੋਈ ਯੋਗਤਾ ਪੂਰੀ ਕੀਤੀ ਹੁੰਦੀ ਹੈ। ਉਹ ਇਸ ਦੇ ਕਾਬਲ ਵੀ ਹੋਣਾ ਚਾਹੀਦਾ ਹੈ। ਉਹ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਕਿਵੇਂ ਰੁਝੇਵਿਆਂ ਵਿਚ ਰੱਖਦਾ ਹੈ ਇਸ ਬਾਰੇ ਸਪਸ਼ਟ ਨੀਤੀ ਕੋਈ ਨਹੀਂ ਪਰ ਬਤੌਰ ਮੁੱਖੀ ਉਹ ਇਹ ਕੰਮ ਕਰ ਸਕਦਾ ਹੈ। ਇਹ ਉਸ ਦੀ ਕਾਬਲੀਅਤ ਹੈ। ਤੇ ਕਾਬਲੀਅਤ ਤੇ ਯੋਗਤਾ ਵਿੱਚ ਢੇਰ ਫ਼ਰਕ ਹੈ, ਯੋਗਤਾ ਡਿਗਰੀਆਂ ਨਾਲ ਹਾਸਲ ਕੀਤੀ ਜਾ ਸਕਦੀ ਹੈ ਪਰ ਕਾਬਲੀਅਤ ਲਈ ਉਸ ਦਾ ਅਨੁਭਵ, ਉਸ ਦਾ ਹੱਸਾਸ ਹੋਣਾ, ਜ਼ਿੰਮੇਵਾਰੀ ਦਾ ਅਹਿਸਾਸ ਤੇ ਉਸ ਦਾ ਆਪਣੇ ਕੰਮ ਲਈ ਪ੍ਰਤੀਬੱਧ ਹੋਣਾ ਚਾਹੀਦਾ ਹੈ। ਉਹ ਆਪਣੇ ਵਿਦਿਆਰਥੀਆਂ ਦੇ ਹਰ ਰਵਈਏ ਦਾ ਜ਼ਿੰਮੇਵਾਰ ਹੈ।

 

ਇੱਕ ਪ੍ਰਿੰਸੀਪਲ ਕੋਲ ਵਿਦਿਅਕ ਯੋਗਤਾ ਤੋਂ ਇਲਾਵਾ ਉਸ ਅੰਦਰ ਇਹ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਹਰ ਵਿਸ਼ੇ ਵਿੱਚ ਨਿੱਜੀ ਜੀਵਨ ਵਿੱਚ ਯੋਗ ਅਗਵਾਈ ਦੇ ਸਕੇ। ਉਸ ਅੰਦਰ ਸਮਸਿਆ ਨੂੰ ਸਮਝਣਾ ਤੇ ਉਹ ਵੀ ਯਥਾਰਥ ਦੇ ਪੱਖ ਤੋਂ, ਫਿਰ ਉਸ ਦਾ ਸਹੀ ਹੱਲ ਦੇਣਾ ਉਸ ਦੀ ਕਾਬਲੀਅਤ ਦਾ ਹਿੱਸਾ ਹੁੰਦਾ ਹੈ। ਉਹ ਸਾਰੇ ਫੈਸਲੇ ਤੇ ਉਹ ਵੀ ਬਹੁਤ ਅਹਿਮ ਫੈਸਲੇ ਬੜੀ ਤੇਜ਼ੀ ਨਾਲ ਲੈਂਦਾ ਹੈ ਤੇ ਉਸ ਦਾ ਹਰ ਫੈਸਲਾ ਬੜਾ ਸਾਰਥਕ ਹੁੰਦਾ ਹੈ। ਇਹ ਸੱਭ ਕੁਝ ਇੱਕ ਦਿਨ ਵਿੱਚ ਨਹੀਂ ਆ ਜਾਂਦਾ। ਹੁਣ ਤੱਕ ਲੋਕ ਇਸ ਨੂੰ ਕੁਦਰਤੀ ਸੁਗਾਤ ਸਮਝਦੇ ਰਹੇ ਤੇ ਅਜਿਹੇ ਲੋਕਾਂ ਨੂੰ ਕੁਦਰਤ ਵੱਲੋਂ ਵਰੋਸਾਏ ਮੰਨ ਲਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ। ਇਹ ਇੱਕ ਜਾਚ ਹੈ, ਹੁਨਰ ਹੈ, ਸਕਿਲ ਹੈ ਤੇ ਸਾਰੇ ਹੁਨਰ ਸਿੱਖੇ ਜਾ ਸਕਦੇ ਹਨ, ਇਸ ਵਾਸਤੇ ਵੀ ਲੋੜੀਦਾ ਅਮਲ ਤੇ ਸਾਮਗਰੀ ਮੋਜੂਦ ਹੈ ਜਿਸ ਦੀ ਮਦਦ ਨਾਲ ਸਮਸਿਆਵਾਂ ਦੀ ਸਮਝ, ਸੁਲਝਾਉਣਾ ਤੇ ਫੈਸਲਾ ਲੈਣਾ ਆਦਿ ਕਲਾਵਾਂ ਵਿੱਚ ਨਿਪੁੰਨਤਾ ਹਾਸਲ ਕੀਤੀ ਜਾ ਸਕਦੀ ਹੈ। ਮਨੁੱਖ ਦਾ ਕੁਦਰਤੀ ਝੁਕਾਅ ਇਸ ਵਿੱਚ ਸਿਰਫ਼ 10% ਰੋਲ ਅਦਾ ਕਰਦਾ ਹੈ 90% ਇਹ ਕਲਾ ਪ੍ਰੈਕਟਿਸ ਤੇ ਸਿਖਲਾਈ ਉਪਰ ਨਿਰਭਰ ਕਰਦੀ ਹੈ। ਕੀ ਸਾਡੀ ਭਾਰਤੀ ਸਿਖਿਆ ਪ੍ਰਣਾਲੀ ਵਿੱਚ ਪ੍ਰਿੰਸੀਪਲਾਂ ਦੀ ਕੋਈ ਅਜਿਹੀ ਸਿਖਲਾਈ ਦਾ ਪ੍ਰਬੰਦ ਮੋਜੂਦ ਹੈ? ਸੜਕ ਉਪਰ 40000 ਰੁਪਏ ਦੇ ਸਕੂਟਰ ਤੋਂ ਲੈ ਕੇ ਦੋ ਲੱਖ ਦੀ ਕਾਰ ਚਲਾਉਣ ਲਈ ਡਰਾਇਵਿੰਗ ਲਾਇਸੈਂਸ ਦੀ ਲੋੜ ਪੈਂਦੀ ਹੈ ਪਰ ਕਾਲਜ ਦੇ ਪ੍ਰਿੰਸੀਪਲ ਨੂੰ ਬਿਨਾ ਕਿਸੇ ਸਿਖਲਾਈ ਦੇ ਕਾਲਜ ਦੀ ਕੁਰਸੀ ਉਪਰ ਬਿਠਾ ਦਿੱਤਾ ਜਾਂਦਾ ਹੈ ਕਿ ਜਾਓ ਵਿਦਿਆਰਥੀਆਂ ਦੇ ਭਵਿਖ ਨਾਲ ਖੇਡ ਆਓ। ਕਿੰਨੀ ਹਾਸੋਹੀਣੀ ਗੱਲ ਹੈ। ਪਰ ਕਾਲਜ ਦਾ ਪ੍ਰਿੰਸੀਪਲ ਵਧੀਆ ਸੂਟ ਬੂਟ ਵਿੱਚ ਸਜ ਕੇ ਵਧੀਆ ਕਮਰੇ ਵਿੱਚ ਬੈਠ ਕੇ ਆਪਣੀ ਨੌਕਰੀ ਦਾ ਸੌਖਾ ਸਮਾਂ ਗੁਜ਼ਾਰਣ ਵਿੱਚ ਹੀ ਆਪਣੀ ਸ਼ਾਨ ਸਮਝਦਾ ਹੈ। ਉਸ ਅੰਦਰ ਫੈਸਲੇ ਲੈਣ ਦੀ ਦਲੇਰੀ ਹੋਣੀ ਚਾਹੀਦੀ ਹੈ ਤੇ ਆਪਣੇ ਲਏ ਫੈਸਲਿਆਂ ਉਪਰ ਪਹਿਰਾ ਦੇਣਾ ਦੀ ਹਿੰਮਤ ਵੀ ਹੋਣੀ ਚਾਹੀਦੀ ਹੈ। ਜੇ ਤੁਸੀਂ ਫੈਸਲੇ ਦੀ ਘੜੀਆਂ ਉਡੀਕਦੇ ਰਹੋਗੇ, ਤੇ ਫੈਸਲੇ ਲੈਣ ਲਈ ਕਿਸੇ ਬਾਹਰੀ ਮਦਦ ਦੀ ਜਾਂ ਸਲਾਹ ਦੀ ਭਾਲ ਕਰਦੇ ਰਹੋਗੇ ਤਾਂ ਮੌਕਾ ਖੁੰਞਾ ਦੇਵੋਗੇ। ਚਿੜੀਆਂ ਦੇ ਖੇਤ ਚੁਗ ਜਾਣ ਤੋਂ ਬਾਅਦ ਪਛਤਾਉਣ ਦਾ ਕੀ ਲਾਭ।

 

ਜ਼ਰੂਰੀ ਨਹੀਂ ਕਿ ਪ੍ਰਾਈਵੇਟ ਸੰਸਥਾਵਾਂ ਸਾਰੀਆਂ ਹੀ ਬਹੁਤ ਵਧੀਆ ਕੰਮ ਕਰਦੀਆਂ ਹਨ। ਮੈਂ ਇਥੇ ਦੋ ਸੰਸਥਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ। ਅਕਾਲ ਅਕੈਡਮੀ ਬੜੂ ਸਾਹਿਬ ਆਪਣੇ ਅਪ ਨੂੰ ਸਿੱਖਾਂ ਦੀ ਮੋਢੀ ਸਿਖਿਆ ਸੰਸਥਾ ਹੋਣ ਦਾ ਦਾਅਵਾ ਕਰਦੀ ਹੈ। ਜਿੱਥੇ ਬਚਿਆਂ ਨੂੰ ਵਿਦਿਆ ਦੇ ਨਾਲ ਨਾਲ ਧਾਰਮਿਕ ਸਿਖਿਆ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਬਹੁਤੇ ਭੋਲੇ ਭਾਲੇ ਸਿੱਖ ਇਹ ਸੱਭ ਕੁਝ ਹੁੰਦਾ ਦੇਖ ਕੇ ਇਸ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿੰਦੇ। ਇਸ ਦੀ ਦਾਅਵੇਦਾਰੀ ਬਾਰੇ ਵਿਸਥਾਰ ਨੂੰ ਵੱਖਰੀ ਥਾਂ ਦੇਵਾਂਗੇ, ਪਰ ਇਹ ਸੰਸਥਾ ਵੀ ਫੈਸਲੇ ਲੇਣ ਵਿੱਚ ਦੇਰੀ ਤੇ ਢਿੱਲ ਮੱਠ ਦਾ ਸ਼ਿਕਾਰ ਹੈ। ਚੂੰਕਿ ਪ੍ਰਬੰਧ ਇੱਕ ਵੱਖਰਾ ਵਿਸ਼ਾ ਹੈ ਤੇ ਇਸ ਵਾਸਤੇ ਕਿਸੇ ਵੀ ਸੰਸਥਾ ਦਾ ਜੱਥੇਬੰਦਕ ਢਾਂਚਾ ਮਜ਼ਬੂਤ ਹੋਣਾ ਚਾਹੀਦਾ ਹੈ ਤੇ ਇਸ ਦਾ ਆਧਾਰ ਵਿਸ਼ਾਲ ਹੋਣਾ ਚਾਹੀਦਾ ਹੈ ਜਿਸ ਵਿੱਚ ਬਹੁਤੇ ਲੋਕ ਆਪੋ ਆਪਣੀ ਸਮਝ ਤੇ ਸੂਝ ਅਨੁਸਾਰ ਸ਼ਾਮਲ ਹੋਣੇ ਚਾਹਿਦੇ ਹਨ ਤੇ ਫੈਸਲੇ ਵੀ ਬਹੁਤ ਲੋਕ ਮੱਤ ਨਾਲ ਹੋਣੇ ਚਾਹੀਦੇ ਹਨ, ਇਸ ਲਈ ਜਿੰਨਾ ਵੱਡਾ ਅਦਾਰਾ ਹੋਵੇਗਾ ਉਸ ਦੀਆਂ ਜੱਥੇਬੰਦਕ ਲੋੜਾਂ ਵੀ ਵਡੀਆਂ ਹੋਣਗੀਆਂ। ਇਸ ਦੀ ਲੰਮੀ ਉਮਰ ਤੇ ਸਿਹਤ ਵਾਸਤੇ ਜ਼ਰੂਰੀ ਹੈ ਕਿ ਜੱਥੇਬੰਦਕ ਅਮਲ ਵਿੱਚ ਬਹੁਤੇ ਲੋਕ ਸ਼ਾਮਲ ਹੋਣ ਤੇ ਇੱਕ ਦੂਜੇ ਦੁਆਰਾ ਲਏ ਗਏ ਫੈਸਲਿਆਂ ਦਾ ਸਨਮਾਨ ਕੀਤਾ ਜਾਵੇ। ਤੇ ਇੱਕ ਦੂਜੇ ਵਿੱਚ ਭਰੋਸਾ ਰੱਖਿਆ ਜਾਵੇ। ਜਿਸ ਅਦਾਰੇ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵਿੱਚ ਮਹੱਤਵਪੁਰਨ ਫੈਸਲੇ ਲੇਣ ਦਾ ਹੱਕ ਕੇਵਲ ਦੋ ਤਿੰਨ ਵਿਅਕਤੀਆਂ ਤੱਕ ਹੀ ਮਹਿਦੂਦ ਰਹਿ ਗਿਆ ਹੈ ਤੇ ਬਹੁਤੀ ਵਾਰੀ ਅਜਿਹੇ ਫੈਸਲੇ ਲੈਣ ਵਿੱਚ ਕਈ ਵਾਰੀ ਤਾਂ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ। ਕਿਸੇ ਸਿਖਿਆ ਸੰਸਥਾ ਦੀਆਂ ਲੋੜਾਂ ਬਾਕੀ ਅਦਾਰਿਆਂ ਨਾਲੌਂ ਵੱਖਰੀਆਂ ਹੁੰਦੀਆਂ ਹਨ ਇਸ ਲਈ ਇਹਨਾਂ ਵਿੱਚ ਫੈਸਲੇ ਸਾਰਥਕ ਤੇ ਤੇਜ਼ੀ ਨਾਲ ਲਏ ਜਾਣੇ ਦੀ ਲੋੜ ਪੈਂਦੀ ਹੈ। ਅਜ ਦਾ ਕੰਮ ਕੱਲ੍ਹ ਤੇ ਨਾ ਛੱਡਣ ਦੀ ਸ਼ਰਤ ਅਦਾਰਿਆਂ ਦੇ ਮੁਖੀਆਂ ਉਪਰ ਵੀ ਓਨੀ ਹੀ ਲਾਗੂ ਹੁੰਦੀ ਹੈ ਜਿੰਨੀ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਉਪਰ। ਇਹ ਸੰਸਥਾ ਦਿਨ ਬਦਿਨ ਮਾੜੇ ਜੱਥੇਬੰਦਕ ਢਾਂਚੇ ਦਾ ਸ਼ਿਕਾਰ ਹੋ ਰਹੀ ਹੈ, ਜੇ ਢੁਕਵੇਂ ਕਦਮ ਨਾ ਚੁੱਕੇ ਗਏ ਹੋ ਸਕਦਾ ਹੈ ਕਿ ਇਸ ਦਾ ਜ਼ਿਕਰ ਕੇਵਲ ਕਿਤਾਬਾਂ ਵਿੱਚ ਹੀ ਰਹਿ ਜਾਵੇਗਾ।

--------- ਚਲਦਾ।

1 comment:

  1. bahut sachian gallan kitian g collage da STATUS princPL de SAjaye hoye OFFICE to nhi classes nd ATMOSPHERE ton chalda hai too gud g

    ReplyDelete