ਬਹੁਤੀ ਵਾਰੀ ਮਸਲਿਆਂ ਨੂੰ ਨਜਿੱਠਣ ਤੇ ਉਹਨਾਂ ਦਾ ਢੁਕਵਾਂ ਹੱਲ ਲੱਭਣ ਲਈ ਮਸਲਿਆਂ ਦੇ ਮੂਲਿਕ ਤੱਥ ਤੈਅ ਕਨ ਦੀ ਲੋੜ ਪੈਂਦੀ ਹੈ। ਕਿਉਂ ਕਿ ਜਾਂ ਤਾਂ ਉਹ ਮਸਲੇ ਇੰਨੇ ਉਲਝ ਗਏ ਹੁੰਦੇ ਹਨ ਕਿ ਉਹਨਾਂ ਦਾ ਕੋਈ ਸਿਰ ਪੈਰ ਨਜ਼ਰ ਨਹੀਂ ਆਉਂਦਾ, ਜਾਂ ਉਹ ਆਪਣੇ ਮੂਲ ਮੰਤਵ ਤੋਂ ਇੰਨੀ ਦੂਰ ਜਾ ਚੁੱਕੇ ਹੁੰਦੇ ਹਨ ਕਿ ਉਹਨਾਂ ਦੀ ਹਰ ਕਾਰਗੁਜ਼ਾਰੀ ਨੂੰ ਮੂਲਿਕ ਸਿਧਾਂਤਾਂ ਨਾਲ ਜੋੜ ਕੇ ਦੇਖਣ ਦੀ ਲੋੜ ਪੈਂਦੀ ਹੈ। ਅਜਿਹਾ ਹੀ ਇੱਕ ਮਸਲਾ ਹੈ ‘ਉੱਚ ਸਿਖਿਆ” ਭਾਵ ਸਕੂਲ ਦੀ ਪੜ੍ਹਾਈ ਤੋਂ ਬਾਅਦ ਕਾਲਜ ਦੀ ਸਿਖਿਆ ਪ੍ਰਣਾਲੀ ਬਾਰੇ ਇੱਕ ਵਿਸ਼ੇਸ਼ ਬਹਿਸ ਛੇੜਣਾ; ਇਸ ਦੀ ਲੋੜ ਇਸ ਲਈ ਵੀ ਹੈ ਕਿ ਕਾਲਜ ਦੀ ਸਿਖਿਆ ਪ੍ਰਣਾਲੀ ਆਪਣੇ ਮੂਲ ਮੰਤਵ ਤੋਂ ਭਟਕ ਚੁੱਕੀ ਹੈ ਤੇ ਹੁਣ ਉਹ ਆਪਣਾ ਮੰਤਵ ਜਾਂ ਮਸਕਦ ਪੂਰਾ ਨਹੀਂ ਕਰ ਪਾ ਰਹੀ, ਦੁਸਰਾ ਇਸ ਉਪਰ ਸਰਕਾਰ ਤੇ ਜਨਤਾ ਦਾ ਇੰਨਾ ਜ਼ਿਆਦਾ ਧਨ ਖਰਚ ਹੋ ਰਿਹਾ ਹੈ ਕਿ ਉਸ ਦੀ ਵਾਪਸੀ, (output / return) ਨਾਂਹ ਪੱਖੀ ਹੈ। ਸਰਕਾਰ ਨੇ ਆਪਣਾ ਹੱਥ ਪਿਛੇ ਖਿੱਚ ਲਿਆ ਹੈ। ਸਰਕਾਰੀ ਕਾਲਜਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਸਟਾਫ਼ ਦੀ ਭਰਤੀ ਨਹੀਂ ਕੀਤੀ ਜਾ ਰਹੀ। ਯੂ ਜੀ ਸੀ (ਜੋ ਆਪਣੇ ਆਪ ਨੂੰ ਸਰਕਾਰੀ ਅਦਾਰਾ ਆਖਦੀ ਹੈ ਤੇ ਇਸ ਦੀ ਕਾਰਗੁਜ਼ਾਰੀ ਵੀ ਪ੍ਰਸ਼ਨਾਂ ਦੇ ਘੇਰੇ ਵਿੱਚ ਆਉਣੀ ਲਾਜ਼ਮੀ ਹੈ।) ਦੀਆਂ ਸਰਤਾਂ ਪੁਰੀਆਂ ਕੀਤੀ ਜਾ ਸਕਦੀਆਂ, ਨਿੱਜੀ ਖੇਤਰ ਦੇ ਕਾਲਜਾਂ ਵਿੱਚ ਪ੍ਰੋਫੈਸਰ / ਲੈਕਚਰਾਰ ਆਦਿ ਲਈ ਮਿਲਣ ਵਾਲੀ ਗਰਾਂਟ ਬੰਦ ਕੀਤੀ ਜਾ ਰਹੀ ਹੈ। ਕਾਲਜ ਪੱਕਾ ਸਟਾਫ਼ ਭਰਤੀ ਨਹੀ ਕਰ ਰਿਹਾ, ਤੇ ਜੋ ਸਟਾਫ਼ ਭਰਤੀ ਕੀਤਾ ਜਾ ਰਿਹਾ ਉਸ ਨੂੰ ਸਿਰਫ ਕੰਮ ਦੇ ਮਹੀਨਿਆਂ ਲਈ 8000 ਤੋਂ10000 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਂਦੀ ਹੈ ਜੋ ਸਾਲ ਦੇ ਬਾਰਾਂ ਮਹੀਨੇ ਨਾ ਹੋ ਕੇ ਸਿਰਫ਼ ਸੱਤ ਮਹੀਨੇ ਬਂਣਦੀ ਹੈ, ਭਾਵ 5600 ਰੁਪਏ ਪ੍ਰਤੀ ਮਹੀਨਾ, ਦੁਸਰੇ ਪਾਸੇ ਮਾਂਪਿਆਂ ਨੂੰ ਫੀਸਾਂ ਲਈ ਨਪੀੜਿਆਂ ਜਾ ਰਿਹਾ ਹੈ, ਉਹਨਾਂ ਕੋਲੋਂ ਕਾਲਜਾਂ ਦੇ ਫ਼ਡਾਂ ਦੇ ਨਾਂ ਉਪਰ ਮੋਟੀਆਂ ਰਕਮਾਂ ਉਗਰਾਹੀਆਂ ਜਾ ਰਹੀਆਂ ਹਨ। ਸੋ ਇਸ ਮਸਲੇ ਬਾਰੇ ਵਿਸਥਾਰ ਵਿੱਚ ਗੱਲ ਕਰਨੀ ਬਣਦੀ ਹੈ। ਇਸ ਬਾਰੇ ਨਾ ਸਿਰਫ਼ ਜਨਤਕ ਹੁੰਗਾਰੇ ਦੀ ਲੋੜ ਹੈ ਸਗੋਂ ਸਰਗਰਮ ਮੁਹਿੰਮ ਛੇੜਣ ਦੀ ਲੋੜ ਹੈ।
ਸਕੂਲ ਦੀ ਸਿਖਿਆ ਪ੍ਰਣਾਲੀ ‘ਲਿਟਰੇਸੀ’ ਸਥਾਪਤ ਕਰਨ ਲਈ ਜ਼ਿੰਮੇਵਾਰ ਸਮਝੀ ਜਾਂਦੀ ਹੈ। ਸਕੂਲ ਤੋਂ ਬਾਅਦ ਜਦੋਂ ਕੋਈ ਵਿਦਿਆਰਥੀ ਕਾਲਜ ਵੱਲ ਰੁਖ ਕਰਦਾ ਹੈ ਤਾਂ ਕਾਲਜੀ ਸਿਖਿਆ ਪ੍ਰਣਾਲੀ ਦਾ ਮੰਤਵ ਵਿਦਿਆਰਥੀ ਨੂੰ ਸਬੰਧਤ ਵਿਸ਼ੇ ਦੇ ਮੂਲਿਕ ਢਾਂਚੇ ਦੀ ਪਰਪੱਕ ਜਾਣਕਾਰੀ ਦੇਣਾ ਹੁੰਦਾ ਹੈ। ਉਸ ਨੂੰ ਉਸ ਵਿਸ਼ੇ ਦੀ ਰਵਾਇਤੀ ਤੇ ਇਤਿਹਾਸਕ ਪੜਾਵਾਂ ਦੀ ਦਸਤਾਵੇਜ਼ੀ ਅਧਿਆਨ ਕਰਨ, ਪੜਚੋਲ ਕਰਨ ਤੇ ਕੁਮੈਂਟ ਕਰਨਾ ਸਿਖਾਇਆ ਜਾਂਦਾ ਹੈ। ਸਨਾਤਕੀ ਸਾਲਾਂ ਦੇ ਆਖਿਰ ਤੱਕ ਉਹ ਇਸ ਜਾਣਕਾਰੀ ਦੇ ਸਰੋਤ ਫੜਨ ਵਿੱਚ ਪਰਪੱਕ ਹੋ ਜਾਂਦਾ ਹੈ, ਇਸ ਨੂੰ ਆਮ ਜ਼ਿੰਦਗੀ ਨਾਲ ਜੋੜ ਕੇ ਦੇਖਣ ਦੇ ਕਾਬਲ ਹੋ ਜਾਂਦਾ ਹੈ ਤੇ ਚੁਣਵੇਂ ਵਿਸ਼ਿਆਂ ਚੌ ਕਿਸੇ ਇੱਕ ਵਿਸ਼ੇ ਉਪਰ ਐਮ ਏ ਕਰਨ ਲਈ ਲੋੜੀਂਦਾ ਆਧਾਰ ਤਿਆਰ ਕਰ ਲੈਂਦਾ ਹੈ। ਅਧਿਆਪਕ ਉਸ ਦਾ ਮਾਰਗ ਦਰਸਕ ਹੁੰਦਾ ਹੈ। ਉਹ ਅਧਿਆਨ ਕਰਨ ਦੀਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਦਾ ਹੈ ਆਪਣਾ ਇੱਕ ਨਜ਼ਰੀਆ ਬਣਾਉਂਦਾ ਹੈ ਤੇ ਸਮਾਜ ਵਿੱਚ ਵਾਪਰ ਰਹੀਆਂ ਤਬਦੀਲੀਆਂ ਦੀ ਸਹੀ ਸਮੀਖਿਆ ਕਰਦਾ ਹੈ। ਕਾਲਜ ਇਸ ਮੰਤਵ ਨਾਲ ਲੋੜੀਦਾ ਵਾਤਾਵਰਨ ਪ੍ਰਦਾਨ ਕਰਦਾ ਹੈ, ਉਸ ਲਈ ਮਾਰਗ ਦਰਸ਼ਕ ਤੇ ਜਾਣਕਾਰੀ ਦਾ ਮੂਲ ਸਰੋਤ ਮਹੱਈਆ ਕਰਦਾ ਹੈ। ਕਾਬਲ ਅਧਿਆਪਕ, ਸੁਯੋਗ ਪ੍ਰਿੰਸੀਪਲ, ਲਾਇਬਰੇਰੀ, ਪ੍ਰਯੋਗਸ਼ਾਲਾ ਆਦਿ ਕਾਲਜ ਕੈਂਪਸ ਦਾ ਹਿੱਸਾ ਹੁੰਦੇ ਹਨ। ਕੋਈ ਕਾਲਜ ਆਪਣੀ ਇਮਾਰਤ ਕਰਕੇ ਘੱਟ ਪਰ ਆਪਣੀ ਕਾਰਗੁਜ਼ਾਰੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਉਕਤ ਸਾਰਿਆਂ ਗੱਲਾਂ ਕਾਲਜ ਦੇ ਅਕਾਦਮਿਕ ਵਾਤਾਵਰਨ ਦਾ ਹਿੱਸਾ ਹੁੰਦੀਆਂ ਹਨ ਪਰ ਇਸ ਤੋਂ ਵੱਧ ਹੁੰਦਾ ਹੈ ਕਾਲਜਾਂ ਵਿੱਚ ਇੱਕ ਸੁਚਾਰੂ ਤੇ ਜਿੰਮੇਵਾਰ ਮਾਹੌਲ ਜਿਸ ਵਿੱਚ ਵਿਦਿਆਰਥੀ ਨਾ ਸਿਰਫ਼ ਸਮਾਜਕ ਸਾਂਝਾਂ ਵਧਾਉਦਾ ਹੈ ਸਗੋਂ ਆਪਣੇ ਅੰਦਰ ਨਵੇਂ ਖਿਆਲਾਂ ਦੀ ਦੁਨੀਆ ਵੀ ਸਿਰਜਦਾ ਹੈ ਜਿਸ ਦੀ ਮਦਦ ਨਾਲ ਉਸ ਨੇ ਸਮਾਜਕ ਤਬਦੀਲੀ ਵਿੱਚ ਇੱਕ ਅਹਿਮ ਹਿੱਸੇ ਵੱਜੋਂ ਆਪਣਾ ਰੋਲ ਨਿਭਾਉਣਾ ਹੁੰਦਾ ਹੈ।
ਚਲਦਾ…….. (ਬਾਕੀ ਅੰਗਲੇ ਅੰਕ ਵਿੱਚ)
No comments:
Post a Comment