Monday, January 26, 2015

ਗਾਵਹੁ

ਗਾਵਹੁ


ਗੁਰਦੀਪ ਸਿੰਘ ਭਮਰਾ

ਗਾਵਹੁ ਸ਼ਬਦ ਦੇ ਗੁਰਬਾਣੀ ਅਨੁਸਾਰ ਦੋ ਅਰਥ ਕੀਤੇ ਜਾਣੇ ਚਾਹੀਦੇ ਹਨ। ਪਹਿਲਾ ਸ਼ਬਦ ਗਾਵਹੁ, ਕ੍ਰਿਆ ਗਾਉਣ ਦੀ ਕ੍ਰਿਆ ਦੇ ਨਜ਼ਦੀਕ ਰੱਖ ਕੇ ਦੇਖਣਾ ਚਾਹੀਦਾ ਹੈ ਤੇ ਇਸ ਦਾ ਅਰਥ ਹੈ ਗਾਉਣਾ, ਕਿਸੇ ਸੁਰ ਤਾਂ ਤਾਲ ਵਿੱਚ ਗਾਉਣਾ- ਆਵਹੁ ਸਿਖ ਸਤਿਗੁਰੂ ਕੇ ਪਿਆਰਿਹੁ ਗਾਵਹੁ ਸਾਚੀ ਬਾਣੀ॥ ਪਰ ਜਦੋਂ ਇਹੋ ਸ਼ਬਦ ਸੋਦਰੁ ਦੇ ਸ਼ਬਦ ਵਿੱਚ ਆਉਂਦਾ ਹੈ ਤਾਂ ਇਸ ਦੇ ਅਰਥ ਗਾਵਹੁ ਨਹੀਂ ਹਨ ਸਗੋਂ ਇਸ ਦੇ ਅਰਥਾਂ ਵਿੱਚ ਗੁਰਬਾਣੀ ਦਾ ਭੇਤ ਛਿਪਿਆ ਹੋਇਆ ਹੈ। ਅੱਜ ਅਸੀਂ ਇਸ ਵੱਖਰੇ ਅਰਥ ਦੀ ਗੱਲ ਕਰਾਂਗੇ।

ਗਾਉਣ ਦਾ ਸਬੰਧ ਸੰਗੀਤ ਨਾਲ ਹੈ ਤੇ ਸੰਗੀਤ ਸਿਰਫ ਸੁਰ ਤੇ ਤਾਲ ਉਪਰ ਅਧਾਰਤ ਹੁੰਦਾ ਹੈ। ਤਾਲ ਦਾ ਭਾਵ ਹੈ ਥਾਪ, ਬਾਰ ਬਾਰ ਵਜਣਾ, ਸੁਰ ਵੀ ਅਸਲ ਵਿੱਚ ਤਾਲ ਦਾ ਹੀ ਦੂਜਾ ਰੁਪ ਹੁੰਦੀ ਹੈ। ਕੋਈ ਵੀ ਤਾਲ ਜਦੋਂ ਲਗਾਤਾਰ ਵੱਜਦਾ ਹੈ ਤੇ ਅਸੀਂ ਦੋ ਥਾਪਾਂ ਵਿਚਲਾ ਅੰਤਰ ਨਹੀਂ ਸੁਣ ਸਕਦੇ ਤਾਂ ਸੁਰ ਬਣ ਜਾਂਦੀ ਹੈ। ਅੰਗਰੇਜ਼ੀ ਵਿੱਚ ਇਸ ਵਾਸਤੇ ਸ਼ਬਦ ਹੈ ਫਰੀਕੁਐਸੀਂ, ਤੇ ਇਸ ਦਾ ਮਤਲਬ ਹੈ ਬਾਰ ਬਾਰ ਵਾਪਰਨਾ। ਸੰਗੀਤ ਵਿੱਚ ਥਾਪ ਬਾਰ ਬਾਰ ਵਾਪਰਦੀ ਹੈ ਤੇ ਤਾਲ ਬਣਦੀ ਹੈ। ਤਾਲ ਬਾਰ ਬਾਰ ਵਾਪਰਦਾ ਹੈ ਤਾਂ ਸੁਰ ਬਣਦਾ ਹੈ।

ਕੁਦਰਤ ਵਿੱਚ ਪੰਛੀ ਗਾਉਂਦੇ ਹਨ। ਉਹ ਬਾਰ ਬਾਰ ਇਕੋ ਜਿਹੀ ਲੈਅ ਵਿੱਚ ਬੋਲਦੇ ਹਨ ਤਾਂ ਗਾਉਂਦੇ ਜਾਪਦੇ ਹਨ। ਕਵਿਤਾ ਵੀ ਬਾਰ ਬਾਰ ਬੋਲੇ ਜਾਣ ਵਾਲੇ ਇਕੋ ਜਿਹੀ ਅਵਾਜ਼ ਵਾਲੇ ਸ਼ਬਦਾਂ ਦਾ ਹੀ ਦੂਜਾ ਨਾਂ ਹੈ। ਜੇ ਕੋਈ ਕਹੇ ਕੁਦਰਤ ਦੀ ਕਵਿਤਾ ਤਾਂ ਉਸ ਦਾ ਮਤਲਬ ਇਹ ਹੋਵੇਗਾ ਕਿ ਕੁਦਰਤ ਵਿੱਚ ਘਟਨਾਵਾਂ ਦੇ ਬਾਰ ਬਾਰ ਵਾਪਰਨ ਦੀ ਲੈਅ, ਹੈਰਾਨੀ ਦੀ ਗੱਲ ਹੈ, ਜਿਹੜਾ ਵਿਅਕਤੀ ਇਸ ਨੂੰ ਮਹਿਸੂਸ ਕਰਦਾ ਹੈ, ਉਹ ਸਮਝਦਾ ਹੈ ਕਿ ਦਿਨ ਤੇ ਰਾਤ ਵਿਚ ਆਪਣੀ ਇਕ ਲੈਅ ਹੈ, ਮੌਸਮਾਂ ਦੇ ਆਉਣ ਤੇ ਜਾਣ, ਬਦਲਣ ਤੇ ਵਾਪਰਨ ਵਿੱਚ ਇਕ ਲੈਅ ਹੈ। ਪਾਣੀ ਦੇ ਵਗਣ ਵਿੱਚ ਇਕ ਲੈਅ  ਹੈ। ਜਦੋਂ ਅਸੀਂ ਦਰਿਆ ਦਾ ਗਾਉਣਾ ਸੁਣਦੇ ਹਾਂ ਤਾਂ ਇਸ ਦਾ ਇਕ ਮਤਲਬ ਦਰਿਆ ਦੇ ਪਾਣੀ ਦੇ ਵਗਣ ਦੀ ਅਵਾਜ਼ ਦੀ ਲੈਅ ਹੈ ਪਰ ਦੂਜਾ ਮਤਲਬ ਦਰਿਆ ਦੇ ਪਾਣੀ ਦਾ ਸਮੇਂ ਦੀ ਲੈਅ ਵਿੱਚ  ਵਹਿਣਾ ਹੈ।

ਸਮਾਂ ਧਰਤੀ ਦੀ ਸੁਰਜ ਦੇ ਗਿਰਦ ਚੱਕਰ ਲਾਉਣ ਦੀ ਲੈਅ ਦਾ ਸੰਕੇਤ ਹੈ। ਸਾਲ ਰੁੱਤਾਂ ਦੇ ਬਦਲਣ ਤੇ ਵਾਪਰਨ ਦੀ ਲੈਅ ਵੱਲ ਇਸ਼ਾਰਾ ਕਰਦਾ ਹੈ। ਧਰਤੀ ਗਾਉਂਦੀ ਹੈ ਦਾ ਭਾਵ ਧਰਤੀ ਸੁਰਜ ਦੇ ਦੁਆਲੇ ਤੇ ਆਪਣੀ ਧੁਰੀ ਦੇ ਦੁਆਲੇ ਚੱਕਰ ਕੱਢਦੀ ਹੈ, ਇਕ ਲੈਅ ਵਿੱਚ ਬੰਨ੍ਹੀ ਹੋਈ, ਇਕ ਸੁਰ, ਇਕ ਤਾਲ।  ਸੂਰਜ ਵੀ ਗਾਉਂਦਾ ਹੈ, ਭਾਵ ਆਪਣੀ ਇਕ ਲੈਅ ਵਿੱਚ ਚੱਲ ਰਿਹਾ ਹੈ। ਵਿਗਿਆਨੀ ਹੈਰਾਨ ਹੋਇਆ ਤੇ ਉਸ ਨੇ ਇਸ ਲੈਅ ਦੀ ਖੋਜ ਕਰਨੀ ਸ਼ੁਰੂ ਕੀਤੀ। ਉਸ ਦੀ ਖੋਜ ਵਿੱਚ ਕਿੰਨਾ ਕੁਝ ਸ਼ਾਮਲ ਸੀ। ਤੇ ਉਹ ਲੱਭ ਸਕਿਆ ਕਿ ਇਹ ਲੈਅ ਦਰਅਸਲ ਕੁਦਰਤ ਦੇ ਨਿਯਮਾਂ ਦੇ ਕਾਰਨ ਹੈ ਤੇ ਕੁਦਰਤ ਦੇ ਨਿਯਮਾਂ ਦਾ ਹੀ ਵਰਤਾਰਾ ਹੈ।

ਮੁਢਲੇ ਸਮੇਂ ਵਿੱਚ ਵਿਗਿਆਨੀ ਤਰਕੀਬਨ ਸਾਰੇ ਖੇਤਰਾਂ ਵਿੱਚ ਕੰਮ ਕਰਦੇ ਸਨ। ਨਿਊਟਨ ਦਾ ਨਾਂ ਕਈ ਖੇਤਰਾਂ ਵਿੱਚ ਸੁਣਿਆ ਜਾ ਸਕਦਾ ਹੈ। ਐਡੀਸਨ ਨੂੰ ਵੀ ਇਕ ਤੋਂ ਵੱਧ ਖੇਤਰਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਸਾਰੇ ਵਗਿਆਨੀਆਂ ਨੇ ਕੁਦਰਤ ਦੀਆਂ ਘਟਨਾਵਾਂ ਨੂੰ ਜਿਵੇਂ ਹੈ ਉਵੇਂ ਹੀ ਵਿਚਾਰਿਆ, ਪਰਖਿਆ ਤੇ ਸਮਝਿਆ ਅਤੇ ਇਨ੍ਹਾਂ ਵਿੱਚ ਵਾਪਰਨ ਵਾਲੇ ਸੁਰ ਤੇ ਲੈਅ ਨੂੰ ਹੀ ਕੁਦਰਤੀ ਨਿਯਮਾਂ ਦਾ ਨਾਂ ਦਿਤਾ। ਹੌਲੀ ਹੌਲੀ ਵਿਗਿਆਨ ਨੇ ਆਪਣਾ ਘੇਰਾ ਵਧਾ ਲਿਆ ਤੇ ਅੱਜ ਵਿਗਿਆਨ ਹੀ ਹੈ ਜੋ ਦੂਰ ਦੁਰਾਡੇ ਵਾਪਰਨ ਵਾਲੀਆਂ ਘਟਨਾਵਾਂ ਦੀ ਕੁਦਰਤੀ ਨਿਯਮਾਂ ਦੀ ਜਾਣਕਾਰੀ ਦੇ ਅਧਾਰ ਤੇ ਪਰਖਦਾ ਹੈ ਤੇ ਸਮਝਦਾ ਹੈ। ਉਹ ਇਸ ਦੇ ਭੇਦ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਨੂੰ ਇਕ ਗੁੰਝਲ ਦੇ ਤੌਰ ਤੇ ਲੈਂਦਾ ਹੈ ਤੇ ਦੋ ਘਟਨਾਵਾਂ ਵਿੱਚ ਕਾਰਨ ਤੇ ਘਟਨਾ ਵਾਲੇ ਸਬੰਧ ਖੋਜਦਾ ਹੈ। ਇਸੇ ਕੋਸ਼ਿਸ਼ ਤੋਂ ਹੀ ਵਿਗਿਆਨ ਦਾ ਜਨਮ ਤੇ ਵਿਕਾਸ ਹੁੰਦਾ ਹੈ।

ਧਰਤੀ ਤੋਂ ਉਪਰ ਬ੍ਰਹਿਮੰਡ ਵਿੱਚ ਵੀ ਸਾਰੀਆਂ ਘਟਨਾਵਾਂ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਵਾਪਰਦੀਆਂ ਹਨ। ਇਨ੍ਹਾਂ ਵਿੱਚ ਤਾਲ ਹੈ, ਸੁਰ ਤੇ ਇਹ ਨਿਯਮਾਂ ਦੇ ਵਿੱਚ ਰਹਿਣ ਕਾਰਨ ਹੀ ਕੁਦਰਤ ਅਟੱਲ ਤੇ ਅਡੋਲ ਵਾਪਰਦੀ ਹੈ। ਜਿਵੇਂ ਜਿਵੇਂ ਖੋਜਦੇ ਹਾਂ ਤਾਂ ਨਿਯਮਾਂ ਦਾ ਬੰਧੇਜ ਸਾਰਿਆ ਉਪਰ ਲਾਗੂ ਹੁੰਦਾ ਦਿਖਾਈ ਦਿੰਦਾ ਹੈ। ਇਹ ਨਿਯਮ ਕੌਣ ਘੜਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕੁਦਰਤ ਆਪਣੇ ਨਿਯਮ ਆਪ ਘੜਦੀ ਹੈ ਤੇ ਉਨ੍ਹਾਂ ਨੂੰ ਸੰਵਾਰੀ ਦੀ ਸਵਾਹਰਦੀ ਹੈ। ਮਤਲਬ ਕੁਦਰਤ ਦੇ ਨਿਯਮਾਂ ਵਿੱਚ ਤਬਦੀਲੀ ਵਾਪਰਨ ਦਾ ਕੰਮ ਵੀ ਇਕ ਨਿਯਮ ਅਧੀਨ ਹੈ।  ਇਸ ਵਿੱਚ ਕੋਈ ਅਧਿਆਤਮ ਵਾਦ ਨਹੀਂ ਹੈ। ਵਿਗਿਆਨੀ ਨੂੰ ਕੁਦਰਤ ਦੇ ਨਿਯਮਾਂ ਪਿਛੇ ਵੀ ਕੁਦਰਤ ਹੀ ਦਿਖਾਈ ਦਿੰਦੀ ਹੈ। ਕੋਈ ਹੋਰ ਸ਼ਕਤੀ ਨਹੀਂ ਸਗੋਂ ਊਰਜਾ ਦਾ ਪ੍ਰਵਾਹ ਹੀ ਦਿਖਾਈ ਦਿੰਦਾ ਹੈ। ਇਸ ਨੂੰ ਉਸ ਦੇ ਓਜ਼ਾਰ ਸਮਝਦੇ ਤੇ ਪਕੜ ਸਕਦੇ ਹਨ।

ਜਦੋਂ ਕਵੀ ਚੰਨ ਤਾਰਿਆਂ ਦੇ ਗੀਤ ਲੱਭਦੇ ਹਨ ਤਾਂ ਉਹ ਉਨ੍ਹਾਂ ਦੀ ਸੁਰ ਤੇ ਲੈਅ ਹੀ ਵੇਖਦੇ ਹਨ। ਕਿਸੇ ਵੀ ਕੁਦਰਤੀ ਵਰਤਾਰੇ ਦੀ ਇਸ ਲੈਅ ਤੇ ਸੁਰ ਨੂੰ ਹੀ ਗਾਉਣਾ ਕਿਹਾ ਗਿਆ ਹੈ। ਗੁਰਬਾਣੀ ਵਿੱਚ ਗਾਵਹੁ ਦਾ ਭਾਵ ਇਹੋ ਹੈ। ਅਕਾਲ ਪੁਰਖ ਅਸਲ ਵਿੱਚ ਸਮੇਂ ਤੋਂ ਬਾਹਰੀ ਵੱਡ ਅਕਾਰੀ ਵਰਤਾਰੇ ਦੇ ਵਰਤਣ ਦੀ ਗੱਲ ਹੀ ਤਾਂ ਹੈ।  ਇਹ ਕੁਦਰਤੀ ਨਿਯਮਾਂ ਦਾ ਇਹ ਪਸਾਰਾ ਤੇ ਵਰਤਾਰਾ ਹੀ ਅਸਲ ਵਿੱਚ ਉਹ ਪ੍ਰਬੰਧ ਹੈ ਜੋ ਸਮੁੱਚੇ ਬ੍ਰਹਿਮੰਡ ਨੂੰ ਆਪਣੀ ਹੋਂਦ ਵਿੱਚ ਬੰਨ੍ਹੀ ਬੈਠਾ ਹੈ।

ਗੁਰਬਾਣੀ ਦੇ ਸਿਧਾਂਤ ਰੂਪ ਵਿੱਚ ਇਹ ਗੱਲ ਸਮਝਣ ਵਾਲੀ ਹੈ ਕਿ ਗੁਰਬਾਣੀ ਵਿੱਚ ਕੁਦਰਤ ਦੇ ਸਮੁੱਚੇ ਵਰਤਾਰੇ ਨੂੰ ਇਕ ਪੁਰਖ ਦੀ ਸ਼ਕਲ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਇਕ ਤਰ੍ਹਾਂ ਦਾ abstract noun ਹੈ ਤੇ ਇਸ ਨੂੰ ਇਸ ਦੇ ਗੁਣਾਂ ਤੋਂ ਹੀ ਸਮਝਿਆ ਜਾ ਸਕਦਾ ਹੈ। ਇਸੇ ਲਈ ਮੂਲ ਮੰਤਰ ਵਿੱਚ ਇਸ ਨੂੰ ੴ ਤੋਂ ਬਾਦ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਉਹ ਇਸ ਦੇ ਗੁਣਾਂ ਵੱਲ ਹੀ ਸੰਕੇਤ ਕਰਦੇ ਦਿਖਾਈ ਦਿੰਦੇ ਹਨ। ਸ਼ਬਦ ਕਰਤਾ ਪੁਰਖ ਇਸ ਦੇ ਲਿੰਗ ਭੇਦ ਵੱਲ ਇਸ਼ਾਰਾ ਕਰਦਾ ਹੈ ਤੇ ਅਕਾਲ ਮੂਰਤਿ ਇਸ ਨੂੰ ਇਕ ਸੰਕਲਪ ਵਿੱਚ ਮੂਰਤੀਮਾਨ ਕਰਦਾ ਹੈ। ਕੋਈ ਚਾਹੇ ਕੁਝ ਆਖੇ, ਕਿੰਨੇ ਦਿਸ਼ਟਾਂਤ ਤੇ ਹਵਾਲੇ ਦੇਵੇ, ਪਰ ਅਸਲ ਵਿੱਚ ਇਹ ਕੁਦਰਤ ਦੇ ਵਰਤਾਰੇ ਦਾ ਮਾਨਵੀਕਰਨ ਹੈ ਜੋ ਸਿਰਫ ਮੁਹਾਵਰੇ ਦੀ ਹੱਦ ਤੱਕ ਹੀ ਸੀਮਤ ਹੈ। ਗੁਰਬਾਣੀ ਨੂੰ ਸਮਝਣ ਲਈ ਇਸ ਦੇ ਮੁਹਾਵਰੇ ਨੂੰ ਸਮਝਣਾ ਜਰੂਰੀ ਹੈ। ਪਰ ਸੰਕਲਪ ਉਪਨਿਸ਼ਦਾਂ ਵਿੱਚ ਪ੍ਰਗਟਾਵੇ ਆਤਮਾ ਤੇ ਬ੍ਰਹਮ ਦੇ ਗੰਭੀਰ ਗਿਆਨ ਨੂੰ ਪਾਸੇ ਰੱਖਦਿਆਂ ਸਿੱਧੇ ਤੌਰ ਤੇ ਕੁਦਰਤ ਦੇ ਪਵਰਤਾਰੇ ਨਾਲ ਜੁੜਨ ਦੀ ਇਕ ਸਪਸ਼ਟ ਕੋਸ਼ਿਸ਼ ਹੈ ਜਿਸ ਬਾਰੇ ਜਪੁਜੀ ਦੀ ਪਹਿਲੀ ਪਉੜੀ ਹੀ ਫੈਸਲਾ ਕਰ ਦਿੰਦੀ ਹੈ।

ਕਿਵ ਸਚਿਆਰਾ ਹੋਵੀਐ ਭਾਵ ਸੱਚ ਦੇ ਧਾਰਨੀ ਕਿਵੇਂ ਹੋਇਆ ਜਾਵੇ, ਕਿਵੇਂ ਉਸ ਸੱਚ ਨੂੰ ਸਮਝਿਆ ਜਾਵੇ ਜਿਸ ਨਾਲ ਕੂੜ ਭਾਵ ਭੁਲੇਖੇ ਦੀ ਧੁੰਦ ਖਤਮ ਹੋ ਜਾਵੇ, ਇਸ ਪ੍ਰਸ਼ਨ ਦਾ ਉਤਰ ਬਹੁਤ ਹੀ ਸਾਦਾ ਤੇ ਸਿੱਧਾ ਹੈ, ਹੁਕਮ ਰਜਾਈ ਚਲਣਾ ਨਾਨਕੁ ਲਿਖਿਆ ਨਾਲੁ। ਹੁਕਮ ਹੈ ਉਸ ਅਨੁਸਾਰ ਜੀਣਾ ਹੀ ਨਾਨਕ ਦਾ ਸਿਧਾਂਤ ਹੈ। ਹੁਕਮ ਦੀ ਪ੍ਰੀਭਾਸ਼ਾ ਦੇਣ ਲਈ ਅੱਗੇ ਹੁਕਮ ਦੀ ਪਉੜੀ ਹੈ- ਹੁਕਮ ਜਿਸ ਨਾਲ ਸੱਭ ਕੁਝ ਆਪਣੇ ਅਕਾਰ ਵਿੱਚ ਆਉਂਦੀ ਤੇ ਉਸ ਹੁਕਮ ਨੂੰ ਬਿਆਨਿਆ ਨਹੀਂ ਜਾ ਸਕਦਾ, ਹੁਕਮ ਨਾਲ ਜੀਅ ਪੈਦਾ ਹੁੰਦੇ ਹਨ ਹੁਕਮ ਨਾਲ ਹੀ ਵੱਡੇ ਛੋਟੇ ਦਾ ਫਰਕ ਬਣਦਾ ਹੈ। ਉਸ ਹੁਕਮ ਨਾਲ ਮਨੁੱਖ ਦੁਖ ਸੁਖ ਹੰਢਾਉਂਦਾ ਹੈ ਕੋਈ ਉਸ ਹੁਕਮ ਨੂੰ ਬਖਸ਼ਸ਼ ਮੰਨ ਕੇ ਸਿਰ ਝੁਕਾ ਦਿੰਦਾ ਹੈ ਤੇ ਕੋਈ ਉਸ ਦੇ ਵਿਰੁਧ ਖੜ੍ਹਾ ਹੋ ਜਾਂਦਾ ਹੈ ਤੇ ਫਿਰ ਦੁਖ ਭੋਗਦਾ ਹੈ। ਜਿਸ ਸਮੇਂ ਵਿੱਚ ਬਾਬਾ ਨਾਨਕ ਗੱਲ ਕਰ ਰਿਹਾ ਹੈ ਉਸ ਸਮੇਂ ਵਿੱਚ ਦੁਖ ਦਾ ਸਿਰਾ ਆਵਾਗਵਨ ਸੀ ਜਿਸ ਤੋਂ ਸਾਰੀ ਦੁਨੀਆ ਤ੍ਰਹਿੰਦੀ ਸੀ। ਇਥੇ ਆਵਾਗਵਨ ਦਾ ਮਤਲਬ ਉਹੀ ਹੈ ਜੋ ਦੁਨੀਆ ਵਿੱਚ ਜੂਨਾਂ ਵਿੱਚ ਜਨਮ ਮਰਨ ਤੋਂ ਲਿਆ ਜਾਂਦਾ ਹੈ। ਸਮਝਣ ਵਾਲੀ ਗੱਲ ਹੈ ਕਿ ਬਾਬਾ ਨਾਨਕ ਦੇ ਯੁੱਗ ਵਿੱਚ ਧਰਮ ਦਾ ਮੰਤਵ ਪ੍ਰਭੂ ਮਿਲਾਪ ਤੇ ਅਵਾਗਵਨ ਤੋਂ ਮੁਕਤੀ ਸੀ, ਲੋਕ ਹਿੰਦੂ ਸ਼ਬਦਾਲਵੀ ਤੋਂ ਤ੍ਰਸਦ ਸਨ। ਉਹ ਭੈਅਭੀਤ ਸਨ ਤੇ ਇਸੇ ਲਈ ਲਈ ਉਹ ਧਰਮ ਦੀ ਸ਼ਰਨ ਵਿੱਚ ਆ ਰਹੇ ਸਨ। ਇਸ ਲਈ ਇਥੇ ਇਸ ਸੰਕਲਪ ਦੀ ਵਰਤੋਂ ਲੋਕ ਮੁਹਾਵਰੇ ਵੱਜੋਂ ਕੀਤੀ ਗਈ ਹੈ। ਹੁਕਮ ਵਿੱਚ ਸਾਰੀ ਸ਼੍ਰਿਸ਼ਟੀ ਤੇ ਇਸ ਤੋਂ ਬਾਹਰ ਕੋਈ ਵੀ ਨਹੀਂ ਜੇ ਕੋਈ ਇਸ ਨੂੰ ਸਮਝ ਲਵੇ ਤਾਂ ਫਿਰ ਉਸ ਅੰਦਰ ਹਉਮੈ ਨਹੀਂ ਆਏਗੀ। ਹਉਮੈ ਤੋਂ ਮਤਲਬ ਹੰਕਾਰ ਹੈ ਜੋ ਮਨੁੱਖ ਦੀ ਸੋਚ ਨੂੰ ਸਵੈ ਉਪਰ ਕੇਂਦਰਿਤ ਕਰਦਾ ਹੈ ਤੇ ਉਹ ਸਮੁੱਚ ਨਾਲੋਂ ਦੁਰ ਹੋ ਜਾਂਦਾ ਹੈ। ਇਥੋਂ ਤੱਕ ਪਹੁੰਚਿਦਆਂ ਸਿਰਫ ਹੁਕਮ ਨੂੰ ਕੁਦਰਤੀ ਵਰਤਾਰੇ ਦੇ ਨਿਯਮਾਂ ਦੀ ਨਿਯਮਬੱਧਤਾ ਨਾਲ ਜੋੜਨ ਦੀ ਲੋੜ ਹੈ। ਭਾਵ ਜਿਸ ਨੇ ਕੁਦਰਤੀ ਨਿਯਮਾਂ ਦੀ ਨਿਯਮਬੱਧਤਾ ਨੂੰ ਸਵੀਕਾਰ ਕਰ ਲਿਆ ਉਸ ਦੀ ਜੀਵਨ ਜਾਚ ਆਪਣੇ ਆਪ ਸੁਖਾਲੀ ਹੋ ਜਾਣੀ ਤੇ ਉਸ ਨੇ ਹਰ ਤਰ੍ਹਾਂ ਦੇ ਗਰੂਰ ਤੇ ਕੂੜ ਕੁੱਸਤ ਤੋਂ ਮੁਕਤ ਹੋ ਜਾਣਾ ਹੈ। ਜਿਹੜਾ ਮਨੁੱਖ ਕੁਦਰਤੀ ਵਰਤਾਰਿਆਂ ਦੇ ਨਿਯਮਾਂ ਨੂੰ ਸਮਝ ਕੇ ਆਪਣੀ ਜੀਵਨ ਜਾਚ ਇਸ ਅਨਸਾਰ ਢਾਲਦਾ ਹੈ ਉਹ ਹਰ ਤਰ੍ਹਾਂ ਭਰਮ ਭੁਲੇਖੇ ਤੋਂ ਛੁਟਕਾਰਾ ਪਾ ਜਾਂਦਾ ਹੈ।

ਗਾਵਹੁ ਦਾ ਅਰਥ ਹੈ ਕੁਦਰਤ ਦੇ ਨਿਯਮਾਂ ਨੂੰ ਮੰਨਣਾ ਤੇ ਉਸ ਅਨੁਸਾਰ ਚਲਣਾ, ਆਸਾ ਦੀ ਵਾਰ ਵਿੱਚ ਬਹੁਤਾ ਹਿਸਾ ਕੁਦਰਤ ਤੇ ਕੁਦਰਤ ਦੇ ਵਰਤਾਰਿਆਂ ਨੂੰ ਸਮਰਪਿਤ ਹੈ। ਕੁਦਰਤ ਵਿੱਚ ਕਿਸੇ ਵੀ ਵਰਤਾਰੇ ਦੇ ਬਾਰ ਬਾਰ ਵਰਤਣ ਨਾਲ ਪੈਦਾ ਹੋਣ ਵਾਲੀ ਇਕ ਲੈਅ ਨੂੰ ਮਹਿਸੂਸ ਕੀਤਾ ਜਾ ਸਕਦਾ। ਇਹ ਲੈਅ ਰੁੱਤਾਂ ਦੇ ਬਦਲਣ ਵਿੱਚ ਹੈ, ਪਾਣੀਆਂ, ਦਰਿਆਵਾਂ ਦੇ ਵਹਿਣ ਵਿੱਚ ਹੈ, ਸੂਰਜ ਚੰਦ ਤਾਰੇ ਤੇ ਖਿਤੀਆਂ ਦੇ ਭੌਣ ਵਿੱਚ ਹੈ ਪੂਰੇ ਬ੍ਰਹਮੰਡ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ। ਸੋਦੁਰ ਦੇ ਸ਼ਬਦ ਵਿੱਚ ਇਸੇ ਲੈਅ ਨੂੰ ਹੀ ਗਾਵਹੁ ਕਿਹਾ ਗਿਆ ਹੈ। ਪੂਰੇ ਸ਼ਬਦ ਦਾ ਭਾਵ ਹੈ ਕੀ ਕੀ ਤੇ ਕੋਣ ਕੌਣ ਨਹੀਂ ਗਾ ਰਿਹਾ ਇਸ ਦਾ ਵਿਚਾਰ ਕਰਨਾ ਵੀ ਬੁੱਧੀ ਦੇ ਵੱਸ ਵਿੱਚ ਨਹੀਂ ਭਾਵ ਅਕਾਰੀ ਰੂਪ ਵਿੱਚ ਇਹ ਬ੍ਰਹਮੰਡ ਏਨਾ ਵਿਸ਼ਾਲ ਹੈ ਕਿ ਇਸ ਨੂੰ ਮਹਿਸੂਸ ਕਰਨ ਨਾਲ ਜਿਹੜਾ ਅਨੰਦ ਮਿਲਦਾ ਹੈ ਉਹੋ ਹੀ ਕਿਸੇ ਗੁਰਮੁਖ ਦੇ ਜੀਵਨ ਦਾ ਅਨੰਦ ਹੈ। ਗੁਰਮੁਖ ਉਹ ਜੋ ਗੂਰ ਭਾਵ ਕੁਦਰਤ ਦੇ ਵਰਤਾਰਿਆਂ ਨਿਯਮਾਂ ਨੂੰ ਸੁਚੇਤ ਤੌਰ ਤੇ ਸਮਝਦਾ ਹੋਇਆ ਆਪਣਾ ਜੀਵਨ ਬਤੀਤ ਕਰੇ। ਵਿਸਮਾਦ ਦੀ ਅਵਸਥਾ ਦਾ ਨਾਂ ਹੀ ਵਾਹਿਗੁਰੂ ਹੈ।  ਕੁਦਰਤ ਦੇ ਨਿਯਮਾਂ ਵਿੱਚ ਚਲਣਾ ਹੀ ਭੈਅ ਹੈ ਜਿਸ ਦੇ ਬਾਰੇ ਆਸਾ ਦੀ ਵਾਰ ਵਿੱਚ ਦਰਜ ਮਿਲਦਾ ਹੈ। ਭੈਅ ਵਿੱਚ ਪਵਨ ਵਹੈ ਸਦਿ ਵਾਓ। ਭੈਅ ਵਿੱਚ ਚਲੈ ਲਖ ਦਰਿਆਓ।


ਇਹ ਸੱਭ ਕੁਝ ਕੋਈ ਗੇਰ ਵਿਗਿਆਨਕ ਨਹੀਂ ਹੈ। ਇਸ ਸੱਭ ਕੁਝ ਸਮਝਣ ਦੀ ਲੋੜ ਹੈ। ਗੁਰਬਾਣੀ ਦੇ ਮੁਹਾਵਰੇ ਨੂੰ ਸਮਝਣ ਦੀ ਲੋੜ ਹੈ ਤੇ ਫਿਰ ਇਸ ਤੋਂ ਅੱਗੇ ਜੋ ਗੁਰਬਾਣੀ ਦਾ ਧੁਰ ਅੰਦਰਲਾ ਵਿਚਾਰ ਹੈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣ ਦੀ ਲੋੜ ਹੈ। ਇਹ ਇਕ ਵਿਗਿਆਨਕ ਤਰੀਕਾ ਹੈ ਜ਼ਿੰਦਗੀ ਜੀਣ ਦਾ ਜੋ ਗੁਰਬਾਣੀ 500 ਸਾਲ ਪਹਿਲਾਂ ਸਮਝਾਉਂਦੀ ਹੈ। ਇਸ ਸਾਰੇ ਕੰਮ ਵਿੱਚ ਕਿਸੇ ਪਾਠ ਪੂਜਾ, ਰਵਾਇਤ, ਅਰਦਾਸ, ਮੰਨਤ, ਸੁੰਨਤ ਤੇ ਹੋਰ ਧਰਮ ਦੇ ਨਾਂ ਉਪਰ ਰਚੇ ਜਾ ਰਹੇ ਅਡੰਬਰ ਦੀ ਕੋਈ ਲੋੜ ਨਹੀਂ। ਤੁਹਾਡੇ ਕਿਸੇ ਵੀ ਕੰਮ ਦਾ ਉਸ ਮਹਾਂ ਵਰਤਾਰੇ ਦੇ ਵਰਤਣ ਉਪਰ ਨਹੀਂ ਪੈਣਾ। ਹਾਂ ਜੇ ਤੁਸੀਂ ਆਪਣੇ ਵਾਤਾਵਰਨ ਨਾਲ ਖਿਲਵਾੜ ਕਰਦੇ ਰਹੇ ਕੁਦਤ ਦੇ ਨਿਯਮਾਂ ਨੂੰ ਬਦਲਦੇ ਰਹੇ, ਹਰ ਥਾਂ ਆਪਣੀ ਮਰਜ਼ੀ ਚਲਾਉਂਦੇ ਰਹੇ, ਆਪਣਾ ਮਤਲਬ ਸਿੱਧ ਕਰਦੇ ਰਹੇ, ਸਵਾਰਥੀ ਸੋਚ ਨਾਲ ਫਿਰ ਕੀ ਹੋ ਜਾਊ ਦੇ ਨਾਲ ਚਲੱਦੇ ਰਹੇ ਤਾਂ ਤੁਸੀਂ ਲਾਜ਼ਮੀ ਹੀ ਕੁਦਰਤ ਦੇ ਨਿਯਮਾਂ ਉਪਰ ਉਸਰਿਆ ਢਾਂਚਾ ਢਹਿ ਢੇਰੀ ਕਰਕੇ ਵਿਨਾਸ਼ ਨੂੰ ਗਲੇ ਜਰੂਰ ਲਗਾ ਲਵੋਗੇ। ਗੁਰਬਾਣੀ ਤੁਹਾਨੂੰ ਇਹੋ ਜਿਹੇ ਕੰਮਾਂ ਤੋਂ ਸਾਫ ਵਰਜਦੀ ਹੈ।

1 comment:

  1. "ਗਾਵਹੁ" ਸ਼ਬਦ ਦੀ ਵਿਆਖਿਆ ਤੁਸੀਂ ਬਹੁਤ ਹੀ ਵਿਸ਼ਾਲ ਰੂਪ ਵਿੱਚ ਤੇ ਸਿੱਧੇ-ਸਾਦੇ ਸ਼ਬਦਾਂ ਵਿੱਚ ਕੀਤੀ ਹੈ। ਸ਼ਾਇਦ ਇਹ ਵੀ ਬਿਲਕੁਲ ਸੱਚ ਹੈ ਕਿ ਕੁਦਰਤ ਆਪਣੇ ਆਪ ਵਿੱਚ ਵਾਪਰ ਰਹੀ ਹੈ ਭਾਵ ਉਸ ਪਿੱਛੇ ਰੱਬ ਵਰਗੀ ਕੋਈ ਤਾਕਤ ਕੰਮ ਨਹੀਂ ਕਰ ਰਹੀ। ਮੈਂ ਬਹੁਤ ਜਿਆਦਾ ਗੁਰਬਾਣੀ ਨਹੀਂ ਪੜ੍ਹੀ ਹੈ, ਪਰ ਜੋ ਪੜਦੀ ਹਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਜਰੂਰ ਕਰਦੀ ਹਾਂ। ਹੁਣ ਤੱਕ ਮੇਰੀ ਸਮਝ ਨੇ ਮੈਨੂੰ ਇਹੀ ਸਿਖਾਇਆ ਹੈ ਕਿ ਰੱਬ ਹੈ। ਪਤਾ ਨਹੀਂ ਕਿਉਂ ਮੈਂ ਖੁਦ ਵੀ ਬਹੁਤ ਵਾਰੀ ਇਸ ਤਾਕਤ ਨੂੰ ਮਹਿਸੂਸ ਕੀਤਾ ਹੈ। ਪਰ ਹਾਂ ਮੈਂ ਤੁਹਾਡੇ ਇਸ ਵਿਚਾਰ ਨਾਲ਼ ਬਿਲਕੁੱਲ ਸਹਿਮਤ ਹਾਂ ਕਿ ਉਸ ਰੱਬ ਨੂੰ ਪਾਉਣ ਲਈ ਸਾਨੂੰ ਕਿਸੇ ਕਿਸਮ ਦਾ ਕੋਈ ਅਡੰਬਰ ਕਰਨ ਦੀ ਜ਼ਰੂਰਤ ਨਹੀਂ ਹੈ। 'ਜੀਓ ਤੇ ਜੀਣੇ ਦਿਓ' ਜਿੰਦਗੀ ਜਿਉਣ ਦਾ ਇਹੀ ਸਭ ਤੋਂ ਵਧੀਆ ਅਸੂਲ ਹੈ। ਪਰ ਇਸ ਦੁਨੀਆਂ ਨੂੰ ਤੁਸੀਂ ਮੇਰੇ ਨਾਲੋਂ ਬਹੁਤ ਵੱਧ ਸਮਝਦੇ ਹੋਂ। ਜਿਹੜੇ ਲੋਕ ਜੁਰਮ ਕਰਦੇ ਨੇ ਉਹ ਉਹੀ ਹਨ ਜੋ ਨਹੀਂ ਮੰਨਦੇ ਕਿ ਕੋਈ ਰੱਬ ਹੈ, ਰੱਬ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਤੇ ਆਪਣੀ ਜਿੰਦਗੀ ਅਰਾਮ ਨਾਲ ਜਿਉਂਦੇ ਹਨ। ਤੁਹਾਨੂੰ ਨਹੀਂ ਲੱਗਦਾ ਕਿ ਜੇ ਜਿਆਦਾ ਤੋਂ ਜਿਆਦਾ ਲੋਕੀਂ ਇਹੀ ਮੰਨਣ ਲੱਗੇ ਕਿ ਰੱਬ ਨਹੀਂ ਹੈ ਤਾਂ ਸਾਡੀ ਦੁਨੀਆਦਾਰੀ ਵਿੱਚ ਵੀ ਜੰਗਲ਼ ਵਰਗਾ ਰਾਜ਼ ਹੋ ਜਾਣਾ ਹੈ। ਜਾਨਵਰ ਤਾਂ ਸ਼ਾਇਦ ਫਿਰ ਵੀ ਸਮਝਦਾਰ ਹਨ ਤੇ ਬੇਲੋੜਾ ਕਿਸੇ ਨੂੰ ਤੰਗ ਨਹੀਂ ਕਰਦੇ। ਪਰ ਇਹ ਜਾਨਵਰ ਜਿਸ ਨੂੰ ਆਪਾਂ ਇਨਸਾਨ ਕਹਿੰਦੇ ਹਾਂ ਇਹ ਕੀ ਨਹੀਂ ਕਰੂਗਾ? ਇਸ ਲਈ ਮੇਰੀ ਕੋਸਿਸ਼ ਇਹੀ ਹੈ ਕਿ ਰੱਬ ਦੀ ਹੋਂਦ ਦਾ ਅਹਿਸਾਸ ਰਹਿਣਾਂ ਚਾਹੀਦਾ ਹੈ, ਪਰ ਪੂਜਾ ਵਰਗੇ ਅਡੰਬਰਾਂ ਤੋਂ ਛੁਟਕਾਰਾ ਪਾਉਣਾਂ ਜਰੂਰੀ ਹੈ।

    ReplyDelete