ਮੈਡੀਕਲ ਪੇਸ਼ੇ ਲਈ ਰੱਬ
ਹੋ ਸਕਦਾ ਹੈ ਇਸ ਗੱਲ ਨਾਲ ਮੇਰੇ ਕੁਝ ਡਾਕਟਰ ਦੋਸਤ ਸਹਿਮਤ ਨਾ ਹੋਣ, ਪਰ ਆਮ ਕ ਤਾਂ ਇਸ
ਗੱਲ ਨੂੰ ਭਲੀ ਭਾਂਤ ਸਮਝ ਸਕਦੇ ਹਨ ਪਰ ਇਹ ਗੱਲ ਪੱਕੀ ਹੈ ਕਿ ਮੈਡੀਕਲ ਪ੍ਰੈਕਟਿਸ ਦਾ ਰੱਬ ਬਿਨਾਂ
ਨਹੀਂ ਸਰ ਸਕਦਾ। ਉਹਨਾਂ ਨੂੰ ਤਾਂ ਬੱਸ ਰੱਬ ਦਾ ਹੀ ਇਕ ਆਸਰਾ ਹੈ ਜੋ ਉਹਨਾਂ ਦੀਆਂ ਗ਼ਲਤੀਆਂ ਉਪਰ ਪਰਦਾ
ਪਾਈ ਰੱਖਦਾ ਹੈ, ਉਹਨਾਂ ਨੂੰ ਲੋਕਾਂ ਦੇ ਗੁੱਸੇ ਤੋਂ ਬਚਾਉਂਦਾ ਹੈ, ਉਹਨਾਂ ਦੀਆਂ ਕੁਤਾਹੀਆਂ ਢਕਦਾ
ਹੈ ਤੇ ਇਕ ਰੱਬ ਦਾ ਨਾਂ ਵਰਤ ਕੇ ੳਹ ਕਿੰਨੀ ਸਹਿਜ ਨਾਲ ਵੱਡੇ ਤੋਂ ਵੱਡਾ ਸਦਮਾ ਵੀ ਸਹਿਣ ਲਈ ਮਰੀਜ਼
ਦੇ ਪਰਵਾਰ ਨੂੰ ਤਿਆਰ ਕਰ ਲੈਂਦੇ ਹਨ।
‘ਵਾਹ ਤਾਂ ਬੜੀ ਲਾਈ ਪਰ ਜੋ ਭਾਵੇ ਕਰਤਾਰ’
‘ਆਪਣੇ ਵੱਲੋਂ ਤਾਂ ਪੁਰੀ ਕੋਸ਼ਿਸ਼ ਕਰਾਂਗੇ ਬਾਕੀ ਜੋ ਇਸ ਦੀ ਕਿਸਮਤ ਵਿੱਚ ਲਿਖਿਆ ਹੈ’
‘ਵਧੀ ਨੂੰ ਕੋਈ ਘਟਾ ਨਹੀਂ ਸਕਦਾ ਤੇ ਘਟੀ ਨੂੰ ਕੋਈ ਟਾਲ ਨਹੀਂ ਸਕਦਾ’
“ਰੱਬ ਦਾ ਭਾਣਾ ਹੀ ਅਸਲ ਵਿਚ ਉਹ ਬਾਣਾ ਹੈ ਜੋ ਸੱਭ ਨੂੰ ਮੰਨਣਾ ਪੈਂਦਾ ਹੈ।‘
‘ਕਰਮਾਂ ਦੀ ਖੇਡ ਹੈ, ਇਥੇ ਆ ਕੇ ਵਿਗਿਆਨ ਵੀ ਅਸਫਲ ਹੋ ਜਾਂਦਾ ਹੈ।
ਇਹ ਉਹ ਵਾਕ ਹਨ ਜੋ ਹਰ ਸਕਰੀਨ ਪਲੇ ਦਾ ਹਿੱਸਾ ਬਣਦੇ ਹਨ ਜਿਸ ਵਿੱਚ ਕੋਈ ਮੌਤ ਦਾ
ਦ੍ਰਿਸ਼ ਪੇਸ਼ ਕਰਨਾ ਹੁੰਦਾ ਹੈ ਤੇ ਇਹ ਹੈ ਵੀ ਹਕੀਕਤ, ਕਿਉਂ ਕਿ ਸਾਹਿਤ ਵਿੱਚ ਵੀ ਸਾਰਾ ਕੁਝ ਅਸਲ
ਜ਼ਿੰਦਗੀ ਦੇ ਵਤੀਰੇ ਤੇ ਵਰਤਾਰੇ ਤੋਂ ਹੀ ਆਉਂਦਾ ਹੈ। ਜੋ ਕੁਝ ਬਾਹਰ ਹੋ ਰਿਹਾ ਹੁੰਦਾ ਹੈ ਉਸ ਨੇ
ਨੂੰ ਇਕ ਲੇਖਕ ਯਥਾਰਥ ਦਾ ਹਿੱਸਾ ਬਣਾ ਕੇ ਪੇਸ਼ ਕਰਦਾ ਹੈ। ਸੋ ਕਿੱਸਾ ਗੋ ਕਿ ਮੈਡੀਕਲ ਪ੍ਰੈਕਟਿਸ
ਵਿੱਚ ਰੱਬ ਦੇ ਬਿਨਾਂ ਨਹੀਂ ਸਰਦਾ।ਜੇ ਸੱਚ ਪੁਛੋ ਤਾਂ ਇਸ ਮੈਡੀਕਲ ਪੇਸ਼ੇ ਵਿੱਚ ਰੱਬ ਦਾ ਵੱਡਾ
ਯੋਗਦਾਨ ਹੈ। ਜੇ ਰੱਬ ਨਾ ਹੋਵੇ ਤਾਂ ਇਸ ਪੇਸ਼ੇ ਦਾ ਤਾਂ ਭੱਠਾ ਹੀ ਬੈਠ ਜਾਵੇ।
ਤੁਸਾਂ ਦੇਖਿਆ ਹੋਵੇਗਾ ਕਿ ਹਰ ਮਰੀਜ਼ ਦੇ ਠੀਕ ਹੋਣ ਦੀ ਸੂਰਤ ਵਿੱਚ ਡਾਕਟਰ ਦੀ ਸ਼ਿਫਾ
ਦੇ ਗੁਣਗਾਣ ਕੀਤੇ ਜਾਂਦੇ ਹਨ ਤੇ ਕਿਹਾ ਜਾਂਦਾ ਕਿ ਡਾਕਟਰ ਤਾਂ ਰੱਬ ਦਾ ਰੂਪ ਹੈ ਜਿਸ ਨੇ ਮੌਤ ਦੇ
ਮੂੰਹ ਚੋਂ ਖਿੱਚ ਕੇ ਲੈ ਆਂਦਾ। ਇਸ ਦਾ ਸਾਰਾ
ਸਿਹਰਾ ਡਾਕਟਰ ਦੇ ਸਿਰ ਬੰਨ੍ਹ ਕੇ ਉਸ ਨੂੰ ਅਸੀ ਘੋੜੀ ਚਾੜਿਆ ਜਾਂਦਾ ਹੈ ਕਿ ਉਸ ਦੀਆਂ ਪੌਂਬਾਰਾਂ
ਹੋ ਜਾਂਦੀਆਂ ਹਨ। ਡਾਕਟਰ ਦੀ ਬੱਲੇ ਬੱਲੇ ਹੋ ਜਾਂਦੀ ਹੈ। ਆਖਦੇ ਹਨ ਇਕ ਵਾਰ ਇਕ ਡਾਕਟਰ ਨੇ ਆਪਣੀ
ਸਮਝ ਅਨੁਸਾਰ ਉਸ ਮਰਿਜ਼ ਵਿੱਚ ਜਾਨ ਪਾ ਦਿਤੀ ਜਿਸ ਨੂੰ ਬਾਕੀਆਂ ਨੇ ਮੁਰਦਾ ਕਰਾਰ ਦੇ ਦਿਤਾ ਸੀ।
ਬੱਸ ਫਿਰ ਕੀ ਸੀ ਉਸ ਡਾਕਟਰ ਦੀ ਅਜਿਹੀ ਬੱਲੇ ਬੱਲੇ ਹੋਈ ਕਿ ਸ਼ਹਿਰ ਵਿੱਚ ਦਿਨਾਂ ਵਿੱਚ ਹੀ ਉਸ ਦੇ
ਨਾਂ ਨਾਲ ਹਸਪਤਾਲ ਉਸਰ ਗਿਆ। ਪਰ ਮੈਂ ਉਸੇ ਹਸਪਤਾਲ ਵਿੱਚ ਜ਼ਿੰਦਗੀ ਸਿਸਕਦੀ ਦੇਖੀ।
ਪਰ ਮੌਤ ਹੋਣ ਦੀ ਸੁਰਤ ਵਿੱਚ ਅਜਿਹਾ ਨਹੀਂ ਹੁੰਦਾ। ਡਾਕਟਰ ਹੱਥ ਪਿਛੇ ਖਿੱਚ ਲੈਂਦਾ
ਹੈ ਤੇ ਆਖਦਾ ਹੈ ਕਿ ਦੇਖੋ, ਇਹ ਤਾਂ ਵਿਧਾਤਾ ਦੇ ਹੱਥ ਸੀ। ਅਸੀਂ ਤਾਂ ਵਾਹ ਲਾਈ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ
ਸੀ। ਇਹ ਤਾਂ ਸਭ ਵਧੀ ਘਟੀ ਦੀਆਂ ਗੱਲਾਂ ਹਨ। ਅਜਿਹੇ
ਵਾਕਾਂ ਨਾਲ ਉਹ ਕਿੰਨਾ ਕੁਝ ਲੁਕਾ ਜਾਂਦਾ ਹੈ। ਡਾਕਟਰ ਕਦੇ ਵੀ ਇਸ ਦਾ ਦੋਸ਼ ਆਪਣੇ ਸਿਰ ਜਾਂ ਆਪਣੀ
ਪਧਿਤੀ ਦੇ ਦੇ ਸਿਰ ਨਹੀਂ ਲੈਂਦਾ ਕਿ ਉਸ ਨੇ ਇਲਾਜ ਕਰਨ ਵਿੱਚ ਕੁਝ ਕਸਰ ਰੱਖੀ, ਉਸ ਦੀ ਗ਼ਲਤੀ ਨਾਲ ਮਰੀਜ਼ ਦੀ ਮੌਤ ਹੋ ਗਈ ਹੈ। ਜਾਂ ਇਲਾਜ ਦੀ ਘਾਟ ਰਹਿ ਗਈ।
ਇਥੋਂ ਤੱਕ ਕਿ ਮੈਡੀਕਲ ਕਾਊਂਸਲ ਵੀ ਸੱਭ ਕੁਝ ਰੱਬ ਦੇ ਉਪਰ ਪਾ ਕੇ ਹੀ ਰਾਜ਼ੀ ਹੈ। ਉਹਨਾਂ
ਨੇ ਕਦੇ ਵੀ ਕਿਸੇ ਡਾਕਟਰ ਨੂੰ ਦੋਸ਼ੀ ਨਹੀਂ ਠਹਿਰਾਇਆ। ਇਲਾਜ, ਅਣਗਹਿਲੀ, ਲਾਪਰਵਾਹੀ, ਕੁਤਾਹੀ,
ਬੇਨਿਯਮੀ ਤੇ ਬੇਧਿਆਨੀ ਵਰਗੇ ਸ਼ਬਦ ਕਦੇ ਵੀ ਡਾਕਟਰਾਂ ਦੇ ਪੱਲੇ ਨਾਲ ਨਹੀਂ ਬੰਨ੍ਹੇ ਜਾਂਦੇ। ਹਰ
ਡਾਕਟਰ ਨੂੰ ਇਮਾਨਦਾਰ ਸਮਝਿਆ ਜਾਂਦਾ ਹੈ। ਇਹ ਬੜਾ ਉੱਚਾ ਤੇ ਸੁੱਚਾ ਪੇਸ਼ਾ ਮੰਨਿਆ ਜਾਂਦਾ ਹੈ।
ਹੋਵੇ ਵੀ ਕਿਉਂ ਨਾ ਮਰੀਜ਼ ਆਪਣੀ ਬਹੁਤ ਕੀਮਤੀ ਜ਼ਿੰਦਗੀ ਡਾਕਟਰ ਦੇ ਹੱਥ ਵਿੱਚ ਸੌਂਪਦਾ ਹੈ ਇਸ
ਵਿਸ਼ਵਾਸ ਨਾਲ ਕਿ ਡਾਕਟਰ ਉਸ ਦਾ ਇਲਾਜ ਕਰਨਗੇ। ਪਰ ਜੋ ਹੋ ਰਿਹਾ ਹੈ ਜਾਂ ਵਾਪਰ ਰਿਹਾ ਹੈ ਉਹ ਚੰਗਾ
ਨਹੀਂ।
ਲੋੜ ਇਸ ਗੱਲ ਦੀ ਹੈ ਕਿ ਡਾਕਟਰ ਨੂੰ ਆਪਣੇ ਪੇਸ਼ੇ ਪ੍ਰਤੀ ਪੂਰੀ ਤਰ੍ਹਾਂ ਜ਼ਿੰਮੇਦਾਰ
ਬਣਾਇਆ ਜਾਵੇ। ਹਰ ਅਣਗਹਿਲੀ ਜਾਂ ਹਾਦਸੇ ਦੀ ਸੂਰਤ ਵਿੱਚ ਉਸ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇ
ਨਹੀਂ ਤਾਂ ਅੱਜ ਕਲ੍ਹ ਪੈਸੇ ਦੇ ਕੇ ਬਣੇ ਡਾਕਟਰ
ਤਾਂ ਮਰੀਜ਼ਾਂ ਦੇ ਆਹੂ ਲਾਹ ਦੇਣਗੇ।
ਸੋ ਰੱਬ ਦੀ ਲੋੜ ਡਾਕਟਰ ਨੂੰ ਤਾਂ ਪਈ ਹੀ ਰਹਿੰਦੀ ਹੈ। ਉਹ ਮਰੀਜ਼ ਨੂੰ ਇਲਾਜ ਵਿੱਚ
ਨਹੀਂ ਸਗੋਂ ਉਪਰ ਵਾਲੇ ਵਿੱਚ ਯਕੀਨ ਕਰਨ ਲਈ ਆਖਦਾ ਹੈ। ਧਰਤੀ ਉਪਰ ਮੈਡੀਕਲ ਪੇਸ਼ੇ ਲਈ ਰੱਬ ਤੋਂ
ਬਿਨਾਂ ਨਹੀਂ ਸਰਦਾ। ਸੋ ਇਸੇ ਲਈ ਪੀ ਜੀ ਆਈ ਵਾਲੇ ਪੀ ਖੁਰਾਣਾ ਨੂੰ ਭਾਲਦੇ ਫਿਰਦੇ ਸਨ ਤਾਂ ਕਿ ਉਹ
ਕਹਿ ਸਕਣ ਕਿ ਹਰ ਬੰਦੇ ਦੀ ਕਿਸਮਤ ਤਾਂ ਉਸ ਦੀ ਉਸ ਪਤਰੀ ਵਿੱਚ ਹੁੰਦੀ ਹੈ ਜਿਸ ਦੇ ਕਰਤਾ ਧਰਤਾ
ਖੁਦ ਪੀ ਖੁਰਾਣਾ ਹਨ। ਪੀ ਜੀ ਆਈ ਵਿੱਚ ਪੀ ਖੁਰਾਣੇ ਨੂੰ ਸੁਣਨ ਦਾ ਮਤਲਬ ਹੈ ਕਿ ਡਾਕਟਰਾਂ ਦੀ ਸੋਚ
ਵਿਗਿਆਨਕ ਨਹੀਂ ਰਹੀ ਤੇ ਉਹ ਹਾਲੇ ਵੀ ਕਿਸਮਤ ਦੇ ਸਿਤਾਰਿਆਂ ਵਿੱਚ ਵਿਸ਼ਵਾਸ ਕਰਦੇ ਹਨ।
ਹੋ ਸਕਦਾ ਹੈ ਉਹਨਾਂ ਦਾ ਵਿਸ਼ਵਾਸ ਹੋਵੇ ਕਿ ਡਾਕਟਰੀ ਦੀ ਪ੍ਰੈਕਟਿਸ ਵਿੱਚ ਸਿਤਾਰਿਆਂ
ਤੇ ਕਿਸਮਤ ਦਾ ਕੋਈ ਹੱਥ ਹੋਵੇ ਤੇ ਇਸੇ ਲਈ ਬਹੁਤ ਡਾਕਟਰ ਕਿਸਮਤ, ਜੋਤਿਸ਼, ਕੀਮਤੀ ਨਗ ਵਾਲੀਆਂ
ਮੁੰਦਰੀਆਂ ਪਾਉਣ ਵਿੱਚ ਤੇ ਬ੍ਰਾਹਮਣੀ ਪਾਠ ਪੂਜਾ ਵਿੱਚ ਵਿਸ਼ਵਾਸ ਕਰਦੇ ਹਨ। ਜੇ ਕਿਸੇ ਦੇ ਹੱਥ ਦੀ
ਪਹਿਲੀ ਉਂਗਲ ਵਿੱਚ ਕੋਈ ਮੁੰਦਰੀ ਪਾਈ ਹੋਵੇ ਤਾਂ ਨਿਸ਼ਚਿਤ ਹੀ ਉਹ ਅੰਧ ਵਿਸ਼ਵਾਸੀ ਹੋਵੇਗਾ ਤੇ ਆਪਣੇ
ਕਾਰੋਬਾਰ ਵਾਸਤੇ ਕਿਸੇ ਜੋਤਿਸ਼ੀ ਜਾਂ ਬਾਬੇ ਦੇ ਚੱਕਰ ਵਿੱਚ ਫਸਿਆ ਹੋਵੇਗਾ। ਜਰੂਰੀ ਨਹੀਂ ਵਿਗਿਆਨ
ਦੀ ਪੜ੍ਹਾਈ ਕਰਨ ਵਾਲਾ ਤੇ ਕਰ ਚੁੱਕਾ ਵਿਅਕਤੀ ਆਪਣੇ ਪੁਰਾਣੇ ਧਾਰਮਕ ਅੰਧ ਵਿਸ਼ਵਾਸਾਂ ਦੀ ਜਕੜ ਤੋਂ
ਨਿਜਾਤ ਹਾਸਲ ਕਰ ਲੈਂਦਾ ਹੈ, ਬਹੁਤੇ ਤਾਂ ਵਿਗਿਆਨ ਦੀ ਪੜ੍ਹਾਈ ਸਿਰਫ ਪ੍ਰੀਖਿਆ ਪਾਸ ਕਰਨ ਤੱਕ ਹੀ
ਸੀਮਤ ਰੱਖਦੇ ਹਨ ਤੇ ਨਤੀਜੇ ਦੇ ਚੰਗੇ ਆਉਣ ਵਾਸਤੇ ਉਹ ਆਪਣੀ ਮਿਹਨਤ ਤੇ ਸਵੈ ਵਿਸ਼ਵਾਸ ਉਪਰ ਯਕੀਨ
ਕਰਨ ਦੀ ਬਜਾਏ ਅੰਧ ਵਿਸ਼ਵਾਸਾਂ ਦੀ ਡੋਰ ਨਾਲ ਬੱਝੇ ਹੁੰਦੇ ਹਨ। ਚੰਗੇ ਨਤੀਜੇ ਵਾਸਤੇ ਉਹ ਰੱਬ ਦਾ
ਧੰਨਵਾਦ ਕਰਦੇ ਹਨ ਤੇ ਮਾੜੇ ਵਾਸਤੇ ਉਹ ਕਿਸਮਤ ਨੂੰ ਕੋਸਦੇ ਹਨ। ਉਹ ਕਦੇ ਵੀ ਇਸ ਦੀ ਜਿਮਮੇਵਾਰੀ
ਆਪ ਨਹੀਂ ਕਬੂਲਦੇ। ਇਸ ਸਾਰੇ ਨੂੰ ਸੰਸਕਾਰ ਦੱਸਦੇ ਹਨ।
ਵਿਗਿਆਨ ਦੇ ਅਧਿਆਪਕ ਮੌਲਿਆਂ ਧਾਗੇ ਬੰਨ੍ਹੀ ਫਿਰਦੇ ਹਨ ਤੇ ਬਾਬਿਆਂ ਦੇ ਚੱਕਰ ਵਿੱਚ
ਫਸੇ ਹੁੰਦੇ ਹਨ, ਇੰਜੀਨੀਅਰ ਵਾਸਤੂ ਸ਼ਾਸਤਰ ਦਾ ਸ਼ਿਕਾਰ ਹੋਏ ਹੁੰਦੇ ਹਨ। ਉਹਨਾਂ ਨੂੰ ਵਿਗਿਆਨ ਦੇ
ਤਰੀਕੇ ਨਾਲ ਕਿਤੀ ਪੜ੍ਹਾਈ ਉਪਰ ਯਕੀਨ ਘੱਟ ਹੁੰਦਾ ਹੈ ਤੇ ਕਿਸੇ ਅਣਪੜ੍ਹ ਬਾਬੇ ਦੀ ਲਿਖੀ ਪੋਥੀ
ਉਪਰ ਵੱਧ ਹੁੰਦਾ ਹੈ। ਉਹ ਮਹੂਰਤ ਦੀ ਭਾਲ ਵਿੱਚ ਜੋਤਸ਼ੀ ਨਾਲ ਸੰਪਰਕ ਕਰਨਾ ਨਹੀਂ ਭੁਲਦੇ ਤੇ ਕਿਸੇ
ਵੀ ਵੱਡੇ ਕਾਰੋਬਾਰ ਦੀ ਆਰੰਭਤਾ ਲਈ ਕਿਸੇ ਬ੍ਰਾਹਮਣੀ ਪਾਠ ਪੂਜਾ ਦਾ ਓਟ ਆਸਰਾ ਲੈਂਦੇ ਹਨ।
ਡਾਕਟਰਾਂ ਦਾ ਹਾਲ ਤਾਂ ਅਸੀਂ ਉਪਰ ਦੱਸ ਹੀ ਆਏ ਹਾਂ।
ਆਖਰ ਇਸ ਅਧੋਗਤੀ ਵਿੱਚ ਦੋਸ਼ਾਂ ਕਿਸ ਦਾ ਹੈ? ਨਿਸ਼ਚੇ ਹੀ ਸਾਡੇ ਸਿਖਿਆ ਪ੍ਰਣਾਲੀ ਦਾ
ਤੇ ਵਿਗਿਆਨ ਪ੍ਰਤੀ ਸਾਡੇ ਰਵੱਈਏ ਦਾ। ਅਸੀਂ ਵਿਗਿਆਨੀ ਤਾਂ ਬਣ ਸਕਦੇ ਹਾਂ ਪਰ ਵਿਗਿਆਨਕ ਸੋਚ ਨੂੰ
ਅਪਣਾਉਣ ਤੋਂ ਝਿਜਕਦੇ ਹਾਂ। ਹੋਣੀ / ਕਿਸਮਤ ਤੋਂ ਡਰਦੇ ਹਾਂ ਉਸ ਨੂੰ ਸਿੱਧਾ ਕਰਨ ਲਈ ਉਪਾਅ ਲੱਭਦੇ
ਰਹਿੰਦੇ ਹਾਂ। ਜਦੋਂ ਕਿ ਵਿਗਿਆਨਿਕ ਸੋਚ ਇਸ ਗੱਲ ਦੀ ਮੰਗ ਕਰਦੀ ਹੈ ਕਿ ਅਸੀਂ ਹਰ ਘਟਨਾ ਚੰਗੀ ਹੋਵੇ
ਮਾੜੀ ਹੋਵੇ ਉਸ ਦਾ ਸਹੀ ਕਾਰਨ ਲੱਭੀਏ ਤੇ ਉਸ ਤੋਂ ਉਪਜੀ ਕਿਸੇ ਵੀ ਸਮਸਿਆ ਦਾ ਹੱਲ ਵੀ ਉਸੇ ਥਾਂ
ਤੋਂ ਹੀ ਲੱਭੀਏ ਜਿੱਥੇ ਉਹ ਪਈ ਹੋਵੇ।
ਆਪਣੇ ਇਸ ਲੇਖ ਨੂੰ ਲਿਖਣ ਵੇਲੇ ਮੈਂ ਸਾਰੀ ਡਾਕਟਰ ਸ਼੍ਰੇਣੀ ਨੂੰ ਝੰਜੋੜਨਾ ਚਾਹਾਗਾਂ
ਕਿ ਆਓ ਵਿਗਿਆਨ ਦੀ ਮਦਦ ਲਈਏ ਤੇ ਆਪਣੇ ਦਿਮਾਗਾਂ ਦੀਆਂ ਬਾਰੀਆਂ ਖੋਲ੍ਹੀਏ। ਵਿਗਿਆਨ ਦੀ ਸਹੀ
ਪਹੁੰਚ ਅਪਣਾਉਣ ਨਾਲ ਹਰ ਸਮਸਿਆ ਦਾ ਹੱਲ ਹੋ ਸਕਦਾ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਬਾਬਾ ਫਰੀਦ
ਯੂਨੀਵਰਸਿਟੀ ਫਰੀਦਕੋਟ ਵਿੱਚ ਰਾਤ ਨੂੰ ਸੁਣਾਈ ਆਉਣ ਵਾਲੀਆਂ ਅਵਾਜ਼ਾਂ ਦਾ ਸਬੰਧ ਭੂਤਾਂ ਨਾਲ ਹੀ
ਦਿਸੇਗਾ ਤੇ ਹਰ ਕੰਮ ਵਾਸਤੇ ਪੀ ਖੁਰਾਣਾ ਜਿਹੇ ਜੋਤਸ਼ੀ ਦੀ ਮਦਦ ਲੈਣ ਦੀ ਲੋੜ ਪਵੇਗੀ।
ਕਿਸੇ ਜੋਤਸ਼ ਦੀ ਕਿਤਾਬ ਦੇ ਆਖਰੀ ਪੰਨੇ ਤੇ ਲਿਖਿਆ ਸੀ ਕਿ ਜਿਸ ਨੂੰ ਕੁਝ ਨਾ ਆਉਂਦਾ
ਹੋਵੇ ਉਹ ਜੋਤਸ਼ੀ ਬਣ ਜਾਂਦਾ ਹੈ।
No comments:
Post a Comment