Saturday, April 21, 2012

ਨਰੜ ਬਥੇਰੇ ਜੋੜੀਆਂ ਜੱਗ ਥੋੜ੍ਹੀਆਂ।


......ਨਰੜ ਬਥੇਰੇ
ਜੋੜੀਆਂ ਜੱਗ ਥੋੜ੍ਹੀਆਂ


ਹਰ ਇਕ ਵਾਸਤੇ ਤਾਂ ਨਹੀਂ ਕਿਹਾ ਜਾ ਸਕਦਾ ਪਰ ਬਹੁਤਿਆਂ ਉਪਰ ਇਹ ਲਾਗੂ ਹੁੰਦਾ ਹੈ।

ਬੜੀ ਪੁਰਾਣੀ ਗੱਲ ਹੈ। ਇਕ ਸਾਧਾਰਨ ਪਰ ਪੜ੍ਹੇ ਲਿਖੇ ਮੁੰਡੇ ਦਾ ਵਿਆਹ ਹੋਇਆ। ਆਮ ਬਰਾਤਾਂ ਵਾਂਗ ਬਰਾਤ ਗਈ। ਘੋੜੀਆਂ ਉਪਰ ਜਾਂ ਟਾਂਗਿਆਂ ਉਪਰ, ਪਿੰਡ ਵਿੱਚ ਮੁੰਡਾ ਵਿਆਹ ਕੇ ਲਿਆਂਦਾ ਗਿਆ। ਮਾਂ ਨੇ ਨਵੀਂ ਨੂੰਹ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ। ਸਾਰਾ ਵਿਹੜਾ ਖੁਸ਼ੀਆਂ ਨਾਲ ਭਰਿਆ ਹੋਇਆ। ਰਾਤ ਪਈ; ਨਵੀਂ ਵਿਆਹੀ ਜੋੜੀ ਕਮਰੇ ਵਿੱਚ ਆਈ। ਲਾੜੀ ਦਾ ਚੂੜਾ, ਕਲੀਰੇ, ਸਾਰਾ ਕੁਝ ਛਣ-ਛਣ ਕਰਦਾ। ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ।

‘ਮੈਂ ਤਾਂ ਕਿਸੇ ਹੋਰ ਦੀ ਅਮਾਨਤ ਹਾਂ।’ ਲਾੜੀ ਨੇ ਝਕਦਿਆਂ- ਝਕਦਿਆਂ ਕਿਹਾ।
ਇਹ ਉਹ ਪਹਿਲਾ ਮੌਕਾ ਸੀ ਜਦੋਂ ਉਹ ਦੋਵੇਂ ਜਣੇ ਆਪੋ ਵਿੱਚ ਮਿਲੇ ਸਨ। ਲਾੜੇ ਨੇ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਸੀ। ਨਵਾਂ ਨਵਾਂ ਪਾੜ੍ਹਾ ਬਣਿਆ ਸੀ। ਉਹ ਨੇ ਕੁਝ ਸੋਚਿਆ। ਅਮਾਨਤ ਦੇ ਮਾਲਕਾਂ ਦਾ ਨਾਂ ਪਤਾ ਪੁੱਛਿਆ
ਰਾਤ ਬੀਤੀ, ਦਿਨ ਚੜ੍ਹਿਆ। ਉਸ ਨੇ ਆਪਣਾ ਸਾਈਕਲ ਕੱਢਿਆ ਤੇ ਨਵੀਂ ਲਾੜੀ ਨੂੰ ਪਿਛੇ ਬਿਠਾਇਆ ਤੇ ਬਿਨਾ ਕਿਸੇ ਹੀਲ ਹੁੱਜਤ ਤੋਂ ਉਸ ਅਮਾਨਤ ਨੂੰ ਮਾਲਕ ਕੋਲ ਪੁਚਾ ਦਿੱਤਾ
ਉਹ ਆਪ ਪਟਿਆਲੇ ਆ ਗਿਆ। ਕਾਲਜ ਵਿੱਚ ਦਾਖਲਾ ਲੈ ਲਿਆ। ਆਪ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਤੇ ਸਾਰੀ ਜ਼ਿੰਦਗੀ ਸਾਹਿਤ  ਦੀ ਸੇਵਾ ਵਿੱਚ ਲਾ ਦਿੱਤੀਉਹ ਪੰਜਾਬੀ ਦਾ ਇਕ ਪ੍ਰਸਿੱਧ ਸਾਹਿਤਕਾਰ ਤੇ ਕੋਸ਼ ਕਾਰ ਹੋ ਨਿਬੜਿਆ। ਉਸ ਦਾ ਪਿੰਡ ਮੇਰੇ ਸ਼ਹਿਰ ਤੋਂ ਕੁਝ ਮੀਲਾਂ ਦੀ ਵਿੱਥ ਤੇ ਸੀ।

ਇਕ ਹੋਰ ਘਟਨਾ ਇਸ ਨਾਲ ਮਿਲਦੀ ਜੁਲਦੀ ਹੈ। ਉਹ ਮੇਰੇ ਗਵਾਂਢ ਵਿੱਚ ਰਹਿੰਦੀ ਸੀ। ਸ਼ਹਿਰੀ ਮਹਾਜਨ ਪਰਵਾਰ ਦੀ ਬਹੁਤ ਖ਼ੂਬਸੂਰਤ ਕੁੜੀ ਕਾਲਜ ਵਿੱਚ ਮੇਰੇ ਤੋਂ ਇਕ ਸਾਲ ਪਿਛੇ ਸੀ। ਸ਼ਹਿਰ ਦਾ ਸਰਕਾਰੀ ਕਾਲਜ ਸ਼ਹਿਰ ਤੋਂ ਕੁਝ ਕਿਲੋਮੀਟਰਾਂ ਦੀ ਵਿੱਥ ਤੇ ਸੀ। ਇਕ ਪੇਂਡੂ ਮੁੰਡੇ ਦਾ ਦਿਲ ਆ ਗਿਆ। ਉਸ ਨੇ ਕੁੜੀ ਦਾ ਪਿੱਛਾ ਕੀਤਾ। ਕੁੜੀ ਵੀ ਉਸ ਵੱਲ ਖਿਚੀ ਗਈ। ਇਸ਼ਕ ਨੇ ਰਫਤਾਰ ਫੜ ਲਈ। ਰਸਤੇ ਸਾਂਝੇ ਹੋ ਗਏ। ਪਰ ਮਹਾਜਨ ਪਰਵਾਰ ਦੀ ਕੁੜੀ ਪੇਂਡੂ ਜੱਟ ਮੁੰਡੇ ਨਾਲ ਇਸ਼ਕ ਕਰੇ, ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ।

ਕੁੜੀ ਦਾ ਜੀਜਾ ਇਕ ਹੋਰ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਸੀ। ਉਸ ਨੇ ਮੁੰਡੇ ਨੂੰ ਬੁਲਾਇਆ। ਵਿਆਹ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀਪਰ ਨਾਲ ਹੀ ਇਕ ਸ਼ਰਤ ਲਾ ਦਿੱਤੀ ਕਿ ਕੁਝ ਬਣ ਕੇ ਦਿਖਾਓ। ਕੁੜੀ ਨੂੰ ਆਪਣੇ ਕੋਲ ਦੂਜੇ ਸ਼ਹਿਰ ਲਿਜਾ ਕੇ ਕਾਲਜ ਦਾਖਲ ਕਰਵਾ ਦਿੱਤਾਬੀ ਏ ਦੇ ਆਖਰੀ ਸਾਲ ਵਿੱਚ ਇਕ ਹੋਰ ਰਿਸ਼ਤਾ ਲੱਭ ਕੇ ਉਸ ਦਾ ਵਿਆਹ ਕਰ ਦਿੱਤਾਹਵਾਈ ਜਹਾਜ਼ ਉੱਡਿਆ ਤੇ ਉਹ ਕੁੜੀ ਹੁਣ ਅਮਰੀਕਾ ਦੀ ਵਸਨੀਕ ਬਣ ਗਈ। ਤੀਹ ਸਾਲ ਬਾਅਦ ਉਸ ਕੁੜੀ ਦਾ ਪਤਾ ਲੱਗਿਆ। ਲੰਬੀਆਂ ਗੱਲਾਂ ਬਾਤਾਂ ਸ਼ੋਸ਼ਲ ਨੈਟਵਰਕਿੰਗ ਸਾਈਟ ਉਪਰ ਹੋਈਆਂ। ਉਸ ਨੇ ਆਪਣੇ ਬਾਰੇ ਜੋ ਦੱਸਿਆ ਉਹ ਝੰਜੋੜ ਦੇਣ ਵਾਲਾ ਸੀ।

ਉਹ ਸਿਰਫ਼ ਤਿੰਨ ਸਾਲ ਆਪਣੇ ਪਤੀ ਨਾਲ ਰਹੀ। ਉਸ ਤੋਂ ਬਾਅਦ ਉਸ ਦਾ ਤਲਾਕ ਹੋ ਗਿਆ। ਵਿਆਹ ਚੋਂ ਦੋ ਬੱਚੇ ਹੋਏ, ਜੋ ਹੁਣ ਵਿਆਹੇ ਜਾ ਚੁਕੇ ਹਨ। ਉਹ ਹੁਣ ਇਕੱਲੀ ਰਹਿੰਦੀ ਹੈ ਤੇ ਉਸ ਦਾ ਇਕ ਹੋਰ ਵਿਅਕਤੀ ਨਾਲ ਸਬੰਧ ਬਣ ਰਿਹਾ ਹੈ ਜੋ ਉਸ ਤੋਂ ਦਸ ਸਾਲ ਵੱਡਾ ਹੈ ਤੇ ਉਹ ਆਪਣੇ ਆਪ ਨੂੰ ਇਕ ਦੂਜੇ ਲਈ ਸਮਰਪਿਤ ਲਿਖਦੇ ਹਨ।

ਇਹ ਗੱਲ ਮੇਰੇ ਹੀ ਸ਼ਹਿਰ ਦੀ ਇਕ ਹੋਰ ਕੁੜੀ ਬਾਰੇ ਹੈ। ਉਹ ਸ਼ਹਿਰ ਦੇ ਮੰਨੇ ਪ੍ਰਮੰਨੇ ਵਕੀਲ ਦੀ ਕੁੜੀ ਸੀ। ਬਹੁਤ ਸੋਹਣੀ, ਸ਼ੋਖ, ਚੰਚਲ, ਚਪਲ, ਸ਼ਰਾਰਤੀ ਤੇ ਹਰ ਵੇਲੇ ਹਸੁੰ ਹਸੁੰ ਕਰਦਾ ਚਿਹਰਾ। ਪੂਰਾ ਕਾਲਜ ਮੋਹ ਲਿਆ ਲਗਦਾ ਸੀ ਉਸ ਨੇ। ਸਾਰਾ ਕਾਲਜ ਉਸੇ ਦੀਆਂ ਗੱਲਾਂ ਕਰਦਾ ਸੀ। ਉਹ ਇਕ ਸ਼ਰਾਰਤ ਕਰਦੀ ਸੀ ਕਿਤੇ ਤੇ ਸਾਰੇ ਕਾਲਜ ਵਿੱਚ ਉਸ ਦੀ ਚਰਚਾ ਹੁੰਦੀ। ਕਾਲਜ ਦੀ ਕੰਨਟੀਨ ਤੋਂ ਲੈ ਕੇ ਪ੍ਰੋਫੈਸਰਾਂ ਦੇ ਸਟਾਫ ਰੂਮ ਵਿੱਚ। ਸਿਰਫ਼ ਕਾਲਜ ਦੀਆਂ ਲੈਕਚਰਾਰ ਕੁੜੀਆਂ ਨੂੰ ਉਹ ਚੰਗੀ ਨਹੀਂ ਸੀ ਲੱਗਦੀ।

ਫਿਰ ਪਤਾ ਲਗਿਆ ਕਿ ਉਸ  ਆਪਣੇ ਹੀ ਇਕ ਪ੍ਰੋਫੈਸਰ ਦੇ ਉਹ ਬਹੁਤ ਨੇੜੇ ਹੋ ਗਈ ਹੈ। ਸਾਨੂੰ ਵੀ ਅਜੀਬ ਲੱਗੀ। ਉਮਰ ਵਿੱਚ ਕੋਈ ਦਸ ਸਾਲ ਤੋਂ ਵੱਧ ਦਾ ਫਰਕ। ਉਹ ਵੀ ਜੋ ਪ੍ਰੋਫੈਸਰ ਘੱਟ ਤੇ ਹਾੜੀ ਛੱਡ ਕੇ ਆਇਆ ਕਿਸਾਨ ਜ਼ਿਆਦਾ ਜਾਪਦਾ ਸੀ। ਕਈ ਸਾਲਾਂ ਬਾਅਦ ਪਤਾ ਲਗਿਆ ਕਿ ਉਸ ਕੁੜੀ ਦਾ ਵਿਆਹ ਕਰ ਦਿਤਾ। ਅਮਰੀਕਾ ਵਿੱਚ ਪਹਿਲਾਂ ਤੋਂ ਹੀ ਵੱਸਦੇ ਪੰਜਾਬੀ ਮੁੰਡੇ ਨਾਲ। ਬੜੀ ਖੁਸ਼ ਕਿਸਮਤ ਸੀ ਉਹ ਤੇ ਇਹ ਵੀ ਕਈ ਸਾਲ ਚਰਚਾ ਦਾ ਵਿਸ਼ਾ ਬਣੀ ਰਹੀ। ਜਿਹੜੀਆਂ ਕੁੜੀਆਂ ਜ਼ਿੰਦਗੀ ਨੂੰ ਜੀਣਾ ਜਾਣਦੀਆਂ ਹਨ ਉਹੋ ਹੀ ਖੁਸ਼ ਕਿਸਮਤ ਹੁੰਦੀਆਂ ਹਨ। ਇਹ ਗੱਲ ਵੀ ਉਸ ਦੇ ਸਬੰਧ ਵਿੱਚ ਚਰਚਾ ਦਾ ਵਿਸ਼ਾ ਰਹੀ।

ਹਾਲੇ ਪਿਛੇ ਸਾਲ ਹੀ ਮੈਂ ਉਸ ਨੂੰ ਲੱਭ ਲਿਆ, ਫੇਸ ਬੁੱਕ ਉਪਰ, ਤੇ ਜੋ ਮੈਂ ਉਸ ਬਾਰੇ ਜਾਣਿਆ ਬਹੁਤ ਕੌੜਾ ਸੱਚ ਸੀ। ਵਿਆਹ ਦੇ ਬੰਧਨ ਤੋਂ ਮੁਕਤ ਹੋਈ ਉਹ ਫਿਰ ਤੋਂ ਆਪਣੇ ਆਪ ਨੂੰ ਇਕਹਿਰੀ ਤੇ ਮੁਕਤ ਲਿਖ ਰਹੀ ਹੈ। ਵਿਆਹ ਸ਼ਾਇਦ ਉਸ ਦੇ ਹਿਸੇ ਦੀ ਚੀਜ਼ ਨਹੀਂ ਸੀ।
ਅਜਿਹਾ ਕਿਉਂ ਹੁੰਦਾ ਹੈ? ਸਬੰਧਾਂ ਦੇ ਬਾਰੇ ਅਸੀਂ ਚੰਗਾ ਕਿਉਂ ਨਹੀਂ ਸੋਚਦੇ।
 
ਇਕ ਹੋਰ ਕੁੜੀ ਦਾ ਜ਼ਿਕਰ ਆਉਂਦਾ ਹੈ। ਉਹ ਮੇਰੇ ਇਕ ਮਿੱਤਰ ਦੇ ਸੰਪਰਕ ਵਿੱਚ ਆਈ। ਦਿਲਾਂ ਦੀ ਸਾਂਝ ਪਈ। ਉਸ ਨੇ ਉਸ  ਕੁੜੀ ਨੂੰ ਜੀਵਨ ਦੀ ਸਾਂਝ ਲਈ ਆਵਾਜ਼ ਦਿੱਤੀਉਸ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ‘ਅਸੀਂ ਜਾਤ ਤੋਂ ਬਾਹਰ ਦੇ ਹਾਂ, ਮੇਰੇ ਸਿਰ ਉਪਰ ਮੇਰਾ ਸਾਈਂ ਨਹੀਂ, ਕਬੀਲਾ ਬਰਾਦਰੀ ਕੀ ਆਖੇਗਾ, ਜਾਤ ਤੋਂ ਬਾਹਰ ਨਹੀਂ ਜਾ ਸਕਦੇ। ’ ਏਨਾਂ ਆਖ ਕੇ ਉਸ ਨੇ ਦਰਵਾਜ਼ਾ ਬੰਦ ਕਰ ਲਿਆ। 

ਮੈਂ ਤੇ ਮੇਰੇ ਦੋਸਤ ਨੇ ਬਥੇਰਾ ਕਿਹਾ ਕਿ ਮੇਰੇ ਮਿੱਤਰ ਨੂੰ  ਇਸ ਦੀ ਕੋਈ ਪਰਵਾਹ ਨਹੀਂ। ਉਹ ਆਰਥਕ ਤੌਰ ਤੇ ਸੰਪੰਨ ਹੈ। ਛੋਟੀ ਹੈ ਤਾਂ ਕੀ, ਜਾਤ ਮਨੁੱਖ ਦੀ ਬਣਾਈ ਹੈ, ਅਸੀ ਇਸ ਤੋਂ ਮੁਨਕਰ ਹੋ ਸਕਦੇ ਹਾਂ। ਸਮਾਜ ਨੂੰ ਜਵਾਬ ਵੀ ਦੇ ਲਵਾਂਗੇ। ਪਰ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕੀਤਾ ਗਿਆ ਸੀ ਸੋ ਨਾ ਖੁੱਲ੍ਹਿਆ 

ਦਿਨਾਂ ਦੇ ਫੇਰ, ਉਸ ਦੇ ਇਕੋ ਇਕ ਭਰਾ ਦੀ ਛੋਟੀ ਜਿਹੀ ਬੀਮਾਰੀ ਨਾਲ ਮੌਤ ਹੋ ਗਈ। ਮਾਤਾ ਅਗਲੇ ਸਾਲ ਪੂਰੀ ਹੋ ਗਈ। ਉਸ ਕੁੜੀ ਨੂੰ ਜਿਥੇ ਵਿਆਹਿਆ ਸੀ ਉਹ ਉਥੇ ਹੀ ਇਕੱਲੀ ਰਹਿ ਗਈ। ਪੇਕਾ ਪਰਵਾਰ ਸਾਰੇ ਦਾ ਸਾਰਾ ਖਤਮ ਹੋ ਗਿਆ। ਜਿਸ ਬਰਾਦਰੀ ਵਾਸਤੇ ਉਸ ਮਾਤਾ ਨੇ ਦਰਵਾਜ਼ਾ ਬੰਦ ਕੀਤਾ ਸੀ ਉਹ ਬਰਾਦਰੀ ਕਿਤੇ ਵੀ ਨਹੀਂ ਸੀ। ਉਸ ਦੀ ਮਦਦ ਤਾਂ ਕੀ ਉਸ ਦਾ ਦੁਖ ਸੁਣਨ ਲਈ ਵੀ ਕੋਈ ਮੋਜੂਦ ਨਹੀਂ ਸੀ।

ਮੇਰੀ ਜਾਚੇ ਦਿਲਾਂ ਦੀ ਸਾਂਝ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਇਸ ਲਈ ਨਹੀਂ ਕਿ ਕੋਈ ਇਸ਼ਕ ਦੀ ਕਹਾਣੀ ਹੈ ਸਗੋਂ ਇਸ ਲਈ ਕਿ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਚੁਣਦਾ ਹੈ ਤਾਂ ਕੁਦਰਤ ਵੱਲੋਂ ਉਹ  ਇਹ ਪਰਖ ਰਿਹਾ ਹੁੰਦਾ ਹੈ ਕਿ ਇਹ ਕੁੜੀ ਉਸ ਦੇ ਬਚਿਆਂ ਦੀ ਮਾਂ ਬਣ ਸਕਦੀ ਹੈ ਤੇ ਕੁੜੀ ਇਹ ਸੋਚ ਕੇ ਚੁਣਦੀ ਹੈ ਕਿ ਉਹ ਇਸ ਮੁੰਡੇ ਦੇ ਬੀਜ ਨੂੰ ਆਪਣੇ ਅੰਦਰ ਧਾਰਨ ਕਰਕੇ ਔਲਾਦ ਨੂੰ ਜਨਮ ਦੇ ਸਕਦੀ ਹੈ। ਇਹ ਕੁਦਰਤ ਵੱਲੋਂ ਬਣਾਈ ਵਿਧੀ ਦਾ ਵਿਧਾਨ ਹੈ। ਅਸੀਂ ਲੱਖ ਮੁਨਕਰ ਹੋਈਏ ਪਰ ਇਹ ਸੱਚ ਹੈ ਕਿ ਜਦੋਂ ਵੀ ਦੋ ਨਰ ਮਾਦਾ ਕਿਤੇ ਵੀ ਆਪੋ ਵਿੱਚ ਮਿਲਦੇ ਹਨ ਤਾਂ ਕੁਦਰਤ ਵੱਲੋਂ  ਹੈ ਉਹਨਾਂ ਦੀ ਆਪੋ ਵਿਚਲੀ ਖਿੱਚ ਦਾ ਮੂਲ ਆਧਾਰ ਇਹੋ ਹੁੰਦਾ ਹੈ। 

ਹਰ ਮੁੰਡੇ ਨੂੰ ਕਿਸੇ ਨਾ ਕਿਸੇ ਕੁੜੀ ਨੂੰ ਆਪਣੀ ਜੀਵਨ ਸਾਥਣ ਬਣਾ ਕੇ ਘਰ ਵਸਾਉਣਾ ਪੈਂਦਾ ਹੈ। ਹਰ ਕੁੜੀ ਨੂੰ, ਜੇ ਕਰ ਉਹ ਆਪ ਨਾ ਚਾਹੇ, ਆਪਣੇ ਜੀਵਨ ਸਾਥੀ ਨਾਲ ਰਹਿ ਕੇ ਉਸ ਦੀ ਗ੍ਰਿਹਸਤੀ ਸਾਂਭਣੀ ਪੈਂਦੀ ਹੈ ਤੇ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਜਦੋਂ ਉਹ ਅਜਿਹਾ ਕਰ ਰਹੀ ਹੁੰਦੀ ਹੈ ਤਾਂ ਦੇਖਣ ਵਿੱਚ ਆਉਂਦਾ ਹੈ ਕਿ ਉਸ ਨੂੰ ਇਕੱਲਿਆਂ ਹੀ ਜੂਝਣਾ ਪੈਂਦਾ ਹੈ ਕੋਈ ਵੀ ਉਸ ਦੀ ਮਦਦ ਲਈ ਨਹੀਂ ਆਉਂਦਾ। ਖਾਸ ਕਰ ਆਰਥਕ ਤੇ ਸਮਾਜਕ ਮਸਲਿਆਂ ਵਿੱਚ ਵੀ ਕੋਈ ਵਿਰਲਾ ਹੀ ਇਸ ਵੇਲੇ ਕਮਜ਼ੋਰ ਆਦਮੀ ਦੀ ਬਾਂਹ ਫੜਦਾ ਹੈ। ਮਜ਼ਬੂਰੀ ਵੱਸ ਬਣਾਏ ਗਏ ਰਿਸ਼ਤੇ ਅੱਗੇ ਜਾ ਕੇ ਦੁਖੀ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਵੇਂ ਬੇ ਮੇਚ ਦੀ ਜੁੱਤੀ ਪੈਰ ਵਿੱਚ ਛਾਲੇ ਕਰ ਦਿੰਦੀ ਹੈ, ਜ਼ਿੰਦਗੀ ਦੁਭਰ ਹੋ ਜਾਂਦੀ ਹੈ। ਜੇ ਇਹ ਸੱਭ ਕੁਝ ਸੱਚ ਹੈ ਤਾਂ ਫਿਰ ਆਪਣੀ ਪਸੰਦ ਦੇ ਰਿਸ਼ਤੇ ਤੋਂ ਇਨਕਾਰ ਕਿਉਂ? ਸਿਰਫ਼ ਇਸ ਲਈ ਕਿ ਇਸ ਵਿੱਚ ਕਿਸੇ ਭਰਾ ਦੀ, ਕਿਸੇ ਬਾਪ ਦੀ, ਕਿਸੇ ਮਾਂ ਦੀ, ਕਿਸੇ ਵੱਡੇ ਦੀ ਹੇਠੀ ਹੋਵੇਗੀ। ਪਰ ਆਪਣੇ ਨਜ਼ਦੀਕੀ ਦੀ ਖੁਸ਼ੀ ਤੋਂ ਵੀ ਕੁਝ ਹੋਰ ਚੰਗਾ ਹੋ ਸਕਦਾ ਹੈ, ਇਹ ਸੋਚਣਾ ਪਵੇਗਾ।

ਨੌਜਵਾਨਾਂ ਨੂੰ ਵੀ ਇਹ ਫੈਸਲਾ ਕਰਨਾ ਪਵੇਗਾ ਕਿ ਇਹ ਸਾਰਾ ਕੁਝ ਸਮਾਜ ਤੇ ਖਾਨਦਾਨ ਦੀ ਗੱਲ ਕਰਨ ਵਾਲੇ ਵੱਡਿਆਂ ਨੂੰ ਉਹਨਾਂ ਦੀ ਖੁਸ਼ੀ ਦੀ ਕੋਈ ਪਰਵਾਹ ਨਹੀਂ। ਕੁਝ ਸਾਲਾਂ ਬਾਅਦ ਉਸ ਅਜਿਹੇ ਬਦੋ ਬਦੀ ਦੇ ਸਹੇੜੇ ਰਿਸ਼ਤੇ ਨੂੰ ਅਲਵਿਦਾ ਕਹਿਣ ਤੋਂ ਬੇਹਤਰ ਹੈ ਮਨਪਸੰਦ ਦੇ ਰਿਸ਼ਤੇ ਕਾਇਮ ਕੀਤੇ ਜਾਣ ਤੇ ਉਹਨਾਂ ਨੂੰ ਆਖਰੀ ਦਮ ਤੱਕ ਨਿਭਾਇਆ ਜਾਵੇ। ਰਿਸ਼ਤਿਆਂ ਤੇ ਰਸਤਿਆਂ ਦੀ ਚੋਣ ਪੂਰੀ ਜ਼ਿੰਮੇਵਾਰੀ ਨਾਲ ਕੀਤੀ ਜਾਵੇ। ਤੇ ਉਸ ਪ੍ਰਤੀ ਸਦਾ ਵਫ਼ਾਦਾਰ ਤੇ ਜ਼ਿੰਮੇਵਾਰ ਰਿਹਾ ਜਾਵੇ।

ਚਾਲੀ ਜਾਂ ਪੰਤਾਲੀ ਸਾਲ ਪਹਿਲਾਂ ਇਸ ਬਾਰੇ ਸੁਚੇਤ ਸੋਚ ਰੱਖਣ ਵਾਲੇ ਉਸ ਪ੍ਰੋਫੈਸਰ ਸਾਹਿਬ ਵਾਸਤੇ ਸਿਰ ਝੁਕਦਾ ਹੈ ਜਿਹਨਾਂ ਉਸ ਚੜ੍ਹਦੀ ਉਮਰੇ ਸਵੈ ਚੋਣ ਵਿੱਚ ਭਰੋਸਾ ਤੇ ਕਦਰ ਦਿਖਾਏ। ਇਹ ਸਾਰੀ ਗੱਲ ਕਹਿਣ ਲਈ ਜਿਸ ਘਟਨਾ ਤੋਂ ਮੈਂ ਝੰਜੋੜਿਆ ਗਿਆ ਉਸ ਦਾ ਜ਼ਿਕਰ ਕਰਨਾ ਵੀ ਬਣਦਾ ਹੈ।

ਮੇਰੇ ਇਕ ਮਿੱਤਰ ਦੀ ਕੁੜੀ ਦਾ ਵਿਆਹ ਕੀਤਾ ਗਿਆ। ਤਕਰੀਬਨ ਛੇ ਸਾਲ ਪਹਿਲਾਂ ਦੀ ਇਹ ਗੱਲ ਹੈ। ਮੰਡਾ ਇੰਗਲੈਂਡ ਵਿੱਚ ਕਾਰੋਬਾਰ ਕਰਦਾ ਹੈ। ਮੇਰੇ ਉਸ ਮਿੱਤਰ ਤੇ ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਇਹ ਰਿਸ਼ਤਾ ਹੋਇਆ ਸੀ। ਅਸੀਂ ਹੁਣ ਤੱਕ ਇਹ ਸੋਚੀ ਬੈਠੇ ਸਾਂ ਕਿ ਉਹ ਕੁੜੀ ਬਹੁਤ ਸੁਖੀ ਹੋਵੇਗੀ ਆਪਣੇ ਪਰਵਾਰ ਵਿੱਚ, ਪਰ ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ ਜਦੋਂ ਮੈਂ ਦੇਖਿਆ ਕਿ ਫੇਸ ਬੁੱਕ ਉਪਰ ਉਸ ਨੇ ਵੀ ਆਪਣਾ ਸਟੇਟਸ ਸਿੰਗਲ  (ਭਾਵ ਕੰਵਾਰੀ ) ਲਿਖਿਆ ਹੋਇਆ ਸੀ। ਮੈਥੋਂ ਕਹਿ ਹੋ ਗਿਆ –

ਜੋੜੀਆਂ ਜੱਗ ਥੋੜ੍ਹੀਆਂ
ਨਰੜ ਬਥੇਰੇ।

No comments:

Post a Comment