Sunday, August 12, 2012

ਖਿਡੌਣੇ


ਖਿਡੌਣੇ


ਖਿਡੌਣੇ ਬਚਪਨ ਦਾ ਅਹਿਮ ਹਿੱਸਾ ਹਨ। ਬੱਚਿਆਂ ਨੂੰ ਇਹਨਾਂ ਨਾਲ ਖੇਡ ਕੇ ਅਥਾਹ ਪ੍ਰਸੰਨਤਾ ਮਿਲਦੀ ਹੈ। ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਖੇਡਾਂ ਤੇ ਖਿਡੌਣੇ ਚੰਗੇ ਲੱਗਦੇ ਹਨ। ਉਸਨੂੰ ਤਰ੍ਹਾਂ ਤਰ੍ਹਾਂ ਦੇ ਹਰ ਤਰ੍ਹਾਂ ਦੇ ਖਿਡੌਣੇ ਲੈ ਕੇ, ਇਕੱਠੇ ਕਰਕੇ ਖੁਸ਼ੀ ਮਿਲਦੀ ਹੈ।
ਬੱਚਿਆਂ ਦੀ ਦੁਨੀਆਂ ਖਿਡੌਣਿਆਂ ਦੀ ਦੁਨੀਆ ਹੀ ਹੁੰਦੀ ਹੈ। ਉਸ ਨੂੰ ਇਹ ਮਨੁਖੀ ਦੁਨੀਆ ਦਾ ਛੋਟਾ ਰੂਪ ਚੰਗਾ ਲਗਦਾ ਹੈ। ਹਰ ਚੀਜ਼ ਨੂੰ ਛੋਟਾ ਕਰਕੇ ਦੇਖਣਾ ਤੇ ਆਪਣੇ ਵੱਸ ਵਿੱਚ ਕਰਨਾ ਉਸ ਦਾ ਮਨਭਾਉਂਦਾ ਸ਼ੌਕ ਬਣ ਜਾਂਦਾ ਹੈ। ਛੋਟੀ ਕਾਰ, ਛੋਟੀ ਗੱਡੀ, ਛੋਟੇ ਛੋਟੇ ਜਾਨਵਰ, ਹਵਾਈ ਜਹਾਜ, ਬੱਸਾਂ, ਹਾਥੀ ਘੌੜੇ, ਛੋਟੇ ਛੋਟੇ ਘਰ, ਕੁਰਸੀਆਂ ਮੇਜ਼, ਗੁੱਡੀਆਂ ਪਟੋਲੇ, ਗੁੱਡੀ ਦੀ ਰਸੋਈ ਦਾ ਸਾਮਾਨ, ਭਾਂਡੇ, ਕੱਪੜੇ, ਮੰਜੇ, ਬਿਸਤਰੇ, ਇਹ ਸੱਭ ਖਿਡੌਣਿਆਂ ਦੇ ਰੂਪ ਵਿੱਚ ਬੱਚਿਆਂ ਦੀ ਵੱਖਰੀ ਦੁਨੀਆਂ ਨੂੰ ਸਿਰਜਦੇ ਸਾਂਭਦੇ ਤੇ ਸੰਵਾਰਦੇ ਹਨ।
ਖਿਡੌਣੇ ਸਿਰਫ ਪ੍ਰਤੀਕ ਜਾਂ ਚਿੰਨ੍ਹ ਨਹੀਂ ਹੁੰਦੇ। ਬੱਚੇ ਦੀ ਜ਼ਿੰਦਗੀ, ਉਸ ਦੀ ਸੋਚ, ਉਸ ਦੀ ਕਲਪਨਾ ਦਾ ਧੁਰਾ ਹੁੰਦੇ ਹਨ। ਇਹਨਾਂ ਨਾਲ ਹੀ ਉਸ ਦੀ ਕਲਪਨਾ ਤੇ ਸਿਰਜਨਾਤਮਕ ਸ਼ਕਤੀਆਂ ਦਾ ਵਿਕਾਸ ਤੇ ਨਿਕਾਸ ਹੁੰਦਾ ਹੈ। ਉਹ ਸੋਚਣ ਦੀ ਪ੍ਰਕ੍ਰਿਆ ਵਿੱਚ ਵੀ ਅੱਗੇ ਵੱਧਦਾ ਹੈ। ਇਸ ਉਸ ਦੇ ਸਵੈ ਵਿਸ਼ਵਾਸ ਨੂੰ ਨਾ ਸਿਰਫ਼ ਜਨਮ ਹੀ ਦਿੰਦੇ ਹਨ ਸਗੋਂ ਉਸ ਨੂੰ ਉਹ ਆਤਮਕ ਬਲ ਵੀ ਦਿੰਦੇ ਹਨ ਜਿਹਨਾਂ ਨਾਲ ਉਸ ਦਾ ਸਵੈ ਵਿਸ਼ਵਾਸ ਜੀਂਦਾ ਰਹਿੰਦਾ ਹੈ।
ਖਿਡੌਣੇ ਬੱਚੇ ਦੀ ਜ਼ਿੰਦਗੀ ਵਿੱਚ ਅਹਿਮ ਥਾਂ ਰੱਖਦੇ ਹਨ। ਇਹ ਉਸ ਦੇ ਦੋਸਤ ਹੁੰਦੇ ਹਨ। ਉਸ ਦੀਆਂ ਸਹੇਲੀਆਂ- ਮਿੱਤਰ ਹੁੰਦੇ ਹਨ। ਉਸ ਦੇ ਦੁਖ ਸੁਖ ਦੇ ਭਾਈਵਾਲ ਹੁੰਦੇ ਹਨ। ਉਸ ਦੇ ਰਾਜ਼ਦਾਰ ਹੁੰਦੇ ਹਨ ਤੇ ਉਸ ਦੇ ਸਲਾਹਕਾਰ ਵੀ ਹੁੰਦੇ ਹਨ। ਇਹ ਠੀਕ ਉਸੇ ਤਰ੍ਹਾਂ ਦੀ ਮਾਨਸਕ – ਆਤਮਕ ਸ਼ਕਤੀ ਦਾ ਸੋਮਾ ਬਣ ਜਾਂਦੇ ਹਨ ਜਿਵੇਂ ਬਾਲਗਾਂ ਵਿੱਚ ਦੈਵੀ ਸ਼ਕਤੀ ਦਾ ਪ੍ਰਤੀਕ ਧਾਰਮਕ ਚਿੰਨ੍ਹਇਸ ਲਈ ਜਦੋਂ ਬੱਚੇ ਦੇ ਕਿਸੇ ਖਿਡੌਣੇ ਨੂੰ ਨਕਾਰਿਆ ਜਾਂਦਾ ਹੈ ਤਾਂ ਇਹ ਬੱਚੇ ਅੰਦਰ ਉਸੇ ਤਰ੍ਹਾਂ ਦੀ ਪ੍ਰਕ੍ਰਿਆ – ਪ੍ਰਤੀ ਕ੍ਰਿਆ ਨੂੰ ਜਨਮ ਦਿੰਦੇ ਹਨ ਜਿਵੇਂ ਸਾਡੇ ਕਿਸੇ ਧਾਰਮਕ ਵਿਸ਼ਵਾਸ ਨੂੰ ਠੇਸ ਲੱਗਣ ਉਪਰ ਅਸੀਂ ਆਪਣਾ ਰੋਸ ਜਾਹਿਰ ਕਰਦੇ ਹਾਂ। ਸਪਸ਼ਟ ਹੈ ਕਿ ਬੱਚੇ ਦੇ ਹਰ ਵਿਸ਼ਵਾਸ ਦੀ ਕਦਰ ਕੀਤੀ ਜਾਵੇ ਤੇ ਉਸ ਦੀ ਕਿਸੇ ਖੇਡ – ਖਿਡੌਣੇ ਨੂੰ ਨਕਾਰਿਆ ਨਾ ਜਾਵੇ।

ਬੱਚੇ ਆਪਣੇ ਖਿਡੌਣਿਆਂ ਨਾਲ ਇਕ ਭਾਵਨਾਤਮਕ ਰਿਸ਼ਤਾ ਬਣਾ ਲੈਂਦੇ ਹਨ। ਇਹ ਰਿਸ਼ਤਾ ਅਜਿਹਾ ਹੁੰਦਾ ਹੈ ਕਿ ਉਹ ਖਿਡੌਣਾ ਉਹਨਾਂ ਦੇ ਜੀਵਨ ਦਾ ਹਿੰਸਾ ਬਣ ਜਾਂਦਾ ਹੈ। ਉਹ ਉਸ ਨੂੰ ਨਾਲ ਲੈ ਕੇ ਸੋਂਦੇ ਹਨ ਤੇ ਕਈ ਵਾਰੀ ਨਹਾਉਣ ਵੇਲੇ ਵੀ ਉਸ ਨੂੰ ਆਪਣੇ ਨਾਲ ਰੱਖਣ ਦੀ ਜ਼ਿੱਦ ਕਰਦੇ ਹਨ। ਕਈ ਵਾਰੀ ਉਹ ਉਸ ਚੋਂ ਆਪਣੀ ਪਛਾਣ ਲੱਭਦੇ ਹਨ ਤੇ ਕਦੇ ਕਦੇ ਆਪਣਾ ਰੂਪ ਵੀ ਉਹਨਾਂ ਚੋਂ ਲੱਭਦੇ ਹਨ। ਇਸ ਤਰ੍ਹਾਂ ਇਹ ਖਿਡੋਣੇ ਹੀ ਹੁੰਦੇ ਹਨ ਜਿਹਨਾਂ ਨਾਲ ਉਹਨਾਂ ਦੇ ਅੰਦਰ ਭਾਵਨਾਵਾਂ ਤੇ ਸੂਝ ਦਾ ਵਿਕਾਸ ਹੁੰਦਾ ਹੈ। ਦੁਖ ਦੀ ਘੜੀ ਵਿੱਚ ਉਹ ਆਪਣੇ ਆਪ ਨੂੰ ਖਿਡੌਣਿਆਂ ਵਿੱਚ ਲੁਪਤ ਕਰਨਾ ਲੋਚਦੇ ਹਨ ਤੇ ਇਸ ਤਰ੍ਹਾਂ ਉਹ ਆਪਣੇ ਜੀਵਨ ਵਿੱਚ ਦੁਖ ਦਾ ਮੁਕਾਬਲਾ ਕਰਨ ਦੀ ਜਾਚ ਸਿਖਦੇ ਹਨ।
ਖੇਡਾਂ ਤੇ ਖਿਡੌਣਿਆਂ ਵਿੱਚ ਢੇਰ ਅੰਤਰ ਹੈ। ਖੇਡਾਂ ਖੇਡਣ ਦੇ ਢੰਗ ਤੋਂ ਵਿਕਸਤ ਹੋਈਆਂ ਹਨ ਜਦੋਂ ਕਿ ਖਿਡੌਣੇ ਖੇਡ ਦਾ ਇਕ ਸਾਧਨ ਹੁੰਦੇ ਹਨ। ਸ਼ਾਇਦ ਹੀ ਕੋਈ ਖੇਡ ਅਜਿਹੀ ਹੋਵੇ ਜੋ ਇਕੱਲਿਆਂ ਖੇਡਣ ਵਾਸਤੇ ਬਣੀ ਹੋਵੇ ਨਹੀਂ ਤਾਂ ਸਾਰੀਆਂ ਖੇਡਾਂ ਮਿਲ ਕੇ ਹੀ ਖੇਡੀਆਂ ਜਾਂਦੀਆਂ ਹਨ ਤੇ ਇਸ ਵਾਸਤੇ ਕਿਸੇ ਨਾ ਕਿਸੇ ਸਾਥੀ ਦੀ ਲੋੜ ਪੈਂਦੀ ਹੈ। ਖਾਸ ਕਰ ਬਚਿਆਂ ਦੀਆਂ ਖੇਡਾਂ ਤਾਂ ਰਲ ਕੇ ਹੀ ਖੇਡੀਆਂ ਜਾਂਦੀਆਂ ਹਨ।
ਪੰਜਾਬ ਵਿੱਚ ਇਕ ਖੇਡ ਹੋਇਆ ਕਰਦੀ ਸੀ, ਮਿੱਟੀ ਦੇ ਬਣੇ ਹੋਏ ਲਾਟੂ ਸੂਤ ਦੇ ਨਾਲੇ ਵਰਗੀ ਰੱਸੀ ਨਾਲ ਲਪੇਟ ਕੇ ਘੁੰਮਾ ਕੇ ਸੁੱਟੇ ਜਾਂਦੇ ਸਨ। ਪਤੰਗ ਬਾਜ਼ੀ ਵੀ ਇਕ ਅਜਿਹੀ ਹੀ ਖੇਡ ਹੋਇਆ ਕਰਦੀ ਸੀ ਜੋ ਹਵਾ ਦੇ ਆਸਰੇ ਡੋਰ ਨਾਲ ਬੰਨ੍ਹ ਕੇ ਉਡਾਈ ਜਾਂਦੀ ਸੀ। ਪਰ ਜੇ ਇਸ ਵਿੱਚ ਕੋਈ ਹੋਰ ਸਾਥੀ ਸ਼ਾਮਿਲ ਨਹੀਂ ਤਾਂ ਇਹ ਖੇਡ ਨਾ ਰਹਿ ਕੇ ਖਿਡੌਣਾ ਹੀ ਬਣ ਜਾਂਦੀ ਹੈ। ਇਸ ਲਈ ਹਰ ਖੇਡ ਵਿੱਚ ਦੋ ਜਾਂ ਦੋ ਤੋਂ ਵੱਧ ਸਾਥੀਆਂ ਦੀ ਲੋੜ ਪੈਂਦੀ ਹੈ, ਖੇਡ ਚਾਹੇ ਲੁਕਣ ਮੀਟੀ ਹੋਵੇ ਜਾਂ ਕੋਟਲਾ ਛਪਾਕੀ, ਸਭ ਵਾਸਤੇ ਸਾਥ ਹੋਣਾ ਜ਼ਰੂਰੀ ਹੈ।
ਖੇਡਾਂ ਬੱਚੇ ਦਾ ਸਰੀਰਕ ਵਿਕਾਸ ਕਰਦੀਆਂ ਹਨ। ਉਸ ਅੰਦਰ ਸਮਾਜਕ ਸ਼ਹਿਣਸ਼ੀਲਤਾ, ਸਮਾਜਕ ਮੇਲ ਜੋਲ ਤੇ ਅਗਵਾਈ ਵਰਗੇ ਗੁਣਾਂ ਦਾ ਸੰਚਾਰ ਕਰਦੀਆਂ ਹਨ। ਖੇਡਦੇ ਵੇਲੇ ਉਸ ਨੂੰ ਸਥਿਤੀ ਨੂੰ ਸਮਝਣ ਤੇ ਉਸ ਅਨੁਸਾਰ ਫੈਸਲੇ ਕਰਨ ਦੀ ਲੋੜ ਪੈਂਦੀ ਹੈ। ਉਹ ਅਗਵਾਈ ਵਿੱਚ ਰਹਿਣਾ ਸਿੱਖਦਾ ਹੈ ਤੇ ਇਹ ਖੇਡਾਂ ਹੀ ਉਸ ਅੰਦਰ ਆਗੂ ਬਣ ਸਕਣ ਦਾ ਗੁਣ ਵੀ ਪੈਦਾ ਕਰਦੀਆਂ ਹਨ। ਅਗਵਾਈ ਵਿੱਚ ਰਹਿਣਾ ਵੀ ਆਪਣੇ ਆਪ ਵਿੱਚ ਇਕ ਅਨੁਸ਼ਾਸਨ ਹੈ ਜੋ ਸਿਰਫ਼ ਖੇਡਾਂ ਵਿੱਚ ਹੀ ਸਿੱਖਿਆ ਜਾ ਸਕਦਾ ਹੈ।
ਖੇਡਾਂ ਸਫਲਤਾ ਤੇ ਅਸਫਲਤਾ ਦਾ ਸਾਹਮਣਾ ਕਰਨ ਦੀ ਜਾਚ ਸਿਖਾਉਂਦੀਆਂ ਹਨ। ਬਹੁਤ ਛੋਟੀ ਉਮਰ ਵਿੱਚ ਹੀ ਬੱਚੇ ਇਹ ਗੱਲ ਸਿਖ ਜਾਂਦੇ ਹਨ ਕਿ ਹਰ ਕਾਰਜ ਦਾ ਨਤੀਜਾ ਸਫਲਤਾ ਤੇ ਤਾੜੀਆਂ ਹੀ ਨਹੀਂ ਹੁੰਦੀਆਂ ਤੇ ਸਗੋਂ ਬਹੁਤ ਵਾਰੀ ਅਸਫਲਤਾ ਨਾਲ ਵੀ ਸਾਂਝ ਪਾਉਣੀ ਪੈਂਦੀ ਹੈ। ਖੇਡ ਵਿੱਚ ਜਿੱਤ ਹਾਰ ਬਣੀ ਰਹਿੰਦੀ ਹੈ ਤੇ ਇਸ ਦਾ ਪਹਿਲਾ ਅਨੁਭਵ ਖੇਡਾਂ ਵਿੱਚ ਹੀ ਹੁੰਦਾ ਹੈ। ਟੀਮ ਵਿੱਚ ਰਹਿਣਾ ਤੇ ਆਪਸ ਵਿੱਚ ਇਕ ਤਾਲ ਮੇਲ ਪੈਦਾ ਕਰਨਾ ਤੇ ਉਸ ਨੂੰ ਨਿਭਾਉਣਾ, ਜਿਸ ਵਿੱਚ ਸਰੀਰਕ ਜੋਸ਼, ਉਤਸ਼ਾਹ ਤੇ ਬਲ ਦੀ ਲੋੜ ਪੈਂਦੀ ਹੈ, ਇਹ ਸੱਭ ਕੁਝ ਬੱਚਾ ਖੇਡਾਂ ਦੌਰਾਨ ਹੀ ਸਿੱਖਦਾ ਹੈ। ਇਹ ਖੇਡਾਂ ਹਾਣੀਆਂ ਵਿੱਚ ਹੋਣ ਤਾਂ ਹੋਰ ਵੀ ਵਧੀਆ ਗੱਲ ਹੈ ਪਰ ਆਪਣੇ ਖਿਤੇ ਵਿੱਚ ਜਾਂ ਖੇਤਰ ਵਿਚ ਦੂਜੇ ਬੱਚਿਆਂ ਨਾਲ ਰਲ ਕੇ ਖੇਡੀਆਂ ਜਾਣ ਤਾਂ ਹੋਰ ਵੀ ਬੇਹਤਰ ਹੁੰਦਾ ਹੈ।
ਖੇਡਾਂ ਵਿੱਚ ਤੇ ਦੂਜੇ ਦੋਸਤਾਂ – ਹਾਣੀਆਂ ਵਿੱਚ ਵਿਚਰਦੇ ਹੋਏ ਬੱਚੇ ਆਪਣੇ ਜਜ਼ਬਾਤ ਤੇ ਬੇਕਾਬੂ ਸੁਭਾਅ ਉਪਰ ਕਾਬੂ ਪਾਉਣਾ ਸਿੱਖਦੇ ਹਨ। ਉਹਨਾਂ ਦਾ ਕੁਦਰਤੀ ਤੌਰ ਤੇ ਬਣਿਆ ਅੱਥਰਾ ਸੁਭਾਅ ਖਰਵ੍ਹੀਂ ਬੋਲੀ, ਆਪ ਮੁਹਾਰਾਪਣ ਤੇ ਜ਼ਿੱਦੀ ਆਦਤਾਂ ਦਾ ਇਕੋ ਇਕ ਇਲਾਜ ਬੱਚਿਆਂ ਦਾ ਸਮਾਜੀਕਰਨ ਹੈ, ਘਰਾਂ ਵਿੱਚ ਬਹੁਤੀ ਵਾਰੀ ਉਹ ਲਾਡਲੇਪਣ ਵਿੱਚ ਇਹ ਸਾਰਾ ਕੁਝ ਨਹੀਂ ਸਿੱਖਦੇ ਜਾਂ ਸਿੱਖਣ ਤੋਂ ਇਨਕਾਰ ਕਰ ਦਿੰਦੇ ਹਨ ਪਰ ਜਦੋਂ ਉਹ ਆਪਣੇ ਵਰਗਿਆਂ ਨਾਲ ਦੋਸਤੀ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਉਹਨਾਂ ਦੇ ਸੁਭਾਅ ਵਿੱਚ ਇਕ ਤਬਦੀਲੀ ਆਉਣੀ ਲਾਜ਼ਮੀ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਬੱਚੇ ਬਹੁਤ ਤੇਜ਼ੀ ਨਾਲ ਆਪਣੇ ਆਪ ਨੂੰ ਆਪੇ ਦੁਆਲੇ ਅਨੁਸਾਰ ਢਾਲਦੇ ਹਨ ਤੇ ਆਪਣੇ ਆਪ ਵਿੱਚ ਤਬਦੀਲੀ ਲੈ ਆਉਂਦੇ ਹਨ।
ਖੇਡਾਂ ਖਿਡੌਣਿਆਂ ਨਾਲ ਵੀ ਖੇਡੀਆਂ ਜਾ ਸਕਦੀਆਂ ਹਨ ਤੇ ਉਹਨਾਂ ਤੋਂ ਬਿਨਾਂ ਵੀ। ਖਿਡੌਣੇ ਬੱਚਿਆਂ ਦੀ ਮਾਨਸਕਤਾ ਨੂੰ ਪ੍ਰਭਾਵਤ ਕਰਦੇ ਹਨ ਤੇ ਉਹਨਾਂ ਅੰਦਰ ਮਾਲਕੀ ਦਾ ਅਹਿਸਾਸ ਜਗਾਉਂਦੇ ਹਨ। ਇਹ ਚੰਗਾ ਵੀ ਹੈ ਤੇ ਮਾੜਾ ਵੀ। ਚੰਗੇ ਖਿਡੌਣੇ ਚੰਗੀਆਂ ਆਦਤਾਂ ਨੂੰ ਜਨਮ ਦਿੰਦੇ ਹਨ। ਤੋੜ ਕੇ ਜੋੜਨ ਵਾਲੇ ਖਿਡੌਣੇ ਬੱਚੇ ਦੇ ਦਿਮਾਗ ਤੇ ਸੋਚਣ ਦੀ ਜਾਚ ਵਿੱਚ ਵਾਧਾ ਕਰਦੇ ਹਨ। ਉਹ ਚੀਜ਼ਾਂ ਨੂੰ ਨਵੇਂ ਰੂਪ ਵਿੱਚ ਦੇਖਣਾ ਚਾਹੁੰਦਾ ਹੈ ਤੇ ਉਸ ਦੇ ਨਵੇਂ ਸਰੂਪ ਘੜਦਾ ਹੈ। ਇਸ ਤਰ੍ਹਾਂ ਸਿਰਜਨਾਤਮਕ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ।
ਗੁੱਡੀਆਂ ਪਟੋਲਿਆਂ ਨਾਲ ਖੇਡਣ ਵਾਲੀਆਂ ਕੁੜੀਆਂ ਦੇ ਅੰਦਰ ਸੁਹਜ ਸਵਾਦ ਦੇ ਨਵੇਂ ਮਿਆਰ ਬਣਦੇ ਹਨ। ਉਹ ਘਰ ਘਰ ਖੇਡਦੀਆਂ ਹੀ ਘਰ ਬਣਾਉਣ ਤੇ ਸਾਂਭਣ ਦੀ ਜਾਚ ਸਿਖ ਲੈਂਦੀਆਂ ਹਨ। ਕੱਪੜੇ ਬਦਲਣੇ, ਗੁੱਡੀ ਨੂੰ ਸਜਾਉਣਾ ਤੇ ਫੇਰ ਉਸ ਨਾਲ ਗੱਲਾਂ ਬਾਤਾਂ ਕਰਨੀਆਂ, ਉਸ ਤੋਂ ਹਮਦਰਦੀ ਦੀ ਆਸ ਕਰਨਾ ਤੇ ਉਸ ਪ੍ਰਤੀ ਹਮਦਰਦੀ ਦਿਖਾਉਣੀ, ਇਹ ਉਹ ਸਾਰੇ ਕੋਮਲ ਭਾਵਨਾਵਾਂ ਹਨ ਜਿੰਨਾਂ ਦਾ ਵਿਕਾਸ ਖਿਡੌਣਿਆਂ ਤੋਂ ਬਿਨਾਂ ਹੋਣਾ ਅਸੰਭਵ ਹੈ।
ਖਿਡੌਣੇ ਬੱਚਿਆਂ ਦੇ ਮਾਨਸਕ ਤਣਾਉ ਨੂੰ ਘੱਟ ਕਰਦੇ ਹਨ ਤੇ ਉਹਨਾਂ ਅੰਦਰ ਇਕ ਅਪਣੱਤ ਤੇ ਸਨੇਹ ਦੀ ਭਾਵਨਾ ਦਾ ਸੰਚਾਰ ਕਰਦੇ ਹਨ। ਦੇਖਣ ਵਿੱਚ ਆਇਆ ਹੈ ਕਿ ਰੂੰ ਨਾਲ ਭਰਿਆ ਹੋਇਆ ਟੈਡੀ ਬੀਅਰ ਜੋ ਸੁੱਤੇ ਪਏ ਬੱਚੇ ਦੇ ਨਿੱਘ ਨਾਲ ਹੀ ਨਿੱਘਾ ਹੋ ਜਾਂਦਾ ਹੈ, ਉਸ ਨੂੰ ਸਨੇਹ, ਨਿੱਘ, ਪਿਆਰ, ਸੁਰਖਿਅਤਾ ਤੇ ਦੋਸਤੀ ਦੇ ਭਾਵਾਂ ਨਾਲ ਭਰ ਦਿੰਦਾ ਹੈ।
ਖਿਡੌਣੇ ਖਰੀਦਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦਿਓ-
  • -     ਖਿਡੌਣੇ ਬੱਚੇ ਦੀ ਉਮਰ ਅਨੁਸਾਰ ਲੈ ਕੇ ਦਿਓ। ਉਮਰ ਤੋਂ ਪਹਿਲਾਂ ਲੈ ਕੇ ਦਿੱਤੇ ਖਿਡੌਣੇ ਬਹੁਤੀ ਵਾਰੀ ਬੱਚੇ ਉਪਰ ਸਹੀ ਪ੍ਰਭਾਵ ਨਹੀਂ ਛੱਡਦੇ। ਖਿਡੌਣੇ ਦੀ ਪੈਕਿੰਗ ਉਪਰ ਲਿਖੀਆਂ ਗੱਲਾਂ ਨੂੰ ਧਿਆਨ ਨਾਲ ਪੜ੍ਹ ਕੇ ਫੈਸਲਾ ਕਰੋ ਕਿ ਇਹ ਖਿਡੌਣਾ ਤੁਹਾਡੇ ਬੱਚੇ ਦੀ ਲੋੜ ਪੂਰੀ ਕਰਦਾ ਹੈ ਜਾਂ ਨਹੀਂ।
  • -     ਕਿਸੇ ਇਸ਼ਤਿਹਾਰ, ਟੈਲੀਵੀਜਨ ਉਪਰ ਦਿਖਾਏ ਗਏ ਕਿਸੇ ਵੀ ਖਿਡੌਣੇ ਦੀ ਖਿੱਚ ਕਾਰਨ ਖਿਡੌਣਾ ਕਦੇ ਨਾ ਖਰੀਦੋ। ਖਿਡੌਣੇ ਦਾ ਆਪਣਾ ਮਹੱਤਵ ਹੁੰਦਾ ਹੈ। ਇਹ ਨਾ ਸਿਰਫ਼ ਖੇਡਣ ਵਾਸਤੇ ਹੁੰਦੇ ਹਨ ਸਗੋਂ ਤੁਹਾਡੇ ਬੱਚੇ ਦਾ ਮਨ ਪ੍ਰਚਾਵਾ ਤੇ ਘੰਟਿਆਂ ਬੱਧੀ ਉਸ ਨੂੰ ਆਪਣੇ ਨਾਲ ਜੋੜੀ ਰੱਖਣ ਵਾਸਤੇ ਹੁੰਦੇ ਹਨ। ਬੈਟਰੀ ਨਾਲ ਚਲਣ ਵਾਲੀ ਕਾਰ ਨਾਲੋਂ ਪਲਾਸਟਿਕ ਦੇ ਕੱਪ ਪਲੇਟਾਂ, ਬਾਲਟੀਆਂ ਚਮਚੇ ਤੇ ਹੋਰ ਅਜਿਹਾ ਸਾਮਾਨ ਜਿਆਦਾ ਲਾਭਕਾਰੀ ਸਾਬਤ ਹੋ ਸਕਦਾ ਹੈ।  
  • -     ਜਿਹੜਾ ਖਿਡੌਣਾ ਤੁਸੀਂ ਲੈ ਕੇ ਨਹੀਂ ਦੇਣਾ ਚਾਹੁੰਦੇ ਜਾਂ ਜਿਸ ਖਿਡੌਣੇ ਬਾਰੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਬੱਚੇ ਲਈ ਠੀਕ ਨਹੀਂ ਉਸ ਨੂੰ ਆਪਣੇ ਬੱਚੇ ਵਾਸਤੇ ਨਾ ਖਰੀਦੋ।
  • -     ਬੱਚੇ ਨੂੰ ਅਜਿਹਾ ਖਿਡੌਣਾ ਨਾ ਲੈ ਕੇ ਦਿਓ ਜੋ ਉਸ ਅੰਦਰ ਹਿੰਸਾ, ਮਾਰਨ, ਕੁੱਟ-ਮਾਰ, ਜਾਂ ਤੋੜਨ ਭੰਨਣ ਵਰਗੀਆਂ ਰੁਚੀਆਂ ਪੈਦਾ ਕਰਦਾ ਹੈ। ਛੋਟੀ ਉਮਰ ਵਿੱਚ ਬੰਦੂਕਾਂ ਲੈ ਕੇ ਦੇਣ ਕੋਈ ਵੀ ਬੱਚਾ ਬਹਾਦਰ ਨਹੀਂ ਬਣ ਜਾਂਦਾ। ਬਹਾਦਰੀ ਇਕ ਵੱਖਰਾ ਗੁਣ ਹੈ। ਅਲੱਬਤਾ ਉਹ ਹਿੰਸਾ ਦਾ ਉਪਾਸ਼ਕ ਜ਼ਰੂਰ ਬਣ ਜਾਏਗਾ। ਜਿਸ ਚੀਜ਼ ਨੂੰ ਚੰਗਾ ਨਹੀਂ ਸਮਝਦਾ ਉਸ ਨੂੰ ਖਤਮ ਕਰਨ ਜਾਂ ਮਿਟਾ ਦੇਣ ਬਾਰੇ ਉਹ ਜ਼ਰੂਰ ਸੋਚੇਗਾ।
  • -     ਚੁੱਭਣ ਵਾਲੇ ਤੇ ਚੋਭੇ ਜਾ ਸਕਣ ਵਾਲੇ ਖਿਡੌਣੇ ਬੱਚਿਆਂ ਦੇ ਹੱਥਾਂ ਵਿੱਚ ਨਾ ਦਿਓ। ਕੁਝ ਲੋਕ ਧਾਰਮਕ ਭਾਵਨਾ ਦੇ ਅਸਰ ਅਧੀਨ ਹੀ ਬਚਿਆਂ ਨੂੰ ਨੰਗੀਆਂ ਤਲਵਾਰਾਂ ਫੜਾ ਦਿੰਦੇ ਹਨ। ਹਥਿਆਰ ਨਾਲੋਂ ਹਥਿਆਰ ਦੇ ਮਾਲਕ ਉਪਰ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ। ਨਾਸਮਝ ਬੱਚੇ ਇਸ ਨਾਲ ਅਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਜ਼ਖਮੀ ਕਰ ਸਕਦੇ ਹਨ।

  • -     ਇਸੇ ਤਰ੍ਹਾਂ ਉਹਨਾਂ ਖਿਡੌਣਿਆਂ ਨੂੰ ਖਰੀਦਣ ਦੀ ਤਰਜੀਹ ਦਿਓ ਜਾ ਨਾਲ ਬੱਚੇ ਦਾ ਮਾਨਸਕ ਵਾਧਾ ਤੇ ਉਸ ਕੁਝ ਨਾ ਕੁਝ ਸਿੱਖਣ ਨੂੰ ਮਿਲੇ। ਐਜੂਕੇਸ਼ਨਲ ਖਿਡੋਣਿਆਂ ਬਾਰੇ ਜਾਣੋ ਤੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਖਿਡੌਣਿਆਂ ਵਿੱਚ ਸ਼ਾਮਲ ਕਰੋ।

No comments:

Post a Comment