ਸੁਲਗਦੇ ਬੋਲ / (ਕਾਵਿ ਪੁਸਤਕ) - ਇੱਕ


ਪਿਆਸ ਦਾ ਗੀਤ

ਗੁਰਦੀਪ ਸਿੰਘ

ਜਿਸ ਦਰਿਆ ਨੂੰ
ਮੈਂ ਆਪਣੀ ਪਿਆਸ ਦਾ ਜ਼ਰੀਆ
            ਸਮਝਦਾ ਸਾਂ
ਤੇ ਸੋਚਦਾ ਸਾਂ
ਕਿ ਉਹ ਮੇਰੀ ਪਿਆਸ ਬੁਝਾਵੇਗਾ
ਜਿਸ ਤੇ ਦਾਅਵਾ ਸੀ ਮੇਰਾ
ਤੇ ਜਿਸ ਨਾਲ ਮੈਂ ਦਹਾਕਿਆਂ ਤੋਂ
ਸਫ਼ਰ ਕਰ ਰਿਹਾ ਸਾਂ
ਉਸ ਦਰਿਆ ਦੇ ਪਾਣੀ ਵਿੱਚ
ਤੇਹ ਬੁਝਾਉਣ ਵਾਲਾ ਕੁਝ ਵੀ ਨਹੀਂ ਸੀ
ਮੈਂ ਰੁਕਿਆ
ਪਿਛੇ ਦੇਖਿਆ
ਮੈਂ ਬਹੁਤ ਦੂਰ ਆ ਗਿਆ ਸਾਂ
ਮੇਰੇ ਹਰੇ ਭਰੇ ਖੇਤਾਂ ਵਾਲਾ ਘਰ
ਬਹੁਤ ਪਿਛੇ ਰਹਿ ਗਿਆ ਸੀ
ਮੈਂ ਜਿਸ ਭੀੜ ਨਾਲ
ਸਫ਼ਰ ਸ਼ੁਰੂ ਕੀਤਾ ਸੀ
ਹੁਣ ਮੇਰੇ ਨਾਲ ਨਹੀਂ ਸੀ
ਮੈਂ ਤੇ ਦਰਿਆ ਬਹੁਤ ਤਨਹਾ ਸਾਂ
ਤੇ ਮੇਰੇ ਸਾਹਮਣੇ ਸੀ
ਵਿਸ਼ਾਲ ਮਾਰੂਥਲ
ਮੈਂ ਆਪਣੀ ਪਿਆਸ ਬਾਰੇ ਸੋਚਿਆ
ਹੁਣ ਮੇਰੇ ਕੋਲ ਦਰਿਆ ਤੋਂ ਟੁਟ ਕੇ
ਮਾਰੂਥਲ ਦੀ ਰੇਤ ਨਾਲ
ਸਮਝੋਤਾ ਕਰਨ ਤੋਂ ਬਿਨਾਂ
ਕੋਈ ਚਾਰਾ ਨਹੀਂ ਸੀ।
ਦਰਿਆ ਨੇ ਵੀ ਤਾਂ ਰੇਤ ਵਿੱਚ ਹੀ ਰਲ ਜਾਣਾ ਸੀ
ਤੇ ਮੇਰੇ ਹੋਠਾਂ ਕੋਲ ਕੁਝ ਨਹੀਂ ਸੀ ਬਚਣਾ
ਆਪਣੀ ਪਿਆਸ ਦੀ
ਸੁਨਹਿਰੀ ਵਰ੍ਹੇ ਗੰਢ ਮਨਾਉਣ ਦੇ
ਗੀਤ ਤੋਂ ਸਿਵਾ।
ਪਿਆਸ ਦਾ ਗੀਤ।

 

 

 




ਦੋ


ਕੁਝ ਪਲ
ਸਮੇਂ ਦੇ ਰੁੱਖ ਤੋਂ ਜੜ ਕੇ
ਇਕ ਇਕ ਕਰਕੇ
ਮੇਰੇ ਮਨ ਦੇ ਵਿਹੜੇ ਅੰਦਰ ਖਿੰਡ ਜਾਂਦੇ ਨੇ
ਪੱਤਝੜ ਦੇ ਪੀਲ਼ੇ ਪੱਤਿਆਂ ਵਾਂਗੂ
ਸਰ ਸਰ ਕਰਦੇ
ਉੱਡ ਉੱਡ ਜਾਂਦੇ
ਜਦ ਵੀ ਤੇਰੀ ਯਾਦ
ਹਵਾ ਦਾ ਮਿੱਠਾ ਬੁੱਲਾ ਬਣ ਕੇ ਆਵੇ
ਇਹ ਪਲ ਮੈਨੂੰ ਯਾਦ ਦਿਵਾਵਣ
ਉਹ ਪਲ
ਜੋ ਪਲ ਤੇਰੇ ਨਾਲ ਗੁਜ਼ਾਰੇ
ਉਹ ਰਾਹਵਾਂ ਦੇ ਪੀਲ਼ੇ ਪੱਤੇ
ਤੇਰੇ ਕਦਮਾਂ ਵਿਚ ਖਿੰਡ ਜਾਂਦੇ
ਤੇਰੇ ਪੈਰਾਂ ਨੂੰ ਚੁੰਮਣਾ ਚਾਹੁੰਦੇ
ਕਿਰ ਜਾਂਦੇ ਤੇ ਭੁਰ ਜਾਂਦੇ
ਉਹ ਪੱਤਝੜ ਦੇ ਪੀਲ਼ੇ ਪੱਤੇ
ਕਦੇ ਬਣੇ ਸਨ
ਤੇਰੇ ਕਦਮਾਂ ਦੇ ਸਾਥੀ
ਉਹ ਮੇਰੇ ਕਦਮਾਂ ਦੇ ਸਾਥੀ
ਤੂੰ ਹੁਣ ਉਹ ਨਹੀਂ
ਮੈਂ ਹੁਣ ਉਹ ਨਹੀਂ
ਨਾ ਤੇਰੇ ਕਦਮਾਂ ਦਾ ਰਸਤਾ
ਨਾ ਮੇਰੇ ਕਦਮਾਂ ਦਾ ਰਿਸ਼ਤਾ
ਸੱਭ ਕੁਝ ਕਿੰਨਾ ਬਦਲ ਗਿਆ ਹੈ
ਪਰ ਇਹ ਪੱਤੇ
ਪੱਤਝੜ ਦੇ ਪੱਤੇ
ਤਾਂਘ ਰਹੇ ਨੇ
ਲੋਚ ਰਹੇ ਨੇ
ਤੇਰੇ ਮੇਰੇ ਕਦਮਾਂ ਦੀ ਛੋਹ
ਸਾਭ ਰਿਹਾ ਹਾਂ
ਉਹ ਪੱਤਝੜ ਦੇ ਪੀਲ਼ੇ ਪੱਤੇ
ਆਪਣੀਆਂ ਯਾਦ ਦੀ ਡਾਇਰੀ ਵਿਚ
ਵਿਹਲ ਮਿਲੇ ਤਾਂ
ਯਾਦ ਕਰ ਲਵੀਂ