Saturday, April 21, 2012

ਮੈਂ ਤੈਨੂੰ ਰਾਹ ਦਿਆਂਗਾ


ਜ਼ਿੰਦਗੀ
ਮੈਂ ਤੈਨੂੰ ਰਾਹ ਦਿਆਂਗਾ
ਜਦੋਂ ਵੀ ਤੂੰ ਅੱਗੇ ਲੰਘਣ ਦੀ ਕੋਸ਼ਿਸ਼ ਕਰੇਂਗੀ
ਮੈਂ ਤੈਨੂੰ ਰਾਹ ਦਿਆਂਗਾ
ਉਮਰ ਦੇ ਰਸਤੇ ਲੰਮੇਰੇ
ਮੁਸ਼ਕਲਾਂ ਲਹਿਰਾਂ ਥਪੇੜੇ
ਸੁਪਨਿਆਂ ਦੇ ਬਾਲ ਜ਼ਿੱਦੀ
ਘੇਰ ਲੈਂਦੇ
ਇਹ ਮੇਰਾ ਪਿਛਾ ਨਾ ਛੱਡਦੇ
ਇਕ ਉਂਗਲੀ
ਇਕ ਮੋਢੇ
ਇਕ ਨੂੰ ਚੁਕਿਆ ਕੰਨ੍ਹੇੜੇ
ਮੇਰੇ ਕਦਮਾਂ ਦੀ ਜੋ ਤਾਲ
ਬਣ ਗਈ ਹੈ ਉਮਰ ਚਾਲ
ਏਸ ਚੋਂ ਮੈਨੂੰ ਨਾ ਭਾਲ
ਇਹ ਤਮਾਸ਼ਾ ਜ਼ਿੰਦਗੀ ਦਾ
ਬਣ ਗਿਆ ਹੈ ਮਕਰ ਜਾਲ
ਬਚਣ ਲਈ ਰਸਤਾ ਨਾ ਲੱਭੇ
ਫਸਣ ਲਈ ਰਸਤੇ ਬਥੇਰੇ
ਫੇਰ ਵੀ ਮੈਂ ਰਾਹ ਦਿਆਗਾਂ
ਜ਼ਿੰਦਗੀ
ਤੂੰ ਜਦੋਂ
ਅੱਗੇ ਲੰਘਣ ਦੀ ਕੋਸ਼ਿਸ਼ ਕਰੀਂ
ਮੈਂ ਤੈਨੂੰ ਰਾਹ ਦਿਆਂਗਾ।

No comments:

Post a Comment