Tuesday, March 15, 2016

feudal system

ਜਾਗੀਰਦਾਰੀ ਵਿਵਸਥਾ ਦੀ ਕਨੂੰਨ ਪ੍ਰਣਾਲੀ


ਭਾਰਤ ਵਿੱਚ ਦੋ ਤਰ੍ਹਾਂ ਦੇ ਨਿਯਮ ਕਨੂੰਨ ਸਮਝੇ ਜਾਂਦੇ ਸਨ। ਪਹਿਲਾ ਮਨੂ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਮਨੂਸਮਿਰਤੀ, ਜੋ ਮੁਸਲਮਾਨਾਂ ਦੀ ਆਮਦ ਤੋਂ ਪਹਿਲਾਂ ਸਰਬ ਪ੍ਰਵਾਨਤ ਨਿਯਮ ਵੱਜੋਂ ਪ੍ਰਚਲਤ ਸੀ। ਸਮਿਰਤੀਆਂ ਅਸਲ ਵਿੱਚ ਉਹ ਧਰਮ ਗ੍ਰੰਥ ਹਨ ਜੋ ਵੇਦਾਂ ਤੋਂ ਬਾਦ ਰਚੀਆਂ ਗਈਆਂ। ਅਗਰ ਵੇਦ ਜਾਂ ਵੈਦਿਕ ਸੰਸਕ੍ਰਿਤੀ ਨੂੰ ਮਨੁੱਖੀ ਸੋਚ ਦੇ ਵਿਕਾਸ ਦਾ ਇੱਕ ਪੜਾਅ ਮੰਨ ਲਿਆ ਜਾਵੇ ਤਾਂ ਰਿਗ ਵੇਦ ਸਾਡੀ ਸਮਝ ਅਨੁਸਾਰ ਸੱਭ ਤੋਂ ਪੁਰਾਤਨ ਵੇਦ ਹੈ ਜੋ ਆਰੀਆ ਕਾਲ ਵਿੱਚ ਪਹਿਲਾਂ ਸੀਨਾ-ਬਸੀਨਾ ਪ੍ਰਚਲਤ ਰਿਹਾ ਤੇ ਬਾਦ ਵਿੱਚ ਇਸ ਨੂੰ ਗ੍ਰੰਥ ਦਾ ਆਕਾਰ ਦਿਤਾ ਗਿਆ। ਵੈਦਿਕ ਸੰਸਕ੍ਰਿਤੀ ਅਨੁਸਾਰ ਚਾਰ ਵੇਦਾਂ ਦਾ ਜ਼ਿਕਰ ਮਿਲਦਾ ਹੈ- ਰਿਗ ਵੇਦ, ਯਜੁਰ ਵੇਦ, ਸਾਮ ਵੇਦ, ਅਥਰਵ ਵੇਦ। ਹਰ ਵੇਦ ਦੇ ਚਾਰ ਹਿੱਸੇ ਮੰਨੇ ਜਾਂਦੇ ਸਨ ਮਸਲਨ ਸਹਿੰਤਾ(ਮੂਲ ਸੂਤਰ), ਬ੍ਰਾਹਮਣੀਕਾ (ਵਿਆਖਿਆ) ਆਰਿਅੰਕਾ (ਰਹੁ-ਰੀਤਾਂ), ਉਪਨਿਸ਼ਦ, (ਵਿਚਾਰ : ਦਰਸ਼ਨ) ਇਸ ਤੋਂ ਬਾਦ ਸਮਰਿਤੀਆਂ ਹਨ ਤੇ ਉਸ ਤੋਂ ਬਾਦ ਪੁਰਾਣ, ਮਨੂਸਿਮਰਤੀ ਇਹ ਅਜਿਹਾ ਦਸਤਾਵੇਜ਼ ਹੈ ਜਿਸ ਦੀ ਰਚਨਾ ਮਨੂੰ ਰਿਸ਼ੀ ਨੇ ਕੀਤੀ ਤੇ ਇਸ ਵਿੱਚ ਉਹ ਸਮਾਜਕ, ਆਰਥਕ, ਰਾਜਨੀਤਕ, ਨੈਤਿਕ ਨਿਯਮ ਅੰਕਿਤ ਕੀਤੇ ਜੋ ਉਸ ਸਮੇਂ ਦੇ ਪਰਿਵੇਸ ਵਿੱਚ ਸਮਾਜ ਨੂੰ ਕਾਇਮ ਰੱਖਣ ਵਾਸਤੇ ਜਰੂਰੀ ਸਨ। ਬਾਦ ਵਿੱਚ ਇਹੋ ਨਿਯਮ ਆਮ ਤੌਰ ਤੇ ਅਪਣਾਏ ਗਏ।

ਵੈਦਿਕ ਕਾਲ ਦਾ ਸਮਾਂ ਬੁੱਧ ਤੇ ਪਾਣਿਨੀ ਦੇ ਕਾਲ ਤੱਕ ਮੰਨਿਆ ਜਾਂਦਾ ਹੈ, ਇਸ ਤੋਂ ਬਾਦ ਸਾਨੂੰ ਬੁੱਧ ਧਰਮ ਦੇ ਨਿਯਮਾਂ ਦਾ ਉਲੇਖ ਮਿਲਦਾ ਹੈ। ਇਹ ਵਕਤ ਭਾਰਤ ਵਿੱਚ ਰਾਜਸ਼ਾਹੀ ਵਿਵਸਥਾ ਦਾ ਸਮਾਂ ਸੀ ਤੇ ਰਾਜੇ ਜੋ ਕਬਾਇਲੀ ਮੁਖੀਆਂ ਦੀ ਪ੍ਰੰਪਰਾ ਚੋਂ ਹੀ ਨਿਕਲੇ ਸਨ, ਹੁਣ ਪੂਰੀ ਤਰ੍ਹਾਂ ਸਥਾਪਤ ਹੋ ਚੁੱਕੇ ਸਨ ਤੇ ਉਨ੍ਹਾਂ ਆਪਣੇ ਰਾਜ ਕਾਲ ਵਿੱਚ ਰਾਜ-ਧਰਮ ਨੂੰ ਸਥਾਪਤ ਕਰਨ ਲਈ ਮਨੂੰਸਿਮਰਤੀ ਵਰਗੇ ਨਿਯਮਾਂ ਦਾ ਸਹਾਰਾ ਲਿਆ।

ਮੁਸਲਮਾਨਾਂ ਦੀ ਆਮਦ ਹਿੰਦੁਸਤਾਨ ਵਿੱਚ ਲਗਭਗ ਦਸਵੀ- ਗਿਆਰਵੀ ਸਦੀ ਵਿੱਚ ਹੁੰਦੀ ਹੈ। ਉਹ ਆਪਣੇ ਨਾਲ ਚੰਗੇਜ਼ ਖਾਨ ਦੀ ਨਿਯਮਾਵਲੀ ਯਾਸਾਂ ਲੈ ਕੇ ਆਏ ਤੇ ਉਨ੍ਹਾਂ ਆਪਣੇ ਰਾਜ-ਪ੍ਰਬੰਧ ਲਈ ਯਾਸਾਂ ਦੇ ਹਵਾਲੇ ਨਾਲ ਕੰਮ-ਕਾਜ ਸ਼ੁਰੂ ਕੀਤਾ। ਚੂੰਕਿ ਮੁਸਲਮਾਨ ਤੇ ਬਾਦ ਵਿੱਚ ਮੁਗ਼ਲ ਸਾਡੇ ਦੇਸ਼ ਉਪਰ ਆਪਣੀ ਤਾਕਤ ਨਾਲ ਕਾਬਜ ਹੋਏ ਸਨ ਉਨ੍ਹਾਂ ਨੇ ਮਨੂੰ ਸਿਮਰਤੀ ਦੀ ਥਾਂ ਆਪਣੀ ਨਿਯਮਾਂਵਲੀ ਲਾਗੂ ਕਰ ਦਿਤੀ। ਇਥੇ ਇਹ ਸਮਝ ਲੈਣਾ ਜਰੂਰੀ ਹੈ ਕਿ ਇਹ ਜਾਗੀਰਦਾਰੀ ਵਿਵਸਥਾ ਦਾ ਇੱਕ ਰੂਪ ਸੀ ਜਿਸ ਵਿੱਚ ਕਿਸੇ ਦੇ ਕਹੇ ਸ਼ਬਦ ਹੀ ਕਨੂੰਨ ਹੁੰਦੇ ਹਨ ਤੇ ਰਾਜੇ ਦੀ ਗੱਲ ਪਰਜਾ ਨੂੰ ਮੰਨਣੀ ਪੈਂਦੀ ਹੈ, ਉਦੋਂ ਤੱਕ ਜਦ ਤੱਕ ਰਾਜੇ ਕੋਲ ਤਾਕਤ ਹੈ। ਚੰਗੇਜ਼ ਖਾਂ ਦੀ ਯਾਸਾਂ ਵਿੱਚ ਸਾਫ ਲਿਖਿਆ ਹੈ ਕਿ ਰਾਜੇ ਦੀ ਗੱਲ ਨਾ ਮੰਨਣਾ ਬਗਾਵਤ ਹੈ ਤੇ ਬਗਾਵਤ ਦੀ ਸਜ਼ਾ ਮੌਤ ਹੈ। ਉਹ ਹਰ ਇਕ ਨੂੰ ਸਾਲ ਦੇ ਕੁਝ ਦਿਨ ਰਾਜੇ ਵਾਸਤੇ ਕੰਮ ਕਰਨ ਲਈ ਆਖਦਾ ਹੈ। ਉਹ ਫੌਜ ਵਾਸਤੇ ਸਰਦੀਆਂ ਦੇ ਮਹੀਨੇ ਅਭਿਆਸ ਲਈ ਮੁਕੱਰਰ ਕਰਦਾ ਹੈ।

ਮਨੂਸਿਮਰਤੀ ਤੇ ਯਾਸਾਂ ਦੋਵੇਂ ਆਪਣੇ ਸਮੇਂ ਦੇ ਲਿਖਤ- ਅਣਲਿਖਤ ਸੰਵਿਧਾਨ ਸਨ ਜਿਨ੍ਹਾਂ ਦੀ ਪਾਲਣਾ ਕਰਨਾ ਪਰਜਾ ਦਾ ਧਰਮ ਸੀ। ਦੋਵਾਂ ਦਾ ਸੁਭਾਅ ਕਬਾਇਲੀ ਹੈ ਭਾਵ ਕਬੀਲੇ ਦੇ ਮੁੱਖੀ ਪ੍ਰਤੀ ਪਰਜਾ ਦੀ ਵਫਾਦਾਰੀ ਉਪਰ ਜੋਰ ਦਿਤਾ ਜਾਂਦਾ ਹੈ। ਇਨ੍ਹਾਂ ਅਨੁਸਾਰ ਸਮਾਜ ਦੀ ਬਣਤਰ ਤੇ ਵਿਵਸਥਾ ਨਿਭਾਈ ਜਾਂਦੀ ਸੀ। ਫਸਲਾਂ ਤੇ ਸ਼ਿਕਾਰ ਵਿੱਚ ਹਿਸੇਦਾਰੀ ਨਿਸ਼ਚਤ ਕੀਤੀ ਜਾਂਦੀ ਸੀ ਤੇ ਕਰ ਪ੍ਰਣਾਲੀ ਨੂੰ ਵਿਕਸਤ ਕੀਤਾ ਜਾਂਦਾ ਸੀ। ਨੀਤੀ ਤੇ ਨਿਆਂ ਸ਼ਾਸ਼ਤਰ ਇਨ੍ਹਾਂ ਪ੍ਰਣਾਲੀਆਂ ਉਪਰ ਅਧਾਰਤ ਹੁੰਦੇ ਸਨ ਤੇ ਇਹ ਲੋਕਾਂ ਦੀ ਆਮ ਸਮਝ ਦਾ ਹਿੱਸਾ ਸਨ। ਦੋਹਾਂ ਦਾ ਮਕਸਦ ਰਾਜੇ ਦਾ ਤਾਜ ਤੇ ਸਿੰਘਾਸਣ ਕਾਇਮ ਰੱਖਣਾ ਸੀ, ਇਸ ਵਾਸਤੇ ਆਮ ਲੋਕਾਂ ਨੂੰ ਇਸ ਦੇ ਡਰ ਨਾਲ ਦਬਾ ਕੇ ਰੱਖਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।  ਇਹ ਦੋਵੇਂ ਨਾ ਸੰਸਥਾ ਵਿਰੋਧੀ ਸਨ ਤੇ ਨਾ ਵਿਵਸਥਾ ਵਿਰੋਧੀ, ਸਗੋਂ ਯਥਾ-ਸਥਿਤੀ ਬਣਾਈ ਰੱਖਣ ਉਪਰ ਜੋਰ ਦਿੰਦੇ ਸਨ।

ਅੱਜ ਜਾਗੀਰਦਾਰੀ ਵਿਵਸਥਾ ਨਹੀਂ ਹੈ। ਉਦਯੋਗਿਕ ਕ੍ਰਾਂਤੀ ਨੇ ਇਸ ਦਾ ਖਾਤਮਾ ਕਰ ਦਿਤਾ ਹੈ। ਅੱਜ ਅਸੀਂ ਆਰਥਕ ਤੌਰ ਤੇ ਸਰਮਾਇਆਦਾਰੀ ਵਿਵਸਥਾ ਵਿੱਚ ਦਾਖਲ ਹੋ ਗਏ ਹਨ। ਆਰਥਕ ਤਾਕਤ ਹੁਣ ਰਾਜਿਆਂ ਦੇ ਹੱਥ ਚੋਂ ਨਿਕਲ ਕੇ ਸਰਮਾਇਆਦਾਰਾਂ ਦੇ ਹੱਥਾਂ ਵਿੱਚ ਚਲੀ ਗਈ ਹੈ। ਰੋਟੀ ਰੋਜ਼ੀ ਕਮਾਉਣ ਦੇ ਵਸੀਲੇ ਤੇ ਤਰੀਕੇ ਬਦਲ ਗਏ ਹਨ। ਨਵੇਂ ਢੰਗ ਵਿਕਸਤ ਹੋ ਗਏ ਹਨ ਤੇ ਹੁਣ ਇਸ ਵਿੱਚ ਤਕਨੋਲੋਜੀ ਦੇ ਆਉਣ ਨਾਲ ਸਰਮਾਇਆਦਾਰੀ ਵਿਵਸਥਾ ਨੂੰ ਸਥਾਪਤ ਹੋਣ ਵਿੱਚ ਜਿਹੜਾ ਨਵਾਂ ਹੁਲਾਰਾ ਮਿਲਿਆ ਹੈ ਉਸ ਨਾਲ ਸਮਾਜ ਉਪਰ ਤਬਦੀਲੀ ਭਰੇ ਪ੍ਰਭਾਵ ਪਏ ਹਨ। ਇਹ ਤਬਦੀਲੀਆਂ ਭਰੇ ਹਾਲਾਤ ਤੇਜ਼ੀ ਨਾਲ ਵਾਪਰ ਹਨ ਤੇ ਇਨ੍ਹਾਂ ਸਦਕਾ ਸਾਡੀ ਸੋਚ, ਸਮਾਜਕ ਬਣਤਰ, ਰੁਜ਼ਗਾਰ ਦੇ ਸਥਾਨ, ਮੌਕੇ, ਆਰਥਕ ਸਾਧਨਾਂ ਦੀ ਵਿਵਸਥਾ ਤੇ ਉਨ੍ਹਾਂ ਉਪਰ ਨਿਯੰਤਰਨ ਆਦਿ ਸੱਭ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਦਾ ਸਾਰਥਕ ਅਸਰ ਸਾਡੀਆਂ ਧਾਰਮਕ ਰੂੜੀਆਂ ਉਪਰ ਵੀ ਦੇਖਿਆ ਜਾ ਸਕਦਾ ਹੈ। ਜਾਤ ਪਾਤ ਪ੍ਰਤੀ ਨਜ਼ਰੀਆ ਤੇ ਵਤੀਰਾ ਤੇਜ਼ੀ ਨਾਲ ਬਦਲ ਰਿਹਾ ਹੈ। ਜਿਸ ਰਫਤਾਰ ਨਾਲ ਇਹ ਤਬਦੀਲੀਆਂ ਵਾਪਰ ਰਹੀਆਂ ਹਨ ਇਹ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਸਾਡੇ ਸਮਾਜ ਦੀ ਤਸਵੀਰ ਅੱਜ ਨਾਲੋਂ ਬਹੁਤ ਭਿੰਨ ਹੋਵੇਗੀ।

ਸਰਮਾਇਆਦਾਰੀ ਵਿਵਸਥਾ ਨੂੰ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਉਸ ਲਈ ਮਿਲ ਕੇ ਕੰਮ ਕਰ ਸਕਣ.... ਜਾਤ... ਪਾਤ.... ਸਮਾਜਕ ਭੇਦ-ਭਾਵ... ਊਚਨੀਚ ਤੇ ਧਰਮ ਆਦਿ ਦਾ ਉਸ ਕੋਲ ਕੋਈ ਮਹੱਤਵ ਨਹੀਂ ਤੇ ਜੇ ਇਹ ਸਰਮਾਇਆਦਾਰੀ ਵਿਵਸਥਾ ਦੇ ਰਸਤੇ ਵਿੱਚ ਇਹ ਚੀਜ਼ਾਂ ਕੋਈ ਰੁਕਾਵਟ ਖੜ੍ਹੀਆਂ ਕਰਦੀਆਂ ਹਨ...ਸੋ ਆਉਣ ਵਾਲੇ ਸਮੇਂ ਵਿੱਚ ਪਹਿਲੀ ਗੱਲ ਤਾਂ ਕੰਮ ਦੀ ਥਾਂ ਕੋਈ ਪੱਕੀ ਨਹੀਂ ਹੋਵੇਗੀ.... ਰੁਜ਼ਗਾਰ ਵਾਸਤੇ ਦੂਰ ਨੇੜੇ ਦੀ ਬਦਲੀ ਹੋਣਾ ਸੁਭਾਵਕ ਹੋ ਜਾਵੇਗਾ। ਦੂਜਾ, ਰੁਜ਼ਗਾਰ ਪੱਕਾ ਨਹੀਂ ਹੋਵੇਗਾ.... ਇਸ ਅਸਥਾਈ ਰੁਜ਼ਗਾਰ ਦੇ ਸਿਲਸਿਲੇ ਵਿੱਚ ਹਰ ਵਾਰੀ ਤੁਹਾਨੂੰ ਨਵੇਂ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਤੁਹਾਡੀ ਕਾਮਯਾਬੀ ਸਿਰਫ ਇਸ ਗੱਲ ਉਪਰ ਨਿਰਭਰ ਕਰੇਗੀ ਕਿ ਤੁਸੀਂ ਨਵੀਂ ਵਿਵਸਥਾ ਨੂੰ ਕਿਵੇਂ ਅਪਣਾਉਂਦੇ ਹੋ। ਸੋ ਜੇ ਤੁਸੀਂ ਊਚ ਨੀਚ ਤੇ ਮੇਰ ਤੇਰ ਵਿੱਚ ਰਹੇ ਤਾਂ ਤੁਸੀਂ ਰੁਜ਼ਗਾਰ ਦੇ ਮੌਕੇ ਗਵਾ ਲਵੋਗੇ.... ਮੈਂ ਅੱਜ ਵੀ ਦੇਖਦਾ ਹਾਂ ਕਿ ਸ਼ਾਪਿੰਗ ਮਾਲਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਨੌਜੁਆਨ ਮਿਲ ਕੇ ਕੰਮ ਕਰਦੇ ਹਨ। ਜਾਤ ਪਾਤ, ਊਚ ਨੀਚ ਉਨ੍ਹਾਂ ਦੇ ਸ਼ਿਸ਼ਟਾਚਾਰ ਦਾ ਹਿਸਾ ਨਹੀਂ। ਇਹੋ ਹਾਲ ਸਰਵਿਸ ਦੇਣ ਵਾਲੀਆਂ ਏਜੰਸੀਆਂ ਵਿੱਚ ਹੈ।


ਸੋ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਕਲਚਰ ਮਿਲਗੋਭਾ ਬਣ ਜਾਵੇਗਾ ਤੇ ਇਸ ਮਿਲਗੋਭੇ ਵਿੱਚ ਸਿਰਫ ਤੁਸੀਂ ਆਪਣੀਆਂ ਬੇਸਿਕ ਗੱਲਾਂ ਹੀ ਬਚਾ ਸਕੋਗੇ ਬਾਕੀ ਸੱਭ ਕੁਝ ਸਮੇਂ ਦੀ ਭੇਂਟ ਚੜ੍ਹ ਜਾਵੇਗਾ.... ਜੇ ਸਰਮਾਇਆਦਾਰੀ ਨੇ ਸਫਲ ਹੋਣਾ ਹੈ ਤਾਂ ਉਸ ਨੂੰ ਅਜਿਹਾ ਕਰਨਾ ਹੀ ਪਵੇਗਾ.... ਸੋ ਭੁੱਲ ਜਾਓ ਕਿ ਤੁਸੀਂ ਆਉਣ ਵਾਲੇ ਮਨੂਸਮਿਰਤੀ ਤੇ ਯਾਸਾਂ ਸਿਰਫ ਅਤੀਤ ਦੀਆਂ ਗੱਲਾਂ ਰਹਿ ਜਾਣਗੀਆਂ। ਹੋ ਸਕਦਾ ਹੈ ਇਸ ਸਾਰੇ ਕੁਝ ਨੂੰ ਤੁਸੀਂ ਜਾਂ ਕਿਤਾਬਾਂ ਦੇ ਸਫਿਆਂ ਵਿੱਚ ਲੱਭੋਗੇ ਜਾਂ ਕਿਸੇ ਅਜਾਇਬ ਘਰ ਵਿੱਚ ਜਿਥੇ ਪਈਆਂ ਚੀਜ਼ਾਂ ਵਸਤਾਂ ਤੋਂ ਤੁਸੀਂ ਆਪਣੇ ਅਤੀਤ ਬਾਰੇ ਸੋਚਿਆ ਕਰੋਗੇ। ਸਰਮਾਏਦਾਰੀ ਨਿਜ਼ਾਮ ਵਿੱਚ ਜਾਗੀਰਦਾਰੀ ਸਮਾਜ ਦੀ ਕੋਈ ਰੂੜੀ ਨਹੀਂ ਬਚਣੀ। ਚਾਹ ਕੇ ਵੀ ਤੁਸੀਂ ਇਸ ਨੂੰ ਬਚਾ ਨਹੀਂ ਸਕੋਗੇ। ਹਾਲੇ ਤਾਂ ਸਰਮਾਇਆਦਾਰੀ ਵਿਵਸਥਾ ਨੇ ਮੁਢਲੇ ਪੈਰ ਪਸਾਰੇ ਹਨ, ਆਉਣ ਵਾਲੇ ਸਮੇਂ ਵਿੱਚ ਇਸ ਨੇ ਬਹੁਤ ਫੈਲਣਾ ਹੈ। ਹਿੰਦੁਸਤਾਨ ਉਨ੍ਹਾਂ ਨੂੰ ਇਸ ਵਾਸਤੇ ਇੱਕ ਭਰਪੂਰ ਮੰਡੀ ਲੱਭੀ ਹੈ। ਆਉਣ ਵਾਲੇ ਸਮੇਂ ਬਾਰੇ ਮੇਰਾ ਸੁਝਾਅ ਹੈ ਕਿ ਆਪਣੀ ਸੋਚ ਨੂੰ ਸਫਲ ਕਾਮਗਾਰ ਹੋਣ ਵਾਲੇ ਪਾਸੇ ਲਾਓ। ਇਹ ਕੰਮ ਕਿਵੇਂ ਕਰਨਾ ਹੈ, ਇਸ ਬਾਰੇ ਅਗਲੇ ਲੇਖ ਵਿੱਚ ਗੱਲ ਕਰਾਂਗੇ।

No comments:

Post a Comment