Friday, March 24, 2017

Reading Habits

ਪੁਸਤਕਾਂ ਤੋਂ ਸਾਡੀ ਵਿੱਥ

ਗੁਰਦੀਪ ਸਿੰਘ ਭਮਰਾ





ਵੈਸੇ ਤਾਂ ਅਸੀਂ ਗ੍ਰੰਥ-ਉਪਾਸ਼ਕ ਹਾਂ। ਸਾਡੇ ਧਰਮਾਂ ਵਿੱਚ ਗ੍ਰੰਥ ਨੂੰ ਮਹਾਨਤਾ ਦਿੱਤੀ ਗਈ ਹੈ। ਅਸੀਂ ਆਪਣੇ ਪੁਰਖਿਆਂ ਨੂੰ ਵੀ ਹਮੇਸ਼ਾ ਗ੍ਰੰਥਾਂ ਦੇ ਹਵਾਲੇ ਨਾਲ ਯਾਦ ਕਰਦੇ ਹਾਂ। ਮਾਣ ਕਰਨ ਲਈ ਸਾਡੇ ਕੋਲ ਵੇਦ, ਪੁਰਾਣ, ਉਪਨਿਸ਼ਦ, ਸ਼ਾਸ਼ਤਰ ਗਿਆਨ ਦੇ ਸੱਭ ਤੋਂ ਪੁਰਾਤਨ ਹਵਾਲੇ ਨਾਲ ਪੁਸਤਕ ਰੂਪ ਵਿੱਚ ਮੋਜੂਦ ਹਨ। ਭਾਗਵਤ ਗੀਤਾ, ਰਮਾਇਣ, ਮਹਾਂ ਭਾਰਤ, ਕੁਰਾਨ, ਬਾਈਬਲ ਤੇ ਸੋਲ੍ਹਵੀ ਸਦੀ ਵਿੱਚ ਸੰਪਾਦਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਸਦਾ ਅਗਵਾਈ ਦੇ ਸੋਮੇ ਰਹੇ ਹਨ ਤੇ ਸਾਨੂੰ ਆਪਣੇ ਵਿਰਸੇ ਉਪਰ ਅੰਤਾਂ ਦਾ ਮਾਣ ਹੈ।

ਪਰ ਇਹ ਸੱਭ ਕੁਝ ਸਾਡੇ ਅੰਦਰ ਪੁਸਤਕ ਪ੍ਰੇਮ ਪੈਦਾ ਕਰਨ ਵਿੱਚ ਅਸਫਲ ਰਿਹਾ ਹੈ। ਹੈਰਾਨਗੀ ਵਾਲੀ ਗੱਲ ਹੈ ਕਿ ਪੁਸਤਕ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ ਹੈ। ਸਾਡੇ ਘਰਾਂ ਵਿੱਚ ਬਹੁਤ ਕੁਝ ਹੈ ਸਿਵਾਏ ਪੁਸਤਕਾਂ ਦੇ; ਪੜ੍ਹਨਾ ਤੇ ਸੁਣਨਾ ਸਾਡੀ ਜ਼ਿੰਦਗੀ ਦਾ ਅਹਿਮ ਅੰਗ ਨਹੀਂ। ਸਾਡੇ ਘਰਾਂ ਵਿੱਚ ਲਾਇਬ੍ਰੇਰੀਆਂ ਲਈ ਕੋਈ ਥਾਂ ਨਹੀਂ। ਸਿਰਫ ਕੁਝ ਗਿਣਵੇਂ ਲੋਕ ਹੀ ਕਿਤਾਬਾਂ ਨਾਲ ਮੋਹ ਪਾਲਦੇ ਹਨ ਪਰਤੂੰ ਆਮ ਤੌਰ ਤੇ ਪੁਸਤਕਾਂ ਨਾਲ ਸਾਡਾ ਵਾਹ ਵਾਸਤਾ ਸਿਰਫ ਸਿੱਖਿਆ ਗ੍ਰਹਿਣ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਪੜ੍ਹੇ ਲਿਖੇ ਲੋਕ ਵੀ ਆਪਣੇ ਘਰਾਂ ਵਿੱਚ ਹੋਰ ਸੱਭ ਕੁਝ ਸ਼ਾਮਲ ਕਰਦੇ ਹਨ ਪਰ ਕਿਤਾਬਾਂ ਉਨ੍ਹਾਂ ਨੂੰ ਸਦਾ ਹੀ ਬੇਲੋੜੀਆਂ ਜਾਪਦੀਆਂ ਹਨ।

ਅਸੀਂ ਜਾਣਦੇ ਹਾਂ ਕਿ ਗਿਆਨ ਪੁਸਤਕਾਂ ਤੋਂ ਹੀ ਪ੍ਰਾਪਤ ਹੁੰਦਾ ਹੈ ਤੇ ਸਿਰਫ ਪੁਸਤਕ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਗਿਆਨ ਤੇ ਜਾਣਕਾਰੀ ਪੁਸ਼ਤ ਦਰ ਪੁਸ਼ਤ ਚਲਦਾ ਹੈ ਤੇ ਇਸ ਨੂੰ ਕਦੇ ਵੀ ਕਿਸੇ ਵੀ ਥਾਂ ਉਪਰ ਸਜੀਵ ਕੀਤਾ ਜਾ ਸਕਦਾ ਹੈ। ਇਸ ਦੇ ਬਾਵਜੂਦ ਕਿਤਾਬਾਂ ਦੀ ਸਥਿਤੀ ਬਹੁਤ ਤਰਸਯੋਗ ਹੈ। ਇਨ੍ਹਾਂ ਦੀ ਵਿਕਰੀ ਦਾ ਕੋਈ ਪ੍ਰਬੰਧ ਨਹੀਂ। ਅਸੀਂ ਅਕਸਰ ਕਿਤਾਬ ਨਹੀਂ ਖਰੀਦਦੇ। ਸਾਡੇ ਹੱਥ ਵਿੱਚ ਕਦੇ ਕੋਈ ਕਿਤਾਬ ਨਹੀਂ ਦਿਖਾਈ ਦਿੰਦੀ।

ਸਾਡੇ ਵਿਦਿਆਰਥੀਆਂ ਨੂੰ ਸਕੂਲ ਕਾਲਜ ਦੇ ਕੋਰਸ ਤੋਂ ਬਾਹਰ ਦੀ ਕਿਸੇ ਪੁਸਤਕ ਵਿੱਚ ਕੋਈ ਦਿਲਚਸਪੀ ਨਹੀਂ। ਉਹ ਲਾਇਬਰੇਰੀ ਵਿੱਚ ਨਹੀਂ ਜਾਂਦੇ।ਸਾਡੇ ਰੀਡਿੰਗ ਰੂਮ ਭਾਂ ਭਾਂ ਕਰਦੇ ਹਨ। ਲਾਇਬਰੇਰੀਆਂ ਵਿੱਚ ਪੁਸਤਕਾਂ ਸਿਉਂਕ ਤੇ ਸਿਲ੍ਹਾਬ ਦੀ ਮਾਰ ਝੱਲਦੀਆਂ ਹਨ। ਉਨ੍ਹਾਂ ਦੇ ਰੱਖ ਰੱਖਾਵ ਦਾ ਕੋਈ ਪ੍ਰਬੰਧ ਨਹੀਂ। ਅਦਾਰਿਆਂ ਵਿੱਚ ਲਾਇਬਰੇਰੀਅਨ ਨਹੀਂ ਰੱਖੇ ਜਾਂਦੇ ਪੁਸਤਕਾਂ ਦੀਆਂ ਅਲਮਾਰੀਆਂ ਤੇ ਕਮਰਿਆਂ ਦੀ ਰਾਖੀ ਕਰਨ ਲਈ ਇੱਕ ਤਾਲਾ ਹੈ ਜਿਸ ਦੀ ਚਾਬੀ ਚਪੜਾਸੀ ਕੋਲ ਰਹਿੰਦੀ ਹੈ। ਇਨ੍ਹਾਂ ਨੂੰ ਖੋਲ੍ਹ ਕੇ ਦੇਖਣ ਵਾਲਾ ਕੋਈ ਨਹੀਂ ਹੈ। ਜੇ ਸਕੂਲ ਬੋਰਡਾਂ ਤੇ ਯੂਨੀਵਰਸਿਟੀਆਂ ਵੱਲੋਂ ਲਾਇਬ੍ਰੇਰੀ ਦੀ ਸ਼ਰਤ ਨਾ ਹੋਵੇ ਤਾਂ ਯਕੀਨ ਕਰਿਓ, ਸੰਸਥਾਵਾਂ ਕਦੇ ਵੀ ਇਸ ਵੱਲ ਕੋਈ ਧਿਆਨ ਨਾ ਦੇਣ।

ਉਂਜ ਤਾਂ ਲਿਖਿਆ ਹੁੰਦਾ ਹੈ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਪਰ ਸ਼ਬਦ ਵਿਦਿਆ ਨੂੰ ਸਿਰਫ ਸਕੂਲੀ ਪਾਠਕ੍ਰਮ ਤੱਕ ਹੀ ਸੀਮਤ ਰੱਖ ਕੇ ਦੇਖਣ ਦੀ ਆਦਤ ਪੈ ਗਈ ਹੈ। ਪਰ ਵਿਦਿਆ ਦਾ ਅਸਲ ਮਨੋਰਥ ਗਿਆਨ ਹਾਸਲ ਕਰਨ ਦੀ ਵਿਧੀ ਨੂੰ ਆਦਤ ਦਾ ਹਿੱਸਾ ਬਣਾਉਣਾ ਹੁੰਦਾ ਹੈ ਤੇ ਗਿਆਨ ਦੇ ਦਿੱਸਹੱਦੇ ਨੂੰ ਚੌੜਾ ਕਰਨ ਲਈ ਸਾਨੂੰ ਪੁਸਤਕਾਂ ਦੀ ਲਗਾਤਾਰ ਲੋੜ ਪੈਂਦੀ ਹੈ। ਜਿਹੜਾ ਸਕੂਲ ਜਾਂ ਕਾਲਜ ਵਿਦਿਆਰਥੀਆਂ ਵਿੱਚ ਪੁਸਤਕਾਂ ਨਾਲ ਮੋਹ ਨਹੀਂ ਪਾਉਂਦਾ ਉਸ ਚੋਂ ਹਾਸਲ ਕੀਤੀ ਵਿਦਿਆ ਵਿਅਰਥ ਹੈ। ਇਹੋ ਜਿਹੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜਣਾ ਵੱਡੀ ਮੂਰਖਤਾ ਹੈ।

ਪੁਸਤਕਾਂ ਖਰੀਦਣਾ ਸਾਡੀ ਆਦਤ ਵਿੱਚ ਸ਼ਾਮਲ ਨਹੀਂ ਹੈ। ਅਸੀਂ ਅਕਸਰ ਕਿਤਾਬਾਂ ਨਹੀਂ ਖਰੀਦਦੇ। ਲੇਖਕਾਂ ਨੂੰ ਛਾਪ ਕੇ ਵੇਚਣ ਵਾਲੇ ਪ੍ਰਕਾਸ਼ਕ ਬਹੁਤ ਘੱਟ ਹਨ। ਅਕਸਰ ਲੇਖਕ ਆਪਣੇ ਕੋਲੋਂ ਖਰਚਾ ਕਰਕੇ ਪੁਸਤਕਾਂ ਛਪਵਾਉਂਦੇ ਹਨ ਜਿਹੜੀਆਂ ਪੂਰੀਆਂ ਨਹੀਂ ਵਿਕਦੀਆਂ। ਪੰਜਾਬੀ ਵਿੱਚ ਵੀ ਕਦੇ ਜਿਹੜੀਆਂ ਕਿਤਾਬਾਂ ਇੱਕ ਹਜ਼ਾਰ ਦੀ ਗਿਣਤੀ ਵਿੱਚ ਛਪਿਆ ਕਰਦੀਆਂ ਸਨ ਅੱਜ ਕਲ੍ਹ ਉਹਨਾਂ ਦੀ ਗਿਣਤੀ ਘੱਟਦੀ ਹੋਈ ਦੋ ਸੌ ਤੱਕ ਰਹਿ ਗਈ ਹੈ। ਮਤਲਬ ਇੱਕ ਪੁਸਤਕ ਨੂੰ ਦੋ ਸੌ ਪਾਠਕ ਵੀ ਨਸੀਬ ਨਹੀਂ ਹੁੰਦਾ।

ਵੱਡਿਆਂ ਸ਼ਹਿਰਾਂ ਵਿੱਚ  ਰਹਿਣ ਵਾਲਿਆਂ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਕ ਬਿਲਕੁਲ ਨਹੀਂ ਹੈ। ਤੁਸੀਂ ਆਪਣੇ ਡਰਾਇੰਗ ਰੂਮ ਲਈ ਮਹਿੰਗਾ ਸੋਫਾ, ਗਲੀਚਾ, ਪਰਦੇ, ਐਲ ਈ ਡੀ ਤਾਂ ਖਰੀਦ ਲੈਂਦੇ ਹਾਂ ਪਰ ਕਿਤਾਬਾਂ ਲਈ ਕੋਈ ਥਾਂ ਨਿਸ਼ਚਿਤ ਕਰਨ ਲਗਿਆ ਕੋਈ ਢੁਕਵੀਂ ਥਾਂ ਨਹੀਂ ਲੱਭਦੀ। ਵੈਸੇ ਵੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਸਾਡੇ ਕੋਲ ਪੁਸਤਕ ਪੜ੍ਹਨ ਦੀ ਵਿਹਲ ਨਹੀਂ ਹੈ। ਜਦੋਂ ਹੁਣ ਟੈਲੀਵਿਜ਼ਨ ਦੇ ਬੇਤੁਕੇ ਪ੍ਰੋਗਰਾਮ ਦੇਖਣ ਦੀ ਆਦਤ ਪਾ ਲਈ ਹੈ ਕਿਤਾਬਾਂ ਪੜ੍ਹਨ ਦੀ ਵਿਹਲ ਨਹੀਂ ਹੈ।

ਇੱਕ ਵੇਲਾ ਸੀ ਲੋਕ ਸੌਣ ਤੋਂ ਪਹਿਲਾਂ ਕਿਸੇ ਪੁਸਤਕ ਦੇ ਦੋ ਚਾਰ ਸਫੇ ਪੜ੍ਹ ਕੇ ਸੋਂਦੇ ਸਨ। ਇਸ ਵਾਸਤੇ ਉਨ੍ਹਾਂ ਦੇ ਸਿਰਹਾਣੇ ਇੱਕ ਮੇਜ਼ ਉਪਰ ਕੋਈ ਨਾ ਕੋਈ ਕਿਤਾਬ ਮੋਜੂਦ ਹੋਇਆ ਕਰਦੀ ਸੀ। ਪਰ ਅੱਜ ਕਲ੍ਹ ਇਹ ਵਿਹਲ ਵੀ ਨਹੀਂ ਹੈ। ਅਕਸਰ ਨੀਂਦ ਤੋਂ ਪਹਿਲਾਂ ਅਸੀਂ ਟੀ ਵੀ ਦੇ ਚੈਨਲ ਜਿਨ੍ਹਾਂ ਨੂੰ ਅਸੀਂ ਮਨੋਰੰਜਨ ਦਾ ਨਾਂ ਦਿੰਦੇ ਹਾਂ ਦੇਖਦੇ ਰਹਿਣ ਦੀ ਆਦਤ ਪਾ ਲਈ ਹੈ। ਬਾਵਜੂਦ ਇਸ ਗੱਲ ਦੇ ਕਿ ਕੇਬਲ ਟੀ ਵੀ ਦੇ ਸਭਿਆਚਾਰ ਵਿੱਚ ਮਨੋਰੰਜਨ ਦਾ ਮਿਆਰ ਦਿਨੋ ਦਿਨ ਗਿਰ ਰਿਹਾ ਹੈ ਤੇ ਇਸ਼ਤਿਹਾਰਾਂ ਵਾਲੀਆਂ ਕਮਰਸ਼ਿਅਲ ਬ੍ਰੇਕ ਦਾ ਵਕਫਾ ਵੱਧਦਾ ਜਾ ਰਿਹਾ ਹੈ।

ਸਫਰ ਕਰਦਿਆਂ ਆਪਣੇ ਹੱਥ ਵਿੱਚ ਕਿਤਾਬ ਰੱਖਣਾ ਤੇ ਸਫਰ ਵਿੱਚ ਇਸ ਨੂੰ ਪੜ੍ਹਨ ਦਾ ਸ਼ੌਕ ਵੀ ਬਹੁਤ ਵਿਰਲਾ ਹੀ ਲੱਭਦਾ ਹੈ। ਤੁਸੀਂ ਕਿਸੇ ਨੂੰ ਚੰਗੀਆਂ ਕਿਤਾਬਾਂ ਦੇ ਨਾਂ ਪੁਛੋ ਉਹ ਇਧਰ ਉਧਰ ਝਾਕੇਗਾ। ਉਸ ਨੂੰ ਮਨਪਸੰਦ ਪੁਸਤਕ ਦਾ ਨਾਂ ਪੁਛੋ ਉਹ ਨਹੀਂ ਦੱਸ ਸਕੇਗਾ। ਕਿੰਨੀ ਵਿੱਥ ਪਾ ਲਈ ਹੈ ਅਸੀਂ ਪੁਸਤਕਾਂ ਤੋਂ....ਕਿਉਂ ਤੇ ਕਦੋਂ, ਇਹ ਸੱਚ ਮੁੱਚ ਵਿਚਾਰਨ ਵਾਲੀ ਗੱਲ ਹੈ।
(31, ਐਸ ਏ ਐਸ ਨਗਰ ਮਾਡਲ ਟਾਊਨ, ਜਲੰਧਰ)



No comments:

Post a Comment