Friday, August 19, 2011

ਗੀਤ

ਗੀਤ


ਰੀਝਾਂ ਸੁਤੀਆਂ ਨੂੰ ਐਵੇਂ ਨਾ ਜਗਾਈਂ ਚੰਨ ਵੇ।
ਤੈਨੂੰ ਵਾਸਤਾ ਹੈ ਯਾਦਾਂ ‘ਚ ਨਾ ਆਈਂ ਚੰਨ ਵੇ।


ਕਦੇ ਸੁਪਨੇ ‘ਚ ਆਵੇਂ ਕਦੇ ਅੰਬਰਾਂ ‘ਚ ਛਾਵੇਂ
ਕਦੇ ਹੰਝੁਆਂ ‘ਚ ਰਹਿ ਕੇ ਸੁਕਾ ਸਾਉਣ ਹੀ ਲੰਘਾਵੇਂ।
ਇਹ ਜੋ ਰੋਂਦੀਆਂ ਨੇ ਹੋਰ ਨਾ ਰੁਆਈ ਚੰਨ ਵੇ।
ਤੈਨੂੰ ਵਾਸਤਾ ਈ ਯਾਦਾਂ ਚ’ ਨਾ ਆਈ ਚੰਨ ਵੇ।


ਜਿਹੜੇ ਰਾਹਵਾਂ ਵਿੱਚੋਂ ਲੰਘ ਲੰਘ ਜਾਣ ਤੇਰੇ ਪੈਰ
ਉਹਨਾਂ ਰਾਹਵਾਂ ਦੀ ਮੈਂ ਰੋਜ਼ ਰੋਜ਼ ਮੰਗਦੀ ਹਾਂ ਖੈਰ।
ਇਹਨਾਂ ਰਾਹਵਾਂ ਨੂੰ ਤੂੰ ਘਰ ਵੀ ਦਿਖਾਈ ਚੰਨ ਵੇ।
ਤੈਨੂੰ ਵਾਸਤਾ ਈ ਯਾਦਾਂ ਚ’ ਨਾ ਆਈ ਚੰਨ ਵੇ।


ਜਦੋਂ ਤੱਕਦੀ ਹਾਂ ਵੰਗਾਂ ਨਾਲੇ ਰੰਗ ਵੰਗ ਦੇ
ਮੇਰੇ ਚਾਅ ਮੈਥੋਂ ਜੀਣ ਦੀ ਮਿਆਦ ਮੰਗਦੇ
ਆਪੇ ਆਣ ਕੇ  ਮਿਆਦਾਂ ਨੂੰ ਪੁਗਾਈਂ ਚੰਨ ਵੇ।
ਤੈਨੂੰ ਵਾਸਤਾ ਈ ਯਾਦਾਂ ਚ’ ਨਾ ਆਈ ਚੰਨ ਵੇ।


ਕਦੇ ਕਿਣ ਮਿਣ ਹੋਵੇ ਕਦੇ ਬਿਜਲੀ ਡਰਾਵੇ
ਰਾਤਾਂ ‘ਕੱਲੀਆਂ ‘ਚ ਡਰਦੀ ਨੂੰ ਨੀਂਦ ਵੀ ਨਾ ਆਵੇ।
ਮੇਰੀ ਜਿੰਦੜੀ ਨਿਮਾਣੀ ਗੱਲ ਲਾਈਂ ਚੰਨ ਵੇ।
ਤੈਨੂੰ ਵਾਸਤਾ ਈ ਯਾਦਾਂ ਚ’ ਨਾ ਆਈ ਚੰਨ ਵੇ।
ਗੀਤ / ਅਗਸਤ 20, 2011

No comments:

Post a Comment