Friday, February 9, 2018

ਟੁੰਡੇ ਹੱਥਾਂ ਦੀ ਸਲਾਮੀ




ਬੋਲੀ ਅਵਰ ਤੁਮਾਰੀ >>>>>>>>


ਅੱਗੇ ਤੁਰਨ ਤੋਂ ਪਹਿਲਾਂ


ਭਾਸ਼ਾ ਤੇ ਬੋਲੀ ਆਪੋ ਵਿੱਚ ਸਮਾਨਆਰਥਕ ਸ਼ਬਦ ਹਨ। ਭਾਸ਼ਾ ਭਾਸ਼ਣ ਤੋਂ ਬਣਿਆ ਹੈ, ਬੋਲੀ ਬੋਲਣ ਤੋਂ ਬਣਿਆ ਹੈ, ਦੋਹਾਂ ਵਿੱਚ ਫਰਕ ਨਹੀਂ ਹੈ.... ਸਾਡੇ ਕੋਲ ਭਾਸ਼ਾ ਵਿਭਾਗ ਹੈ, ਜੇ ਹੋਰ ਅੰਤਰ ਪਾਉਣਾ ਹੋਵੇ ਬੋਲੀ ਬੋਲਣ ਦੀ ਕ੍ਰਿਆ ਤੋਂ ਹੈ, ਮਤਲਬ speech ਅਤੇ ਭਾਸ਼ਾ ਅਵਾਜ਼ਾਂ ਵਿੱਚਣ ਅਰਥ ਭਰਨਾ ਹੈ, ਮਤਲਬ language. ਤੁਹਾਡੇ ਇਹ ਸਰਵੇਖਣ ਸ਼ਾਇਦ ਸਹੀ ਨਾ ਹੋਣ ਇਹ ਜਾਣਨ ਲਈ ਕਿ ਭਾਸ਼ਾ ਕਿਉਂ ਮਰਦੀ ਨਹੀਂ, ਤੁਹਾਨੂੰ ਮੇਰੇ ਪਿਛਲੇ ਲੇਖ ਪੜ੍ਹਨੇ ਪੈਣਗੇ। ਕਬੀਰ ਤੋਂ 100 ਸਾਲ ਪਹਿਲਾਂ ਜਦੋਂ ਇਸ ਖੇਤਰ ਦਾ ਨਾਂ ਪੰਜਾਬ ਵੀ ਨਹੀਂ ਸੀ ਤੇ ਪੰਜਾਬੀ ਸ਼ਬਦ ਵੀ ਸਾਡੇ ਕੋਲ ਮੋਜੂਦ ਨਹੀਂ ਸੀ, ਇਥੋਂ ਦੇ ਵਸਨੀਕ ਕੋਈ ਤਾਂ ਭਾਸ਼ਾ ਬੋਲਦੇ ਸਨ, ਆਪੋ ਵਿੱਚ ਸਹਿਚਾਰ ਤੇ ਸਭਿਆਚਾਰਕ ਸਾਂਝ ਲਈ, ਉਸ ਦਾ ਨਾਂ ਚਾਹੇ ਕੋਈ ਹੋਵੇ, ਪਰ ਰੂਪ ਇਹੋ ਹੀ ਸੀ....ਵਿਦਵਾਨਾਂ ਨੇ ਉਸ ਨੂੰ ਹਿੰਦਵੀ ਕਿਹਾ.... ਉਸ ਨੇ ਸਿਰਫ ਰੂਪ ਬਦਲਿਆ ਹੈ.... ਤੇ ਅੱਜ ਉਸ ਨੂੰ ਤੁਸੀਂ ਪੰਜਾਬੀ ਆਖਦੇ ਹੋ....ਉਮਰ ਨਾਲ ਰੂਪ ਬਦਲਦੀ ਹੈ ਭਾਸ਼ਾ, ਪਰ ਮਰਦੀ ਨਹੀਂ। ਯੂਨਾਨੀਆ, ਤੁਰਕੀਆਂ, ਮੰਗੋਲਾਂ, ਈਰਾਨੀਆ, ਮੁਗ਼ਲਾਂ ਤੋਂ ਸ਼ਬਦ ਲੈਂਦੀ ਦਿੰਦੀ ਅੱਜ ਜਿਸ ਭਾਸ਼ਾ ਨੂੰ ਤੁਸੀਂ ਮਰਨਹਾਰੀ ਸਮਝਦੇ ਹੋ, ਇਹ ਕਿਵੇਂ ਮਰ ਸਕਦੀ ਹੈ, ਜਦੋਂ ਤੱਕ ਇਹ ਕਾਮਿਆਂ, ਕਿਰਤੀਆਂ, ਕਿਸਾਨਾਂ ਦੀ ਭਾਸ਼ਾ ਹੈ। ਭਾਸ਼ਾ ਨੂੰ ਵਿਦਵਾਨ ਜ਼ਿੰਦਾ ਨਹੀਂ ਰੱਖਦੇ, ਇਹ ਉਹਨਾਂ ਦੇ ਜ਼ਿੰਦਾ ਰੱਖਿਆ ਨਹੀਂ ਜੀਂਦੀ। ਇਸ ਨੂੰ ਕੰਮ ਕਰਨ ਵਾਲੇ ਆਪਣੀ ਲੋੜ ਅਨੁਸਾਰ ਬੋਲਦੇ, ਵਰਤਦੇ, ਬਦਲਦੇ ਹਨ, ਹਾਂ ਸ਼ਬਦਾਵਲੀਆਂ ਵਿੱਚ ਫਰਕ ਜ਼ਰੁਰ ਪੈ ਜਾਂਦਾ ਹੈ, ਪਰ ਵਾਕ-ਸੰਰਚਨਾ ਵਿੱਚ ਨਹੀਂ...ਭਾਸ਼ਾ ਤਕਨੀਕੀ ਤੌਰ ਤੇ ਸ਼ਬਦਾਵਲੀਆਂ ਦਾ ਨਾਂ ਨਹੀਂ, ਸਗੋਂ ਵਾਕ ਬਣਤਰ, ਸਬੰਧਕਾਂ ਦੀ ਰਚਨਾ ਤੇ ਵਿਉਂਤਬੰਦੀ ਜਿਸ ਵਿੱਚ ਸ਼ਬਦ ਪਿਰੋ ਕੇ ਅਰਥ ਭਰਪੂਰ ਅਰਥ ਸੰਚਾਰ ਕਰਦੇ ਹਨ, ਇਹ ਉਸ ਦਾ ਨਾਂ ਹੈ ਤੇ ਇਹ ਮਰਦੀ ਨਹੀਂ, ਸਿਰਫ ਰੂਪ ਬਦਲਦੀ ਹੈ..। ਜਦੋਂ ਗੁਰਮੁਖੀ ਲਿਪੀ ਨਹੀਂ ਸੀ ਇਹ ਖਰੋਸ਼ਠੀ, ਪਾਲੀ, ਬ੍ਰਹਮੀ ਅੱਖਰਾਂ ਵਿੱਚ ਲਿਖੀ ਜਾਂਦੀ ਸੀ, ਪਰ ਸੀ ਤਾਂ ਇਹੋ ਭਾਸ਼ਾ ਹੀ...।


ਅੱਜ ਦਾ ਲੇਖ


ਟੁੰਡੇ ਹੱਥਾਂ ਦੀ ਸਲਾਮੀ

======================

ਗੁਰਦੀਪ ਸਿੰਘ ਭਮਰਾ


ਬੋਲੀ ਬੋਲੀ ਹਰ ਕੋਈ ਆਖੇ
ਮੈਂ ਪੰਜਾਬੀ ਬੋਲੀ
ਅੰਗਰੇਜ਼ੀ ਤੇ ਹਿੰਦੀ ਦਿਆਂ ਕਿਉਂ
ਪੈਰਾਂ ਹੇਠ ਮਧੋਲੀ।

ਆਉ ਅੱਜ ਪੰਜਾਬੀ ਦੀ ਗੱਲ ਕਰੀਏ। ਮੈਂ ਨਾਹਰੇ ਨਹੀਂ ਲਾਉਣੇ, ਨਾ ਹੀ ਇਸ ਵਾਸਤੇ ਕੋਈ ਨਗਰ ਕੀਰਤਨ ਸਜਾਉਣੇ ਹਨ, ਨਾ ਹੀ ਪੰਜਾਬੀ ਨੂੰ ਉੱਚੀ ਉੱਚੀ ਬੋਲ ਕੇ ਰੌਲਾ ਪਾਏ ਜਾਣ ਦੀ ਲੋੜ ਹੈ। ਪੰਜਾਬੀ ਉਸ ਖੇਤਰ ਦੀ ਕੁਦਰਤੀ ਬੋਲੀ ਹੈ ਜਿਸ ਵਿੱਚ ਅਸੀਂ ਤੁਸੀਂਵੱਸਦੇ ਹਾਂ। ਇਹ ਸਾਡੇ ਪਿਉ-ਦਾਦਿਆਂ ਨੇ ਬੋਲੀ, ਉਹਨਾਂ ਇਸ ਵਿੱਚ ਆਪਣਾ ਜੀਵਨ ਜੀਵਿਆ, ਇਸ ਨੂੰ ਚੰਗਾ ਬਣਾਉਣ ਲਈ ਇਸ ਨਾਲ਼ ਕਈ ਸ਼ਬਦ ਜੋੜੇ, ਕਈ ਨਵੀਆਂ ਪਿਰਤਾਂ ਪਾਈਆਂ। ਮਾਂਵਾਂ ਨੇ ਲੋਰੀਆਂ ਦਿੱਤੀਆਂ, ਭੈਣਾਂ ਨੇ ਘੋੜੀਆਂ ਗਾਈਆਂ, ਮੁਟਿਆਰਾਂ ਨੇ ਆਪਣੇ ਮਨੋਭਾਵ ਇਸੇ ਬੋਲੀ ਵਿੱਚ ਪ੍ਰਗਟਾਏ, ਹੀਰ ਨੇ ਰਾਂਝੇ ਨਾਲ਼ ਗੱਲਾਂ ਕੀਤੀਆਂ, ਰਾਂਝੇ ਨੂੰ ਹੀਰ ਦਾ ਇਸ਼ਕ ਇਸੇ ਬੋਲੀ ਵਿੱਚ ਸਮਝ ਆਇਆ ਤੇ ਉਹ ਫਕੀਰ ਹੋ ਗਿਆ। ਇਹੋ ਬੋਲੀ ਸੀ ਜਦੋਂ ਦਸਵੇਂ ਪਾਤਸ਼ਾਹ ਨੇ ਪੰਜ ਸਿਰਾਂ ਦੀ ਮੰਗ ਕੀਤੀ, ਤੇ ਇੱਕ ਇੱਕ ਕਰਕੇ ਪੰਜ ਸਿਰ ਉੱਠੇ ਤੇ ਗੁਰੂ ਜੀ ਦੇ ਹੁਕਮ ਤੋਂ ਕੁਰਬਾਣ ਹੋ ਗਏ।

ਬੋਲੀ ਨੂੰ ਲੈ ਕੇ ਮੈਂ ਤੁਹਾਨੂੰ ਜਜ਼ਬਾਤੀ ਨਹੀਂ ਕਰਨਾ ਚਾਹੁੰਦਾ। ਆਉ ਕੰਮ ਦੀ ਗੱਲ ਕਰੀਏ। ਮੇਰੀ ਇਸ ਗੱਲ ਨੂੰ ਬਹੁਤ ਧਿਆਨ ਨਾਲ਼ ਸੁਣਨਾ ਤੇ ਸਮਝਣਾ ਫਿਰ ਜੋ ਚਾਹੇ ਕਰਨਾ, ਜੇ ਕੁਝ ਕਰ ਸਕੋ ਤਾਂ। ਪੰਜਾਬੀ ਪੰਜਾਬ ਦੀ ਕੁਦਰਤੀ ਭਾਸ਼ਾ ਹੈ ਤੇ ਹਰ ਪੰਜਾਬੀ ਬੱਚੇ ਦੇ ਕੰਨਾਂ ਵਿੱਚ ਪੰਜਾਬੀ ਦੇ ਲਫਜ਼ ਪੈਂਦੇ ਹਨ ਤਾਂ ਇਹ ਉਸ ਦੇ ਮਨ ਦੀਆਂ ਤਹਿਆਂ ਵਿੱਚ ਜੁੜਦੇ ਜਾਂਦੇ ਹਨ, ਪਰਤ ਦਰ ਪਰਤ, ਇਸ ਤੋਂ ਪਹਿਲਾਂ ਕਿ ਤੁਸੀਂ ਉਸ ਨੂੰ ਸਕੂਲ ਵੱਲ ਲੈ ਤੁਰੋ, ਭਾਸ਼ਾ ਸਿੱਖਣ ਲਈ ਪੰਜਾਬੀ ਉਸ ਦੇ ਮਨ ਵਿੱਚ ਆਪਣਾ ਥਾਂ ਬਣਾ ਚੁੱਕੀ ਹੁੰਦੀ ਹੈ। ਤਿੰਨ ਸਾਲ ਦੀ ਉਮਰ ਬੱਚੇ ਲਈ ਭਾਸ਼ਾ ਦੀਆਂ ਉਹਨਾਂ ਸਾਰੀਆਂ ਪੇਚੀਦੀਗੀਆਂ ਦੇ ਰਾਜ਼ ਖੋਲ੍ਹ ਦਿੰਦੀ ਹੈ ਜਿਸ ਦੀ ਤੁਹਾਨੂੰ ਕਦੇ ਵੀ ਕੋਈ ਆਸ ਨਹੀਂ ਹੁੰਦੀ। ਪੰਜਾਬੀ ਉਸ ਦੀ ਜ਼ਬਾਨ ਬਣ ਚੁੱਕੀ ਹੁੰਦੀ ਹੈ। ਪੰਜਾਬੀ ਬੋਲਣਾ ਤੇ ਸੁਣਨਾ ਉਸ ਦਾ ਕੁਦਰਤੀ ਅਧਿਕਾਰ ਹੈ, ਉਸ ਨੂੰ ਇਸ ਤੋਂ ਵਾਂਝਿਆ ਨਾ ਕਰੋ। ਬੱਚੇ ਨੂੰ ਉਸ ਦਾ ਹੱਕ ਦਿਓ ਤੇ ਉਸ ਨਾਲ਼ ਆਪਣੀ ਗੱਲ ਬਾਤ ਤੇ ਵਤੀਰਾ-ਵਿਉਹਾਰ ਪੰਜਾਬੀ ਵਿੱਚ ਹੀ ਕਰੋ। (ਬੱਚੇ ਨੂੰ ਕੇ ਕਰ ਆਪਣੀ ਕੁਦਰਤੀ ਬੋਲੀ ਉਪਰ ਪੂਰਾ ਅਬੂਰ ਹੈ ਤਾਂ ਉਸ ਨੂੰ ਜਿਹੜੀ ਬੋਲੀ ਚਾਹੋ ਸਿਖਾ ਸਕਦੇ ਹੋ, ਅੰਗਰੇਜ਼ੀ, ਹਿੰਦੀ, ਜਰਮਨ, ਯੂਨਾਨੀ, ਪਰ ਜੇ ਕੁਦਰਤੀ ਬੋਲੀ ਉਪਰ ਹੀ ਹੱਥ ਨਹੀਂ ਖੋਲ੍ਹਿਆ ਤਾਂ ਤੁਹਾਡਾ ਬੱਚਾ ਕਿਸੇ ਵੀ ਭਾਸ਼ਾ ਵਿੱਚ ਪਰਬੀਨ ਨਹੀਂ ਹੋ ਸਕੇਗਾ।

ਭਾਸ਼ਾ ਉਸ ਦੇ ਮਨ ਮਸ਼ਤਕ ਵਿੱਚ ਬਿਜਲੀ ਦੀਆਂ ਲਹਿਰਾਂ ਵਾਂਗ ਕੰਮ ਕਰਦੀ ਹੈ, ਬਹੁਤ ਸਾਰੇ ਸਿਰਿਆ ਨੂੰ ਜੋੜਦੀ ਹੈ ਤੇ ਨਵੇਂ ਸੰਕਲਪ ਸਥਾਪਤ ਕਰਦੀ ਹੈ। ਭਾਸ਼ਾ ਹੀ ਜੋ ਉਸ ਲਈ ਦੁਨੀਆ ਸਿਰਜਦੀ ਹੈ। ਇਸ ਲਈ ਭਾਸ਼ਾ ਤੇ ਖਾਸ ਕਰ ਕੁਦਰਤੀ ਭਾਸ਼ਾ (ਮਾਂ-ਬੋਲੀ) ਨਾਲ਼ ਬੱਚੇ ਦਾ ਰਿਸ਼ਤਾ ਬਹੁਤ ਪੀਢਾ ਹੋਣਾ ਚਾਹੀਦਾ ਹੈ। ਮਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨਾਲ਼ ਉਹਨਾਂ ਦੀ ਕੁਦਰਤੀ ਭਾਸ਼ਾ ਵਿੱਚ ਗੱਲ ਬਾਤ ਕਰਨ ਉਪਰ ਜ਼ੋਰ ਦੇਣ, ਬੱਚਿਆਂ ਨੂੰ ਇਹ ਪਤਾ ਹੋਵੇ ਕਿ ਉਹਨਾਂ ਕਿਸ ਭਾਸ਼ਾ ਵਿੱਚ ਆਪਣੀ ਗੱਲ ਕਿਵੇਂ ਕਹਿਣੀ ਹੈ। ਪਰ ਇਸ ਨਾਲ਼ ਰਿਸ਼ਤਾ ਤੋੜ ਦੇਣ ਨਾਲ਼ ਜਾਣਦੇ ਹੋ ਕੀ ਹੋਵੇਗਾ? ਸਿਰਫ ਟੁੰਡੇ ਹੱਥਾਂ ਨਾਲ਼ ਸਲਾਮ.... ਕੀ ਤੁਹਾਨੂੰ ਇਹ ਮਨਜ਼ੂਰ ਹੋਵੇਗਾ?

ਬੱਚਿਆਂ ਨੂੰ ਉਹਨਾਂ ਦੀ ਕੁਦਰਤੀ ਬੋਲੀ ਦੇ ਸਮੁੰਦਰ ਵਿੱਚ ਖੁਲ੍ਹਾ ਛੱਡ ਦਿਓ, ਖਾਸ ਕਰ ਸ਼ੁਰੂ ਦੇ ਸਾਲਾਂ ਵਿੱਚ ਜਦੋਂ ਉਹਨਾਂ ਦੇ ਮਨਾਂ ਵਿੱਚ ਸੰਕਲਪ ਉਸਰਦੇ ਹਨ। ਉਸ ਦਾ ਹੁਸ਼ਿਆਰ ਹੋਣਾ, ਪੜ੍ਹਾਈ ਵਿੱਚ ਸਿਰਕੱਢ ਹੋਣਾ ਇਸ ਗੱਲ ਉਪਰ ਨਿਰਭਰ ਕਰਦਾ ਹੈ ਕਿ ਉਸ ਦੇ ਸੰਕਲਪ ਕਿੰਨੇ ਪੱਕੇ ਹਨ। ਤੁਸੀਂ ਆਖ ਸਕਦੇ ਹੋ ਕਿ ਇਹ ਸੰਕਲਪਾਂ ਦੀ ਗੱਲ ਕਿੱਥੋਂ ਆ ਗਈ? ਅਸਲ ਵਿੱਚ ਅਸੀਂ ਨਾ ਤਾਂ ਇੱਕਲੇ ਇਕਹਿਰੇ ਸ਼ਬਦਾਂ ਵਿੱਚ ਸੋਚਦੇ ਹਾਂ ਤੇ ਨਾ ਹੀ ਉਹਨਾਂ ਦੇ ਅਰਥਾਂ ਵਿੱਚ, ਸਾਡਾ ਮਨ ਮਸ਼ਤਕ ਚੀਜ਼ਾਂ ਨੂੰ ਗ੍ਰਹਿਣ ਕਰਨ ਲਈ ਸੰਕਲਪ ਉਸਾਰਦਾ ਹੈ। ਦੁੱਧ ਉਸ ਲਈ ਸਿਰਫ ਚਿੱਟੇ ਰੰਗ ਦਾ ਪੀਣ ਵਾਲਾ ਪਦਾਰਥ ਨਹੀਂ ਹੈ ਸਗੋਂ ਇਸ ਵਿੱਚ ਗਾਂ, ਮੱਝ, ਹਰੇ ਪੱਠੇ, ਦੁਧ ਚੋਣ ਦੀ ਕ੍ਰਿਆ ਤੇ ਫਿਰ ਦੁਧ ਦਾ ਸਵਾਦ ਤੇ ਰੰਗ ਕਿੰਨਾ ਕੁਝ ਮਿਲ ਕੇ ਦੁੱਧ ਦਾ ਇੱਕ ਸੰਕਲਪ ਬਣਦਾ ਹੈ। ਅਨੁਭਵ ਸੰਕਲਪ ਬਣਾਉਂਦੇ ਹਨ ਤੇ ਇਹ ਅਨੁਭਵ ਬੱਚਿਆਂ ਨੂੰ ਆਲੇ ਦੁਆਲੇ ਚੋਂ ਹੁੰਦਾ ਹੈ, ਉਹ ਹਰ ਗੱਲ ਨੂੰ ਆਪਣੇ ਸੋਚਣ ਦੇ ਕੌਸ਼ਲ ਨਾਲ਼ ਪਰਖਦੇ ਹਨ ਤੇ ਫਿਰ ਇਸ ਨੂੰ ਗਿਆਨ ਦੀਆਂ ਤਹਿਆਂ ਵਿੱਚ ਜਮਾ ਲੈਂਦੇ ਹਨ। ਭਾਸ਼ਾ ਇਸ ਸਾਰੇ ਕੰਮ ਵਿੱਚ ਵੱਡੀ ਮਦਦਗਾਰ ਸਾਬਤ ਹੁੰਦੀ ਹੈ। ਕੁਦਰਤੀ ਬੋਲੀ ਵਿੱਚ ਸਮਝੇ ਗਏ ਸੰਕਲਪ ਦੂਜੀਆਂ ਭਾਸ਼ਾਵਾਂ ਵਿੱਚ ਵੀ ਕੰਮ ਆਉਂਦੇ ਹਨ। ਇਸ ਲਈ ਕੁਦਰਤੀ ਬੋਲੀ ਦੀ ਮਦਦ ਨਾਲ਼ ਜਿਹੜੀ ਭਾਸ਼ਾ ਚਾਹੋ ਸਿੱਖ ਸਕਦੇ ਹੋ। ਇਹ ਸਾਰਾ ਕੁਝ ਮੈਂ ਨਹੀਂ ਕਹਿ ਰਿਹਾ ਦੁਨੀਆ ਭਰ ਦੇ ਵਿਦਵਾਨ ਆਖਦੇ ਹਨ। ਉਹਨਾਂ ਇਸ ਸੱਭ ਨੂੰ ਲੰਮੇ ਤਜਰਬਿਆਂ ਤੇ ਅਧਿਐਨ ਤੋਂ ਸਮਝਿਆ ਹੈ।

ਸਕੂਲਾਂ ਵਿੱਚ ਭੇਜ ਕੇ ਬੱਚਿਆਂ ਦੀ ਭਾਸ਼ਾ ਬਾਰੇ ਉਤਸੁਕਤਾ ਘੱਟ ਨਹੀਂ ਹੋਣੀ ਚਾਹੀਦੀ। ਅੱਖਰ ਗਿਆਨ ਸਕੂਲ ਤੋਂ ਮਿਲਦਾ ਹੈ ਤੇ ਸਕੂਲ ਹੀ ਬੋਲੀ ਨੂੰ ਭਾਸ਼ਾ ਦਾ ਵਜੂਦ ਦਿੰਦੇ ਹਨ। ਵਜੂਦ ਮਿਲਦਿਆਂ ਹੀ ਦੁਨੀਆ ਦੀਆਂ ਅਗਲੀ ਤਹਿਆਂ ਖੁਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮੈਂ ਤੁਹਾਨੂੰ ਇੱਕ ਹੋਰ ਰਾਜ਼ ਦੀ ਗੱਲ ਦੱਸਦਾ ਹਾਂ। ਸਾਰੇ ਮਾਂਪਿਆਂ ਨੂੰ ਇਸ ਦਾ ਫਿਕਰ ਹੋ ਜਾਣਾ ਚਾਹੀਦਾ ਹੈ।

ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਚੰਗੇ ਅਧਿਆਪਕ ਮਿਲਣੇ ਚਾਹੀਦੇ ਹਨ, ਖਾਸ ਕਰ ਮਾਂ ਬੋਲੀ ਵਿੱਚ, ਉਹ ਆਪਣੇ ਵਿਸ਼ੇ ਦੇ ਮਾਹਰ ਹੋਣੇ ਚਾਹੀਦੇ ਹਨ ਤੇ ਚੰਗੀਆਂ ਪਾਠ ਪੁਸਤਕਾਂ ਦੀ ਚੋਣ ਕਰਕੇ ਉਹ ਬੱਚਿਆਂ ਅੰਦਰ ਕੁਦਰਤੀ ਭਾਸਾ ਦੀ ਪੱਕਿਆ ਕਰ ਸਕਦੇ ਹਨ, ਪਰਤੂੰ ਅਜਿਹਾ ਨਹੀਂ ਹੋ ਰਿਹਾ। ਸਕੂਲ ਚਾਹੇ ਸਰਕਾਰੀ ਹੋਣ ਜਾਂ ਗੈਰ ਸਰਕਾਰੀ, ਭਾਸ਼ਾ ਦਾ ਅਧਿਆਪਨ ਬਹੁਤ ਪੇਤਲਾ ਤੇ ਪਤਲਾ ਹੈ। ਆਪਣੇ ਆਲੇ ਦੁਆਲੇ ਦੇ ਸਕੂਲਾਂ ਉਪਰ ਇੱਕ ਨਜ਼ਰ ਸਾਨੀ ਕਰੋ, ਜੇ ਕਰ ਤੁਹਾਡੇ ਬੱਚੇ ਉਸ ਸਕੂਲ ਵਿੱਚ ਪੜ੍ਹਦੇ ਹਨ ਜਾਂ ਨਹੀਂ, ਪਰ ਪਤਾ ਕਰੋ ਉਥੇ ਪੰਜਾਬੀ ਪੜ੍ਹਾਉਣ ਦੀ ਜਿੰਮੇਵਾਰੀ ਕੌਣ ਨਿਭਾ ਰਿਹਾ ਹੈ? ਉਸ ਦੀ ਯੋਗਤਾ ਕੀ ਹੈ? ਉਸ ਦੇ ਸ਼ਬਦ ਜੋੜ ਚੈਕ ਕਰੋ, ਉਸ ਦੇ ਪੜ੍ਹਾਉਣ ਦੀ ਵਿਧੀ ਦਾ ਅਧਿਅਨ ਕਰੋ।

ਜੇ ਕਰ ਤੁਹਾਡਾ ਬੱਚਾ ਚਾਰ ਵਾਕ ਵੀ ਪੰਜਾਬੀ ਵਿੱਚ ਆਪਣੇ ਆਪ ਨਹੀਂ ਲਿਖ ਸਕਦਾ ਤਾਂ ਪਤਾ ਕਰੋ, ਤੁਹਾਡਾ ਬੱਚਾ ਵੀ ਕਿਤੇ ਹਨੇਰਾ ਤਾਂ ਨਹੀਂ ਢੋਅ ਰਿਹਾ। ਤੁਸੀਂ ਤਾਂ ਉਸ ਨੂੰ ਪੰਜਾਬੀ ਵਿੱਚ ਪੱਕਿਆ ਹੋਇਆ ਬੱਚਾ ਦਿੱਤਾ ਸੀ, ਤੇ ਫਿਰ ਇਹ ਕਿਉਂ ਵਾਪਰ ਗਿਆ। ਉਸ ਨੂੰ ਪੰਜਾਬੀ ਵਿੱਚ ਤੁਰਨ ਲਈ ਫਹੁੜੀਆਂ ਕੌਣ ਫੜਾ ਰਿਹਾ ਹੈ। ਮਾਂ ਬੋਲੀ ਵਿੱਚ ਵੀ ਜੇ ਕਰ ਬੱਚਾ ਆਪਣੇ ਮਨੋ-ਭਾਵਾਂ ਦਾ ਪ੍ਰਗਟਾਵਾ ਨਹੀਂ ਕਰ ਸਕਦਾ ਤਾਂ ਨਾ ਸਿਰਫ ਭਾਸ਼ਾ ਸਗੋਂ ਤੁਹਾਡੇ ਬੱਚੇ ਦਾ ਭਵਿੱਖ ਵੀ ਖਤਰੇ ਵਿੱਚ ਹੈ। ਬੱਚਿਆਂ ਅੰਦਰ ਉਹਨਾਂ ਦੀ ਸਿਰਜਣਾਤਮਕ ਜੋਤ ਜਗਦੀ ਰੱਖਣ ਦਾ ਕੰਮ ਇਸ ਕੁਦਰਤੀ ਭਾਸ਼ਾ ਦੇ ਹਿੱਸੇ ਹੀ ਆਉਂਦਾ ਹੈ। ਜਿਹੜੀ ਭਾਸ਼ਾ ਬੱਚਿਆਂ ਨੂੰ ਸੋਚਣਾ ਨਹੀਂ ਸਿਖਾਉਂਦੀ ਉਸ ਦਾ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੈ।


ਸਕੂਲ ਇਹ ਸਮਝਦੇ ਹਨ ਕਿ ਉਹਨਾਂ ਦਾ ਮੁੱਖ ਕੰਮ ਤਾਂ ਅੰਗਰੇਜ਼ੀ ਪੜ੍ਹਾਉਣਾ ਹੈ ਕਿਉਂ ਕਿ ਬੱਚਿਆਂ ਦਾ ਮਾਧਿਅਮ ਤਾਂ ਅੰਗਰੇਜ਼ੀ ਹੈ। ਹੁਣ ਮਾਧਿਅਮ ਵਿੱਚ ਵੀ ਦੋ ਰਾਜ਼ ਦੀਆਂ ਗੱਲਾਂ ਹਨ, ਪਹਿਲਾ ਉਹ ਭਾਸ਼ਾ ਜਿਸ ਵਿੱਚ ਤੁਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋ। ਇਸ ਪੱਧਰ ਉਪਰ ਪੰਜਾਬੀ, ਅੰਗਰੇਜ਼ੀ, ਹਿੰਦੀ, ਮਰਾਠੀ, ਫਰੈਂਚ ਸਾਰੀਆਂ ਇੱਕੋ ਜਿਹੀਆਂ ਹਨ। ਤੁਸੀਂ ਆਪਣੇ ਵਿਚਾਰ ਕਿਸੇ ਵੀ ਭਾਸ਼ਾ ਵਿੱਚ ਲਿਖਦ ਸਕਦੇ ਹੋ, ਤੁਹਾਨੂੰ ਉਸ ਭਾਸ਼ਾ ਦੀ ਵਿਆਕਰਨ ਤੇ ਸ਼ਬਦਾਵਲੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਮਾਧਿਅਮ ਨਹੀਂ ਹੈ।

ਇੱਕ ਮਾਧਿਅਮ ਹੋਰ ਹੁੰਦਾ ਹੈ ਜਦੋਂ ਤੁਹਾਡਾ ਅਧਿਆਪਕ ਤੁਹਾਨੂੰ ਕੁਝ ਕਰਨ ਲਈ ਨਿਰਦੇਸ਼ ਦਿੰਦਾ ਹੈ, ਇਸ ਨੂੰ instruction ਕਿਹਾ ਜਾਂਦਾ ਹੈ। ਇਹ ਨਿਰਦੇਸ਼ ਉਸੇ ਭਾਸ਼ਾ ਵਿੱਚ ਹੋਣੇ ਚਾਹੀਦੇ ਹਨ ਜਿਹੜੀ ਤੁਹਾਨੂੰ ਸਮਝ ਆਉਂਦੀ ਹੋਵੇ। ਸਕੂਲਾਂ ਵਿੱਚ ਇਹ ਨਿਰਦੇਸ਼ ਪੰਜਾਬੀ ਵਿੱਚ ਜਾਰੀ ਹੋਣੇ ਚਾਹੀਦੇ ਹਨ। ਹਿੰਦੀ ਦੀ ਵਰਤੋਂ ਕਰਨਾ ਬੇਲੋੜੀ ਹੈ। ਅਧਿਆਪਕ ਵਿਦਿਆਰਥੀ ਨੂੰ ਨਿਰਦੇਸ਼ ਦਿੰਦਾ ਹੈ ਕਿ ਇਸ ਲਾਈਨ ਨੂੰ ਪੰਜ ਇੰਚ ਵੱਡਾ ਕਰ ਦਿਓ, ਉਹ ਸਮਝ ਜਾਂਦਾ ਹੈ ਕਿ ਉਸ ਨੇ ਕੀ ਕਰਨਾ ਹੈ। ਉਹ ਇਸ ਵੇਲੇ ਲਾਈਨ ਨੂੰ ਪੰਜ ਇੰਚ ਵੱਡਾ ਕਰਨਾ ਸਿੱਖ ਰਿਹਾ ਹੈ, ਨਾ ਕਿ ਹਿੰਦੀ ਜਾਂ ਅੰਗਰੇਜ਼ੀ ਦਾ ਵਾਰਤਾਲਾਪ। ਇਹ ਸਾਰਾ ਕੁਝ ਅੰਗਰੇਜ਼ੀ ਵਿੱਚ ਕਰਨਾ ਵੀ ਗੈਰ ਕੁਦਰਤੀ ਹੈ, ਉਦੋਂ ਤੱਕ ਜਦ ਤੱਕ ਬੱਚਿਆਂ ਦੀ ਕੁਦਰਤੀ ਭਾਸ਼ਾ ਅੰਗਰੇਜ਼ੀ ਨਹੀਂ ਹੈ। ਇਸ ਕ੍ਰਿਆ ਨੂੰ ਕਰਨਾ ਜਾਂ ਕਰ ਸਕਣਾ ਵਿਦਿਆਰਥੀ ਦੀ ਸਿੱਖਣ ਦੀ ਕ੍ਰਿਆ ਨਾਲ਼ ਸੰਬੰਧਤ ਹੈ, ਇਸ ਲਈ ਮੈਂ ਇਸ ਨੂੰ ਕਿਵੇਂ ਵੀ ਦਰੁਸਤ ਨਹੀਂ ਠਹਿਰਾਉਂਦਾ ਕਿ ਅੰਗਰੇਜ਼ੀ ਦੀ ਵਰਤੋਂ ਸਿਰਫ ਰੋਹਬ ਪਾਉਣ ਲਈ ਕੀਤੀ ਜਾਵੇ। ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ਼ ਉਸੇ ਭਾਸ਼ਾ ਵਿੱਚ ਵਾਰਤਾਲਾਪ ਕਰਦਾ ਹੈ ਜਿਸ ਵਿੱਚ ਉਹ ਸਮਝ ਸਕਦੇ ਹੋਣ।

ਮੈਂ ਤੁਹਾਨੂੰ ਇਸ ਘਾਟ ਦੀਆਂ ਪੱਕੀਆਂ ਨਿਸ਼ਾਨੀਆਂ ਦੱਸਦਾ ਹਾਂ। ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਸ਼ੁਧ ਪੰਜਾਬੀ ਉਚਾਰਨ ਦੇ ਮੁਕਾਬਲੇ ਹੋਣੇ ਚਾਹੀਦੇ ਹਨ, ਪਰ ਨਹੀਂ ਹੋ ਰਹੇ। ਸ਼ਬਦ ਜੋੜਾਂ ਦੇ ਸ਼ੁੱਧ ਤੇ ਅਸ਼ੁੱਧ ਹੋਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਪਰ ਨਹੀਂ ਹੋ ਰਹੀ। ਬੋਲਦੇ ਵੇਲੇ ਜੇ ਕਰ ਤੁਹਾਡਾ ਬੱਚਾ ਬਾਰ ਬਾਰ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਨਿਸ਼ਚੇ ਹੀ ਉਸ ਦਾ ਵਿਚਾਰ-ਪ੍ਰਬੰਧ ਨਾ ਪੁਖਤਾ ਹੈ ਤੇ ਨਾ ਸਪਸ਼ਟ। ਪੰਜਾਬੀ ਵਿੱਚ ਬਿਨਾਂ ਮਤਲਬ ਅੰਗਰੇਜ਼ੀ ਦੇ ਸ਼ਬਦ ਵਰਤਣੇ ਬੇਲੋੜੇ ਹਨ ਤੇ ਇਹ ਪੰਜਾਬੀ ਲਈ ਸਿਹਤਮੰਦ ਰੁਝਾਣ ਨਹੀਂ ਹੈ। ਅੱਠਵੀਂ ਤੱਕ ਬੱਚਿਆਂ ਅੰਦਰ ਸਾਹਿਤ ਦੀ ਚੇਟਕ ਲੱਗ ਜਾਣੀ ਚਾਹੀਦੀ ਹੈ, ਪਰ ਨਹੀਂ ਲੱਗਦੀ। ਜੇ ਕਰ ਤੁਹਾਡੇ ਬੱਚੇ ਦੇ ਬਸਤੇ ਵਿੱਚ ਪੰਜਾਬੀ ਦੀ ਗਾਈਡ ਹੈ ਤਾਂ ਨਿਸ਼ਚੇ ਹੀ ਤੁਸੀਂ ਉਸ ਦੀ ਪੜ੍ਹਾਈ ਉਪਰ ਫਜ਼ੂਲ ਖਰਚ ਕਰ ਰਹੇ ਹੋ ਉਸ ਦਾ ਉਸ ਨੂੰ ਕੋਈ ਲਾਭ ਨਹੀਂ। ਵਿਦਿਆ ਵਿਚਾਰੀ ਤਾ ਪਰਉਪਕਾਰੀ, ਇਹ ਕਥਨ ਗੁਰਬਾਣੀ ਦਾ ਹੈ ਪਰਤੂੰ ਸੱਚ ਇਹ ਵੀ ਹੈ ਕਿ ਵਿਦਿਆ ਸਿਰਫ ਡਿਗਰੀ ਲੈਣ ਦਾ ਨਾਂ ਨਹੀਂ ਹੈ। ਵਿਦਿਆਰਥੀਆਂ ਨੂੰ ਆਪਣੇ ਵਿਚਾਰ ਲੇਖਾਂ ਤੇ ਪੱਤਰਾਂ ਵਿੱਚ ਖੁਲ੍ਹ ਕੇ ਦੇਣੇ ਚਾਹੀਦੇ ਹਨ, ਪਰ ਜੇ ਕਰ ਉਹ ਸਹਾਇਕ ਪੁਸਤਕਾਂ ਹੀ ਟਟੋਲ ਰਿਹਾ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।

ਮੰਚਾਂ ਉਪਰ ਲੰਮੇ ਲੰਮੇ ਲੱਛੇਦਾਰ ਭਾਸ਼ਣ ਦੇ ਕੇ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਜ਼ਬਾਤੀ ਤਾਂ ਕੀਤਾ ਜਾ ਸਕਦਾ ਹੈ ਪਰ ਮਾਂ-ਬੋਲੀ ਦਾ ਸੰਵਾਰਿਆ ਕੁਝ ਨਹੀਂ ਜਾ ਸਕਦਾ। ਵੈਸੇ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ, ਖ਼ਤਰਾ ਸਿਰਫ ਤੁਹਾਡੇ ਰੁਝਾਣ ਤੋਂ ਹੈ, ਤੁਹਾਡੇ ਵਤੀਰੇ ਤੋਂ ਹੈ, ਤੁਹਾਡੀ ਉਦਾਸੀਨਤਾ ਤੋਂ ਹੈ, ਤੁਸੀਂ ਇਸ ਦੀ ਪਰਵਾਹ ਨਹੀਂ ਕਰਦੇ ਇਸੇ ਲਈ ਪੰਜਾਬੀ ਬੋਲਣ ਲੱਗਿਆ ਬਹੁਤੇ ਲੋਕਾਂ ਨੂੰ ਇੱਕ ਝਿਜਕ ਮਹਿਸੂਸ ਹੋਣ ਲੱਗ ਪਈ ਹੈ। ਪੰਜਾਬੀ ਦੇ ਉਚਾਰਨ ਵਿਗੜ ਗਏ ਹਨ। ਪੰਜਾਬੀ ਵਿਆਕਰਨ ਦੇ ਅਸੂਲ ਛਿੱਕੇ ਟੰਗ ਦਿੱਤੇ ਗਏ ਹਨ। ਅਸੀਂ ਪੜ੍ਹੇ ਲਿਖੇ ਬੇਵਕੂਫ ਬਣਨ ਉਪਰ ਮਜ਼ਬੂਰ ਹੋ ਗਏ ਹਾਂ। ਕੀ ਤੁਸੀਂ ਨਹੀਂ ਸਮਝਦੇ ਹਾਲੇ ਵੀ ਵੇਲਾ ਹੈ ਸਾਨੂੰ ਬਦਲ ਜਾਣਾ ਚਾਹੀਦਾ ਹੈ। ਮੈਂ ਨਹੀਂ ਚਾਹੁੰਦਾ ਕਿ ਆਉਣ ਵਾਲੀਆਂ ਪੁਸ਼ਤਾਂ ਪੰਜਾਬੀ ਮਾਂ ਬੋਲੀ ਨੂੰ ਸਲਾਮ ਕਰਨ ਵੇਲੇ ਜਦੋਂ ਹੱਥ ਚੁੱਕਣ ਤਾਂ ਉਹਨਾਂ ਨੂੰ ਆਪਣੇ ਅਪਾਹਜ ਹੋਣ ਦਾ ਅਹਿਸਾਸ ਹੋਵੇ।


No comments:

Post a Comment