Thursday, July 9, 2015

ਨਜ਼ਰੀਆ : ਇਤਿਹਾਸ ਨੂੰ ਵਾਚਣ ਦਾ

ਇਤਿਹਾਸ ਵਿੱਚ ਅਕਸਰ ਸਾਰਿਆਂ ਦੀ ਦਿਲਚਸਪੀ ਹੁੰਦੀ ਹੈ। ਆਪਣੇ ਪਹਿਲਾਂ ਬਾਰੇ ਜਾਣਨ ਦੀ ਇਛਾ ਉਨੀ ਹੀ ਪ੍ਰਬਲ ਹੁੰਦੀ ਹੈ ਜਿੰਨੀ ਭਵਿੱਖ ਵਿੱਚ ਕੀ ਹੋਵੇਗਾ ਬਾਰੇ ਪਤਾ -ਸੁਰ ਰੱਖਣ ਦੀ। ਪਹਿਲੀ ਇੱਛਾ ਵਾਲਾ ਇਤਿਹਾਸ ਦੀਆਂ ਪੁਸਤਕਾਂ ਨਾਲ ਦੋ ਚਾਰ ਹੁੰਦਾ ਰਹਿੰਦਾ ਹੈ ਤੇ ਦੂਸਰੀ ਇੱਛਾ ਵਾਲਾ ਵਿਅਕਤੀ ਜੋਤਸ਼ੀਆਂ ਦੇ ਚੱਕਰ ਕਟਦਾ ਹੈ। ਇਤਿਹਾਸ ਦੀ ਖਾਸ ਗੱਲ ਇਹ ਹੈ ਕਿ ਇਹ ਬੇਜੋੜ, ਨੁਕਸਾਨ ਰਹਿਤ ਤੇ ਮੁਰਦਾ ਹੁੰਦਾ ਹੈ। ਇਹ ਬੇਜਾਨ ਹੁੰਦਾ ਹੈ ਤੇ ਸਿੱਧੇ ਤੌਰ ਤੇ ਕੁਝ ਵੀ ਕਰਨ ਦੀ ਸਮਰਥਾ ਨਹੀਂ ਰੱਖਦਾ। ਇਸ ਨੂੰ ਸਿਰਫ ਪੜ੍ਹਿਆ ਜਾ ਸਕਦਾ ਹੈ, ਜੇ ਕੋਈ ਚਾਹੇ ਤਾਂ ਸਮਝਿਆ ਜਾ ਸਕਦਾ ਹੈ ਤੇ ਜੇ ਕੋਈ ਸਿੱਖਣ ਵਾਲਾ ਹੋਵੇ ਤਾਂ ਇਸ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕਦਾ ਹੈ।

ਪੜ੍ਹਨ ਵਾਲਿਆਂ ਲਈ ਇਹ ਵਕਤ ਗੁਜ਼ਾਰਨ ਦਾ ਸਾਧਨ ਹੋ ਸਕਦਾ ਹੈ। ਬਹੁਤ ਸਾਰੇ ਪਾਠਕ ਇਤਿਹਾਸਕ ਕਥਾਵਾਂ ਵਿੱਚ ਸਿਰਫ ਇਸੇ ਕਰਕੇ ਰੁਚੀ ਰੱਖਦੇ ਹਨ ਕਿ ਉਹਨਾਂ ਨਾਲ ਮਨਪ੍ਰਚਾਇਆ ਜਾ ਸਕੇ। ਇਹੋ ਜਿਹੇ ਲੋਕ ਵੀ ਦੋ ਕਿਸਮ ਦੇ ਹੁੰਦੇ ਹਨ, ਪਹਿਲੀ ਕਿਸਮ ਇਤਿਹਾਸ ਨੂੰ ਸਿਰਫ ਮਨ-ਪ੍ਰਚਾਵੇ ਤੱਕ ਹੀ ਸੀਮਤ ਰੱਖਦੀ ਹੈ, ਪਰ ਦੂਜੀ ਕਿਸਮ ਦੇ ਪਾਠਕ ਇਤਿਹਾਸ ਆਪਣੇ ਆਪ ਨੂੰ ਇਤਿਹਾਸਕ ਪਾਤਰਾਂ ਤੇ ਘਟਨਾਵਾਂ ਨਾਲ ਇੱਕ ਮਿੱਕ ਕਰ ਲੈਂਦੇ ਹਨ ਤੇ ਇਸ ਦੇ ਪ੍ਰਭਾਵ ਹੇਠ ਆ ਜਾਂਦੇ ਹਨ। ਉਹਨਾਂ ਦਾ ਵਰਤਾਰਾ ਆਧੁਨਿਕ ਸਮਾਜ ਵਿੱਚ ਬਹੁਤ ਘਾਤਕ ਬਣ ਜਾਂਦਾ ਹੈ। ਵਾਹ ਲਗਦੀ ਪਾਠਕਾਂ ਨੂੰ ਕਿਸੇ ਵੀ ਅਜਿਹੇ ਪ੍ਰਭਾਵ ਤੋਂ ਬਚਣਾ ਚਾਹੀਦਾ ਹੈ।

ਇਤਿਹਾਸ ਜੇ ਅਜਾਇਬ-ਘਰ ਦੀ ਸ਼ੋਭਾ ਰਹੇ ਤਾਂ ਠੀਕ ਪਰ ਜੇ ਕੋਈ ਦਰਸ਼ਕ ਉਥੋਂ ਕੋਈ ਤਲਵਾਰ ਜਾਂ ਨੇਜ਼ਾ ਚੁੱਕ ਲਵੇ ਤੇ ਇਸ ਨਾਲ ਤਲਵਾਰ-ਬਾਜ਼ੀ ਜਾਂ ਨੇਜ਼ਾ ਬਾਜ਼ੀ ਕਰਨੀ ਸ਼ੁਰੂ ਕਰ ਦੇਵੇ ਤਾਂ ਇਹ ਉਸ ਵਾਸਤੇ ਸਾਡੇ ਸਮਾਜ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਅਸਲ ਵਿੱਚ ਤਲਵਾਰਾਂ ਨੇਜ਼ੇ ਜਿਹੜੇ ਤੁਸੀਂ ਦੇਖਦੇ ਹੋ ਉਹ ਨਾ ਤਾਂ ਖੁੰਢੇ ਹੋ ਗਏ ਸੀ ਤੇ ਨਾ ਹੀ ਉਹਨਾਂ ਦੀ ਮਾਰ ਘਟ ਗਈ ਸੀ। ਸਿਰਫ ਵਕਤ ਹੀ ਤਾਂ ਬਦਲਿਆ ਸੀ ਕਿ ਇਹ ਸੱਭ ਕੁਝ ਪ੍ਰਭਾਵਹੀਣ ਹੋ ਗਿਆ। 

ਇਤਿਹਾਸ ਨੂੰ ਪੜ੍ਹਨ ਤੇ ਸਮਝਣ ਦਾ ਕੋਈ ਢੰਗ ਤਰੀਕਾ ਹੋਣਾ ਚਾਹੀਦਾ ਹੈ। ਇਤਿਹਾਸ ਚਾਹੇ ਆਪਣਾ ਹੋਵੇ ਜਾਂ ਕਿਸੇ ਹੋਰ ਦਾ, ਦੇਸ਼ ਦਾ ਹੋਵੇ ਜਾਂ ਕੌਮ ਦਾ ਇਸ ਨੂੰ ਪੜ੍ਹਨ ਤੇ ਸਮਝਣ ਲਈ ਇੱਕ ਵਿਸ਼ੇਸ਼ ਅਨੁਸ਼ਾਸ਼ਨ ਦੀ ਮੰਗ ਕਰਦੀ ਹੈ। ਜਿਹੜੇ ਲੋਕ ਇਤਿਹਾਸ ਨੂੰ ਘਟਨਾਵਾਂ ਦੇ ਕ੍ਰਮ ਵਿੱਚ ਰੂਪ ਦੇਖਦੇ ਹਨ ਤੇ ਇਸ ਨੂੰ ਇਸੇ ਤਰ੍ਹਾਂ ਪੈਸ਼ ਕਰਨ ਵਿੱਚ ਯਕੀਨ ਰੱਖਦੇ ਹਨ ਮੈਂ ਉਹਨਾਂ ਨਾਲ ਸਹਿਮਤ ਨਹੀਂ। ਇਸ ਤਰ੍ਹਾਂ ਤਾਂ ਅਜਾਇਬ ਘਰਾਂ ਦੀਆਂ ਕੰਧਾਂ ਉਪਰ ਟੰਗੀਆਂ ਤਸਵੀਰਾਂ ਵੀ ਹੁੰਦੀਆਂ ਹਨ ਜਿਹੜੀਆਂ ਚੰਗੇ ਦ੍ਰਿਸ਼ ਚਿਤਰਣ ਦਾ ਨਮੂਨਾ ਹੁੰਦੀਆਂ ਹਨ।  ਮੇਰੀ ਸਮਝ ਅਨੁਸਾਰ ਇਤਿਹਾਸ ਨੂੰ ਘਟਨਾਵਾਂ ਦੇ ਕ੍ਰਮ ਵਿੱਚ ਤਾਂ ਰੱਖ ਕੇ ਦੇਖਣਾ ਹੀ ਚਾਹੀਦਾ ਹੈ, ਇਸ ਨੂੰ ਕਾਰਨ ਤੇ ਸਿੱਟਿਆਂ ਦੇ ਕ੍ਰਮ ਵਿੱਚ ਵੀ ਰੱਖ ਕੇ ਸਮਝਣਾ ਚਾਹੀਦਾ ਹੈ। 

ਹਰ ਘਟਨਾ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ।  ਇਸ ਕਾਰਨ ਨੂੰ ਉਸ ਕ੍ਰਮ ਚੋਂ ਹਟਾ ਦੇਣ ਨਾਲ ਪੂਰਾ ਘਟਨਾ ਕ੍ਰਮ ਹੀ ਬਦਲ ਜਾਂਦਾ ਹੈ। ਅਜੋਕੀ ਪੀੜ੍ਹੀ ਨੂੰ ਇਸ ਸੂਤਰ ਨੂੰ ਆਪਣੇ ਹੱਥ ਵਿੱਚ ਲੈ ਕੇ ਸਾਰੇ ਇਤਿਹਾਸ ਦੀ ਨਿਸ਼ਾਨ ਦੇਹੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਇਹ ਸਮਝ ਆ ਸਕਦੀ ਹੈ ਕਿ ਕਿਹੜੇ ਗੈਰ ਜਿੰਮੇਵਾਰਾਨਾ ਫੈਸਲੇ ਤਬਾਹੀ ਭਰੀਆਂ ਘਟਨਾਵਾਂ ਦੇ ਰੂਪ ਵਿੱਚ ਵਾਪਰੇ। ਇਸ ਵਿੱਚ ਜੰਗਾਂ, ਯੁੱਧਾਂ ਤੇ ਵੱਡੀਆਂ ਤਬਾਹੀਆਂ ਦੀ ਨਿਸ਼ਾਨ ਦੇਹੀ ਕੀਤੀ ਜਾਣੀ ਲਾਜ਼ਮੀ ਹੈ। ਜਿਹੜਾ ਸਬਕ ਸਿੱਖ ਵਾਲਾ ਹੋਵੇਗਾ ਕਿ ਵਰਤਮਾਨ ਵਿੱਚ ਸਾਰੇ ਫੈਸਲੇ ਬਹੁਤ ਹੀ ਸੋਚ ਸਮਝ ਕੇ ਕਰਨੇ ਚਾਹੀਦੇ ਹਨ, ਅਜਿਹਾ ਨਾ ਹੋਵੇ ਕਿ ਉਹਨਾਂ ਦੇ ਸਿੱਟੇ ਸਾਨੂੰ ਜਾਂ ਸਾਡੀ ਅਗਲੀ ਪੀੜ੍ਹੀ ਨੂੰ ਭੁਗਤਣੇ ਪੈਣ। 

ਇਤਿਹਾਸ ਸਿਰਫ ਨਾਂਵਾਂ ਥਾਂਵਾਂ ਤੇ ਘਟਨਾਵਾਂ ਦਾ ਮਿਸ਼ਰਣ ਨਹੀਂ ਹੁੰਦਾ ਤੇ ਨਾ ਹੀ ਇਸ ਨੂੰ ਸਿਰਫ ਘਟਨਾਵਾਂ ਵਾਸਤੇ ਪੜ੍ਹਨਾ ਚਾਹੀਦਾ ਹੈ। ਇਤਿਹਾਸ ਇਕ ਬੀਤ ਚੁੱਕੇ ਹਾਲਾਤ ਦਾ ਲੇਖਾ ਜੋਖਾ ਹੁੰਦਾ ਹੈ। ਇਸ ਦੀਆਂ ਘਟਨਾਵਾਂ ਆਪੋ ਵਿੱਚ ਜੁੜੀਆਂ ਹੁੰਦੀਆਂ ਹਨ। ਇਕ ਘਟਨਾ ਦਾ ਸਿੱਟਾ ਦੂਜੀ ਘਟਨਾ ਦੇ ਰੂਪ ਵਿੱਚ ਨਿਕਲਦਾ ਹੈ। ਇਨ੍ਹਾ ਘਟਨਾਵਾਂ ਵਿਚਲੇ ਪਤਾਰ ਜੋ ਕਾਲਪਨਿਕ ਵਿਅਕਤੀ ਨਾ ਹੋ ਕੇ ਸਗੋਂ ਸੱਚ ਮੁੱਚ ਦੇ ਇਤਿਹਾਸਕ ਪਾਤਰ ਹੁੰਦੇ ਹਨ, ਘਟਨਾਵਾਂ ਚੋਂ ਵਿਚਰਦਿਆਂ ਉਨ੍ਹਾਂ ਅੰਦਰ ਕੁਝ ਵਿਸ਼ੇਸ਼ ਗੁਣ ਵੀ ਪ੍ਰਗਟ ਹੁੰਦੇ ਹਨ, ਜਿਨ੍ਹਾਂ ਨਾਲ ਉਹ ਬਹੁਤੀ ਵਾਰੀ ਇਤਿਹਾਸ ਦੇ ਘਟਨਾ ਚੱਕਰ ਨੂੰ ਇਕ ਨਵਾਂ ਮੋੜ ਦੇਣ ਵਿੱਚ ਸਫਲ ਹੋ ਜਾਂਦੇ ਹਨ। ਇਹ ਗੁਣ ਉਨ੍ਹਾਂ ਨੂੰ ਇਤਿਹਾਸ ਦੇ ਨਾਇਕ ਸਥਾਪਤ ਕਰ ਦਿੰਦੇ ਹਨ।

ਸਿੱਖ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਦਾ ਜ਼ਮੀਨਾਂ ਦੀ ਮਾਲਕੀ ਵਾਹਕਾਂ ਦੇ ਹੱਕ ਵਿੱਚ ਕਰ ਦੇਣਾ ਬਹੁਤ ਵੱਡਾ ਇਤਿਹਾਸਕ ਫੈਸਲਾ ਸੀ। ਇਸ ਫੈਸਲੇ ਨੇ ਉਸ ਨੂੰ ਇਤਿਹਾਸ ਦੇ ਵਿਸ਼ੇਸ਼ ਵਿਅਕਤੀਆਂ ਦੀ ਕਤਾਰ ਵਿੱਚ ਖੜੇ ਕਰ ਦਿਤਾ। ਉਸ ਦਾ ਦੁਖਦਾਈ ਅੰਤ ਬੰਦਾ ਸਿੰਘ ਬਹਾਦਰ ਦੁਆਰਾ ਲਏ ਗਏ ਫੈਸਲੇ ਸਨ ਜਿਨ੍ਹਾਂ ਕਾਰਨ ਬਾਦ ਵਾਲਾ ਸਾਰਾ ਘਟਨਾ ਚੱਕਰ ਵਾਪਰਿਆ। ਗੁਰੂ ਨਾਨਕ ਦੇਵ ਜੀ ਦਾ ਭਗਤੀ ਕਾਲ ਦੇ ਦੌਰਾਨ ਸਿੱਖ ਫਲਸਫੇ ਨੂੰ ਇਕ ਥਾਂ ਸੰਜੋਅ ਦੇਣਾ ਇੱਕ ਅਦੁਤੀ ਫੈਸਲਾ ਸੀ। ਇਸੇ ਸਿੱਖ ਫਲਸਫੇ ਨੇ ਆਪਣੇ ਦਮ ਉਪਰ ਪੰਜਾਬ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਅਜਿਹਾ ਹੀ ਇੱਕ ਫੈਸਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਨਾਲ ਕੀਤਾ। ਇਸ ਨੇ ਇਤਿਹਾਸ ਨੂੰ ਇਕ ਨਵਾਂ ਮੋੜ ਦਿਤਾ।  ਸਿੱਖਾਂ ਨੂੰ ਇੱਕ ਵਖਰੀ ਪਛਾਣ ਤੇ ਪੰਜਾਬ ਦੇ ਇਤਿਹਾਸ ਵਿੱਚ ਇਕ ਨਵੀਂ ਰੂਹ ਫੂਕ ਦਿੱਤੀ।

ਅਸੀਂ ਇਤਿਹਾਸ ਵਿੱਚ ਅਜਿਹੇ ਨਾਇਕਾਂ ਨੂੰ ਯਾਦ ਕਰਦੇ ਹਾਂ ਤੇ ਉਨ੍ਹਾਂ ਦੇ ਜੀਵਨ ਤੋਂ ਅਗਵਾਈ ਲੈਂਦੇ ਹਾਂ। ਪਰ ਜਿਸ ਨਜ਼ਰੀਏ ਨਾਲ ਇਤਿਹਾਸ ਨੂੰ ਵਾਚਣ ਦੀ ਲੋੜ ਪੈਂਂਦੀ ਹੈ ਉਸ ਲਈ ਜਰੁਰੀ ਹੈ ਅਸੀਂ ਘਟਨਾਵਾਂ ਦੇ ਆਪਸੀ ਸਬੰਧ ਨੂੰ ਸਮਝੀਏ ਤੇ ਉਨ੍ਹਾਂ ਦਾ ਤੇ ਪਾਤਰਾਂ ਦਾ ਇਕ ਆਬਜੈਟਿਕਵ ਵਿਸ਼ਲੇਸ਼ਣ ਕਰੀਏ। ਇਸ ਲਈ ਜਰੂਰੀ ਹੈ ਕਿ ਇਤਿਹਾਸ ਦੀ ਸਮਝ ਸਾਨੂੰ ਉਨ੍ਹਾਂ ਦਸਤਾਵੇਜ਼ਾਂ ਜਾਂ ਲਿਖਤਾਂ ਤੋਂ ਹੀ ਲੈਣੀ ਚਾਹੀਦੀ ਹੈ ਜੋ ਉਸ ਕਾਲ ਵਿੱਚ ਲਿਖੀਆਂ ਜਾਂ ਰਚੀਆਂ ਗਈਆਂ ਹਨ।

ਕਿਸੇ ਇਤਿਹਾਸਕ ਪਾਤਰ ਨੂੰ ਸਿਰਫ ਇੱਕ ਪੱਖ ਤੋਂ ਦੇਖਣਾ ਵੀ ਉਸ ਨਾਲ ਵੱਡਾ ਅਨਿਆਂ ਹੈ। ਪਾਤਰ ਅਸਲੀ ਜੀਵਨ ਵਿੱਚ ਵਿਚਰਦੇ ਹਨ ਤੇ ਅਸਲੀ ਜੀਵਨ ਦਾ ਕੋਈ ਇਕ ਪੱਖ ਨਹੀਂ ਹੁੰਦਾ, ਇਸ ਦੇ ਕਈ ਨਿੱਜੀ, ਸਮਾਜਕ, ਆਰਥਕ ਤੇ ਰਾਜਨੀਤਕ ਪਹਿਲੂ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਉਹ ਵਿਅਕਤੀ ਇਕ ਸਾਧਾਰਨ ਮਨੁੱਖ ਵਾਂਗ ਵਿਚਰਦੇ ਹੋਏ ਆਪਣੀ ਸ਼ਖਸੀਅਤ ਦਾ ਪ੍ਰਗਟਾਵਾ ਕਰਦਾ ਹੈ। ਇਸ ਲਈ ਆਰਥਕ, ਸਮਾਜਕ ਤੇ ਰਾਜਨੀਤਕ ਪੱਖ ਵਿਚਾਰੇ ਬਿਨਾਂ ਕਿਸੇ ਵੀ ਵਿਅਕਤੀ ਬਾਰੇ ਕੋਈ ਰਾਏ ਕਰਨਾ ਉਸ ਨਾਲ ਜ਼ਿਆਦਤੀ ਮੰਨੀ ਜਾ ਸਕਦੀ ਹੈ।

ਮਨੁੱਖ ਗ਼ਲਤੀਆਂ ਦਾ ਪੁਤਲਾ ਹੈ। ਇਤਿਹਾਸਕ ਪਤਾਰ ਵੀ ਗ਼ਲਤੀਆਂ ਕਰਦੇ ਹਨ। ਇਹ ਗ਼ਲਤੀਆਂ ਕਈ ਵਾਰੀ ਹਾਲਾਤ ਨੂੰ ਸਮਝਣ ਤੇ ਉਨ੍ਹਾਂ ਬਾਰੇ ਸਹੀ ਅੰਦਾਜ਼ਾ ਨਾ ਲਾਉਣ ਵਰਗੀਆਂ ਹੁੰਦੀਆਂ ਹਨ। ਅਰਸਤੂ ਦੀ ਨਾਇਕ ਦੇ ਦੁਖਾਂਤ ਦੀ ਪ੍ਰੀਭਾਸ਼ਾ ਮੁਤਾਬਕ ਇਸ ਬਾਰੇ ਕਈ ਵਾਰੀ ਖੁਦ ਨਾਇਕ ਨੂੰ ਵੀ ਨਹੀਂ ਪਤਾ ਹੁੰਦਾ ਤੇ ਨਾਇਕ ਦੁਖਾਂਤ ਦਾ ਸ਼ਿਕਾਰ ਹੋ ਜਾਂਦਾ ਹੈ। ਜਦੋਂ ਅਸੀਂ ਇਤਿਹਾਸਕ ਪਾਤਰ ਨੂੰ ਉਸ ਦੇ ਹਾਲਾਤ ਵਿੱਚ ਦੇਖਦੇ ਹਾਂ ਜਾਂ ਸਮਝਣ ਦਾ ਯਤਨ ਕਰਦੇ ਤਾਂ ਸਾਡੇ ਮਨ ਵਿੱਚ ਉਸ ਨਾਲ ਹਮਦਰਦੀ ਦਾ ਪੈਦਾ ਹੋਣਾ ਕੁਦਰਤੀ ਹੈ ਤੇ ਅਸੀਂ ਉਸ ਦੇ ਨੇੜੇ ਹੋਣਾ ਚਾਹੁੰਦੇ ਹਾਂ।

ਗ਼ਲਤੀ ਕੀ ਹੈ? ਇਸ ਦਾ ਨਿਰਣਾ ਕਰਨਾ ਮੁਸ਼ਕਲ ਹੈ। ਇੱਕ ਵੇਲੇ ਵਿੱਚ ਕੋਈ ਕੰਮ ਠੀਕ ਹੋ ਸਕਦਾ ਹੈ ਪਰ ਉਹੋ ਕੰਮ ਅੱਗੇ ਜਾ ਕੇ ਦੂਜੇ ਕਾਲ ਵਿੱਚ ਗ਼ਲਤ ਸਿੱਧ ਕੀਤਾ ਜਾ ਸਕਦਾ ਹੈ। ਪ੍ਰਸਥਿਤੀਆਂ ਬਦਲਣ ਨਾਲ ਮਨੁੱਖ ਦੀ ਸਮਝ ਵੀ ਬਦਲਦੀ ਹੈ। ਅਕਸਰ ਇਕ ਪੁਸ਼ਤ ਆਪਣੇ ਤੋਂ ਪਹਿਲੀ ਪੁਸ਼ਤ ਨੂੰ ਪਿਛਾਂਹ ਖਿੱਚੂ, ਦਕੀਆਨੂਸ ਆਖਦੀ ਹੈ ਤੇ ਇਸ ਤਰ੍ਹਾਂ ਸਮਝਦੀ ਵੀ ਹੈ। ਅਜਿਹਾ ਹੋਣਾ ਬਹੁਤ ਸੁਭਾਵਕ ਹੈ। ਪਰ ਇਤਿਹਾਸ ਘਟਨਾਵਾਂ ਨੂੰ ਵਾਚਦੇ ਹੋੲੈ ਇਸ ਟੱਪਲੇ ਤੋਂ ਬਚਣਾ ਚਾਹੀਦਾ ਹੈ।

ਕਿਸੇ ਵੀ ਇਤਿਹਾਸਕ ਪਾਤਰ ਨੇ ਆਪਣੇ ਸਮੇਂ ਦੀ ਪ੍ਰਸਥਿਤੀ ਨੂੰ ਸਾਹਮਣੇ ਰਖਦੇ ਹੋਏ ਫੈਸਲੇ ਕੀਤੇ। ਇਹ ਉਸ ਦੀ ਸਮਝ ਤੇ ਸੋਝੀ ਉਪਰ ਹੀ ਅਧਾਰਤ ਮੰਨੇ ਜਾਣੇ ਚਾਹੀਦੇ ਹਨ। ਇਸ ਨੂੰ ਦੋਸ਼ ਆਖਣਾ ਇਤਿਹਾਸ ਪ੍ਰਤੀ ਸਾਡਾ ਗ਼ਲਤ ਨਜ਼ਰੀਆ ਹੋਵੇਗਾ। ਮੈਂ ਨਿੱਜੀ ਤੌਰ ਤੇ ਸਾਰੇ ਇਤਿਹਾਸਕ ਪਾਤਰਾਂ ਦਾ ਸਨਮਾਨ ਕਰਦਾ ਹਾਂ। ਉਨ੍ਹਾਂ ਜੋ ਵੀ ਕੀਤਾ ਉਨ੍ਹਾਂ ਦੀ ਸੋਚ ਅਨੁਸਾਰ ਸਹੀ ਫੈਸਲਾ ਸੀ। ਮੈਂ ਉਨ੍ਹਾਂ ਦੇ ਹਰ ਫੈਸਲੇ ਦਾ ਸਨਮਾਨ ਕਰਨਾ ਆਪਣਾ ਫਰਜ਼ ਸਮਝਦਾ ਹਾਂ ਇਸ ਲਈ ਮੈਂ ਕਿਸੇ ਵੀ ਇਤਿਹਾਸਕ ਪਾਤਰ ਦੀ ਨੁਕਤਾਚੀਨੀ ਨਹੀਂ ਕਰਦਾ। ਉਨ੍ਹਾਂ ਦੇ ਫੈਸਲੇ ਹੀ ਉਨ੍ਹਾਂ ਘਟਨਾਵਾਂ ਦੇ ਕਾਰਨ ਬਣੇ ਜਿਨ੍ਹਾਂ ਕਾਰਨ ਵੱਡੇ ਘੱਲੂਘਾਰੇ ਹੋਏ, ਮਨੁੱਖਤਾ ਦਾ ਘਾਣ ਹੋਇਆ ਜਾਂ ਮਨੁੱਖ ਦਾ ਵਿਕਾਸ ਹੋਇਆ, ਪਰ ਜੇ ਉਹ ਅਜਿਹਾ ਕਰਦੇ ਤਾਂ ਸ਼ਾਇਦ ਅੱਜ ਜਿਸ ਹਾਲਤ ਵਿੱਚ ਅਸੀਂ ਹਾਂ, ਉਸ ਵਿੱਚ ਅਸੀਂ ਨਾ ਹੁੰਦੇ।

ਆਖਰੀ ਗੱਲ, ਇਤਿਹਾਸ ਨੂੰ ਆਪਣੇ ਉਪਰ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਇਤਿਹਾਸ ਅਜਾਇਬ ਘਰਾਂ ਵਿੱਚ ਹੀ ਸੋਭਦਾ  ਹੈ। ਉਸ ਨੂੰ ਅਜਾਇਬ-ਘਰ ਦੀ ਦਹਿਲੀਜ਼ ਨਹੀਂ ਟੱਪਣ ਦੇਣੀ ਚਾਹੀਦੀ। ਚੰਗਾ ਹੈ ਇਹ ਉਥੇ ਹੀ ਰਹੇ। ਉਥੇ ਰਹੇਗਾ ਤਾਂ ਇਹ ਸੁਰਖਿਅਤ ਰਹੇਗਾ ਕਿਉਂ ਕਿ ਆਧੁਨਿਕ ਯੁਗ ਵਿੱਚ ਅਜਾਇਬ ਘਰ ਦੇ ਬਾਹਰ ਇਸ ਲਈ ਕੋਈ ਥਾਂ ਨਹੀਂ। 


No comments:

Post a Comment