Monday, April 9, 2012

ਮੇਰਾ ਧਰਮ

ਮੇਰਾ ਧਰਮ
ਕੁਦਰਤ ਮੇਰਾ ਧਰਮ ਹੈ। ਇਸ ਦਾ ਹਰ ਰੰਗ ਹਰ ਰੂਪ ਮੈਨੂੰ ਮੇਰੇ ਹੋਣ ਦਾ ਅਹਿਸਾਸ ਦਿਵਾਉਂਦਾ ਹੈ। ਇਸ ਨੂੰ ਮਿਲ ਕੇ ਮੈਨੂੰ ਸਦਾ ਇਉਂ ਲਗਦਾ ਹੈ ਜਿਵੇਂ ਮੈਂ ਆਪਣੇ ਆਪ ਨੂੰ ਮਿਲ ਰਿਹਾ ਹਾਂ, ਜਿਵੇਂ ਮੈਂ ਆਪਣੇ ਬਾਪ ਨੂੰ ਮਿਲ ਰਿਹਾ ਹਾਂ, ਆਪਣੀ ਮਾਂ ਨੂੰ, ਮਾਂ ਦੀ ਮਾਂ ਨੂੰ ਆਪਣੇ ਵਿਛੜੇ ਪਰਵਾਰ ਨੂੰ ਮਿਲ ਰਿਹਾ ਹੋਵਾਂ।
ਸੂਰਜ ਇਸ ਦਾ ਗੱਲਾਂ ਕਰਦਾ ਹੈ ਮੇਰੇ ਨਾਲ ਹਰ ਰੋਜ਼, ਚੜ੍ਹਦੀ ਸਵੇਰ, ਮੈਨੂੰ ਮੇਰਾ ਹਾਲ ਪੁੱਛਦਾ ਹੈ, ਰਾਤ ਦੇ ਬੀਤਣ ਦੀ ਕਹਾਣੀ ਵੀ ਸੁਣਾਉਣ ਨੂੰ ਕਹਿੰਦਾ ਹੈ। ਪਰ ਮੈਂ ਝਕਦਾ ਹਾਂ ਤੇ ਰਾਤ ਦੀ ਕਹਾਣੀ ਸਿਰਫ਼ ਤਾਰਿਆਂ ਵਾਸਤੇ ਰਖਾਵਾਂ ਕਰਨ ਦੀ ਗੱਲ ਕਰਦਾ ਹਾਂ। ਸੂਰਜ ਮੁਸਕੜੀਆਂ ਹੱਸਦਾ ਹੈ  ਤੇ ਫਿਰ ਅਸੀਂ ਆਪੋ ਆਪਣੇ ਰਾਹ ਪੈ ਜਾਂਦੇ ਹਾਂ। ਕਦੇ ਕਦੇ ਇਹ ਮੈਨੂੰ ਤੰਗ ਕਰਦਾ ਹੈ, ਮੈਂ ਅੱਕਿਆ ਕਿਸੇ ਰੁੱਖ ਦੀ ਛਾਂਵੇਂ ਖੜੋ ਜਾਂਦਾ ਹਾਂ ਤੇ ਇਸ ਦੇ ਪਾਸਾ ਵੱਟ ਲੈਣ ਦੀ ਉਡੀਕ ਕਰਦਾ ਹਾਂ।
ਦੁਪਹਿਰ ਨੂੰ ਸੂਰਜ ਮੇਰੇ ਨਾਲ ਬੜੀ ਜ਼ਿਦ ਕਰਦਾ ਹੈ। ਕਹਿੰਦਾ ਹੈ ਕਿ ਮੈਂ ਵੀ ਏ. ਸੀ ਨਾਲ ਮਸਾਂ ਮਸਾਂ ਠੰਢੇ ਕੀਤੇ ਕਮਰੇ ਵਿੱਚ ਸੌਣਾਂ ਹੈ। ਬੜਾ ਅੜੂਚ ਹੈ, ਬਦੋ ਬਦੀ ਮੇਰੇ ਕਮਰੇ ਵਿੱਚ ਆਣ ਵੜਦਾ ਹੈ ਤੇ ਮੇਰੇ ਨਾਲ ਸਿਰਹਾਣੇ ਉਪਰ ਸਿਰ ਰੱਖ ਕੇ ਸੌਂ ਜਾਂਦਾ ਹੈ। ਮੈਂ ਉਸ ਨੂੰ ਆਖਦਾ ਹਾਂ, ਕਿ ਜਾਹ ਆਪਣਾ ਕੰਮ ਕਰ, ਲੋਕ ਉਡੀਕਦੇ ਹੋਣਗੇ ਤੈਨੂੰ ਪਰ ਇਹ ਮੇਰੀ ਗੋਦੀ ਵਿੱਚ ਬੱਚਾ ਬਣ ਜਾਂਦਾ ਹੈ। ਮੈਂ ਉਸ ਨੂੰ ਆਥਣ ਦੀ ਸੈਰ ਕਰਨ ਦੀ ਸਲਾਹ ਦਿੰਦਾ ਹਾਂ ਤੇ ਉਹ ਪਿੰਡਾਂ ਥਾਂਵਾਂ ਵੱਲ ਨਿਕਲ ਜਾਂਦਾ ਹੈ। ਉਹ ਜਾਣਦਾ ਹੈ ਕਿ ਪਿੰਡਾਂ ਵਿੱਚ ਉਸ ਦਾ ਕੰਮ ਸਮੇਂ ਦੀ ਰਫਤਾਰ ਦਾ  ਸੰਕੇਤ ਬਣਨਾ ਵੀ ਹੁੰਦਾ ਹੈ। ਉਸ ਦੇ ਚੜ੍ਹਨ ਤੇ ਉਤਰਨ ਨਾਲ ਸ਼ਾਹ ਵੇਲਾ, ਲੌਢਾ ਵੇਲਾ ਤੇ ਆਥਣ ਬਣਦੀ ਹੈ। ਸਿੱਧੇ ਸਾਦੇ ਲੋਕ ਘੜੀਆਂ ਨਾਲੋਂ ਉਸ ਉਪਰ ਵੱਧ ਵਿਸ਼ਵਾਸ ਰੱਖਦੇ ਹਨ।
ਕੁਦਰਤ ਮੈਨੂੰ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਜਦ ਵੀ ਮੈਂ ਕੋਈ ਬੀਜ ਬੀਜਦਾ ਹਾਂ ਤਾਂ ਇਹ ਆਖਦੀ ਹੈ, ਦੇਖ ਮੈਂ ਹਾਲੇ ਮੋਈ ਨਹੀਂ। ਹਾਲੇ ਹਰ ਬੀਜ ਨੂੰ ਮੈਂ ਪੌਦੇ ਵਿੱਚ ਬਦਲ ਸਕਦੀ ਹਾਂ ਤੇ ਮੈਂ ਤੇਰੀ ਸ਼ਰੀਕ-ੲ-ਹਯਾਤ ਹਾਂ, ਭਾਵ ਤੇਰੇ ਹਰ ਚੰਗੇ ਕੰਮ ਦੀ ਸਾਂਝੀਵਾਲ। ਤੂੰ ਜੋ ਕਰੇਂਗਾ ਮੈਂ ਉਸ ਵਿੱਚ ਬਰਾਬਰ ਦਾ ਹਿੱਸਾ ਪਾਵਾਂਗੀ।  ਇਸ ਦੇ ਬਦਲਦੇ ਮੌਸਮ ਮੈਨੂੰ ਜਿਤਾਉਂਦੇ ਹਨ, ਕਿ ਸਮਾਂ ਗਤੀਸ਼ੀਲ ਹੈ, ਸਦਾ ਇਕੋ ਜਿਹਾ ਨਹੀਂ ਰਹਿੰਦਾ। ਤਬਦੀਲੀ ਹੀ ਜ਼ਿੰਦਗੀ ਦਾ ਫ਼ਲਸਫ਼ਾ ਹੈ। ਬਰਸਾਤ ਆਉਂਦੀ ਹੈ ਤਾਂ ਉਹ ਮੈਨੂੰ ਸ਼ਰਾਬੋਰ ਕਰਦੀ ਹੈ। ਬਸੰਤ ਰੁਤ ਆਉਂਦੀ ਹੈ ਤਾਂ ਆਖਦੀ ਹੈ ਕਿ ਮੈਂ ਆਪਣਾ ਵਾਦਾ ਕਦੇ ਨਹੀਂ ਭੁੱਲਦੀ।
ਕੁਦਰਤ ਦਾ ਖੇੜਾ ਮੈਨੂੰ ਵਰਚਾਉਂਦਾ ਹੈ। ਮੇਰੀ ਰੂਹ ਦੀ ਥਕਾਨ ਦੂਰ ਕਰਦਾ ਹੈ। ਇਸ ਦੀ ਹਵਾ ਮੈਨੂੰ ਥਪਕੀਆਂ ਦਿੰਦੀ ਹੈ। ਮੇਰੇ ਸੁਪਨਿਆਂ ਵਿੱਚ ਨਵੀਂ ਰੂਹ ਫੂਕਦੀ ਹੈ। ਤਾਰੇ ਆ ਕੇ ਜਦੋਂ ਮੇਰੇ ਦੁਆਲੇ ਜੁੜਦੇ ਹਨ ਤਾਂ ਮੈਨੂੰ ਕੁਦਰਤ ਦੀਆਂ ਬਾਤਾਂ ਸੁਣਾਉਂਦੇ ਹਨ। ਮੇਰੀਆਂ ਸੁਣਦੇ ਹਨ। ਮੈਨੂੰ ਆਖਦੇ ਹਨ ਕਿ ਤੂੰ ਬੋਲੀ ਚਲ ਅਸੀਂ ਹੁੰਗਾਰੇ ਭਰਦੇ ਰਹਾਂਗੇ। ਦਿਨ ਰਾਤ ਮੈਂ ਇਹਨਾਂ ਨਾਲ ਜੀ ਕੇ ਵੱਡਾ ਹੋਇਆ ਹਾਂ। ਸੋ ਕੁਦਰਤ ਹੀ ਮੇਰਾ ਧਰਮ ਹੈ, ਮੇਰਾ ਅਸੂਲ ਤੇ ਮੇਰਾ ਜੀਉਣ ਪੰਧ।

No comments:

Post a Comment