Wednesday, January 25, 2012

ਕੀ ਪਤਾ

ਕੀ ਪਤਾ ਉਹ ਕੋਣ ਹੋਵੇਗੀ
ਜੋ ਮੇਰੇ ਬਾਅਦ
ਮੇਰੇ ਵਾਸਤੇ
ਹੰਝੂਆਂ ਚ’ ਰੋਵੇਗੀ
ਪੌਣ ਹੋਵੇਗੀ
ਤਾਂ ਰੋਣਾ ਉਸ ਦਾ ਮੁਮਕਿਨ
ਜੇ ਛਾਂ ਹੋਈ ਤਾਂ
ਉਹ ਮੇਰਿਆਂ ਪੈਰਾਂ ਨੂੰ
ਲੱਭੇਗੀ
ਮੇਰਿਆਂ ਰਾਹਾਂ ਨੂੰ ਛਾਣੇਗੀ
ਮੇਰੀਆਂ ਪੈੜਾਂ ਪਛਾਣੇਗੀ
ਕੀ ਪਤਾ ਉਹ ਕੌਣ ਹੋਵੇਗੀ
ਜੋ ਮੇਰੇ ਵਾਸਤੇ
ਏਨੀ ਦੂਰ ਆਵੇਗੀ
ਜਦੋਂ ਛੱਡ ਜਾਂਦੇ ਨੇ ਰਸਤੇ ਵੀ ਰਿਸ਼ਤੇ
ਸਰੋਕਾਰਾਂ ਦਾ ਵੀ ਕੋਈ ਮੁੱਲ ਨਹੀਂ ਪੈਂਦਾ
ਕੀ ਪਤਾ ਉਹ ਕੌਣ ਹੋਵੇਗੀ
ਹੋਵੇਗੀ ਵੀ ਜਾਂ
ਉਹ ਨਾ ਹੀ ਹੋਵੇਗੀ
ਨਹੀਂ ਵਿਸਵਾਸ ਮੈਨੂੰ
ਕੀ ਪਤਾ ਉਹ ਝਟਕ ਦੇਵੇ
ਸਮੇਂ ਦੀ ਤਾਰ ਤੋਂ
ਲਟਕਦੇ ਹੋਏ ਤ੍ਰੇਲ ਤੁਪਕੇ ਨੂੰ
ਕੀ ਪਤਾ ਉਹ ਹੂੰਝ ਦੇਵੇ
ਮੇਰੇ ਪਿਛੋਂ
ਤੇ ਮਿਟਾ ਕੇ ਨਕਸ਼ ਸਾਰੇ
ਉਸ ਤੇ ਘਰ ਬਣਾ ਦੇਵੇ
ਕੋਈ ਕਸਬਾ
ਕੋਈ ਬਸਤੀ
ਕੋਈ ਰਸਤਾ
ਮੈਂ ਪੱਥਰ ਦੀ ਵੀ ਉਹ ਮੂਰਤ ਨਹੀਂ
ਜੋ ਮੂਕ ਸੱਭ ਕੁਝ ਵੇਖਦਾ ਰਹਿੰਦੈ
ਕੀ ਪਤਾ ਉਹ ਕੌਣ ਹੋਵੇਗੀ
ਮੇਰਾ ਰੋਸਾ
ਤੇ ਭਰੋਸਾ
ਸੱਭ ਮੇਰੇ ਨਾਲ
ਉਸ ਇਤਿਹਾਸ ਵਿੱਚ ਦਫਨ ਹੋ ਜਾਣਗੇ
ਜਿਥੇ ਗੁਮਨਾਮੀ ਦੀ ਸਿਆਹੀ ਵਿੱਚ
ਧੁੰਦਲੇ ਹੋ ਜਾਂਦੇ ਹਨ
ਨਕਸ਼ ਸਾਰੇ।
ਸਾਲ ਦਹਾਕੇ ਤੇ ਸਦੀਆਂ
ਕਿਸੇ ਜ਼ਿਕਰ ਦੇ ਹਿਸੇ ਨਹੀਂ ਆਉਂਦੇ
ਹਾਥੀਆਂ ਘੋੜਿਆਂ ਰੱਥਾਂ ਤੋਪਾਂ ਦੀ ਗ਼ਿਣਤੀ ਤਾਂ ਹੁੰਦੀ ਹੈ
ਪਰ ਆਦਮੀ ਦਾ ਨਾਂ ਨਹੀਂ ਹੁੰਦਾ।

No comments:

Post a Comment