Saturday, August 6, 2011

ਸੁਪਨੇ



ਪਹਿਲੀ ਲੋਰੀ ਮਾਂ ਨੇ ਦਿਤੀ
ਅੰਬਰ ਮੇਰੇ ਨਾਂ ਕਰ ਦਿਤਾ
ਮੇਰੇ ਨਾਂ ਕਰ ਦਿਤੇ ਤਾਰੇ
ਪਲਕਾਂ ਤੇ ਰੱਖ ਦਿਤੇ ਸਾਰੇ
ਆਪਣੇ ਹੱਥੀਂ ਅੰਬਰੋਂ ਲਾਹ ਕੇ
ਚੰਨ ਦਾ ਟੁਕੜਾ ਹੱਥ ਫੜਾਇਆ
ਚਾਨਣ ਦਾ ਖੰਡ ਖਿਡੌਣਾ
ਜਾਂ ਉਹ ਬੁਲ੍ਹੀਆਂ ਨਾਲ ਛੁਹਾਇਆ
ਅੰਬਰ ਵੀ ਢੇਰੀ ਕਰ ਦਿਤਾ
ਤੇ ਢੇਰੀ ਕਰ ਦਿਤੇ ਤਾਰੇ
ਰੱਖ ਦਿਤੇ ਫਿਰ ਆਸੇ ਪਾਸੇ
ਇਕ ਇਕ ਕਰਕੇ ਸੁਪਨੇ ਸਾਰੇ।

ਪਹਿਲਾ ਸੁਪਨਾ ਚੰਨ ਦਾ ਆਇਆ
ਉਸ ਦੇ ਚਾਂਦੀ ਰੰਗ ਦਾ ਆਇਆ
ਚਾਨਣ ਰੰਗੀਆਂ ਬਾਹਵਾਂ ਨੇ ਫਿਰ
ਚੁਕ ਕੇ ਐਸੀ ਖੇਡ ਖਿਡਾਈ
ਮੇਰੇ ਅੰਦਰ ਲੋਅ ਟਿਕਾ ਕੇ
ਚਾਨਣ ਨਾਲ ਪ੍ਰੀਤ ਜਗਾਈ
ਕਦੇ ਕਦੇ ਉਹ ਮਾਂ ਲਗਿਆ ਸੀ
ਠੰਢੀ ਮਿਠੀ ਥਾਂ ਲਗਿਆ ਸੀ
ਕੰਨੀਂ ਉਸ ਦੇ ਝੁਮਕਣ ਤਾਰੇ
ਚੰਨ ਦੀ ਗੋਦੀ ਬਹਿ ਕੇ ਝੂਟੇ
ਮੈਨੂੰ ਸੁਪਨੇ ਦੇਣ ਹੁਲਾਰੇ।

ਹੌਲੀ ਹੌਲੀ ਵੱਡਾ ਹੋਇਆ
ਮਾਂ ਸਮਝੇ ਮੈਂ ਨੱਢਾ ਹੋਇਆ
ਪੈਰ ਨੇ ਜਦ ਨੱਠਣਾ ਸਿਖਿਆ
ਧਰਤੀ ਮੈਨੂੰ ਪਈ ਅਵਾਜ਼ਾ ਮਾਰੇ
ਚੁਗਦਾ ਚੁਣਦਾ ਇਕ ਇਕ ਕਰਕੇ
ਅੰਬਰ ਤੋਂ ਜੋ ਟੁੱਟੇ ਤਾਰੇ
ਮੇਰੇ ਸੁਪਨੇ ਅੰਦਰ ਕਿੰਨੇ
ਜੰਗਲ ਬੱਦਲ ਆਪ ਖਿਲਾਰੇ
ਕਿਤੇ ਕਿਤੇ ਸੱਤਰੰਗੀਆਂ ਪੀਘਾਂ
ਕਿਤੇ ਕਿਤੇ ਕੋਈ ਸਾਵੀ ਬੱਦਲੀ
ਕਿਤੇ ਕਿਤੇ ਹਰਨੋਟੀ ਕੋਈ
ਕਿਤੇ ਕਿਤੇ ਕੋਈ ਸੁਹਣਾ ਪੰਛੀ
ਆ ਜਾਵਣ ਫਿਰ ਆਪ ਮੁਹਾਰੇ
ਤਿਤਲੀ ਕਿਧਰੇ ਬਦਲੀ ਕਿਧਰੇ
ਰੰਗਾਂ ਦੇ ਨਾਲ ਖੇਡਣ ਵਾਲੇ
ਬਾਲ ਅੰਞਾਣੇ ਪਿਛੇ ਤੁਰ ਪਏ
ਘਰ ਪਰਤਣ ਦਾ ਨਾਂ ਨਾ ਲੈਂਦੇ
ਨਦੀਆਂ ਤੇ ਦਰਿਆਵਾਂ ਕੰਢੇ
ਰੇਤਾ ਉਪਰ ਰੁਖਾਂ ਥੱਲੇ
ਆਖਣ ਆ ਕੇ ਪਿਆਸ ਬੁਝਾ ਤੂੰ
ਕਾਲਿਆ ਬੱਦਲਾਂ ਨਾ ਤਰਸਾ ਤੁੰ
ਰੱਬਾ ਰੱਬਾ ਮੀੰਹ ਵਸਾ ਜਾਹ
ਸਾਡੀ ਕੋਠੀ ਦਾਣੇ ਪਾ ਜਾਹ
ਬੱਦਲਾਂ ਅੱਗੇ ਮੂੰਹ ਪਏ ਅਡੀਏ
ਨੱਕ ਰਗੜੀਏ ਹਾੜੇ ਕੱਢੀਏ
ਬਦਲਾਂ ਦੀ ਮਰਜ਼ੀ ਸੀ ਤੁਰ ਗਏ
ਹੰਝੂਆਂ ਦੇ ਨਾਲ ਹਉਕੇ ਖੁਰ ਗਏ

ਐਪਰ ਅਸੀਂ ਪਿਆਸੇ ਰਹਿ ਗਏ
ਪਿਆਸ ਦਿਲਾਂ ਦੀ ਲੈ ਕੇ ਬਹਿ ਗਏ
ਸੁਪਨੇ ਅੰਦਰ ਬੱਦਲ ਆਉਂਦੇ
ਧਰਤ ਪਰਾਈ ਉਪਰ ਭੌਦੇ
ਫੜੀਏ ਤੇ ਉਹ ਹੱਥ ਨਾ ਆਉਂਦੇ
ਦਿਲ ਦੀਆਂ ਗੱਲ ਸੁਣਾ ਨਾ ਹੋਵੇ
ਸੁਪਨਾ
ਕੱਲਾ ਬਹਿ ਕੇ ਰੋਵੇ
ਸੁਪਨਾ ਕੱਲਾ ਬਹਿ ਕੇ ਰੋਵੇ।

No comments:

Post a Comment