Tuesday, August 2, 2011

ਢੂੰਢ

ਇਹ ਹਵਾ ਦੀਵਾਨੀ ਜਹੀ
ਅੱਲੜ ਮੁਟਿਆਰ ਜਹੀ
ਪੀਘਾਂ ਵਿੱਚ ਨਾਰ ਜਹੀ
ਗਿੱਧੇ ਵਿੱਚ ਨਚਦੀ ਜੋ
ਸਧਰਾਂ ਦੇ ਭਾਰ ਜਹੀ
ਇਹ ਮਸਤੀ ਨੈਣਾਂ ਦੀ
ਸਾਰੀ ਮੈਖਾਨੇ ਦੀ
ਮਯ ਇਸ ਤੋਂ ਹਾਰ ਗਈ
ਉਹ ਮੈਨੂੰ ਲੱਭਦੀ ਸੀ
ਮੈਂ ਉਸ ਨੂੰ ਲੱਭਦਾ ਸੀ
ਉਸ ਅੰਦਰ ਡਕਿਆ ਸੀ
ਸਾਗਰ ਤੁਫਾਨੀ ਵੀ
ਇਹ ਝਨਾ ਜਵਾਨੀ ਦਾ
ਅਲ੍ਹੜ ਮਸਤਾਨੀ ਦਾ
ਇਹ ਰੌਲਾ ਵੰਗਾ ਦਾ
ਖੁਸ਼ਬੋਏ ਰੰਗਾਂ ਦਾ
ਕਦੇ ਬੁਲ੍ਹੀਆਂ ਦਾ ਹੱਸਣਾ
ਤੇ ਜ਼ੁਲਫਾਂ ਦਾ ਡੱਸਣਾ
ਜਦ ਪੈਰਾਂ ਦਾ ਨੱਚਣਾ
ਤਾਂ ਪਾਇਲ ਦਾ ਵੱਜਣਾ
ਉਹ ਛਣ ਛਣ ਝੁਮਕੇ ਦੀ
ਕਿਸੇ ਸਾਵਣ ਰੁਮਕੇ ਦੀ
ਉਹ ਮੈਨੂੰ ਲੱਭਦੀ ਸੀ
ਮੈਂ ਉਸ ਨੂੰ ਲੱਭਦਾ ਸੀ
ਉਹ ਮੇਰੀ ਆਸ ਜਹੀ
ਰੂਹਾਂ ਦੀ ਪਿਆਸ ਜਹੀ
ਮੇਰੇ ਧਰਵਾਸ ਜਹੀ
ਉਹਦਾ ਤੱਕਣਾ ਮੇਰੇ ਲਈ
ਤੇ ਹਸਣਾ ਮੇਰੇ ਲਈ
ਉਹਦਾ ਨੀਵੀ ਪਾ ਲੈਣਾ
ਸੱਭ ਕੁਝ ਲੁਕਾ ਲੈਣਾ
ਫਿਰ ਕੋਲ ਮੇਰੇ ਆ ਕੇ
ਸੁਪਨੇ ਨੂੰ ਛੋਹ ਜਾਣਾ
ਜ਼ਖਮਾਂ ਦੀ ਪੀੜ ਜਹੀ
ਸਭ ਹਰਿਆ ਹੋ ਜਾਣਾ
ਛੋਹਾਂ ਦਾ ਰੂਹਾਂ ਤੱਕ
ਹਰ ਸਫਰ ਮੁਕਾ ਦੇਣਾ
ਮੇਰੇ ਸ਼ਾਂਤ ਸਮੁੰਦਰ ਵਿੱਚ
ਤੂਫਾਨ ਰਲਾ ਦੇਣਾ
ਇਕ ਭਟਕਣ ਮੇਰੇ ਨਾਂ
ਮਾਰੂਥਲ ਲਿਖ ਦੇਣਾ
ਇਸ ਮਾਰੂਥਲ ਦੇ ਅੰਦਰ
ਮੈਂ ਉਸ ਦਾ ਲੱਭਦਾ ਹਾਂ
ਉਹ ਮੈਨੂੰ ਲੱਭਦੀ ਹੈ
ਮੈਂ ਉਸ ਨੂੰ ਲਭਦਾ ਹਾਂ।


No comments:

Post a Comment