Monday, July 18, 2011

ਸਾਜਿਸ਼

ਮੈਨੂੰ ਮੇਰੀ ਮੁਫਲਿਸੀ ਦੀ ਸਮਝ ਤੇ ਆਉਣੀ ਹੀ ਸੀ
ਪਰ ਨਾਲ ਹੀ ਹੁਣ ਹੋ ਰਿਹਾ ਹੈ
ਤੇਰੀ ਸਾਜ਼ਿਸ਼ ਦਾ ਖੁਲਾਸਾ
ਜੋ ਮੇਰੇ ਖਿਲਾਫ਼ ਘੜਦਾ ਆ ਰਿਹਾ ਸੈਂ
ਹੁਣ ਮੈਂ ਸਮਝ ਸਕਦਾ ਹਾਂ
ਕਿ ਮੈਂ ਏਨਾ ਗ਼ਰੀਬ ਕਿਉਂ ਹਾਂ
ਮੇਰੇ ਬੱਚੇ ਲਈ ਕੋਈ ਸਕੂਲ ਕਿਉਂ ਨਹੀਂ
ਮੇਰੀ ਮਾਂ ਦੀਆਂ
ਕਮਜ਼ੋਰ ਹੋ ਰਹੀਆਂ ਅੱਖਾਂ ਲਈ ਦਾਰੂ ਕਿਉਂ ਨਹੀਂ
ਹਸਪਤਾਲ ਦੇ ਬਾਹਰ ਲੱਗੀ ਭੀੜ ਵਿੱਚ
ਕਿਉਂ ਦਮ ਤੋੜ ਦੇਂਦੀ ਹੈ
ਮੇਰੀ ਬੇਬਸੀ
ਕਿਉਂ ਮੈਂ ਬਾਰਾਂ ਘੰਟੇ ਦੀ ਮਿਹਤਨ ਦੇ
ਥਕੇਵੇਂ ਦੇ ਬਾਵਜੂਦ
ਸੌਂ ਨਹੀਂ ਸਕਦਾ
ਕਿਉਂ ਮੇਰੀ ਚਿੰਤਾ ਮੈਨੂੰ ਹੀ ਸਤਾਉਂਦੀ ਆ ਰਹੀ ਹੈ
ਨੀਂਦ ਉਂ ਉਡ ਗਈ ਹੈ
ਖਾਬ ਕਿਓਂ ਮੇਰੇ ਕੋਲੋਂ ਤ੍ਰਭਕਦੇ ਹਨ
ਕਿਉਂ ਮੈਨੂੰ ਹਰ ਹਰ ਉਸ ਨੂੰ
ਜੀ ਹਜ਼ੂਰ ਕਹਿਣਾ ਪੈਂਦਾ ਹੈ
ਜੋ ਮੇਰੀ ਇਕ ਨਜ਼ਰ ਦੇ ਵੀ ਕਾਬਲ ਨਹੀਂ ਹੈਂ
ਹੁਣ ਮੈਨੂੰ ਸਮਝ ਆਉਂਦੀ ਜਾ ਰਹੀ ਹੈ
ਮੇਰੇ ਹਿਸੇ ਦਾ ਉਹ ਧਨ
ਜੋ ਮੇਰੇ ਪੁਰਖਿਆ ਕਮਾਇਆ
ਕਦੇ ਕਿਸੇ ਰਾਜੇ ਦੀ ਭੇਂਟ ਚੜ੍ਹਿਆ
ਤੇ ਕਦੇ ਕਿਸੇ ਭਗਵਾਨ ਦੀ ਹੁੰਦੀ
ਚ ਜਾ ਵੜਿਆ
ਮੈਨੂੰ ਤਾਂ ਇਹੋ ਸਮਝਾਇਆ ਗਿਆ
ਕਿ ਹਰ ਬਿਪਦਾ ਬਲੀ ਮੰਗਦੀ ਹੈ
ਹਰ ਦੇਵਤਾ ਖੁਸ਼ ਰੱਖਣਾ ਪੈਂਦਾ
ਭਾਵੇਂ ਇਸ ਲਈ ਮੈਨੂੰ ਆਪਣੇ ਬੱਚੇ
ਦੇ ਢਿੱਡ ਦੀ
ਜਾਂ ਉਸ ਦੇ ਭੱਵਿਖ ਦੀ ਬਲੀ ਹੀ ਕਿਉਂ ਨਾ ਦੇਣੀ ਪਵੇ
ਮੇਰੇ ਹਿੱਸੇ ਦੀ ਉਹ ਸਾਰੀ ਦੌਲਤ ਸਾਂਭ ਕੇ
ਕੋਈ ਧਨਵਾਨ ਬਣ ਬੈਠਾ
ਕੋਈ ਭਗਵਾਨ ਬਣ ਬੈਠਾ
ਸੋਨੇ ਚਾਂਦੀ ਦਿਆਂ ਢੇਰਾਂ ਤੇ
ਹੀਰੇ ਮੋਤੀਆਂ ਜੜੇ ਮਹਿਲਾਂ ਵਿੱਚ
ਉਹ ਤੇਰੀ ਕਿਰਪਾ ਦੇ ਪਾਤਰ
ਤੂੰ ਉਹਨਾਂ ਦੀ ਸ਼ਰਧਾ ਦਾ ਪਾਤਰ
ਭੁੱਖਾ !
ਅੰਨ੍ਹਾ!
ਬੋਲਾ!
ਗੂੰਗਾ!
ਬੇਰਹਿਮ!
ਉਹ ਜੋ ਰਾਜੇ ਤੂੰ ਭੇਜੇ
ਉਹ ਮੇਰੇ ਖੂਨ ਦੇ ਪਿਆਸੇ
ਉਹ ਮੇਰੀ ਮਿਹਤਨ ਦੇ ਡਾਕੂ
ਉਹ ਮੇਰੇ ਈਮਾਨ ਦੇ ਲੁਟੇਰੇ
ਉਹਨਾਂ ਵਾਸਤੇ ਮੈਂ ਕਾਮਾ ਮੱਖੀ
ਤੇ ਉਹ ਸਾਰੇ ਵਿਹਲੜ ਨਿੱਖਟੂ
ਤੇਰੇ ਘਰ ਵਿੱਚ ਦੇਰ ਹੈ ਅੰਨੇਰ ਨਹੀਂ
ਉਹਨਾਂ ਨੇ ਆਖਿਆ ਮੈਨੂੰ
ਮੈਨੂੰ ਤਾਂ ਹਮੇਸ਼ਾ ਦੇਰ ਹੀ ਨਜ਼ਰ ਆਈ
ਤੇ ਤੇਰੇ ਘਰ ਵਿੱਚ ਹਨੇਰਾ ਹੀ ਰਿਹਾ
ਹੁਣ ਜਦੋਂ ਤੇਰੇ ਘਰ ਦਾ ਤਾਲਾ ਟੁੱਟਿਆ ਹੈ
ਸਾਰੇ ਤਹਿਖਾਨੇ
ਸਾਰੇ ਗੁਪਤ ਦਰਵਾਜ਼ੇ
ਤੇ
ਸਾਰੇ ਗੁਪਤ ਕਮਰੇ ਖੋਲ੍ਹੇ ਜਾ ਰਹੇ ਹਨ।
ਫਰੋਲੇ ਜਾ ਰਹੇ ਹਨ
ਤੇਰੇ ਨਾਂ ਕਾਰੋਬਾਰੀ
ਕੁਝ ਵਪਾਰੀ
ਜੋ ਆਪਣੇ ਆਪ ਨੂੰ
ਭਗਵਾਨ ਦਾ ਅਵਤਾਰ ਕਹਿੰਦੇ ਸਨ
ਸਾਰੇ ਨਿਕਲੇ ਖਜ਼ਾਨੇ ਚੋਂ
ਕਿਸੇ ਨੂੰ ਤੇਰੀ ਅਮੀਰੀ ਨਜ਼ਰ ਆ ਰਹੀ ਹੈ
ਕਿਸੇ ਨੂੰ ਤੇਰੀ ਫਕੀਰੀ ਨਜ਼ਰ ਆ ਰਹੀ ਹੈ
ਕੋਈ ਤੇਰੇ ਮਹਾਤਮ ਦਾ ਬੜਾ ਗੁਣਗਾਣ ਕਰਦਾ ਹੈ
ਮੈਨੂੰ ਉਸ ਚੋਂ ਓਸ ਸਾਜ਼ਿਸ਼ ਦੀ ਬਦਬੂ ਆ ਰਹੀ ਹੈ
ਜੋ ਹਜ਼ਾਰਾਂ ਸਾਲ ਤੋਂ ਮੇਰੇ ਖਿਲਾਫ
ਜਾਰੀ ਹੈ
ਹੀਰੇ ਜਵਾਹਰਾਤ ਦੇ ਢੇਰਾਂ ਚੋਂ
ਸੋਨੇ ਚਾਂਦੀ ਦਿਆਂ ਸਿੰਘਾਸਣਾ ਚੋਂ
ਮੈਨੂੰ ਮੇਰੀ ਆਪਣੀ ਗ਼ਰੀਬੀ ਨਜ਼ਰ ਆ ਰਹੀ ਹੈ
ਤੇ ਇਹ ਵੀ ਸਮਝ ਆ ਰਿਹਾ ਹੈ
ਕਿ ਮੈਂ ਸਦੀਆਂ ਏਨਾਂ ਗ਼ਰੀਬ ਕਿਉਂ ਸਾਂ
ਤੇ ਹਾਲੇ ਵੀ ਏਨਾ ਗ਼ਰੀਬ ਕਿਉਂ ਹਾਂ।

No comments:

Post a Comment