Wednesday, July 27, 2011

ਨਸੀਹਤ ਨਾਮਾ


ਨਸੀਹਤ ਨਾਮਾ


ਓਦਾਂ ਸਾਰਾ ਘਰ ਤੇਰਾ ਹੈ
ਪਰ ਇਕ ਗੱਲ ਦਾ ਚੇਤਾ ਰੱਖੀ
ਕਲ੍ਹ ਮੈਨੂੰ ਬਹਿ ਕੇ ਸਮਝਾਇਆ
ਘਰ ਵਾਲੀ ਨੇ ਹੁਕਮ ਸੁਣਾਇਆ
ਹੁਣ ਤੱਕ ਬੜਾ ਖਿਲਾਰਾ ਪਾਇਆ
ਜਿੱਥੇ ਤੀਕਰ ਜਿੰਨਾ ਚਾਹਿਆ
ਹੁਣ ਮੈਂ ਘਰ ਸੰਭਾਲ ਲਿਆ ਹੈ
ਥਾਉਂ ਥਾਈਂ ਮਸੀਂ ਟਿਕਾਇਆ
ਸਾਫ਼ ਸਫ਼ਾਈ ਝਾੜੂ ਬਹੁਕਰ
ਜਾੜ ਪੂੰਝ ਕੇ ਜਾਲੇ ਲਾਹ ਕੇ
ਮਾੜੇ ਮੋਟੇ ਤੇਰੇ ਘਰ ਨੂੰ
ਵੇਖ ਕਿਵੇਂ ਮੈਂ ਹੈ ਲਿਸ਼ਕਾਇਆ
ਜੇ ਕਰ ਰਾਜਾ ਬਣ ਕੇ ਰਹਿਣਾ
ਰਾਣੀ ਦਾ ਪਊ ਮੰਨਣਾ ਕਹਿਣਾ
ਹੁਣ ਹਦਾਇਤਾਂ ਰਖੀਂ ਚੇਤੇ
ਜਾਰੀ ਕਰ ਨਸੀਹਤ ਨਾਮਾ
ਘਰ ਵਾਲੀ ਨੇ ਇੰਜ ਸਮਝਾਇਆ।
ਜਦ ਵੀ ਬਾਹਰੋਂ ਆਉਣਾ ਹੋਵੇ
ਪੈਰੋਂ ਲਾਹ ਕੇ ਜੁਤੀ ਆਉਣਾ
ਜੁਤੀ ਲਾਹ ਕੇ ਬਾਹਰ ਟਿਕਾਉਣਾ
ਪੈਰਾਂ ਨੂੰ ਪਾਣੀ ਨਾਲ ਧੋਣਾ
ਪੂੰਝਣ ਲਈ ਹੈ ਵੱਖ ਤੌਲੀਆ
ਪੂੰਝ ਕੇ ਦੇਣਾ ਰੱਖ ਤੌਲੀਆ
ਕਪੜੇ ਅਲਮਾਰੀ ਵਿੱਚ ਟੰਗੋ
ਪਾਣੀ ਮੇਰੇ ਤੋਂ ਨਾ ਮੰਗੋ
ਏਧਰ ਉਧਰ ਚੀਜ਼ ਨਾ ਰੱਖੀਂ
ਨਾ ਮੰਜੇ ਤੇ ਨਾ ਕੁਰਸੀ ਤੇ
ਕੰਘੀ ਚੋਂ ਵਾਲਾਂ ਨੂੰ ਕੱਢੀ
ਤੇ ਵਾਲਾਂ ਨੂੰ ਬਾਹਰ ਸੁਟੀ
ਲਾਹ ਕੇ ਪੱਗ ਟਿਕਾਣੇ ਰੱਖੀ
ਸਾਂਭ ਕੇ ਰਖੀ ਬਟੂਆ ਆਪਣਾ
ਘੜੀ ਮੋਬਾਈਲ ਤੇ ਰੇਜ਼ਗਾਰੀ
ਮੈਂ ਕੋਈ ਜ਼ਿੰਮੇਦਾਰ ਨਹੀਂ ਹਾਂ
ਕੰਮ ਵਾਲੀ ਵੀ ਆਉਂਦੀ ਜਾਦੀ
ਏਧਰ ਉਧਰ ਹੱਥ ਮਾਰਦੀ
ਚੁਕੀ ਗਈ ਤਾਂ ਫਿਰ ਨਾ ਆਖੀਂ
ਦਸਿਆ ਨਹੀਂ ਸੀ।
ਰੋਟੀ ਖਾ ਕੇ ਭਾਂਡੇ ਆਪਣੇ
ਬਾਹਰ ਟੁਟੀ ਕੋਲੇ ਰੱਖੀ
ਟੀਵੀ ਦਾ ਰਿਮੋਟ ਜੇ ਚੁਕੀ
ਜਿਥੋਂ ਚੁਕਿਆ ਉਥੇ ਰਖੀ
ਉਚੀ ਸੁਰ ਵਿੱਚ ਤੁੰ ਨਾ ਬੋਲੀਂ
ਕਿਟੀ ਵਿੱਚ ਸੱਭ ਗੱਲਾਂ ਕਰਦੇ
ਆਖਣ ਵੇਖੋ ਨਵੀਂ ਲੜਾਈ
ਮੈਂ ਭੰਡੀ ਕਰਵਾਉਣੀ ਨਹੀਂ ਹੈ
ਆਉਂਦੇ ਜਾਦੇ ਸਾਰੇ ਲੋਕੀ
ਸਾਡੇ ਘਰ ਦਾ ਰੋਹਬ ਮੰਨਦੇ
ਏਸੇ ਲਈ ਮੈਂ ਸਾਰੇ ਘਰ ਨੂੰ
ਆਪਣੇ ਹੱਥਾਂ ਵਿੱਚ ਲਿਆਉਣਾ।
ਆਪਣੀ ਜਾਚੇ ਹੈ ਲਿਸਕਾਉਣਾ
ਜਿਵੇਂ ਕਹਾਂ ਮੈਂ ਉਵੇਂ ਸਜਾਉਣਾ।

No comments:

Post a Comment