Tuesday, May 31, 2011

ਕੀ ਮੈਂ ਉਸ ਨੂੰ ਜਾਣਦਾ ਹਾਂ।


ਉਹ ਪੁੱਛਦੀ ਹੈ
ਕਿ
ਕੀ ਮੈਂ ਉਸ ਨੂੰ ਜਾਣਦਾ ਹਾਂ?
ਮੈਂ ਜਦ ਵੀ ਉਸ ਨੂੰ
ਆਪਣੀ ਦੋਸਤੀ ਦੇ ਕਲਾਵੇ ਵਿੱਚ ਭਰਨਾ ਚਾਹੁੰਦਾ ਹਾਂ
ਉਹ ਪੁੱਛਦੀ ਹੈ
ਕਿ
ਕੀ ਮੈਂ ਉਸ ਨੂੰ ਜਾਣਦਾ ਹਾਂ?
ਮੈਂ ਜਾਣਦਾ ਹਾਂ
ਹਾਂ ਤੇ ਨਹੀਂ ਵੀ
ਸਾਲਾਂ ਬੱਧੀ
ਉਸ ਦੀਆਂ ਯਾਦਾਂ ਨੇ
ਮੈਨੂੰ ਬਦਲਦੇ ਦੇਖਿਆ ਹੈ
ਕਾਲੇ ਵਾਲਾਂ ਨੂੰ ਸਫੇਦੀ ਵਿੱਚ
ਸਾਲਾਂ ਨੂੰ ਦਹਾਕਿਆ ਵਿੱਚ
ਜਿੰਦਗੀ ਨਾਲ ਘੁਲਦਿਆਂ
ਲੜਦਿਆਂ
ਖਿਝਦਿਆਂ
ਸੜਦਿਆਂ
ਕਈ ਵਾਰ ਇਸ ਤੋਂ ਦੋੜਦਿਆਂ
ਸਰਾਪ ਦਿੰਦਿਆਂ
ਸੱਭ ਕੁਝ ਉਸ ਦੀਆਂ ਯਾਦਾਂ ਨੇ ਦੇਖਿਆ ਹੈ
ਮੈਂ ਉਸ ਨੂੰ ਆਪਣੀ ਡਾਇਰੀ ਦੇ ਸਫਿਆਂ ਵਿੱਚ
ਕਿਸੇ ਰੰਗਦਾਰ ਖੰਭਾਂ ਵਾਲੀ ਤਿਤਲੀ ਵਾਂਗ
ਲੁਕੋ ਕੇ ਰਖਿਆ ਹੈ
ਮੈਂ ਉਸ ਦੇ ਪੈਰਾਂ ਦੀ ਆਹਟ ਵੀ ਮਹਿਸੂਸ ਕੀਤੀ ਹੈ
ਉਸ ਦੇ ਸ਼ਰਬਤੀ ਨੈਣਾਂ ਦੀ ਖਾਮੋਸ਼ੀ ਦੇ
ਆਰ ਪਾਰ ਤੱਕਿਆ ਹੈ
ਉਸ ਦੀਆਂ ਖਾਮੋਸ਼ ਵੰਗਾਂ ਦੇ ਟੋਟੇ
ਹਾਲੇ ਤੱਕ ਮੇਰੀਆਂ ਯਾਦਾਂ ਦਾ ਹਿਸਾ ਹਨ
ਮੈਂ ਜਦ ਵੀ ਉਸ ਦੇ ਮਹਿਕਦੇ ਚਹਿਕਦੇ
ਤੇ ਦਹਿਕਦੇ ਖਾਮੋਸ਼ ਅਹਿਸਾਸ ਨੂੰ
ਹੁੰਗਾਰਾ ਭਰਨ ਦੀ ਕੋਸ਼ਿਸ਼ ਕੀਤੀ ਹੈ
ਉਹ ਪੁੱਛਦੀ ਹੈ
ਕਿ
ਕੀ ਮੈਂ ਉਸ ਨੂੰ ਜਾਣਦਾ ਹਾਂ
ਮੈਂ ਖਾਮੋਸ਼ ਉਸ ਦੇ ਬੂਹੇ ਤੋਂ ਪਰਤ ਆਉਂਦਾ ਹਾਂ
ਰੰਗਦਾਰ ਤਿਤਲੀ ਨੂੰ ਮੁੱਠੀ ਵਿਚ ਘੁੱਟੀ
ਤੇ ਵਾਪਸ ਉਸ ਨੂੰ ਡਾਇਰੀ ਦੇ ਨਵੇਂ ਪੰਨੇ ਉਪਰ ਟਿਕਾ ਕੇ
ਡਾਇਰੀ ਵਿੱਚ ਦਫਨ ਕਰ ਦਿੰਦਾ ਹਾਂ।

No comments:

Post a Comment