Sunday, February 6, 2011

ਕੁਝ ਤਾਂ ਕਰੋ

ਦੋ

ਕੁਝ ਤਾਂ ਕਰੋ
ਕਿ ਦੀਵੇ ਨੂੰ ਹੌਸਲਾ ਹੋਵੇ
ਰਾਤ ਆਈ ਤਾਂ
ਕਿਸੇ ਸੂਰਜ ਦਾ ਕੋਈ ਗ਼ਮ ਨਾ ਰਹੇ
ਕਿਸੇ ਧੁੱਪ ਦੇ ਗ਼ੈਰ ਹਾਜ਼ਰ ਹੋਣ ਦੀ
ਕੋਈ ਚਰਚਾ ਨਾ ਹੋਵੇ
ਕੁਝ ਤਾਂ ਕਰੋ
ਕੁਝ ਤਾਂ ਕਰਨਾ ਹੀ ਪਵੇਗਾ
ਵੇਲ਼ਾ ਰਾਤ ਦਾ ਹੈ
ਰਾਤ ਦੇ ਹਨੇਰੇ ਦਾ ਹੈ
ਹਨੇਰੀ ਰਾਤ ਦਾ ਹੈ
ਤੇ ਰਾਤ ਕਾਲ਼ੀ ਹੈ
ਕੋਈ ਤਾਰਾ ਨਜ਼ਰ ਨਹੀਂ ਆਉਂਦਾ
ਅਸਮਾਨ ਵਿਚ ਤਾਂ ਬੱਸ
                ਮੱਸਿਆ ਦਾ ਚਾਨਣ ਹੈ
ਤੇ ਬੱਦਲ ਜਸ਼ਨ ਮਨਾ ਰਹੇ ਹਨ।

ਕੁਝ ਤਾਂ ਕਰੋ
ਕੁਝ ਤਾਂ ਕਰਨਾ ਹੀ ਪਵੇਗਾ
ਦੀਵੇ ਦੀ ਲੋਅ ਰੋਕ ਨਹੀਂ ਸਕੇਗੀ
ਕਾਲ਼ੀ ਰਾਤ ਨੂੰ
ਤੇ ਦੇਖਣਾ ਕਿਤੇ ਕਾਲ਼ੀ ਰਾਤ ਹੀ
ਸਾਡੇ ਬਾਲ਼ਾਂ ਨੂੰ ਉਧਾਲ ਕੇ ਨਾ ਲੈ ਜਾਵੇ
ਇਹ ਜੋ ਬਾਲ ਨੇ ਸਾਡੇ
ਇਹ ਤਾਂ ਸੂਰਜ ਦੇ ਸਾਏ
ਇਹ ਧੁੱਪ ਦੀਆਂ ਕਿਰਨਾਂ
ਇਹ ਤਾਂ ਚਾਨਣੀ ਦੇ ਗੀਤ
ਜਿਹਨਾਂ
ਨਵੇਂ ਸੂਰਜ ਅਜੇ ਬਣਨੈ
ਨਵੇਂ ਇਤਿਹਾਸ ਲਿਖਣੇ ਨੇ
ਕਿਤੇ ਗੁਆਚ ਨਾ ਜਾਵਣ।
ਕੁਝ ਤਾਂ ਕਰੋ।
ਕੁਝ ਤਾਂ ਕਰਨਾ ਹੀ ਪਵੇਗਾ
ਕਿ ਦੀਵੇ ਨੂੰ ਹੌਂਸਲਾ ਹੋਵੇ।

No comments:

Post a Comment